ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ : The Tribune India

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਦੇਵੇਂਦ੍ਰ ਪਾਲ

ਦੇਵੇਂਦ੍ਰ ਪਾਲ

ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਜਾਂਦੀ ਸੜਕ ‘ਰਾਜ ਪਥ’ ਦਾ ਨਾਂ ਹੁਣ ‘ਕਰਤੱਵਯ ਪਥ’ ਰੱਖ ਦਿੱਤਾ ਹੈ। ਹਰ ਸਾਲ ਗਣਤੰਤਰ ਦਿਵਸ ਮੌਕੇ ਜਿਹੜੀ ਪਰੇਡ ਰਾਜ ਪਥ ’ਤੇ ਹੁੰਦੀ ਸੀ ਹੁਣ ਕਰਤੱਵਯ ਪਥ ’ਤੇ ਹੋਵੇਗੀ। ਬ੍ਰਿਟਿਸ਼ ਰਾਜ ਵੇਲੇ ਇਸ ਨੂੰ ਕਿੰਗਜ਼ ਵੇਅ ਕਿਹਾ ਜਾਂਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਨਾਂ ਕਰਤੱਵਯ ਪਥ ਰੱਖ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਗ਼ੁਲਾਮੀ ਦਾ ਵੱਡਾ ਪ੍ਰਤੀਕ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੌਧਿਕ ਜਗਤ ਵਿਚ ਗੁਲਾਮੀ ਅਤੇ ਆਜ਼ਾਦੀ ਨਾਲ ਜੁੜੇ ਕਈ ਸਵਾਲ ਵਿਚਾਰਾਂ ਦੇ ਕੇਂਦਰ ਵਿਚ ਆ ਗਏ ਹਨ। ਉਨ੍ਹਾਂ ਵਿਚੋਂ ਇਕ ਅਹਿਮ ਸਵਾਲ ਇਹ ਵੀ ਹੈ ਕਿ ਗੁਲਾਮੀ ਦੇ ਪ੍ਰਤੀਕ ਤਾਂ ਟੁੱਟ ਰਹੇ ਨੇ ਪਰ ਗੁਲਾਮੀ ਦਾ ਆਦਮਖ਼ੋਰ ਦਰਖ਼ਤ ਜਿਹੜਾ ਅਸਾਂ ਇੰਨੀਆਂ ਜਾਨਾਂ ਗਵਾ ਕੇ ਵੱਢਿਆ ਸੀ, ਉਹਦੀਆਂ ਜੜ੍ਹਾਂ ਇਕ ਵਾਰੀ ਫਿਰ ਕਿਵੇਂ ਪੁੰਗਰ ਆਈਆਂ?

ਸ਼ਹਿਰਾਂ ਸੜਕਾਂ ਦੇ ਨਾਂ ਪਹਿਲਾਂ ਵੀ ਬਦਲੇ ਜਾਂਦੇ ਰਹੇ ਨੇ, ਅਜਿਹੀਆਂ ਕਾਰਵਾਈਆਂ ਦਾ ਮਨੋਵਿਗਿਆਨਕ ਪ੍ਰਭਾਵ ਆਮ ਆਦਮੀ ’ਤੇ ਪੈਂਦਾ ਹੀ ਹੈ, ਤੇ ਇਹਦੀ ਵਜ੍ਹਾ ਨਾਲ ਆਮ ਆਦਮੀ ਦਾ ਖੁਸ਼ ਹੋ ਜਾਣਾ ਤੇ ਉਸ ਅੰਦਰਲੇ ਰਾਸ਼ਟਰਵਾਦ ਦਾ ਉੱਸਲਵੱਟੇ ਲੈਣਾ ਸੁਭਾਵਿਕ ਹੈ। ਅਜਿਹਾ ਰਾਸ਼ਟਰਵਾਦ ਸਰਬ ਸੱਤਾਵਾਦੀ ਸ਼ਾਸਕਾਂ ਲਈ ਅਗਿਆਪਾਲਕ ਸਮਾਜ ਖੜ੍ਹਾ ਕਰਨ ਵਿਚ ਸਹਾਇਕ ਹੁੰਦਾ ਹੈ; ਇਹ ਅਗਿਆਪਾਲਕ ਸਮਾਜ ਰਾਜ ਸੱਤਾ ਦੀਆਂ ਤਮਾਮ ਲੋਕ ਵਿਰੋਧੀ ਕਾਰਵਾਈਆਂ ਨੂੰ ਵਾਜਬੀਅਤ ਦਿੰਦਾ ਹੈ; ਇਸ ਦੀ ਫਿ਼ਤਰਤ ਪਿਛਾਖੜੀ ਮਨੋਬਿਰਤੀ ਅਤੇ ਹਿੰਸਕ ਵਿਹਾਰ ਵਾਲੀ ਹੋਣ ਕਾਰਨ ਇਹ ਸਮਾਜਿਕ ਹਕੀਕਤਾਂ ਤੋਂ ਅੱਖਾਂ ਮੀਟੀ ਰੱਖਦਾ ਹੈ ਤੇ ਉਸ ਸੰਸਾਰ ਵਿਚ ਖੁਸ਼ ਰਹਿੰਦਾ ਹੈ ਜਿੱਥੇ ਅਗਿਆਨਤਾ ਹੀ ਪਰਮ-ਆਨੰਦ ਹੈ।

ਫਰਾਂਸੀਸੀ ਦਾਰਸ਼ਨਿਕ ਮਿਸ਼ੇਲ ਫੂਕੋ ਮੁਤਾਬਿਕ, “ਮਨੁੱਖ ਤਰਕਸੰਗਤ ਹੋ ਕੇ ਨਹੀਂ ਸੋਚਦਾ ਅਤੇ ਜੀਵਨ ਦੀਆਂ ਬਹੁਵਿਧ ਪ੍ਰਕਿਰਿਆਵਾਂ ਦੇ ਮਾਮਲੇ ਵਿਚ ਉਹ ਸੰਪ੍ਰਭੂ ਨਹੀਂ ਹੁੰਦਾ। ਲੋਕਾਂ ਦੇ ਵਿਚਾਰ ਅਜਿਹੇ ਨਿਯਮਾਂ ਜਾਂ ਸਥਾਈ ਬਣਤਰਾਂ ਨਾਲ ਤੈਅ ਹੁੰਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਆਪ ਨੂੰ ਵੀ ਪਤਾ ਨਹੀਂ ਹੁੰਦਾ।” ਫੂਕੋ ਬੜੇ ਮਜ਼ਾਹੀਆ ਅੰਦਾਜ਼ ਵਿਚ ਕਹਿੰਦਾ ਹੈ- “ਮਨੁੱਖ ਦੀ ਸਮੁੱਚੀ ਧਾਰਨਾ ਹੀ ਹਾਲ-ਫਿਲਹਾਲ ਦੀ ਕਾਢ ਹੈ ਅਤੇ ਉਹ ਚੀਜ਼ਾਂ ਦੀ ਖ਼ਾਸ ਵਿਵਸਥਾ ਉੱਤੇ ਨਿਰਭਰ ਕਰਦੀ ਹੈ। ਜੇ ਉਸ ਵਿਵਸਥਾ ਦੀ ਆਧਾਰ ਸਮੱਗਰੀ ਗਾਇਬ ਹੋ ਜਾਵੇ ਤੇ ਅਸੀਂ ਮਨੁੱਖਤਾ ਬਾਰੇ ਕਿਸੇ ਹੋਰ ਢੰਗ ਨਾਲ ਸੋਚਣ ਲੱਗ ਪਵਾਂਗੇ।” ਫੂਕੋ ਦੀ ਹਾਸੇ ’ਚ ਕਹੀ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਨੱਬੇ ਦੇ ਦਹਾਕੇ ਤੋਂ ਨਵ-ਉਦਾਰਵਾਦ ਅਤੇ ਵਿੱਤੀ ਪੂੰਜੀ ਦਾ ਸੰਸਾਰੀਕਰਨ ਨਵੀਂ ਸੰਸਾਰ ਵਿਵਸਥਾ ਲੈ ਕੇ ਆਇਆ ਹੈ। ਸੰਸਾਰੀਕਰਨ ਦੀ ਇਸ ਪ੍ਰਕਿਰਿਆ ਨੇ ਰਾਸ਼ਟਰੀ ਪ੍ਰਭੂਸੱਤਾ ਕਮਜ਼ੋਰ ਕਰ ਕੇ ਸੰਸਾਰ ਵਿਚ ਸੱਤਾ ਦੀ ਸੰਰਚਨਾ ਉੱਤੇ ਨਕਾਰਾਤਮਕ ਯੁੱਗ-ਪਲਟਾਊ ਪ੍ਰਭਾਵ ਪਾਇਆ ਹੈ। ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ), ਸੰਸਾਰ ਬੈਂਕ, ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (ਓਈਸੀਡੀ) ਅਤੇ ਸੰਸਾਰ ਵਪਾਰ ਸੰਗਠਨ ਇਸ ਦੇ ਮੁੱਖ ਵਕੀਲ ਹਨ। ਕੌਮਾਂਤਰੀ ਮੁਦਰਾ ਫੰਡ ਦਾ ਜ਼ਿਕਰ ਆਉਂਦਿਆਂ ਹੀ ਜਿਸ ਸ਼ਖ਼ਸ ਦਾ ਨਾਂ ਸਭ ਤੋਂ ਪਹਿਲਾਂ ਧਿਆਨ ਵਿਚ ਆਉਂਦਾ ਹੈ, ਉਹ ਹੈ ਡੇਵੀਸਨ ਬੁਧੂ। ਬੁਧੂ ਭਾਰਤੀ ਮੂਲ ਦੇ ਗ੍ਰੇਨੇਡਾਈ ਅਰਥਸ਼ਾਸਤਰੀ ਹਨ। ਬੁਧੂ ਨੇ ਉਨ੍ਹਾਂ ਦਿਨਾਂ ਵਿਚ ਆਈਐੱਮਐੱਫ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਦੋਂ ਭਾਰਤ ਦੇ ਤੱਤਕਾਲੀਨ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਆਪਣੇ ਵਿੱਤ ਮੰਤਰੀ ਮਨਮੋਹਨ ਸਿੰਘ ਅਤੇ ਵਣਜ ਮੰਤਰੀ ਪੀ ਚਿਦੰਬਰਮ ਨਾਲ ਮਿਲ ਕੇ ਨਵ-ਉਦਾਰਵਾਦੀ ਅਰਥਵਿਵਸਥਾ ਦੀ ਸ਼ੁਰੂਆਤ ਕਰ ਰਹੇ ਸਨ। ਉਨ੍ਹੀਂ ਦਿਨੀਂ ਡੇਵੀਸਨ ਬੁਧੂ ਨੇ ‘ਇਨਫ ਇਜ਼ ਇਨਫ’ ਦੇ ਸਿਰਲੇਖ ਹੇਠ ਸੌ ਸਫਿ਼ਆਂ ਦਾ ਅਸਤੀਫ਼ਾ ਪੱਤਰ ਜੋ ਆਈਐੱਮਐੱਫ ਦੇ ਚੇਅਰਮੈਨ ਮਾਈਕਲ ਕੈਮੇਡੇਸਸ ਦੇ ਨਾਂ ਲਿਖਿਆ ਸੀ; ਉਸ ਵਿਚ ਆਈਐੱਮਐੱਫ ਦੀਆਂ ਸੰਸਾਰ ਅਤੇ ਮਨੁੱਖਤਾ ਵਿਰੋਧੀ ਨੀਤੀਆਂ ਖ਼ਿਲਾਫ਼ ਅਰਥ-ਭਰਪੂਰ ਦਲੀਲ ਦੇਣ ਨਾਲ ਉਹ ਸੰਸਾਰ ਪੂੰਜੀਵਾਦੀ ਵਿਵਸਥਾ ਖਿ਼ਲਾਫ਼ ਸੰਘਰਸ਼ ਦੇ ਮਕਬੂਲ ਪ੍ਰਤੀਕ ਬਣ ਗਏ ਸਨ। ਅਸਤੀਫ਼ੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੁਧੂ ਨੇ ਕਿਹਾ- “ਗ਼ਰੀਬ ਮੁਲਕਾਂ ਦੇ ਕਰੋੜਾਂ ਲੋਕਾਂ ਦਾ ਮੇਰੇ ਹੱਥਾਂ ’ਤੇ ਇੰਨਾ ਜਿ਼ਆਦਾ ਖੂਨ ਹੈ ਕਿ ਸਾਰੀ ਦੁਨੀਆ ਦਾ ਸਾਬਣ ਵਰਤ ਕੇ ਵੀ ਮੈਂ ਇਹਨੂੰ ਧੋ ਨਹੀਂ ਸਕਦਾ।”

ਉਨ੍ਹਾਂ ਦਿਨਾਂ ’ਚ ਡੇਵੀਸਨ ਭਾਰਤ ਆਏ ਤਾਂ ਉਨ੍ਹਾਂ ਦਾ ਚੋਖਾ ਸਵਾਗਤ ਹੋਇਆ। ਬੁਧੂ ਨੇ ਇਕ ਸਭਾ ’ਚ ਕਿਹਾ: “ਜੇ ਤੁਸੀਂ ਆਈਐੱਮਐੱਫ ਤੇ ਸੰਸਾਰ ਬੈਂਕ ਨਾਲ ਨਾਤਾ ਤੋੜ ਕੇ, ਯਾਨੀ ਸੰਸਾਰ ਪੂੰਜੀਵਾਦੀ ਅਰਥਵਿਵਸਥਾ ਨਾਲੋਂ ਤੋੜ-ਵਿਛੋੜਾ ਕਰ ਕੇ ਆਪਣੀ ਅਰਥਵਿਵਸਥਾ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਵਾਂ ਇਨਕਲਾਬ ਕਰਨਾ ਪਵੇਗਾ; ਸਮਾਜਿਕ-ਸਿਆਸੀ ਇਨਕਲਾਬ ਜੋ ਜਨਤਾ ਦੀ ਸਭਿਆਚਾਰਕ ਸੋਚ ਨਾਲ ਜੁੜਿਆ ਹੋਵੇ। ਅਜਿਹੇ ਇਨਕਲਾਬ ਲਈ ਫਿਲਹਾਲ ਤੁਹਾਡੇ ਮੁਲਕ ਵਿਚ ਕੋਈ ਗੁੰਜਾਇਸ਼ ਨਹੀਂ।” ਸਭਾ ਵਿਚ ਗਾਂਧੀਵਾਦੀ, ਸਮਾਜਵਾਦੀ ਅਤੇ ਮਾਰਕਸਵਾਦੀ-ਲੈਨਿਨਵਾਦੀ, ਯਾਨੀ ਤਿੰਨੇ ਤਰ੍ਹਾਂ ਦੀ ਪਰਿਵਰਤਨਕਾਰੀ ਵਿਚਾਰਧਾਰਾਵਾਂ ਦੇ ਲੋਕ ਬੈਠੇ ਸਨ। ਕਿਸੇ ਨੂੰ ਕੋਈ ਜਵਾਬ ਨਹੀਂ ਸੁੱਝਿਆ।

ਮੌਜੂਦਾ ਅਰਥਨੀਤੀ ਨੇ ਅਜਿਹਾ ਬਾਜ਼ਾਰਮੁਖੀ ਲੋਕਤੰਤਰ ਉਸਾਰਿਆ ਜਿਸ ਨੇ ਭਾਰਤੀ ਕਿਸਮ ਦੀ ਅਨੋਖੀ ਕੌਮੀ ਰਾਜ (ਨੇਸ਼ਨ-ਸਟੇਟ) ਸੰਰਚਨਾ ਵਿਚ ਤਰੇੜਾਂ ਪਾ ਕੇ ਸੰਘੀ ਢਾਂਚੇ ਨੂੰ ਕਮਜ਼ੋਰ ਹੀ ਨਹੀਂ ਕੀਤਾ ਬਲਕਿ ਰਾਸ਼ਟਰੀ ਸੰਪ੍ਰਭੁਤਾ (National Sovereignty) ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਅਮਰੀਕਾ ਨੇ ਆਰਥਿਕ ਸੱਤਾ ਦੀ ਇਸ ਨਵੀਂ ਸੰਰਚਨਾ ਵਿਰੁੱਧ ਬਗ਼ਾਵਤ ਕਰਨ ਵਾਲੇ ਦੇਸ਼ਾਂ ਨੂੰ ਅਨੁਸ਼ਾਸਿਤ ਕਰਨ ਲਈ ਸੁਪਰ 301 ਵਰਗੇ ਕਾਨੂੰਨਾਂ ਦੀ ਵਰਤੋਂ ਕੀਤੀ। ਭਾਰਤ ਅਤੇ ਥਾਈਲੈਂਡ ਵਰਗੇ ਦੇਸ਼ਾਂ ’ਤੇ ਆਪਣੇ ਪੇਟੈਂਟ ਕਾਨੂੰਨ ਬਦਲਣ ਲਈ ਦਬਾਅ ਪਾਇਆ ਤਾਂ ਜੋ ਉਨ੍ਹਾਂ ਦੀ ਕੁਦਰਤੀ ਖਜ਼ਾਨਿਆਂ ਨੂੰ ਸੰਸਾਰੀਕਰਨ ਦੇ ਘੇਰੇ ਵਿਚ ਲਿਆ ਜਾ ਸਕੇ। ਇਹ ਗੱਲਾਂ ਹੁਣ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ ਕਿ ਉਹਦੇ ਬਾਅਦ ਇੰਨੀ ਤੇਜ਼ੀ ਨਾਲ ਜੰਗਲਾਂ-ਪਹਾੜਾਂ ਦੀ ਲੁੱਟਮਾਰ ਸ਼ੁਰੂ ਹੋਈ ਕਿ ਕਰੋੜਾਂ ਆਦਿਵਾਸੀਆਂ ਦਾ ਵਜੂਦ ਖ਼ਤਰੇ ਵਿਚ ਪੈ ਗਿਆ ਹੈ। ਕੁਝ ਆਦਿਵਾਸੀਆਂ ਨੇ ਆਤਮ-ਰੱਖਿਆ ਲਈ ਹਥਿਆਰ ਚੁੱਕ ਲਏ ਅਤੇ ਸਰਕਾਰ ਭਾਵੇਂ ਭਾਜਪਾ ਦੀ ਹੋਵੇ, ਸੀਪੀਐੱਮ ਜਾਂ ਕਾਂਗਰਸ ਦੀ, ਹਰ ਸਰਕਾਰ ਨੂੰ ਦੇਸੀ-ਵਿਦੇਸ਼ੀ ਕੰਪਨੀਆਂ ਨੂੰ ਵੇਚਣ ਲਈ ਇਹ ਜੰਗਲ-ਪਹਾੜ ਹੀ ਚਾਹੀਦੇ ਹਨ। ਅਜਿਹੀ ਵਿਵਸਥਾ ਨੂੰ ਅੱਗੇ ਵਧਾਉਣ ਲਈ ਸੁਰੱਖਿਆ ਬਲਾਂ ਦੀ ਜ਼ਰੂਰਤ ਹੈ। ਇਨ੍ਹਾਂ ਆਦਿਵਾਸੀਆਂ ਲਈ ਜਿਸ ਕਿਸੇ ਨੇ ਵੀ ਆਵਾਜ਼ ਚੁੱਕੀ, ਉਹਨੂੰ ਸਰਕਾਰਾਂ ਨੇ ਮਾਓਵਾਦੀ ਦੱਸ ਕੇ ਜੇਲ੍ਹ ਵਿਚ ਡੱਕ ਦਿੱਤਾ। 84 ਸਾਲਾਂ ਦੇ ਫਾਦਰ ਸਟੇਨ ਸਵਾਮੀ ਨੇ ਜੇਲ੍ਹ ਵਿਚ ਪ੍ਰਾਣ ਤਿਆਗੇ। 2009 ਵਿਚ ਸੁਰੱਖਿਆ ਬਲਾਂ ਹੱਥੋਂ ਮਾਰੇ ਗਏ 27 ਬੇਕਸੂਰ ਆਦਿਵਾਸੀਆਂ ਦੀ ਮੌਤ ਦੀ ਜਾਂਚ ਲਈ ਗਾਂਧੀਵਾਦੀ ਕਾਰਕੁਨ ਹਿਮਾਂਸ਼ੂ ਕੁਮਾਰ ਦੀ ਪਟੀਸ਼ਨ ਖਾਰਿਜ ਕਰਦਿਆਂ ਸੁਪਰੀਮ ਕੋਰਟ ਨੇ ਸਜ਼ਾ ਦੇ ਨਾਲ ਨਾਲ 5 ਲੱਖ ਰੁਪਏ ਦਾ ਜੁਰਮਾਨਾ ਲਾ ਦਿੱਤਾ।

