ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਅਤੀਤ ਨੂੰ ਯਾਦ ਕਰਦਿਆਂ

ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਅਤੀਤ ਨੂੰ ਯਾਦ ਕਰਦਿਆਂ

ਪ੍ਰਿੰ. ਸਰਵਣ ਸਿੰਘ

ਸਿੱਖ ਰਾਜ ਚਲੇ ਜਾਣ ਪਿੱਛੋਂ ਸ਼ਾਹ ਮੁਹੰਮਦ ਨੇ ਸਿੰਘਾਂ ਤੇ ਫਿਰੰਗੀਆਂ ਦਾ ਜੰਗਨਾਮਾ ਲਿਖਿਆ ਜਿਸ ਦੀਆਂ ਤੁਕਾਂ ਲੋਕ ਗੀਤਾਂ ਵਾਂਗ ਲੋਕਾਂ ਦੇ ਮੂੰਹ ਚੜ੍ਹ ਗਈਆਂ। ਉਹ ਅਜੋਕੇ ਕਿਸਾਨ ਅੰਦੋਲਨ ਵਿਚ ਵੀ ਯਾਦ ਕਰ ਲੈਣੀਆਂ ਚਾਹੀਦੀਆਂ ਹਨ। ਪਿੱਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ, ਕੋਈ ਅਕਲ ਦਾ ਕਰੋ ਇਲਾਜ ਯਾਰੋ…।

ਯਾਦ ਕਰੀਏ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਅਰਦਾਸ ਵਿਚ ਸਿਮਰੇ ਜਾਂਦੇ ਸ਼ਹੀਦਾਂ ਦਾ ਧਿਆਨ ਧਰ ਕੇ ਕਿਹਾ ਜਾਂਦੈ, ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਨਨਕਾਣਾ ਸਾਹਿਬ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ ਤੇ ਸਿੱਖਾਂ ਦੇ ਕੁਝ ਹੋਰ ਮੋਰਚੇ ਸ਼ਾਂਤਮਈ ਅੰਦੋਲਨਾਂ ਨਾਲ ਹੀ ਜਿੱਤੇ ਗਏ। ਮਹਾਤਮਾ ਗਾਂਧੀ, ਜੈ ਪ੍ਰਕਾਸ਼ ਨਾਰਾਇਣ ਤੇ ਅੰਨਾ ਹਜ਼ਾਰੇ ਦੇ ਸੱਤਿਆ ਗ੍ਰਹਿਆਂ ਦਾ ਸਫਲ ਹੋਣਾ ਵੀ ਉਨ੍ਹਾਂ ਦੇ ਸ਼ਾਂਤਮਈ ਰਹਿਣ ਕਰ ਕੇ ਸੰਭਵ ਹੋ ਸਕਿਆ। ਅਜੋਕਾ ਕਿਸਾਨ ਅੰਦੋਲਨ ਵੀ ਸ਼ਾਂਤਮਈ ਰਹਿਣ ਕਰ ਕੇ ਹੀ ਪੰਜਾਬ ਦੀਆਂ ਹੱਦਾਂ ਪਾਰ ਕਰਦਾ ਸਾਰੇ ਭਾਰਤ ਦਾ ਅੰਦੋਲਨ ਬਣ ਗਿਆ ਹੋਇਆ ਹੈ। ਥਾਂ ਥਾਂ ਧਰਨੇ ਲੱਗ ਰਹੇ ਤੇ ਮੁਜ਼ਾਹਰੇ ਹੋ ਰਹੇ ਹਨ। ਜੇਕਰ ਇਹ ਇਕੱਲੇ ਪੰਜਾਬੀਆਂ ਜਾਂ ਕੇਵਲ ਸਿੱਖਾਂ ਦਾ ਹੀ ਅੰਦੋਲਨ ਹੁੰਦਾ ਤਾਂ ਪੁਲੀਸ/ਫੌਜ ਵਰਤ ਕੇ ਸੌਖਿਆਂ ਦਬਾਅ ਦਿੱਤਾ ਜਾਂਦਾ ਤੇ ਉਹਦੇ ਸਿਰ ਤੇ ਬਾਕੀ ਹਿੰਦੋਸਤਾਨ ਦੀਆਂ ਵੋਟਾਂ ਖਰੀਆਂ ਕਰ ਲਈਆਂ ਜਾਂਦੀਆਂ; ਮੌਜੂਦਾ ਸਰਕਾਰ ਦੀ ਉਮਰ ਹੋਰ ਲੰਮੇਰੀ ਹੋ ਜਾਂਦੀ ਕਿਉਂਕਿ ਪੰਜਾਬੀ, ਖ਼ਾਸ ਕਰ ਕੇ ਸਿੱਖ ਭਾਰਤੀ ਲੋਕਰਾਜ ਦੀਆਂ ਵੋਟਾਂ ਵਿਚ ਆਟੇ ਵਿਚ ਲੂਣ ਬਰਾਬਰ ਹੀ ਹਨ।

ਇਹ ਹਕੀਕਤ ਹੈ ਕਿ 1980ਵਿਆਂ ਦੌਰਾਨ ਕੁਝ ਤੱਤਾਂ ਨੇ ਕੁਝ ਸਿੱਖਾਂ ਨੂੰ ਸ਼ਹਿ ਦੇ ਕੇ, ਉਕਸਾ ਕੇ, ਫਿਰ ਆਪਸ ਵਿਚ ਉਨ੍ਹਾਂ ਦੀ ਹੀ ਅਤੇ ਕੁਝ ਗੈਰ ਸਿੱਖਾਂ ਦੀ ਮਾਰ ਮਰਵਾਈ ਕਰਵਾਈ। ਅਜਿਹਾ ਕਰ ਕੇ ਬਾਕੀ ਹਿੰਦੋਸਤਾਨੀਆਂ ਦੀਆਂ ਵੋਟਾਂ ਵਟੋਰੀਆਂ ਅਤੇ ਰਾਜ ਭਾਗ ਦੇ ਮਾਲਕ ਬਣੇ। ਸੂਬਿਆਂ ਲਈ ਵਧੇਰੇ ਅਧਿਕਾਰਾਂ ਵਾਲਾ ਅਨੰਦਪੁਰ ਮਤਾ ਜੋ ਸੰਵਿਧਾਨ ਦੇ ਫੈਡਰਲ ਢਾਂਚੇ ਮੁਤਾਬਿਕ ਸਾਰੇ ਸੂਬਿਆਂ ਦਾ ਮਤਾ ਸੀ, ਕੇਵਲ ਸਿੱਖਾਂ ਦਾ ਵੱਖਵਾਦੀ ਮਤਾ ਗਰਦਾਨ ਕੇ, ਸਾਰੇ ਦੇਸ਼ ਨੂੰ ਵਰਗਲਾ ਲਿਆ, ਤੇ ਘੱਟ ਗਿਣਤੀ ਸਿੱਖਾਂ ਦੇ ਮੁਕਾਬਲੇ ਬਹੁਗਿਣਤੀ ਗ਼ੈਰ ਸਿੱਖ ਭਾਰਤੀਆਂ ਦੀਆਂ ਵੋਟਾਂ ਵਟੋਰ ਲਈਆਂ। ਸਿੱਖਾਂ ਅਥਵਾ ਪੰਜਾਬੀਆਂ ਨੇ ਸੁਤੰਤਰਤਾ ਸੰਗਰਾਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਸੁਤੰਤਰ ਭਾਰਤ ਦੇ ਹੋਰ ਲੋਕਾਂ ਨੂੰ ਬਿਨਾਂ ਕਿਸੇ ਕੁਰਬਾਨੀ ਦੇਣ ਦੇ ਉਨ੍ਹਾਂ ਖ਼ਿਲਾਫ਼ ਭੁਗਤਾਉਣ ਦਾ ਸਬਬ ਬਣਾ ਦਿੱਤਾ ਗਿਆ। ਪਿਛਲੀਆਂ ਹਾਰਾਂ ਤੋਂ ਸਿੱਖਾਂ ਨੂੰ ਇੰਨਾ ਕੁ ਸਬਕ ਜ਼ਰੂਰ ਸਿੱਖ ਲੈਣਾ ਚਾਹੀਦਾ ਹੈ ਕਿ ਅਜੋਕੇ ਲੋਕਰਾਜੀ ਸਮੇਂ ਵਿਚ ਉਹ ਜਦੋਂ ਵੀ ਕੇਵਲ ਪੰਜਾਬ ਜਾਂ ਸਿੱਖਾਂ ਦੀ ਹੀ ਗੱਲ ਕਰਨਗੇ ਤਾਂ ਦੇਸ਼ ਦੀ ਵੱਡੀ ਬਹੁਗਿਣਤੀ ਨੂੰ ਆਪਣੇ ਵਿਰੁੱਧ ਭੁਗਤਾਉਣ ਦੇ ਫਿਰ ਮੌਕੇ ਦੇ ਦੇਣਗੇ ਤੇ ਪਹਿਲਾਂ ਵਾਂਗ ਹੀ ਨੁਕਸਾਨ ਉਠਾਉਣਗੇ।

