ਅੱਜ 110ਵੇਂ ਜਨਮ ਦਿਵਸ ’ਤੇ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਚਮਨ ਲਾਲ*

ਚਮਨ ਲਾਲ*

ਈ 2011 ਵਿਚ ਮੈਂ ‘ਟ੍ਰਿਬਿਊਨ’ ਵਿਚ ਛਪੇ ਆਪਣੇ ਲੇਖ ਵਿਚ ਆਜ਼ਾਦੀ ਘੁਲਾਟੀਏ ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਪ੍ਰੇਮਦੱਤ ਵਰਮਾ ਨੂੰ ਚੇਤੇ ਕਰਦਿਆਂ ਉਨ੍ਹਾਂ ਦੇ ਪੰਜਾਬ ਯੂਨੀਵਰਸਿਟੀ ਛੱਡਣ ਅਤੇ ਅਮਰੀਕਾ ਜਾ ਵੱਸਣ ਤੋਂ ਬਾਅਦ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਾ ਹੋਣ ਦਾ ਜ਼ਿਕਰ ਕੀਤਾ ਸੀ। ਤਕਰੀਬਨ ਅੱਠ ਸਾਲ ਬਾਅਦ ਅਗਸਤ 2019 ਵਿਚ ਉਨ੍ਹਾਂ ਦੇ ਪੁੱਤਰ ਪ੍ਰਮੋਦ ਵਰਮਾ ਨੇ ਇਹ ਲੇਖ ਪੜ੍ਹਨ ਪਿੱਛੋਂ ਮੇਰੇ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਉਹ ਲੇਖ ਛਪਣ ਤੋਂ ਚਾਰ ਮਹੀਨੇ ਪਹਿਲਾਂ 6 ਜਨਵਰੀ 2011 ਨੂੰ ਦੇਹਾਂਤ ਹੋ ਗਿਆ ਸੀ। ਉਹ ਉਮਰ ਦਾ ਸੈਂਕੜਾ ਮਾਰਨ ਤੋਂ ਛੇ ਮਹੀਨੇ ਪਿੱਛੇ ਰਹਿ ਗਏ। ਉਨ੍ਹਾਂ ਦਾ ਜਨਮ 19 ਸਤੰਬਰ 1911 ਨੂੰ ਹਿਸਾਰ (ਹੁਣ ਹਰਿਆਣਾ) ਵਿਚ ਹੋਇਆ ਸੀ।

ਬਰਤਾਨਵੀ ਸਾਮਰਾਜਵਾਦ ਖ਼ਿਲਾਫ਼ ਸ਼ਹੀਦ ਭਗਤ ਸਿੰਘ ਦੀ ਅਗਵਾਈ ਵਾਲੀ ਇਨਕਲਾਬੀ ਲਹਿਰ ਵਿਚ ਉਹ ਸਭ ਤੋਂ ਛੋਟੀ ਉਮਰ ਦੇ ਜੁਝਾਰੂ ਸਨ। ਉਨ੍ਹਾਂ ਤੋਂ ਬਾਅਦ ਸਭ ਤੋਂ ਘੱਟ ਉਮਰ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਸਨ ਜਿਨ੍ਹਾਂ ਦਾ ਜਨਮ 1909 ਵਿਚ ਹੋਇਆ ਸੀ। ਜਦੋਂ ਪ੍ਰੇਮਦੱਤ ਨੂੰ 7 ਮਈ 1929 ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ 18 ਸਾਲ ਦੇ ਵੀ ਨਹੀਂ ਸਨ। ਇਸ ਮੌਕੇ ਉਨ੍ਹਾਂ ਨੂੰ ਅੰਗਰੇਜ਼ ਹਕੂਮਤ ਦੇ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ।

