ਸੁਰਜੀਤ ਜੱਜ
ਸੁਨਹਿਰੀ ਭਵਿੱਖ ਦੀ ਆਸ ਨਾਲ ਭਰਪੂਰ 26 ਨਵੰਬਰ ਦੀ ਸੁਹਣੀ ਸਵੇਰ। ਲੇਖਕਾਂ ਦਾ ਕਾਫ਼ਲਾ ਟਿੱਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮੰਚ ਵੱਲ ਜਾਂਦਾ ਹੋਇਆ ਜ਼ਿਆਰਤ ਕਰਨ ਵਰਗਾ ਅਹਿਸਾਸ ਹੰਢਾ ਰਿਹਾ ਸੀ। ਛੱਬੀ ਨਵੰਬਰ 2020, ਐਨ ਇਕ ਸਾਲ ਪਹਿਲਾਂ ਪੰਜਾਬ/ਹਰਿਆਣੇ ਦੇ ਕਿਸਾਨ ਹੱਕ-ਸੱਚ ਤੇ ਜਮਹੂਰੀਅਤ ਦੇ ਪਹਿਰੇਦਾਰ ਬਣ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ’ਤੇ ਆਣ ਡਟੇ ਸਨ। ਲੇਖਕ ਉਸੇ ਦਿਨ ਤੋਂ, ਲਿਖਤ ਰਾਹੀਂ ਵੀ ਤੇ ਅਮਲ ਰਾਹੀਂ ਵੀ, ਉਨ੍ਹਾਂ ਦੇ ਸੰਗ-ਸਾਥ ਰਹਿੰਦਿਆਂ ਸਾਕਾਰ ਕਰਦੇ ਰਹੇ ਹਨ ਕਿ:
ਜਾਗੇ ਹੋਏ ਖੇਤ ਮਸ਼ਾਲਾਂ ਬਾਲ਼ ਤੁਰੇ।
ਹਲ਼, ਹਥੌੜਾ, ਕਾਨੀ ਨਾਲ਼ੋ-ਨਾਲ਼ ਤੁਰੇ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਸਾਥੀ ਇਸ ਸੰਘਰਸ਼ੀ ਪਿੜ ਵਿੱਚ ਕਿਸਾਨਾਂ-ਕਿਰਤੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨਜ਼ਰ ਆਏ। ਦੂਰ ਦੂਰ ਤਕ ਜਿੱਧਰ ਵੀ ਨਜ਼ਰ ਮਾਰੋ, ਨਜ਼ਰ ਦੀ ਨਜ਼ਰਸਾਨੀ ਦੀ ਆਖਰੀ ਹੱਦ ਤਕ ਬਸੰਤੀ ਪੱਗਾਂ, ਚੁੰਨੀਆਂ ਤੇ ਪਰਨਿਆਂ ਨਾਲ ਮਾਣ-ਮੱਤੇ ਸਿਰਾਂ ਦਾ ਹੜ੍ਹ ਉਮੜਿਆ ਵਿਖਾਈ ਦੇ ਰਿਹਾ ਸੀ। ਸ਼ਹੀਦੇ-ਆਜ਼ਮ ਦਾ ‘ਮਾਂ ਮੇਰਾ ਰੰਗ ਦੇ ਬਸੰਤੀ ਚੋਲ਼ਾ’ ਦਾ ਸੁਪਨਾ ਸਾਕਾਰ ਹੋਇਆ ਜਾਪਿਆ। ਇਸ ਇਤਿਹਾਸਕ ਘੜੀ ਦੇ ਗਵਾਹ ਬਣਨ ਹਿਤ ਪੰਜਾਬ ਤੇ ਦਿੱਲੀ ਤੋਂ ਦੋ ਦਰਜਨ ਦੇ ਕਰੀਬ ਲੇਖਕ ਪ੍ਰਗਤੀਸ਼ੀਲ ਲੇਖਕ ਸੰਘ ਦੇ ਕਾਰਜਕਾਰੀ ਕੌਮੀ ਪ੍ਰਧਾਨ ਡਾ. ਵਿਭੂਤੀ ਨਾਰਾਇਣ ਰਾਏ, ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਤੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਸੁਰਜੀਤ ਜੱਜ ਤੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਯਾਦਵ ਦੀ ਅਗਵਾਈ ਵਿੱਚ ਟਿੱਕਰੀ ਬਾਰਡਰ ਦੇ ਪਕੌੜਾ ਚੌਕ ਵਾਲੇ ਮੰਚ ’ਤੇ ਪੁੱਜੇ ਹੋਏ ਸਨ ਜਿਨ੍ਹਾਂ ਵਿੱਚ ਜਨਾਬ ਗੌਹਰ ਰਜ਼ਾ, ਰਾਮ ਸ਼ਰਨ ਜੋਸ਼ੀ, ਰਾਜ ਪਾਠਕ, ਪ੍ਰੋ. ਅਰਜ਼ਮੰਦ ਆਰਾ, ਸ੍ਰੀਮਤੀ ਸ਼ਬਨਮ ਹਾਸ਼ਮੀ, ਗੁਲਜ਼ਾਰ ਪੰਧੇਰ, ਅਤਰਜੀਤ, ਭੋਲਾ ਸਿੰਘ ਸੰਘੇੜਾ, ਤਰਸੇਮ, ਡਾ. ਹਰਭਗਵਾਨ, ਜਸਵੀਰ ਝੱਜ, ਮਨਜੀਤ ਸਿੰਘ ਆਦਿ ਸ਼ਾਮਲ ਸਨ।
ਇਸ ਮੌਕੇ ਸ਼ਾਇਰ ਤਰਸੇਮ ਵੱਲੋਂ ਕੀਤੇ ਪੰਜਾਬੀ ਕਵਿਤਾ ਦੇ ਹਿੰਦੀ ਅਨੁਵਾਦ ਦਾ ਸੰਗ੍ਰਹਿ ‘ਖੇਤ ਪੂਛਤੇ ਹੈਂ’, ਕਵਿਤਰੀ ਦਲਵੀਰ ਕੌਰ ਦੁਆਰਾ ਸੰਪਾਦਤ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਕਾਵਿ ਸੰਗ੍ਰਹਿ ‘ਕਿਸਾਨੀ ਸੰਘਰਸ਼: ਸਦੀ ਦਾ ਕਾਵਿ-ਸ਼ਬਦ’ ਅਤੇ ਸੁਰਿੰਦਰ ਗੀਤ ਦੇ ਮੌਲਿਕ ਕਾਵਿ-ਸੰਗ੍ਰਹਿ ‘ਖੇਤਾਂ ਦਾ ਸਫਰ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਤੋਂ ਬਾਅਦ ‘ਕਿਸਾਨ ਔਰ ਹਮ’ ਵਿਸ਼ੇ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਪੰਜਾਬੀ ਦੇ ਨਾਮਵਰ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਦੀਆਂ ਪੰਜਾਬੀ ਕਹਾਣੀਆਂ ਦਾ ਹਿੰਦੀ ਵਿੱਚ ਅਨੁਵਾਦਤ ਕਹਾਣੀ ਸੰਗ੍ਰਹਿ ‘ਪੁਨਰ ਜਨਮ’ ਰਿਲੀਜ਼ ਕੀਤਾ ਗਿਆ ਜਿਸ ਬਾਰੇ ਡਾ. ਹਰਭਗਵਾਨ ਨੇ ਵਿਚਾਰ ਚਰਚਾ ਦੀ ਸ਼ੁਰੂਆਤ ਕੀਤੀ। ਰਮੇਸ਼ ਯਾਦਵ ਹੁਰਾਂ ਨੇ ਕਿਸਾਨਾਂ ਨੂੰ ਪੁਸਤਕਾਂ ਤੇ ਖੇਸ ਭੇਟ ਕੀਤੇ।
ਇਸ ਉਪਰੰਤ ਲੇਖਕਾਂ ਦੇ ਕਾਫ਼ਲੇ ਨੇ ਟਿੱਕਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ’ਤੇ ਸ਼ਮੂਲੀਅਤ ਕੀਤੀ। ਸੁਰਜੀਤ ਜੱਜ ਨੇ ਆਪਣੇ ਕਾਵਿ- ਬੋਲਾਂ ਰਾਹੀਂ ਲੇਖਕਾਂ ਦੀ ਪ੍ਰਤਿਨਿਧਤਾ ਵਜੋਂ ਹਾਜ਼ਰੀ ਲਗਵਾਈ। ਅਗਲਾ ਅਹਿਮ ਪੜਾਅ ਇੱਥੇ ਹੀ ‘ਟਰਾਲੀ ਟਾਇਮਜ਼’ ਵਾਲਿਆਂ ਦੇ ਟਿਕਾਣੇ ’ਤੇ ਹੋਈ ਗੁਫ਼ਤਗੂ ਸੀ। ਇੱਥੇ ਪ੍ਰੋ. ਜਗਮੋਹਨ ਸਿੰਘ, ਸੁਖਦਰਸ਼ਨ ਨੱਤ ਸਮੇਤ ਕਈ ਸਾਥੀ ਹਾਜ਼ਰ ਸਨ। ਘੰਟੇ ਭਰ ਦੀ ਵਿਚਾਰ ਚਰਚਾ ਉਪਰੰਤ ਲੇਖਕ ਸਿੰਘੂ ਬਾਰਡਰ ਲਈ ਰਵਾਨਾ ਹੋਏ। ਇੱਥੇ ਅਰਵਿੰਦਰ ਕਾਕੜਾ ਵੀ ਇਸ ਕਾਫ਼ਲੇ ਸੰਗ ਆ ਰਲ਼ੇ। ‘ਸਾਂਝੀ ਸੱਥ’ ਵਾਲਿਆਂ ਦੀ ਸੱਥ ਚਰਚਾ ਯਾਦਗਾਰੀ ਹੋ ਨਿੱਬੜੀ। ਨੌਜਵਾਨ ਸੁਖਵਿੰਦਰ ਸਿੰਘ ਬੜਵਾ ਤੇ ਸਾਥੀਆਂ ਦੁਆਰਾ ਜਥੇਬੰਦ ਕੀਤੀ ਗਈ ‘ਸਾਂਝੀ ਸੱਥ’ ਸਿੰਘੂ ਮੋਰਚੇ ’ਤੇ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ।
ਡਾ. ਦਰਸ਼ਨਪਾਲ ਹੁਰਾਂ ਨਾਲ ਮੁਲਾਕਾਤ ਤੇ ਵਿਚਾਰ-ਵਟਾਂਦਰਾ ਵਿਸ਼ੇਸ਼ ਤੌਰ ’ਤੇ ਅਰਥ ਭਰਪੂਰ ਰਿਹਾ। ਵਾਪਸੀ ਵੇਲ਼ੇ ਅਸੀਂ ਦੇਰ ਤੇ ਦੂਰ ਤਕ ਉਸ ਨਜ਼ਾਰੇ ਨੂੰ ਕਿਆਸਦੇ ਰਹੇ ਜੋ ਕਿਸਾਨਾਂ ਦੀ ਵਾਪਸੀ ਵੇਲ਼ੇ ਸਾਕਾਰ ਹੋਣ ਵਾਲਾ ਹੈ। ਇਕ ਹੋਰ ਇਤਿਹਾਸਕ ਦ੍ਰਿਸ਼ ਜਿਸ ਦੇ ਆਪਾਂ ਸਭ ਨੇ ਚਸ਼ਮਦੀਦ ਹੋਣਾ ਹੈ।
ਸੰਪਰਕ: 94173-04446