ਮਨਮੋਹਨ ਸਿੰਘ ਦਾਊਂ
ਡਾ. ਕੇਸਰ ਸਿੰਘ ਕੇਸਰ ਦਾ ਜਨਮ 19 ਨਵੰਬਰ 1940 ਨੂੰ ਪਿਤਾ ਸ. ਜੋਗਿੰਦਰ ਸਿੰਘ ਤੇ ਮਾਤਾ ਸ੍ਰੀਮਤੀ ਜਗੀਰ ਕੌਰ ਦੇ ਘਰ ਪਿੰਡ ਕਲੇਰਾਂ ਵਿਖੇ ਹੋਇਆ। ਗੱਲ 1962-63 ਦੀ ਹੈ। ਮੈਂ ਉਦੋਂ ਚੰਡੀਗੜ੍ਹ ਬੇਸਿਕ ਕਾਲਜ ’ਚ ਬੀ.ਐੱਡ. ਕਰ ਰਿਹਾ ਸੀ। ਮੈਨੂੰ ਮੇਰੇ ਪਿੰਡ ਦਾਊਂ ਮੇਰੇ ਸਾਹਿਤਕ ਮਿੱਤਰ ਗੁਰਨਾਮ ਬਾਵਾ, ਮਹਿੰਦਰ ਰਾਮਪੁਰੀ, ਰਾਮ ਸਰੂਪ ਜੋਸ਼ੀ ਤੇ ਗੱਜਣ ਮਿਲਣ ਆਏ। ਮੇਰੀਆਂ ਕਵਿਤਾਵਾਂ ਪੰਜਾਬੀ ਰਸਾਲਿਆਂ ’ਚ ਛਪਣ ਲੱਗੀਆਂ ਸਨ। ਮਿੱਤਰਾਂ ਨਾਲ ਕਵਿਤਾਵਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਉਨ੍ਹਾਂ ਨੇ ਮੈਨੂੰ ਆਪਣੇ ਮਿੱਤਰ ਕੇਸਰ ਸਿੰਘ ਕੇਸਰ ਨਾਲ ਮਿਲਾਉਣ ਦੀ ਯੋਜਨਾ ਬਣਾਈ। ਉਦੋਂ ‘ਕੇਸਰ’ ਦਾ ਗੀਤ ‘ਵਰ੍ਹ-ਵਰ੍ਹ ਵੇ ਮੇਘਲਿਆ, ਵੇ ਮੇਰੀ ਰੂਹ ਤ੍ਰਿਹਾਈ’ ਬਹੁਤ ਮਕਬੂਲ ਹੋ ਚੁੱਕਿਆ ਸੀ। ਬਹੁਤ ਸਮਾਗਮਾਂ ’ਤੇ ਇਸ ਦੀ ਮੰਗ ਰਹਿੰਦੀ ਸੀ। ਮੈਨੂੰ ਇਸ ਗੀਤ ਦੇ ਰਚੇਤੇ ਨੂੰ ਮਿਲਣ ਦੀ ਤਾਂਘ ਵੀ ਸੀ।
ਉਦੋਂ 1962-63 ’ਚ ਕੇਸਰ ਸਿੰਘ ਕੇਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐਮ.ਏ. ਪੰਜਾਬੀ ਭਾਗ ਪਹਿਲਾ ਦਾ ਵਿਦਿਆਰਥੀ ਸੀ। ਹੋਸਟਲ ਦਾ ਖਰਚਾ ਝੱਲਣਾ ਔਖਾ ਸੀ। ਇਸ ਲਈ ਉਸ ਨੂੰ ਸੈਕਟਰ 23 ’ਚ ਰਹਿਣਾ ਪਿਆ। ਮੇਰੀ ਮੁਲਾਕਾਤ ਉੱਥੇ ਹੀ ਹੋਈ। ਮੈਂ ਉਸ ਦੀ ਸਿਆਣਪ, ਮਿਲਣਸਾਰਤਾ ਤੇ ਕਾਵਿਕ-ਪ੍ਰਤਿਭਾ ਤੋਂ ਪ੍ਰਭਾਵਿਤ ਹੋਇਆ। ਮੇਰੇ ਸਾਹਿਤਕ ਮਿੱਤਰਾਂ ਨੇ ਮੇਰੀ ਜਾਣ-ਪਛਾਣ ਕਰਵਾ ਕੇ ਸਾਡੀ ਦੋਸਤੀ ਗੰਢ ਦਿੱਤੀ। ਮੈਨੂੰ ਹੁਣ ਵੀ ਯਾਦ ਹੈ ਕਿ ਕੇਸਰ ਨੇ ਮੈਨੂੰ ਸਾਹਿਰ ਲੁਧਿਆਣਵੀ ਦੀ ਹਿੰਦੀ ’ਚ ਅਨੁਵਾਦਤ ਕਾਵਿ-ਪੁਸਤਕ ‘ਪ੍ਰਛਾਈਆਂ’ ਉਚੇਰੇ ਤੌਰ ’ਤੇ ਪੜ੍ਹਨ ਨੂੰ ਦਿੱਤੀ। ਸਾਡੀ ਦੋਸਤੀ ਪੁਸਤਕਾਂ ਸਦਕਾ ਵਧਦੀ ਗਈ। ਮੈਨੂੰ ਕਵਿਤਾ ਪੜ੍ਹਨ ਦਾ ਬੇਹੱਦ ਸ਼ੌਕ ਸੀ ਤੇ ਕੇਸਰ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਦਾ ਅਨੂਠਾ ਜਨੂੰਨ।
ਕੁਝ ਸਮਾਂ ਕੇਸਰ ਆਪਣੇ ਬੇਲੀਆਂ ਨਾਲ ਪੰਦਰਾਂ ਸੈਕਟਰ ਵੀ ਰਹਿੰਦਾ ਰਿਹਾ ਅਤੇ ਮੈਂ ਕਦੇ-ਕਦਾਈਂ ਫੇਰੀ ਪਾ ਜਾਂਦਾ। ਐਮ.ਏ. ਕਰਨ ਪਿੱਛੋਂ ਬਤੌਰ ਰਿਸਰਚ ਸਕਾਲਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ’ਚ ਉਸ ਦੀ ਆਪਣੇ ਪ੍ਰੋਫੈਸਰਾਂ ਨਾਲ ਚੰਗੀ ਠੁੱਕ ਬਣ ਗਈ। ਡਾ. ਸੁਰਿੰਦਰ ਸਿੰਘ ਕੋਹਲੀ, ਪ੍ਰੋ. ਰਾਮ ਸਿੰਘ ਤੇ ਡਾ. ਅਤਰ ਸਿੰਘ ਆਦਿ ਉਸ ਦੇ ਹਿੱਤ-ਅਭਿਲਾਸ਼ੀ ਬਣ ਗਏ। ਪ੍ਰੋ. ਰਾਮ ਸਿੰਘ ਹੁਰਾਂ ਤਾਂ ਗੁਰਬਾਣੀ ਆਧਾਰਿਤ ਆਪਣੀ ਇਕ ਪੁਸਤਕ ਦੀ ਭੂਮਿਕਾ ਵੀ ਆਪਣੇ ਇਸ ਸ਼ਿਸ਼ ਤੋਂ ਲਿਖਵਾਈ ਜਿਸ ਸਦਕਾ ਕੇਸਰ ਦੀ ਬੌਧਿਕਤਾ ਦਾ ਚਰਚਾ ਖ਼ੂਬ ਹੋਇਆ। ਮੇਰੇ ਲਈ ਇਹ ਅਚੰਭੇ ਵਾਲੀ ਗੱਲ ਸੀ। ਮੈਨੂੰ ਕੇਸਰ ਹੋਰ ਵੀ ਪਿਆਰਾ ਲੱਗਣ ਲੱਗ ਪਿਆ।
ਮੇਰੀ ਕਾਵਿ ਪੁਸਤਕ ‘ਖ਼ਾਮੋਸ਼ ਚਸ਼ਮਾ’ (1971) ਛਪਣ ਦੀ ਪ੍ਰਮਾਣਿਕਤਾ ਕੇਸਰ ਨੇ ਦਿੱਤੀ। ਉਹ ਸਤਰਾਂ ਮੈਂ ਅੱਜ ਵੀ ਸਾਂਭੀਆਂ ਹੋਈਆਂ ਹਨ।