ਪ੍ਰੇਮਦੱਤ ਦੇ ਪਿਤਾ ਰਾਮਦੱਤ ਵਰਮਾ ਸਕੂਲ ਹੈੱਡਮਾਸਟਰ ਅਤੇ ਵਿਦਵਾਨ ਹੋਣ ਦੇ ਨਾਲ-ਨਾਲ ਆਰੀਆ ਸਮਾਜੀ ਤੇ ਦੇਸ਼ ਭਗਤ ਸਨ। ਉਨ੍ਹਾਂ ਹਿੰਦੀ ਵਿਚ ਕਿਤਾਬ ‘ਵੈਦਿਕ ਸੰਸਕ੍ਰਿਤ - ਸਾਰੀਆਂ ਭਾਸ਼ਾਵਾਂ ਦੀ ਮਾਂ’ ਲਿਖੀ ਜਿਸ ਨੂੰ ਪ੍ਰੇਮਦੱਤ ਨੇ 1970 ਵਿਚ ਅਮਰੀਕਾ ਜਾਣ ਤੋਂ ਬਾਅਦ ਮੁੜ ਛਪਵਾਇਆ। ਮਹਿਜ਼ ਤਿੰਨ ਸਾਲਾਂ ਦੀ ਉਮਰ ਵਿਚ ਹੀ ਪ੍ਰੇਮਦੱਤ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ। ਲਾਲਾ ਲਾਜਪਤ ਰਾਏ ਉਨ੍ਹਾਂ ਦੇ ਪਰਿਵਾਰਕ ਦੋਸਤ ਸਨ। ਜਦੋਂ ਅੰਗਰੇਜ਼ ਪੁਲੀਸ ਅਫ਼ਸਰ ਸਕੌਟ ਨੇ ਲਾਹੌਰ ਵਿਚ 30 ਅਕਤੂਬਰ 1928 ਨੂੰ ਲਾਲਾ ਜੀ ਉੱਤੇ ਬੁਰੀ ਤਰ੍ਹਾਂ ਲਾਠੀਆਂ ਵਰ੍ਹਾਈਆਂ ਤਾਂ ਪ੍ਰੇਮਦੱਤ ਉਨ੍ਹਾਂ ਦੇ ਕਰੀਬ ਹੀ ਸਨ।

ਇਨਕਲਾਬੀ ਅੰਦੋਲਨ ਵਿਚ ਉਨ੍ਹਾਂ ਨੂੰ ਪੰਡਿਤ ਕਿਸ਼ੋਰੀ ਲਾਲ ਲੈ ਕੇ ਆਏ ਤੇ ਬਾਅਦ ਵਿਚ ਉਨ੍ਹਾਂ ਦੀ ਨੇੜਤਾ ਸੁਖਦੇਵ ਨਾਲ ਹੋ ਗਈ। ਕੈਮਿਸਟਰੀ (ਰਸਾਇਣ ਵਿਗਿਆਨ) ਦੇ ਵਿਦਿਆਰਥੀ ਹੋਣ ਕਾਰਨ ਉਨ੍ਹਾਂ ਨੂੰ ਬੰਬ ਬਣਾਉਣ ਲਈ ਭਗਵਤੀ ਚਰਨ ਵੋਹਰਾ ਦੀ ਮਦਦ ਕਰਨ ਲਈ ਕਿਹਾ ਗਿਆ। ਉਨ੍ਹਾਂ ਦੇ ਪੁੱਤਰ ਦੇ ਦੱਸਣ ਮੁਤਾਬਿਕ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹ ਆਪਣੇ ਸਾਈਕਲ ਉੱਤੇ ਬੰਬਾਂ ਦੇ ਖੋਲ ਲੈ ਕੇ ਜਾ ਰਹੇ ਸਨ। ਲਾਹੌਰ ਸਾਜ਼ਿਸ਼ ਕੇਸ ਦੀ ਸੁਣਵਾਈ ਦੌਰਾਨ ਜਦੋਂ ਸਰਕਾਰੀ ਗਵਾਹ ਬਣਿਆ ਜੈ ਗੋਪਾਲ 21 ਅਕਤੂਬਰ 1929 ਨੂੰ ਗਵਾਹੀ ਦੇਣ ਅਦਾਲਤ ਵਿਚ ਪੇਸ਼ ਹੋਇਆ ਤਾਂ ਗੁੱਸੇ ਵਿਚ ਪ੍ਰੇਮਦੱਤ ਨੇ ਆਪਣੀ ਚੱਪਲ ਉਸ ਦੇ ਵਗਾਹ ਮਾਰੀ ਸੀ। ਇਸ ਕਾਰਨ ਬਾਅਦ ਵਿਚ ਪ੍ਰੇਮਦੱਤ ਹੀ ਨਹੀਂ ਸਗੋਂ ਕੇਸ ਵਿਚ ਮੁਲਜ਼ਮ ਬਣਾਏ ਗਏ ਸਾਰੇ ਇਨਕਲਾਬੀਆਂ ਨੂੰ ਭਾਰੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ, ਭਾਵੇਂ ਉਨ੍ਹਾਂ ਨੇ ਪ੍ਰੇਮਦੱਤ ਦੀ ਇਸ ਕਾਰਵਾਈ ’ਤੇ ਅਫ਼ਸੋਸ ਵੀ ਪ੍ਰਗਟਾ ਦਿੱਤਾ ਸੀ। ਅਗਲੇ ਦਿਨ 22 ਅਕਤੂਬਰ ਨੂੰ ਕੁਝ ਬਲਵਾਨ ਪੁਲੀਸ ਮੁਲਾਜ਼ਮਾਂ ਨੇ ਭਗਤ ਸਿੰਘ ਨੂੰ ਖ਼ਾਸ ਤੌਰ ’ਤੇ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ। ਇਸੇ ਦੌਰਾਨ ਸ਼ਿਵ ਵਰਮਾ ਅਤੇ ਅਜੋਏ ਘੋਸ਼ ਪੁਲੀਸ ਦੀ ਮਾਰ-ਕੁਟਾਈ ਨਾ ਝੱਲਦਿਆਂ ਬੇਹੋਸ਼ ਹੋ ਗਏ। ਇਸ ’ਤੇ ਭਗਤ ਸਿੰਘ ਨੇ ਮੈਜਿਸਟਰੇਟ ਪੰਡਿਤ ਸ੍ਰੀ ਕ੍ਰਿਸ਼ਨ ਨੂੰ ਖ਼ਬਰਦਾਰ ਕੀਤਾ ਕਿ ਜੇ ਇਨਕਲਾਬੀਆਂ ਨੂੰ ਕੁਝ ਹੋ ਗਿਆ ਤਾਂ ਉਹ (ਮੈਜਿਸਟਰੇਟ) ਜ਼ਿੰਮੇਵਾਰ ਹੋਵੇਗਾ ਕਿਉਂਕਿ ਪੁਲੀਸ ਵੱਲੋਂ ਉਸੇ ਦੀ ਨਿਗਰਾਨੀ ਹੇਠ ਤਸ਼ੱਦਦ ਕੀਤਾ ਜਾ ਰਿਹਾ ਸੀ। ਇਹੋ ਕੁਝ ਤਿੰਨ ਜੱਜਾਂ ਦੀ ਨਵੀਂ ਬਣਾਈ ਅਦਾਲਤ ਵਿਚ 12 ਮਈ 1930 ਨੂੰ ਵਾਪਰਿਆ ਅਤੇ ਇਸ ਵਾਰ ਭਾਰੀ ਕੁੱਟ-ਮਾਰ ਕਾਰਨ ਪ੍ਰੇਮਦੱਤ, ਕੁੰਦਨ ਲਾਲ ਅਤੇ ਅਜੋਏ ਘੋਸ਼ ਬੇਹੋਸ਼ ਹੋ ਗਏ। ਭਗਤ ਸਿੰਘ ਨੇ ਟ੍ਰਿਬਿਊਨਲ ਦੇ ਜੱਜਾਂ ਨੂੰ ‘ਡਰਪੋਕ ਤੇ ਭਾੜੇ ’ਤੇ ਲਿਆਂਦੇ ਹੋਏ’ ਕਰਾਰ ਦਿੱਤਾ। ਟ੍ਰਿਬਿਊਨਲ ਦੇ ਜੱਜ ਜਸਟਿਸ ਆਗ਼ਾ ਹੈਦਰ ਨੇ ਟ੍ਰਿਬਿਊਨਲ ਦੇ ਚੇਅਰਮੈਨ ਕੋਲਡਸਟਰੀਮ ਵੱਲੋਂ ਮੁਲਜ਼ਮਾਂ ਦੀ ਕੁੱਟ-ਮਾਰ ਦੇ ਦਿੱਤੇ ਹੁਕਮਾਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਅਤੇ ਆਪਣਾ ਚਿਹਰਾ ਅਖ਼ਬਾਰ ਨਾਲ ਢਕ ਲਿਆ ਕਿਉਂਕਿ ਉਹ ਅਜਿਹਾ ਤਸ਼ੱਦਦ ਨਹੀਂ ਸੀ ਦੇਖ ਸਕਦਾ।

