ਨਰਭਿੰਦਰ, ਬੂਟਾ ਸਿੰਘ
ਔਖੀ ਜ਼ਿੰਦਗੀ ਦੇ ਦੁੱਖ-ਮੁਸੀਬਤਾਂ ਨੂੰ ਹਾਸੇ-ਮਜ਼ਾਕ ’ਚ ਉਡਾ ਦੇਣ ਵਾਲਾ ਸੁਰਜੀਤ ਕਲੋਆ ਪਿਛਲੇ ਦਿਨੀਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਆਪਣੀ 75 ਸਾਲ ਦੀ ਜ਼ਿੰਦਗੀ ਵਿੱਚੋਂ 53 ਸਾਲ ਉਸ ਨੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਲੇਖੇ ਲਾਏ। ਕਈ ਵਾਰ ਮੌਤ ਦੀ ਦਹਿਲੀਜ਼ ਤੋਂ ਮੁੜਨ ਵਾਲਾ ਸੁਰਜੀਤ ਜ਼ਿੰਦਾਦਿਲ ਇਨਸਾਨ ਸੀ। ਇਨਕਲਾਬ ਉਸ ਦਾ ਸਭ ਕੁਝ ਸੀ ਅਤੇ ਮਾਓਵਾਦੀ ਵਿਚਾਰਧਾਰਾ ਉਸ ਦਾ ਵਿਚਾਰਧਾਰਕ ਮਾਰਗ-ਦਰਸ਼ਕ। ਆਪਣੇ ਸਿਧਾਂਤਕ ਅਕੀਦੇ ਦੇ ਮਾਮਲੇ ’ਚ ਉਹ ਸਮਝੌਤਾ ਰਹਿਤ ਸਾਥੀ ਸੀ ਅਤੇ ਬੇਹੱਦ ਮੁਸ਼ਕਲ ਹਾਲਾਤ ’ਚ ਵੀ ਲਕੀਰ ਖਿੱਚ ਕੇ ਜਿਊਣਾ ਉਸ ਦੀ ਜ਼ਿੰਦਗੀ ਦਾ ਸਲੀਕਾ ਸੀ।
ਉਸ ਦੇ ਪਰਿਵਾਰ ਦਾ ਪਿਛਲਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ’ਚ ਢੰਡ ਕਸੇਲ ਸੀ। ਉਸ ਦਾ ਜਨਮ ਅਗਸਤ 1947 ’ਚ ਪਿੰਡ ਕਲੋਆ ਵਿਖੇ ਸਾਬਕਾ ਫ਼ੌਜੀ ਊਧਮ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਬਕੌਲ ਸੁਰਜੀਤ ਉਹ ‘ਨੰਗ ਜਗੀਰਦਾਰਾਂ’ ਦਾ ਪਰਿਵਾਰ ਸੀ ਜੋ 1947 ਦੇ ਉਜਾੜੇ ਕਾਰਨ ਪਿੰਡ ਕਲੋਆ ’ਚ ਆ ਵਸਿਆ ਸੀ ਜੋ ਹੁਣ ਥੋੜ੍ਹੀ ਜ਼ਮੀਨ ਵਾਲਾ ਪਰਿਵਾਰ ਸੀ। ਸਕੂਲੀ ਪੜ੍ਹਾਈ ਦੌਰਾਨ ਹੀ ਸੀ.ਪੀ.ਆਈ. ਦੇ ਆਗੂ ਕਾਬਲ ਸਿੰਘ ਕਲੋਆ ਰਾਹੀਂ ਉਹ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ। ਉਹ ਅਤੇ ਉਸ ਦਾ ਸਕੂਲੀ ਦੋਸਤ ਓਂਕਾਰ ਸਿੰਘ 1969 ’ਚ ਨੇਵੀ ’ਚ ਭਰਤੀ ਹੋ ਗਏ। ਇੱਧਰ ਪੰਜਾਬ ਵਿਚ ਨਕਸਲੀ ਲਹਿਰ ਜ਼ੋਰਾਂ ’ਤੇ ਸੀ। ਇਸੇ ਦੌਰਾਨ ਅਕਤੂਬਰ 1970 ’ਚ ਉਹ ਦੋਵੇਂ ਨੌਕਰੀ ਛੱਡ ਕੇ ਪਿੰਡ ਆ ਗਏ ਅਤੇ ਕਮਿਊਨਿਸਟ ਕੁਲਵਕਤੀ ਬਣ ਗਏ। ਗੁਪਤਵਾਸ ਦੌਰਾਨ ਉਨ੍ਹਾਂ ਦਾ ਟਿਕਾਣਾ ਸੀ.