1966-67 ’ਚ ਮੈਂ ਪ੍ਰਾਈਵੇਟ ਤੌਰ ’ਤੇ ਐਮ.ਏ. ਪੰਜਾਬੀ ਭਾਗ ਪਹਿਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤਾ। ਉਦੋਂ ਮੈਂ ਸਰਕਾਰੀ ਮਿਡਲ ਸਕੂਲ ਤਿਊੜ (ਰੋਪੜ) ਪੜ੍ਹਾਉਂਦਾ ਸਾਂ। ਪਤਾ ਨਹੀਂ ਕਿਵੇਂ ਕੇਸਰ ਹੁਰੀਂ ਡਾ. ਸੁਰਿੰਦਰ ਸਿੰਘ ਕੋਹਲੀ ਤੇ ਦੋ ਹੋਰ ਸੱਜਣਾਂ ਨੂੰ ਲੈ ਕੇ ਮੇਰੇ ਪਿੰਡ ਆ ਬਹੁੜੇ। ਡਾ. ਕੋਹਲੀ ਪੰਜਾਬੀ ਵਿਭਾਗ ਦੇ ਮੁਖੀ ਸਨ ਤੇ ਉਹ ਮੈਨੂੰ ਭਾਗ ਦੂਜਾ (ਐਮ.ਏ. ਪੰਜਾਬੀ) ਵਿਚ ਦਾਖ਼ਲ ਕਰਾਉਣ ਲਈ ਬਜ਼ਿਦ ਸਨ। ਆਰਥਿਕ ਤੰਗੀ ਕਾਰਨ ਮੇਰਾ ਯੂਨੀਵਰਸਿਟੀ ’ਚ ਇਕ ਸਾਲ ਦੀ ਛੁੱਟੀ ਬਿਨਾਂ ਤਨਖ਼ਾਹ ਲੈ ਕੇ ਦਾਖ਼ਲ ਹੋਣਾ ਅਤਿ ਮੁਸ਼ਕਲ ਸੀ। ਕੇਸਰ ਸਿੰਘ ਕੇਸਰ ਵੱਲੋਂ ਦੋਸਤੀ ਦੇ ਨਾਤੇ ਮੇਰੇ ਚੰਗੇਰੇ ਭਵਿੱਖ ਲਈ ਇੰਜ ਸੋਚਣਾ ਮੇਰੇ ਲਈ ਹੈਰਾਨ ਕਰਨ ਵਾਲੀ ਘਟਨਾ ਸੀ। ਮੈਂ ਦਾਖ਼ਲਾ ਤਾਂ ਨਾ ਲੈ ਸਕਿਆ, ਪਰ ਡਾ. ਕੋਹਲੀ ਹੁਰਾਂ ਤੋਂ ਮੇਰੀ ਵੱਧ ਤੋਂ ਵੱਧ ਮਦਦ ਕਰਾਉਣ ਦਾ ਪਰਉਪਕਾਰ ਵੀ ਕਦੇ ਨਾ ਭੁੱਲ ਸਕਿਆ।
ਜਦੋਂ ਕੇਸਰ ਸਿੰਘ ਕੇਸਰ, ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਪੰਜਾਬੀ ਦੇ ਲੈਕਚਰਰ ਲੱਗੇ ਤਾਂ ਉੱਥੇ ਸਾਹਿਤਕ ਮੀਟਿੰਗ ਦਾ ਚੰਗਾ ਦੌਰ ਚਲਿਆ। ਉਨ੍ਹਾਂ ਦੇ ਗੂੜ੍ਹੇ ਵਿਦਵਾਨ ਮਿੱਤਰ ਪ੍ਰੋ. ਦੀਦਾਰ ਸਿੰਘ ਵੀ ਉੱਥੇ ਆਉਂਦੇ। ਪ੍ਰੋ. ਸੁਜਾਨ ਸਿੰਘ ਨਾ ਵੀ ਮੇਲ ਮਿਲਾਪ ਹੁੰਦਾ। ਸ਼ਾਇਦ ਸ਼ਿਵਨਾਥ ਨੂੰ ਸਾਹਿਤ ਵੱਲ ਪ੍ਰੇਰਤ ਕਰਨ ਵਿਚ ਕੇਸਰ ਨੇ ਹੀ ਭੂਮਿਕਾ ਨਿਭਾਈ। ਉਦੋਂ ਸ਼ਿਵਨਾਥ ਬਸੀ ਪਠਾਣਾਂ ’ਚ ਇਕ ਦੁਕਾਨ ’ਤੇ ਕੱਪੜੇ ਸਿਊਣ ਦਾ ਕਿੱਤਾ ਕਰਦਾ ਹੁੰਦਾ ਸੀ। ਮੈਂ ਵੀ ਉੱਥੇ ਇਕ ਵੇਰਾਂ ਆਪਣੇ ਪਿੰਡ ਤੋਂ ਸਾਈਕਲ ’ਤੇ ਫ਼ਤਹਿਗੜ੍ਹ ਸਾਹਿਬ ਕੇਸਰ ਦੇ ਬੁਲਾਉਣ ’ਤੇ ਪੁੱਜਿਆ। ਮੈਂ ਵਾਪਸ ਆਉਣਾ ਸੀ। ‘‘ਚੱਲ, ਮੇਰੇ ਪਿੰਡ ਚੱਲ,’’ ਕੇਸਰ ਨੇ ਹੁੱਬ ਕੇ ਕਿਹਾ। ਅਸੀਂ ਪਿੰਡ ਕਲੇਰਾਂ ਪਹੁੰਚ ਗਏ। ਦੁਪਹਿਰ ਦਾ ਵੇਲਾ ਸੀ। ਕੇਸਰ ਨੇ ਮੇਰੀ ਜਾਣ-ਪਛਾਣ ਆਪਣੇ ਬੇਬੇ ਬਾਪੂ ਨਾਲ ਕਰਵਾਈ। ਅਸੀਂ ਇਕੱਠਿਆਂ ਖਾਣਾ ਖਾਧਾ। ਮੈਂ ਵਿਦਾ ਹੋਇਆ, ਪਰ ਉਹ ਦੁਪਹਿਰ ਸਦਾ ਲਈ ਮੇਰੇ ਦਿਲ ਵਿਚ ਕੇਸਰ ਦੀ ਮੁਹੱਬਤ ਦਾ ਰੰਗ ਗੂੜ੍ਹਾ ਕਰ ਗਈ। ਮੈਨੂੰ ਉਸ ਦਾ ਗੀਤ ਯਾਦ ਆਉਣ ਲੱਗ ਪੈਂਦਾ ਹੈ:
‘‘ਅੰਗ ਅਸਾਡੇ ਅੰਗ ਛੁਹਾ ਕੇ, ਤੁਰਿਓਂ ਰੂਹ ਨਸ਼ਿਆ ਕੇ।
ਲੂੰ-ਲੂੰ ਸਾਡੇ ਕੇਸਰ ਘੁਲਿਆ, ਰੱਖੀਏ ਕਿੰਜ ਛੁਪਾ ਕੇ।’’
ਆਪਣੇ ਬਾਪੂ ਜੀ, ਗੁਰੂ-ਮਿੱਤਰ ਪ੍ਰੋ. ਦੀਦਾਰ ਸਿੰਘ, ਫਰਿਸ਼ਤਿਆਂ ਵਰਗੀ ਬੇਬੇ ਤੇ ਗੁਰੂ-ਪੂਜ ਡਾ. ਸੁਰਿੰਦਰ ਸਿੰਘ ਕੋਹਲੀ ਹੁਰਾਂ ਦਾ ਵਿਛੋੜਾ ਕੇਸਰ ਦੀ ਧੁਰ ਆਤਮਾ ਨੂੰ ਝੰਜੋੜਨ ਵਾਲਾ ਸੀ, ਪਰ ਕੇਸਰ ਸਬਰ ਦਾ ਸਮੁੰਦਰ ਸੀ। ਬੜਾ ਕੁਝ ਝੱਲ ਕੇ ਉਹ ਸਹਿਜ ਅਵਸਥਾ ’ਚ ਰਹਿਣਾ ਜਾਣਦਾ ਸੀ। ਸਮੇਂ ਨਾਲ ਸਾਡੀ ਦੋਸਤੀ ਪਰਿਵਾਰਕ ਸਾਂਝ ’ਚ ਬਦਲ ਗਈ। ਭਾਵੇਂ ਸਾਡੀ ਮੁਲਾਕਾਤ ਕਈ ਵਾਰ ਬਹੁਤ ਅਰਸੇ ਬਾਅਦ ਹੁੰਦੀ, ਪਰ ਕੇਸਰ ਮੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸੁੱਖ-ਸਾਂਦ ਪੁੱਛਦਾ। ਮੇਰੇ ਪਿਤਾ ਜੀ ਪ੍ਰਤੀ ਉਸ ਦਾ ਬਹੁਤ ਸਤਿਕਾਰ ਸੀ। ਉਹ ਅਕਸਰ ਵੱਡਿਆਂ ਵਿਚ ਵਿਦਵਾਨ ਅਤੇ ਆਪਣੇ ਤੋਂ ਛੋਟਿਆਂ ਵਿਚ ਪਿਆਰਵਾਨ ਸੀ। ਮੌਕੇ ਅਨੁਸਾਰ ਗੱਲ ਕਰਨੀ ਉਸ ਦੀ ਸ਼ਖ਼ਸੀਅਤ ਦਾ ਮੀਰੀ ਗੁਣ ਸੀ। ਉਸ ਦੀ ਸਰਲਤਾ ਵਿਚ ਡੂੰਘਾਈ, ਸਪਸ਼ਟਤਾ ਵਿਚ ਵਿਦਵਤਾ ਤੇ ਸੰਜਮ ਵਿਚ ਹੁਨਰ ਦੀ ਕਮਾਈ ਸੀ। ਉਹ ਸਾਹਿਤ ਅਤੇ ਜ਼ਿੰਦਗੀ ਨੂੰ ਸਮਾਨ ਅਸਥਾਨ ਦੇਣ ਵਾਲਾ ਬੋਧੀ-ਮਨੁੱਖ ਸੀ। ਉਸ ਦੇ ਦਿਲ ਵਿਚ ਕਵਿਤਾ ਦਾ ਆਬਸ਼ਾਰ ਸੀ ਤੇ ਚਿੰਤਨ ਵਿਚ ਗਿਆਨ ਦੀ ਗੰਗਾ। ਮੈਂ ਉਸ ਦੇ ਖ਼ਤ ਕਈ ਵਾਰ ਪੜ੍ਹੇ। ਕਿੰਨੀਆਂ ਹੀ ਮਿਲਣੀਆਂ ’ਚ ਹੋਈ ਗੁਫ਼ਤਗੂ ਚੇਤੇ ਆਉਂਦੀ ਰਹਿੰਦੀ ਹੈ।
ਮੈਨੂੰ ਜਦੋਂ ਉਸ ਦੇ ਗੁਰਦਿਆਂ ਦੀ ਬਿਮਾਰੀ ਬਾਰੇ ਪਤਾ ਲੱਗਿਆ ਤਾਂ ਬੜੀ ਚਿੰਤਾ ਹੋਈ, ਪਰ ਕੇਸਰ ਦੀਆਂ ਗੱਲਾਂ ਵਿਚ ਦੇਸੀ ਹਾਸੀ ਸਭ ਕੁਝ ਭੁਲਾ ਦਿੰਦੀ। ਉਸ ਨੇ ਤੇ ਡਾ. ਜਸਬੀਰ ਕੇਸਰ ਨੇ ਅਖੀਰਲੇ ਵਰ੍ਹਿਆਂ ਵਿਚ ਬਿਮਾਰੀ ਨਾਲ ਜਿਹੜੀ ਲੜਾਈ ਲੜੀ, ਉਹ ਇਕ ਜਵਾਲਾਮੁਖੀ ਵਿਚੋਂ ਗੁਜ਼ਰਨ ਵਾਲੀ ਗੱਲ ਸੀ। ਕੇਸਰ ਦਾ ਮਜ਼ਾਹੀਆ ਸੁਭਾਅ ਮਿੱਠੇ ਸ਼ਹਿਦ ਵਰਗਾ ਸੀ।
ਫੋਨ ਦੀ ਘੰਟੀ ਵੱਜੀ। ‘‘ਨਵੀਂ ਕਿਡਨੀ ਬੋਲਦੀ ਹੈ। ਹੁਣ ਠੀਕ ਹਾਂ ਮੈਂ। ਦੋਵੇਂ ਜਣੇ ਆਇਓ ਕਿਸੇ ਦਿਨ।’’ ਡਾ. ਕੇਸਰ ਸਿੰਘ ਕੇਸਰ ਦੀ ਆਵਾਜ਼ ਸੁਣ ਕੇ ਮੈਂ ਝੂਮ ਉਠਿਆ। ਮਿਲਣ ਗਏ, ਗੱਲਾਂ ਹੋਈਆਂ। ਕਈ ਯੋਜਨਾਵਾਂ ਨੂੰ ਪੂਰੀਆਂ ਕਰਨ ਲਈ ਉਸ ਦੇ ਸੁਪਨੇ ਉਸ ਦੀਆਂ ਅੱਖਾਂ ’ਚੋਂ ਪੜ੍ਹੇ ਜਾ ਸਕਦੇ ਸਨ। ਉਸ ਕੋਲ ਗੱਲਾਂ ਦਾ ਸਾਗਰ ਸੀ ਤੇ ਮੇਰੇ ਕੋਲ ਜਜ਼ਬਿਆਂ ਦੀ ਗਾਗਰ। ਉਸ ਦੀ ਚੰਗਿਆਈ ਅਤੋਲਵੀਂ ਸੀ। ਉਸ ਦੀ ਸਾਧਨਾ ਪਹਾੜ ਪਿੱਛੇ ਲੁਕੇ ਸੂਰਜ ਦੀ ਅਣਹੋਣੀ ਵਰਗੀ ਸੀ। ਬਹੁਤ ਪਹਿਲਾਂ ਉਸ ਨੇ ਲਿਖਿਆ। ਸੀ:
‘‘ਇਹ ਕੇਸਰ’ ਨਹੀਂ, ਸੰਝ ਨੂੰ ਕਹਿ ਦਿਓ,
ਦੁਮੇਲਾਂ ’ਤੇੇ ਸੂਰਜ ਕਤਲ ਹੋ ਗਿਆ।’’
ਡਾ. ਕੇਸਰ ਆਪਣੇ ਵਿਦਿਆਰਥੀਆਂ ਦਾ ਸ਼ੁਭ-ਚਿੰਤਕ ਅਤੇ ਮਿੱਤਰਾਂ ਦੀ ਹਿਤੈਸ਼ੀ ਸੀ। ਉਸ ਦੀ ਪ੍ਰਗਤੀਸ਼ੀਲ ਦ੍ਰਿਸ਼ਟੀ ਤੇ ਮਾਰਕਸਵਾਦੀ ਪ੍ਰਬੁੱਧਤਾ ਸਰੋਤਿਆਂ ਨੂੰ ਕੀਨ ਲੈਂਦੀ। ਉਹ ਪ੍ਰਬੀਨ ਵਕਤਾ ਸੀ ਤੇ ਤਰਕ ਨਾਲ ਆਪਣੀ ਗੱਲ ਕਹਿਣੀ ਜਾਣਦਾ ਸੀ। ਉਸ ਕੋਲ ਮੌਲਿਕ ਕੱਥ ਦਾ ਚਿੰਤਨ ਸੀ।
ਕੁਝ ਮਹੀਨਿਆਂ ਪਿੱਛੋਂ ਪੁਆਧੀ ਪੰਜਾਬੀ ਸੱਥ, ਮੁਹਾਲੀ ਨੇ ਡਾ. ਕੇਸਰ ਨੂੰ ‘ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ 2004’ ਦੇਣ ਦਾ ਫ਼ੈਸਲਾ ਸਰਬ-ਸੰਮਤੀ ਨਾਲ ਲਿਆ। ਸੱਥ ਦਾ ਪ੍ਰਧਾਨ ਹੋਣ ਨਾਤੇ, ਮੈਂ ਉਨ੍ਹਾਂ ਨੂੰ ਲਿਖਤੀ ਬੇਨਤੀ ਕਰਨ ਗਿਆ। ਖ਼ੂਬ ਹੱਸੇ। ‘‘ਤੁਹਾਡਾ ਫ਼ੈਸਲਾ ਪ੍ਰਵਾਨ ਹੈ।’’ 14 ਨਵੰਬਰ 2004 ਨੂੰ ਸਨਮਾਨਿਤ ਕਰਨ ਦਾ ਦਿਨ ਸੀ। ਡਾ. ਕੇਸਰ ਪੀ.ਜੀ.ਆਈ. ਚੰਡੀਗੜ੍ਹ ਬੇਹੋਸ਼ੀ ਦੀ ਹਾਲਤ ਵਿਚ ਸੀ। ਮਨ ਗਮਗੀਨ ਸੀ। ਉਸ ਦੀ ਗ਼ੈਰਹਾਜ਼ਰੀ ਸਾਨੂੰ ਵਿਆਕੁਲ ਕਰ ਰਹੀ ਸੀ। ਦੁੱਖ ਹੈ ਕਿ ਉਹ ਸਨਮਾਨ-ਪੱਤਰ ਨੂੰ ਨਜ਼ਰ ਭਰ ਤੱਕ ਵੀ ਨਾ ਸਕੇ। ਸੇਜਲ ਅੱਖਾਂ ਤੇ ਭਰੇ ਮਨ ਨਾਲ ਆਪਣੇ ਰਾਂਗਲੇ ਸੱਜਣ ਮਿੱਤਰ ਦਾ ਵਿਛੋੜਾ ਮੇਰੇ ਲਈ ਅਸਹਿ ਸੀ।
ਸੰਪਰਕ: 98151-23900