ਲਾਹੌਰ ਸਾਜ਼ਿਸ਼ ਕੇਸ ਦੇ ਮੁਲਜ਼ਮਾਂ ਵਿਚੋਂ ਅਜੋਏ ਘੋਸ਼, ਦੇਸ ਰਾਜ, ਆਗਿਆ ਰਾਮ ਅਤੇ ਜਤਿੰਦਰਨਾਥ ਸਾਨਿਆਲ ਨੂੰ ਬਰੀ ਕਰ ਦਿੱਤਾ ਗਿਆ। ਸ਼ਿਵ ਵਰਮਾ, ਜੈਦੇਵ ਕਪੂਰ, ਬਿਜੋਏ ਕੁਮਾਰ ਸਿਨਹਾ, ਕਮਲ ਨਾਥ ਤਿਵਾੜੀ, ਗਯਾ ਪ੍ਰਸਾਦ ਕਟਿਆਰ, ਮਹਾਬੀਰ ਸਿੰਘ ਅਤੇ ਪੰਡਿਤ ਕਿਸ਼ੋਰੀ ਲਾਲ ਨੂੰ ਉਮਰ ਭਰ ਲਈ ਕਾਲੇ ਪਾਣੀ ਭਾਵ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਭੇਜ ਦਿੱਤਾ ਗਿਆ। ਕੁੰਦਨ ਲਾਲ ਨੂੰ ਸੱਤ ਸਾਲ ਅਤੇ ਪ੍ਰੇਮਦੱਤ ਨੂੰ ਪੰਜ ਸਾਲ ਕੈਦ ਦੀ ਸਜ਼ਾ ਹੋਈ। ਜਤਿੰਦਰਨਾਥ ਸਾਨਿਆਲ ਨੂੰ ਬਾਅਦ ਵਿਚ ਭਗਤ ਸਿੰਘ ਦੀ ਜੀਵਨੀ ਲਿਖਣ ਬਦਲੇ ਦੋਸ਼ੀ ਕਰਾਰ ਦੇ ਕੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਜੀਵਨੀ ’ਤੇ 1931 ਵਿਚ ਛਪਣ ਸਾਰ ਹੀ ਪਾਬੰਦੀ ਲਾ ਦਿੱਤੀ ਗਈ। ਮਹਾਬੀਰ ਸਿੰਘ ਦੀ 1933 ਵਿਚ ਅੰਡੇਮਾਨ ਦੀ ਜੇਲ੍ਹ ਵਿਚ ਭੁੱਖ ਹੜਤਾਲ ਦੌਰਾਨ ਮੌਤ ਹੋ ਗਈ।

ਲਾਹੌਰ ਸਾਜ਼ਿਸ਼ ਕੇਸ ਵਿਚ ਪੰਜ ਸਾਲ ਕੈਦ ਤਹਿਤ ਪ੍ਰੇਮਦੱਤ ਵਰਮਾ ਨੂੰ ਮਿੰਟਗੁਮਰੀ ਜੇਲ੍ਹ ਵਿਚ ਰੱਖਿਆ ਗਿਆ। ਜੇਲ੍ਹ ਦੌਰਾਨ ਉਨ੍ਹਾਂ ਪੜ੍ਹਾਈ ਜਾਰੀ ਰੱਖੀ ਤੇ ਐਫ਼ਏ ਦਾ ਇਮਤਿਹਾਨ ਪਾਸ ਕਰ ਲਿਆ। ਉਨ੍ਹਾਂ ਨੂੰ ਚਾਰ ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ, ਪਰ ਸ਼ਹਿਰ ਵਿਚ ਰਹਿਣ ਦੀ ਇਜਾਜ਼ਤ ਨਾ ਦਿੱਤੀ ਗਈ ਤੇ ਜੰਮੂ ਖ਼ਿੱਤੇ ’ਚ ਜ਼ਿਲ੍ਹਾ ਡੋਡਾ ਜਾਣ ਲਈ ਮਜਬੂਰ ਕੀਤਾ ਗਿਆ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਲਾਹੌਰ ਜਾਣ ਦਿੱਤਾ ਗਿਆ ਤੇ ਉਨ੍ਹਾਂ ਡੀਏਵੀ ਕਾਲਜ ਲਾਹੌਰ ਤੋਂ ਗਰੈਜੂਏਸ਼ਨ ਮੁਕੰਮਲ ਕੀਤੀ ਤੇ ਉਨ੍ਹਾਂ ਦੇ ਪੁੱਤਰ ਦੇ ਦੱਸਣ ਮੁਤਾਬਿਕ ਨਾਲ ਹੀ ਐਮਏ (ਇਤਿਹਾਸ) ਕਰ ਲਈ। ਡੀਏਵੀ ਕਾਲਜ ਵਿਚ ਉਨ੍ਹਾਂ ਕਾਲਜ ਕੌਂਸਲ ਦੇ ਸਕੱਤਰ ਹੁੰਦਿਆਂ ਪੰਡਿਤ ਜਵਾਹਰਲਾਲ ਨਹਿਰੂ ਤੇ ਮੁਹੰਮਦ ਅਲੀ ਜਿਨਾਹ ਦਰਮਿਆਨ ਇਕ ਬਹਿਸ ਦਾ ਪ੍ਰਬੰਧ ਕੀਤਾ।

ਉਨ੍ਹਾਂ ਦਾ 1946 ਵਿਚ ਬੀਬੀ ਸਵਰਨ ਨਾਲ ਵਿਆਹ ਹੋ ਗਿਆ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਤੇ ਤਿੰਨ ਧੀਆਂ ਹੋਏ। ਉਨ੍ਹਾਂ ਦੀ ਵੱਡੀ ਧੀ ਦੀ 1991 ਵਿਚ ਮੌਤ ਹੋ ਗਈ। ਉਨ੍ਹਾਂ ਦੀ ਪਤਨੀ ਬੀਬੀ ਸਵਰਨ ਵਰਮਾ 95 ਸਾਲ ਦੀ ਉਮਰ ਵਿਚ ਆਪਣੇ ਬਾਕੀ ਪੰਜ ਬੱਚਿਆਂ, 15 ਪੋਤਿਆਂ-ਦੋਹਤਿਆਂ ਤੇ ਉਨ੍ਹਾਂ ਦੇ ਬੱਚਿਆਂ ਸਣੇ ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਵਿਚ ਰਹਿ ਰਹੀ ਹੈ। ਉਨ੍ਹਾਂ ਦੇ ਪੁੱਤਰ ਦੇ ਦੱਸਣ ਮੁਤਾਬਿਕ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਕਸ਼ਮੀਰ ਉੱਤੇ ਹਮਲੇ ਦੇ ਵਿਰੋਧ ਵਿਚ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਬਲਰਾਜ ਮਧੋਕ ਨਾਲ ਨੇੜਤਾ ਹੋ ਗਈ ਜੋ ਬਾਅਦ ਵਿਚ ਜਨਸੰਘ ਤੋਂ ਸੰਸਦ ਮੈਂਬਰ ਬਣੇ ਤੇ ਜੇਐੱਨਯੂ ਨਵੀਂ ਦਿੱਲੀ ਵਿਚ ਪ੍ਰੋਫ਼ੈਸਰ ਵੀ ਰਹੇ।

ਪ੍ਰੇਮਦੱਤ ਵਰਮਾ ਨੇ ਇਤਿਹਾਸ ਦੇ ਲੈਕਚਰਰ ਵਜੋਂ ਅਧਿਆਪਨ ਦੀ ਪਹਿਲੀ ਜ਼ਿੰਮੇਵਾਰੀ ਸਰਕਾਰੀ ਕਾਲਜ ਮੋਗਾ ਵਿਚ ਸੰਭਾਲੀ ਤੇ ਫਿਰ ਉਹ ਦੋਆਬਾ ਕਾਲਜ ਜਲੰਧਰ ਆ ਗਏ। ਉਹ 1960 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਆ ਗਏ ਤੇ 1970 ਤੱਕ ਉੱਥੇ ਰਹੇ ਤੇ ਫਿਰ 59 ਸਾਲਾਂ ਦੀ ਉਮਰ ਵਿਚ ਸਿਨਸਿਨਾਟੀ, ਅਮਰੀਕਾ ਚਲੇ ਗਏ। ਅਮਰੀਕਾ ਵਿਚ ਉਨ੍ਹਾਂ 74 ਸਾਲ ਦੀ ਉਮਰ ’ਚ ਪੀਐੱਚਡੀ ਕੀਤੀ ਤੇ ਸਿਨਸਿਨਾਟੀ ਯੂਨੀਵਰਸਿਟੀ ਤੋਂ ਡਾਕਟਰੇਟ ਕਰਨ ਵਾਲੇ ਉਹ ਉਸ ਸਮੇਂ ਸਭ ਤੋਂ ਉਮਰਦਰਾਜ਼ ਵਿਅਕਤੀ ਸਨ। ਬਾਅਦ ਵਿਚ ਉਨ੍ਹਾਂ ਆਪਣਾ ਥੀਸਿਸ ‘ਇੰਡੀਅਨ ਇਮੀਗ੍ਰਾਂਟਸ ਇਨ ਯੂਐਸਏ - ਸਟਰਗਲ ਫ਼ਾਰ ਇਕੁਐਲਿਟੀ’ (ਅਮਰੀਕਾ ਵਿਚ ਭਾਰਤੀ ਪਰਵਾਸੀ - ਬਰਾਬਰੀ ਲਈ ਸੰਘਰਸ਼) ਛਪਵਾਇਆ। ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿਚ ਅਧਿਆਪਨ ਕਾਰਜ ਦੌਰਾਨ ਉਨ੍ਹਾਂ ਇਤਿਹਾਸ ਦੇ ਵਿਸ਼ੇ ਵਿਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਤੇ ਅਨੁਵਾਦ ਕੀਤੀਆਂ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਕੁਝ ਹਿੱਸੇ ਵੀ ਅੰਗਰੇਜ਼ੀ ਤੇ ਹਿੰਦੀ ਵਿਚ ਅਨੁਵਾਦ ਕੀਤੇ। ਪੰਜਾਬ ਯੂਨੀਵਰਸਿਟੀ ਵਿਚ ਉਨ੍ਹਾਂ ਯੂਨੀਵਰਸਿਟੀ ਬੁਲੇਟਿਨ ਦਾ ਸੰਪਾਦਨ ਕਾਰਜ ਕੀਤਾ ਤੇ ਇਸ ਦੌਰਾਨ 19 ਸਤੰਬਰ 1964 ਦੇ ਅੰਕ ਵਿਚ ਸ਼ਹੀਦ ਜਤਿਨ ਦਾਸ ਨੂੰ ਸ਼ਰਧਾਂਜਲੀ ਵਜੋਂ ਲੇਖ ਵੀ ਲਿਖਿਆ। ਪਰ ਉਨ੍ਹਾਂ ਭਰਪੂਰ ਜ਼ਿੰਦਗੀ ਜਿਉਣ ਦੇ ਬਾਵਜੂਦ ਇਨਕਲਾਬੀ ਅੰਦੋਲਨ ਦੀਆਂ ਆਪਣੀਆਂ ਯਾਦਾਂ ਬਾਰੇ ਕੁਝ ਨਹੀਂ ਲਿਖਿਆ।

* ਲੇਖਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਸਾਬਕਾ ਸੈਨੇਟਰ ਤੇ ਡੀਨ, ਜੇਐੱਨਯੂ ਦਾ ਸਾਬਕਾ ਪ੍ਰੋਫ਼ੈਸਰ ਅਤੇ ਭਗਤ ਸਿੰਘ ਆਰਕਾਈਵਜ਼ ਐਂਡ ਰਿਸੋਰਸ ਸੈਂਟਰ, ਨਵੀਂ ਦਿੱਲੀ ਦਾ ਆਨਰੇਰੀ ਸਲਾਹਕਾਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All