ਪੀ.ਆਈ. ਦੇ ਗੁਰਮੇਲ ਸਿੰਘ ਦਾ ਬਾਗ਼ ਸੀ ਜਿੱਥੇ ਸੁਰਜੀਤ ਸਿੰਘ, ਓਂਕਾਰ ਸਿੰਘ, ਤਰਲੋਚਨ ਸਿੰਘ ਬਾਬਕ, ਕਰਤਾਰ ਸਿੰਘ ਕੁੱਲੇਵਾਲ, ਜੀਤ ਸਿੰਘ ਸੀਕਰੀ, ਬਹਾਦਰ ਸਿੰਘ ਬਾਬਾ ਬਕਾਲਾ ਅਤੇ ਹੋਰ ਇਨਕਲਾਬੀ ਨੌਜਵਾਨਾਂ ਨੇ ਬਾਬਾ ਬੂਝਾ ਸਿੰਘ ਅਤੇ ਹੋਰ ਆਗੂਆਂ ਵੱਲੋਂ ਲਾਏ ਸਿਧਾਂਤਕ ਸਕੂਲਾਂ ’ਚ ਮਾਰਕਸਵਾਦ ਦੀ ਪੜ੍ਹਾਈ-ਸਿਖਲਾਈ ਲਈ। ਹਕੂਮਤ ਇਨਕਲਾਬ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਹੀ ਸੀ।
ਸਤੰਬਰ 1975 ’ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 1977 ’ਚ ਜਨਤਾ ਪਾਰਟੀ ਦੇ ਰਾਜ ਵਿਚ ਨਕਸਲੀ ਕੈਦੀਆਂ ਦੀ ਰਿਹਾਈ ਸਮੇਂ ਉਹ ਜੇਲ੍ਹ ’ਚੋਂ ਰਿਹਾਅ ਹੋਇਆ। ਬਾਹਰ ਆ ਕੇ ਉਹ ਮੁੜ ਸਰਗਰਮ ਹੋ ਗਿਆ ਅਤੇ ਮਾਲਵਾ ਖੇਤਰ ਨੂੰ ਆਪਣੀ ਕਰਮ ਭੂਮੀ ਬਣਾਇਆ। ਉਹ ਬਹੁਤ ਹੀ ਸਿਰੜੀ ਸੀ ਅਤੇ ਹੁਸ਼ਿਆਰਪੁਰ ਤੋਂ ਲੈ ਕੇ ਬਠਿੰਡਾ ਤੱਕ ਸਾਈਕਲ ਉੱਪਰ ਹੀ ਲੰਮਾ ਪੈਂਡਾ ਗਾਹੁੰਦਾ ਰਿਹਾ। 1988 ’ਚ ਬਿਮਾਰੀ ਕਾਰਨ ਉਸ ਦੀਆਂ ਲੱਤਾਂ ਨਕਾਰਾ ਹੋ ਗਈਆਂ, ਪਰ ਉਸ ਨੇ ਬਾਕੀ ਜ਼ਿੰਦਗੀ ਫਹੁੜੀਆਂ ਸਹਾਰੇ ਇਨਕਲਾਬੀ ਸਰਗਰਮੀ ਜਾਰੀ ਰੱਖੀ ਅਤੇ ਦੁਆਬੇ ਨੂੰ ਆਪਣੀ ਰਾਜਨੀਤਕ ਕਰਮ ਭੂਮੀ ਬਣਾ ਕੇ ਇਨਕਲਾਬੀ ਸਫ਼ਾਂ ਦਾ ਮਾਰਗ-ਦਰਸ਼ਨ ਕਰਦਾ ਰਿਹਾ। ਬਹੁਤ ਹੀ ਮੁਸ਼ਕਲ ਹਾਲਾਤ ’ਚ ਸੰਜਮੀ ਗੁਪਤਵਾਸ ਜ਼ਿੰਦਗੀ ਜਿਊਂਦਿਆਂ ਉਸ ਨੇ ਇਨਕਲਾਬੀ ਅਕੀਦੇ ਉੱਪਰ ਪਹਿਰਾ ਦਿੱਤਾ। ਪਰਿਵਾਰਕ ਮੁਸ਼ਕਲਾਂ ਨੂੰ ਉਸ ਨੇ ਖਿੜੇ ਮੱਥੇ ਝੱਲਿਆ ਅਤੇ ਆਖ਼ਰੀ ਦਮ ਤੱਕ ਆਪਣੀ ਸੋਚ ’ਤੇ ਅਡੋਲ ਰਿਹਾ। 