ਇਸ ਅਰਥਨੀਤੀ ਵਾਲੇ ਨਵੇਂ ਨਿਜ਼ਾਮ ਅੰਦਰ ਤੇਜ਼ ਰਫ਼ਤਾਰ ਰੇਲਾਂ ਅਤੇ ਹਵਾਈ ਜਹਾਜ਼ ਹੋਣ ਦੇ ਨਾਲ ਨਾਲ ਧਾਰਮਿਕ ਅਤੇ ਰੂੜੀਵਾਦੀ ਮੁੱਲਾਂ ਦੇ ਆਧਾਰ ’ਤੇ ਕੀਤੀ ਜਾਂਦੀ ਸਿਆਸਤ ਵੀ ਪਸੰਦ ਹੈ। ਇਹੀ ਵਜ੍ਹਾ ਹੈ ਕਿ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਨਫ਼ਰਤ ਦੀ ਸਿਆਸਤ ਕਰਨ ਵਾਲੇ ਆਗੂਆਂ ਨੇ ਤੇਜ਼ੀ ਨਾਲ ਮਕਬੂਲੀਅਤ ਹਾਸਿਲ ਕੀਤੀ ਹੈ; ਨਵੀਂ ਕਿਸਮ ਦੀ ‘ਅਧਿਆਤਮਿਕ ਆਜ਼ਾਦੀ’ ਵਾਲੀ ਸੂਖਮ ਦਾਸਤਾਂ ਜਨਮ ਲੈ ਰਹੀ ਹੈ। ਇਸ ਦਾਸਤਾਂ ਨੂੰ ‘ਮੁਕਤ ਬਾਜ਼ਾਰ’ ਦੇ ਸਮਰਥਕ ਬੁੱਧੀਜੀਵੀ ਆਰਥਿਕ ਰੂਪ ਨਾਲ ਸਮਰੱਥ ਸੰਸਥਾ ਦੇ ਰੂਪ ਵਿਚ ਵੱਕਾਰੀ ਬਣਾਉਣ ਵਿਚ ਸਫਲ ਹੋ ਗਏ ਹਨ। ਇਸ ਕੰਮ ’ਤੇ ਖੋਜ ਕਰਨ ਲਈ 1993 ਦਾ ਨੋਬੇਲ ਪੁਰਸਕਾਰ ਆਰਥਿਕ ਇਤਿਹਾਸਕਾਰ ਰੌਬਰਟ ਡਬਲਿਊ ਫੌਜੇਲ ਨੂੰ ਮਿਲਿਆ ਸੀ।

ਨਵੇਂ ਸਾਮਰਾਜੀ ਨਿਜ਼ਾਮ ਨੇ ਅਦਿਖ ਗੁਲਾਮੀ ਦੇ ਜਾਲ ’ਚ ਮਨੁੱਖ ਦੀ ਸੋਚ ਤੇ ਸੁਪਨਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਕਾਬੂ ਕਰ ਲਿਆ ਹੈ। ਬੰਦਾ ਕੀ ਸੋਚ ਰਿਹਾ, ਕਿੱਥੇ ਜਾ ਰਿਹਾ, ਕੀ ਪੜ੍ਹ ਰਿਹਾ, ਉਹਦੀ ਪਸੰਦ-ਨਾਪਸੰਦ, ਵਿਚਾਰਕ ਝੁਕਾਅ ਬਾਰੇ ਉਹਨੂੰ ਆਪ ਨੂੰ ਇੰਨਾ ਨਹੀਂ ਪਤਾ ਜਿੰਨਾ ਗੂਗਲ, ਫੇਸਬੁੱਕ, ਟਵਿੱਟਰ ਆਦਿ ਕੰਪਨੀਆਂ ਨੂੰ ਪਤਾ ਹੈ। ਹਰ ਸ਼ਖ਼ਸ ਅੰਕਡਿ਼ਆਂ ਦਾ ਡੇਟਾ ਬਣ ਕੇ ਰਹਿ ਗਿਆ ਹੈ ਜਿਸ ਨੂੰ ਬਾਜ਼ਾਰ ’ਚ ਖਰੀਦਿਆ-ਵੇਚਿਆ ਜਾ ਰਿਹਾ ਹੈ। ਪੈਗਾਸਸ ਵਰਗੇ ਸਾਫਟਵੇਅਰ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਕਾਨੂੰਨ ਬੁਲਡੋਜ਼ਰ ਦੀ ਡਰਾਈਵਿੰਗ ਸੀਟ ’ਤੇ ਹੈ। ਇਹ ਸਮੇਂ ਜਮਹੂਰੀਅਤ ਲਈ ਦੁਆ ਕਰਨ ਦੇ ਹਨ।
ਸੰਪਰਕ: paldeven@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All