ਪੰਜਾਬ ਵਿਚੋਂ ਚਲਾਇਆ ਸ਼ਾਂਤਮਈ ਕਿਸਾਨ ਅੰਦੋਲਨ, ਹਰਿਆਣੇ ਨਾਲ ਰਲ ਕੇ ਦੁੱਗਣਾ ਤੇ ਸਮੁੱਚੇ ਭਾਰਤੀ ਕਿਸਾਨਾਂ ਨਾਲ ਰਲ ਕੇ ਦਸ ਗੁਣਾਂ ਪ੍ਰਭਾਵਸ਼ਾਲੀ ਹੋ ਗਿਆ ਹੈ ਜਿਸ ਦੀਆਂ ਧੁੰਮਾਂ ਹੁਣ ਕੁਲ ਜਹਾਨ ਅੰਦਰ ਪੈ ਰਹੀਆਂ ਹਨ। ਸਭ ਧਰਮਾਂ ਤੇ ਜਾਤੀਆਂ ਦੇ ਕਰੋੜਾਂ ਅਰਬਾਂ ਲੋਕ ਕਿਸਾਨਾਂ ਨਾਲ ਹਮਦਰਦੀ ਪਰਗਟ ਕਰਨ ਲੱਗੇ ਹਨ। ਪੰਜਾਬੀ ਤੇ ਹਰਿਆਣਵੀ ਮੇਰ ਤੇਰ ਛੱਡ ਕੇ ਮੁੜ ਇਕ ਦੂਜੇ ਦੀਆਂ ਬਾਂਹਾਂ ਬਣ ਗਏ ਹਨ। ਪੰਜਾਬ ਦੇ ਦਾਇਰੇ ਵਿਚ ਚਲਦੇ ਕਿਸਾਨ ਅੰਦੋਲਨ ਦੀ ਖ਼ਬਰ ਤਾਂ ਦਿੱਲੀ ਤਕ ਵੀ ਨਹੀਂ ਸੀ ਪਹੁੰਚਦੀ ਜੋ ਹੁਣ ਦੁਨੀਆ ਭਰ ਦੇ ਮੀਡੀਏ ਦੀ ਮੁੱਖ ਖ਼ਬਰ ਬਣੀ ਹੋਈ ਹੈ। ਸ਼ਕਤੀਸ਼ਾਲੀ ਮੋਦੀ ਸਰਕਾਰ ਜੋ ਸੰਵਿਧਾਨ ਦੀ ਉਲੰਘਣਾ ਕਰ ਕੇ ਧੱਕੇ ਨਾਲ ਕੋਈ ਵੀ ਕਾਨੂੰਨ ਬਣਾਉਣ ਵਿਚ ਮਿੰਟ ਨਹੀਂ ਲਾਉਂਦੀ, ਅਜੇ ਤਕ ਆਪਣਾ ਹਰ ਹਰਬਾ ਵਰਤਣ ਦੇ ਬਾਵਜੂਦ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਵਿਚ ਕਾਮਯਾਬ ਨਹੀਂ ਹੋ ਸਕੀ। ਕਿਸਾਨ ਜਥੇਬੰਦੀਆਂ ਫਿਰ ਵੀ ਦ੍ਰਿੜ ਇਰਾਦੇ ਨਾਲ ਕਾਨੂੰਨ ਰੱਦ ਕਰਾਉਣ ਲਈ ਅੰਦੋਲਨ ਜਾਰੀ ਰੱਖ ਰਹੀਆਂ ਹਨ। ਲੋਕ ਹੈਰਾਨ ਹਨ ਕਿ ਵੱਖ ਵੱਖ ਵਿਚਾਰਾਂ ਵਾਲੀਆਂ ਐਨੀਆਂ ਕਿਸਾਨ ਜਥੇਬੰਦੀਆਂ ਇੱਕਮੁੱਠ ਕਿਵੇਂ ਹਨ?

ਕਾਰਪੋਰੇਟ ਪੱਖੀ ਤੇ ਕਿਸਾਨ ਵਿਰੋਧੀ ਸਰਕਾਰ ਨੇ ਕਿਸਾਨ ਆਗੂਆਂ ਨੂੰ ਪਾੜਨ, ਜੋਸ਼ੀਲੇ ਨੌਜੁਆਨਾਂ ਨੂੰ ਹਿੰਸਾ ਲਈ ਭੜਕਾਉਣ ਅਤੇ ਆਪਣੇ ਬੰਦੇ ਵਾੜ ਕੇ ਚੁਆਤੀਆਂ ਲਾਉਣ ਦੀਆਂ ਅਜੇ ਹੋਰ ਵੀ ਚਾਲਾਂ ਚੱਲਣੀਆਂ ਹਨ ਤਾਂ ਜੋ ਭੜਕਾਹਟ ਵਿਚ ਆ ਕੇ ਅੰਦੋਲਨਕਾਰੀ ਭੰਨ ਤੋੜ ਕਰਨ ਜਿਸ ਨਾਲ ਸਰਕਾਰ ਨੂੰ ਅਮਨ ਕਾਨੂੰਨ ਬਣਾਈ ਰੱਖਣ ਦੇ ਨਾਂ ਤੇ ਮਾਰ ਧਾੜ ਕਰਨ ਦਾ ਬਹਾਨਾ ਮਿਲ ਜਾਵੇ। ਪੁੱਤ ਬਾਰਡਰ ਦੇ ਮੋਰਚੇ ਵਿਚ ਮਰਦਾ ਤੇ ਪਿਉ ਕਿਸਾਨ ਮੋਰਚੇ ਵਿਚ ਮਰਦਾ ਅਸੀਂ ਦੇਖ ਚੁੱਕੇ ਹਾਂ। ਦੰਭੀ ਤੇ ਮੀਸਣੀ ਸਰਕਾਰ ਪੁੱਤ ਮਰਨ ਤੇ ਤਾਂ ਸ਼ਹੀਦ ਹੋਣ ਦਾ ਠੱਪਾ ਲਾ ਦਿੰਦੀ ਹੈ ਪਰ ਸ਼ਹੀਦ ਹੋਏ ਕਿਸਾਨ ਪਿਤਾ ਨੂੰ ਭਟਕਿਆ ਹੋਇਆ ਕਹਿੰਦੀ ਉਹਦਾ ਅਫਸੋਸ ਵੀ ਨਹੀਂ ਕਰਦੀ।

ਕਿਸੇ ਅੰਦੋਲਨ ਨੂੰ ਮਘਦਾ ਰੱਖਣ ਲਈ ਹੋਸ਼ ਨਾਲ ਬੇਸ਼ਕ ਜੋਸ਼ ਵੀ ਜ਼ਰੂਰੀ ਹੁੰਦਾ ਹੈ ਪਰ ਜੋਸ਼ ਇੰਨਾ ਵੀ ਨਾ ਵਧੇ ਕਿ ਹੋਸ਼ ਹੀ ਨਾ ਰਹੇ। 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਪਰਖ ਦੀ ਘੜੀ ਹੋਵੇਗੀ। ਜੇ ਇਹ ਜ਼ਾਬਤੇ ਵਿਚ ਰਹੀ ਤੇ ਚਾਣਕੀਆ ਚਾਲਾਂ ਚੱਲਣ ਵਾਲੀ ਸਰਕਾਰ ਤੋਂ ਹਿੰਸਕ ਨਾ ਕਰਵਾਈ ਗਈ ਤਾਂ ਕਿਸਾਨਾਂ ਦਾ ਨਾਂ ਕੁਲ ਦੁਨੀਆ ਵਿਚ ਸਤਿਕਾਰ ਨਾਲ ਲਿਆ ਜਾਵੇਗਾ। ਫਿਰ ਟਰੈਕਟਰ ਪਰੇਡ ਦੀਆਂ ਤਸਵੀਰਾਂ ਕਰੋੜਾਂ ਘਰਾਂ ਦਾ ਸ਼ਿੰਗਾਰ ਬਣਨਗੀਆਂ।

ਸ਼ਾਂਤਮਈ ਅੰਦੋਲਨ ਨਾਲ ਕਾਲੇ ਕਾਨੂੰਨ ਵੀ ਵਾਪਸ ਕਰਵਾਏ ਜਾ ਸਕਦੇ ਹਨ ਜਦੋਂ ਕਿ ਹਿੰਸਾ ਕਾਰਨ ਵੱਡੇ ਨੁਕਸਾਨ ਹੋ ਸਕਦੇ ਹਨ। ਟਰੈਕਟਰਾਂ ਦੀ ਜ਼ਬਤਬੱਧ ਪਰੇਡ ਵਿਚ ਹਜ਼ਾਰਾਂ ਟਰੈਕਟਰਾਂ ਨਾਲ ਲੱਖਾਂ ਲੋਕ ਆ ਸਕਦੇ ਹਨ। ਇਸ ਲਈ ਵੱਧ ਤੋਂ ਵੱਧ ਪ੍ਰਚਾਰ ਕਰੋ ਕਿ ਅੰਦੋਲਨ ਹਰ ਹਾਲਤ ਵਿਚ ਸ਼ਾਂਤਮਈ ਰਹੇਗਾ।

ਸੰਪਰਕ: +1-905-799-1661

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All