1980ਵਿਆਂ ’ਚ ਉਸ ਦੇ ਭਰਾ ਸਤਨਾਮ ਸੱਤੇ ਨੂੰ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ। ਉਹ ਵੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦਾ ਸਰਗਰਮ ਵਰਕਰ ਸੀ।
ਸੁਰਜੀਤ ਲੋਕਾਂ ’ਚ ਘੁਲ-ਮਿਲ ਜਾਣ ਵਾਲਾ, ਦਿਲ ਦਾ ਕੋਮਲ ਪਰ ਆਪਣੀ ਗੱਲ ਉੱਪਰ ਡਟਿਆ ਰਹਿਣ ਵਾਲਾ ਕਮਿਊਨਿਸਟ ਸੀ। ਉਸ ਨੇ ਸਿਧਾਂਤਕ ਬਹਿਸ ਲਈ ਬਹੁਤ ਸਾਰੀਆਂ ਰਾਜਨੀਤਕ ਲਿਖਤਾਂ ਦੇ ਨਾਲ ਨਾਲ ਕਵਿਤਾਵਾਂ ਵੀ ਲਿਖੀਆਂ। ਇਹ ਤ੍ਰਾਸਦੀ ਹੈ ਕਿ ਇਨਕਲਾਬੀ ਲਹਿਰ ਐਸੇ ਸਿਰੜੀ ਕਮਿਊਨਿਸਟ ਨੂੰ ਸਹੀ ਤਰੀਕੇ ਨਾਲ ਸੰਭਾਲ ਨਹੀਂ ਸਕੀ ਅਤੇ ਉਸ ਨੂੰ ਆਪਣੇ ਆਖ਼ਰੀ ਦਿਨ ਬੇਹੱਦ ਤੰਗੀ ਅਤੇ ਇਕੱਲਤਾ ਦੇ ਸੰਤਾਪ ’ਚ ਗੁਜ਼ਾਰਨੇ ਪਏ। ਆਖ਼ਰ 3 ਫਰਵਰੀ ਨੂੰ ਜ਼ਿੰਦਗੀ ਉਸ ਦਾ ਸਾਥ ਛੱਡ ਗਈ ਅਤੇ ਉਹ ਇਨਕਲਾਬ ਦਾ ਸੁਪਨਾ ਅੱਖਾਂ ’ਚ ਸੰਜੋਈ ਆਪਣੇ ਸੰਗੀ-ਸਾਥੀਆਂ ਨੂੰ ਸਦੀਵੀ ਅਲਵਿਦਾ ਕਹਿ ਗਿਆ। ਪਿੱਛੇ ਉਸ ਦੀ ਇਕਲੌਤੀ ਧੀ ਅਤੇ ਜੀਵਨ ਸਾਥਣ ਹੈ ਜਿਨ੍ਹਾਂ ਨੇ ਬਹੁਤ ਔਖੇ ਹਾਲਾਤ ’ਚ ਵੀ ਉਸ ਦਾ ਸਾਥ ਦਿੱਤਾ। ਕਿਹਾ ਜਾਂਦਾ ਹੈ ਕਿ ਕਮਿਊਨਿਸਟ ਅਲੱਗ ਮਿੱਟੀ ਦੇ ਬਣੇ ਹੁੰਦੇ ਹਨ, ਸੁਰਜੀਤ ਇਸ ਦੀ ਪ੍ਰਤੱਖ ਮਿਸਾਲ ਸੀ।
ਅੱਜ 13 ਫਰਵਰੀ ਨੂੰ ਪਿੰਡ ਕਲੋਆ (ਜ਼ਿਲ੍ਹਾ ਹੁਸ਼ਿਆਰਪੁਰ) ’ਚ ਉਸ ਸਬੰਧੀ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ।