ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਡਾ. ਅਰੁਣ ਮਿੱਤਰਾ

ਡਾ. ਅਰੁਣ ਮਿੱਤਰਾ

ਹੀਰੋਸ਼ੀਮਾ ਤੇ ਨਾਗਾਸਾਕੀ ਦੇ ਪੀੜਤਾਂ ਨੂੰ ਸਮਰਪਿਤ

ਹੀਰੋਸ਼ੀਮਾ ਵਿਚ ਸ਼ਾਂਤੀ ਸਮਾਰਕ ਦਾ ਦੌਰਾ ਕਰਨ ਵੇਲੇ ਬੜੀ ਹੈਰਾਨੀ ਹੁੰਦੀ ਹੈ ਕਿ ਕਿਵੇਂ ਹਥਿਆਰਾਂ ਦੀ ਵਿਨਾਸ਼ਕਾਰੀ ਸ਼ਕਤੀ ਦੇ ਗਿਆਨ ਦੇ ਬਾਵਜੂਦ ਮਨੁੱਖ ਆਪਣੀ ਹੀ ਪ੍ਰਜਾਤੀ ਦੀ ਆਬਾਦੀ ਉੱਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ! ਯਾਦਗਾਰ ਵਿਚ ਘੁੰਮਦੇ ਹੋਏ ਤਬਾਹੀ ਦੀਆਂ ਤਸਵੀਰਾਂ ਨੂੰ ਦੇਖਣਾ ਅਤੇ ਪਰਮਾਣੂ ਬੰਬਾਰੀ ਦੇ ਨਤੀਜੇ ਵਜੋਂ ਹੋਏ ਨੁਕਸਾਨ ਦੇ ਬਿਰਤਾਂਤ ਨੂੰ ਪੜ੍ਹਨਾ ਬੇਹੱਦ ਭਿਆਨਕ ਤਜਰਬਾ ਹੈ। ਅਜੋਕੇ ਪਰਮਾਣੂ ਹਥਿਆਰਾਂ ਦੇ ਮਾਪਦੰਡਾਂ ਅਨੁਸਾਰ, ਛੋਟੇ ਪਰਮਾਣੂ ਬੰਬਾਂ ਦੀ ਵਰਤੋਂ ਕਾਰਨ ਹੀਰੋਸ਼ੀਮਾ ਵਿਚ ਤਕਰੀਬਨ 1,40,000 ਅਤੇ ਨਾਗਾਸਾਕੀ ਵਿਚ ਤਕਰੀਬਨ 70,000 ਲੋਕ ਮਾਰੇ ਗਏ। ਇਨ੍ਹਾਂ ਵਿਚੋਂ ਤਕਰੀਬਨ ਅੱਧੀਆਂ ਮੌਤਾਂ ਪਹਿਲੇ ਹੀ ਦਿਨ ਹੋ ਗਈਆਂ। 300 ਵਿਚੋਂ 272 ਡਾਕਟਰਾਂ ਦੀ ਮੌਤ ਹੋਈ; 1780 ਚੋਂ 1684 ਨਰਸਾਂ ਦੀ ਮੌਤ ਹੋ ਗਈ ਅਤੇ 45 ਵਿਚੋਂ 42 ਹਸਪਤਾਲ ਨਸ਼ਟ ਹੋ ਗਏ। ਬੰਬ ਦੇ ਡਿਗਣ ਤੋਂ ਬਾਅਦ ਡਾਕਟਰੀ ਦੇਖਭਾਲ ਦੀ ਪੂਰੀ ਘਾਟ ਹੋ ਗਈ। ਪਰਮਾਣੂ ਰੇਡੀਏਸ਼ਨਾਂ ਦੀ ਉੱਚੀ ਮਾਤਰਾ ਨੇ ਅਫਰਾ-ਤਫਰਾ ਵਧਾ ਦਿੱਤੀ। ਪਰਮਾਣੂ ਬੰਬ ਧਮਾਕੇ ਤੋਂ ਬਚੇ ਲੋਕ (ਜਿਨ੍ਹਾਂ ਨੂੰ ਹਿਬਾਕੁਸਾ ਕਿਹਾ ਜਾਂਦਾ ਹੈ) ਦੀਆਂ ਗਵਾਹੀਆਂ ਸੁਣਦਿਆਂ ਸ਼ਾਇਦ ਹੀ ਕੋਈ ਸ਼ਖ਼ਸ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਰੱਖ ਸਕੇ। ਇਹ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਪਰਮਾਣੂ ਵਿਸਫੋਟ ਨਾਲ ਪੈਦਾ ਹੋਈ ਤੀਬਰ ਗਰਮੀ ਦੇ ਨਤੀਜੇ ਵਜੋਂ ਕੁਝ ਸਕਿੰਟਾਂ ਵਿਚ ਨੇੜੇ-ਤੇੜੇ ਆਪਣੇ ਸਕੇ-ਸੰਬੰਧੀਆਂ ਨੂੰ ਪਿਘਲਦੇ ਦੇਖਣਾ ਕਿੰਝ ਹੋਵੇਗਾ। ਅੱਜ ਹੀਰੋਸ਼ੀਮਾ ਕਿਸੇ ਹੋਰ ਆਧੁਨਿਕ ਸ਼ਹਿਰ ਵਾਂਗ ਹੀ ਹੈ ਪਰ ਜਿਹੜੀ ਇਮਾਰਤ ਪਰਮਾਣੂ ਧਮਾਕੇ ਦਾ ਕੇਂਦਰ ਸੀ, ਉਸ ਨੂੰ ਉਸੇ ਰੂਪ ਵਿਚ ਸੁਰੱਖਿਅਤ ਰੱਖਿਆ ਗਿਆ ਹੈ ਜਿਵੇਂ ਉਹ 6 ਅਗਸਤ 1945 ਨੂੰ ਹੋਏ ਧਮਾਕੇ ਤੋਂ ਬਾਅਦ ਸੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤਬਾਹੀ ਨੂੰ ਯਾਦ ਕਰ ਸਕਣ ਅਤੇ ਇਹ ਸਮਝ ਸਕਣ ਕਿ ਆਪਣੇ ਮੁਫ਼ਾਦ ਲਈ ਕੁਝ ਮਨੁੱਖ ਕੀ ਕੁਝ ਕਰ ਸਕਦੇ ਹਨ!

ਜਰਮਨੀ ਦੇ ਸਮਰਪਣ ਨਾਲ ਦੂਸਰਾ ਵਿਸ਼ਵ ਯੁੱਧ 9 ਮਈ 1945 ਨੂੰ ਤਕਰੀਬਨ ਖਤਮ ਹੋ ਗਿਆ ਸੀ। ਕੁਝ ਹਫਤਿਆਂ ਦੇ ਅੰਦਰ ਜਾਪਾਨ ਵੀ ਆਤਮ ਸਮਰਪਣ ਕਰਣ ਵਾਲਾ ਸੀ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਜੁਲਾਈ 1945 ਵਿਚ ਤਿੰਨ ਦੇਸ਼ਾਂ ਦੇ ਮੁਖੀ ਜੋਸਫ ਸਟਾਲਿਨ, ਹੈਰੀ ਟਰੂਮੈਨ ਅਤੇ ਵਿੰਸਟਨ ਚਰਚਿਲ (ਕਲੇਮੈਂਟ ਐਟਲੀ ਦੁਆਰਾ ਤਬਦੀਲ ਕੀਤੇ ਗਏ) ਵਿਚਕਾਰ ਪੋਟਸਡਮ ਸਮਝੌਤੇ ਤੋਂ ਬਾਅਦ ਲੰਮੀ ਸਦੀਵੀ ਸ਼ਾਂਤੀ ਕਾਇਮ ਹੋਵੇਗੀ ਪਰ ਇਸ ਕਾਨਫਰੰਸ ਦੇ ਕੁਝ ਦਿਨਾਂ ਬਾਅਦ ਹੀ ਹੀਰੋਸ਼ੀਮਾ ਉੱਪਰ ਪਰਮਾਣੂ ਹਥਿਆਰਾਂ ਨਾਲ ਬੰਬਾਰੀ ਕੀਤੀ ਗਈ ਅਤੇ ਉਸ ਤੋਂ ਤਿੰਨ ਦਿਨ ਬਾਅਦ, 9 ਅਗਸਤ ਨੂੰ ਨਾਗਾਸਾਕੀ ਉੱਤੇ ਪਰਮਾਣੂ ਬੰਬ ਸੁੱਟੇ ਗਏ। ਦੋਹਾਂ ਸ਼ਹਿਰਾਂ ਵਿਚ ਲੱਖਾਂ ਲੋਕ ਹਾਹਾਕਾਰ ਮਚਾ ਰਹੇ ਸਨ; ਉੱਧਰ, ਅਮਰੀਕੀ ਪ੍ਰਸ਼ਾਸਨ ਇਸ ਵਹਿਸ਼ੀ ਕਾਰੇ ਤੇ ਖੁਸ਼ੀ ਮਨਾ ਰਿਹਾ ਸੀ। ਅਮਰੀਕਾ ਦੁਆਰਾ ਮਨੁੱਖੀ ਆਬਾਦੀ ਉੱਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਕੇਵਲ ਸ਼ਕਤੀ ਪ੍ਰਦਰਸ਼ਨ ਸੀ।

ਬਦਕਿਸਮਤੀ ਨਾਲ ਇਸ ਕਾਰੇ ਤੋਂ ਬਾਅਦ ਪਰਮਾਣੂ ਹਥਿਆਰਾਂ ਦੀ ਦੌੜ ਰੁਕਣ ਦੀ ਬਜਾਏ ਹੋਰ ਵਧ ਗਈ। ਹੀਰੋਸ਼ੀਮਾ-ਨਾਗਾਸਾਕੀ ’ਚ ਤਬਾਹੀ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਸੰਵੇਦਨਸ਼ੀਲਤਾ ਵਧੇਗੀ ਅਤੇ ਇਨ੍ਹਾਂ ਹਥਿਆਰਾਂ ਉੱਤੇ ਤੁਰੰਤ ਪਾਬੰਦੀ ਲਗਾਈ ਜਾਏਗੀ ਪਰ ਅਜਿਹਾ ਨਹੀਂ ਹੋਇਆ। ਇਹ ਮੰਨਿਆ ਜਾਂਦਾ ਹੈ ਕਿ ਅੱਜ ਧਰਤੀ ਉੱਤੇ ਤਕਰੀਬਨ 17000 ਪਰਮਾਣੂ ਹਥਿਆਰ ਹਨ। ਹਥਿਆਰਾਂ ਦੀ ਸਿਰਫ ਗਿਣਤੀ ਹੀ ਨਹੀਂ ਵਧੀ, ਬਲਕਿ ਇਨ੍ਹਾਂ ਹਥਿਆਰਾਂ ਨੂੰ ਬਣਾਉਣ ਵਾਲੇ ਦੇਸ਼ਾਂ ਦੀ ਗਿਣਤੀ ਵੀ ਇਕ ਤੋਂ 9 ਹੋ ਗਈ ਹੈ। ਇਨ੍ਹਾਂ ਵਿਚ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ, ਚੀਨ, ਉੱਤਰੀ ਕੋਰੀਆ, ਭਾਰਤ, ਪਾਕਿਸਤਾਨ ਅਤੇ ਇਸਰਾਈਲ ਸ਼ਾਮਲ ਹਨ। ਇੱਕ ਸਮੇਂ ਦੱਖਣੀ ਅਫਰੀਕਾ ਕੋਲ ਵੀ ਪਰਮਾਣੂ ਹਥਿਆਰ ਵੀ ਸਨ ਪਰ ਉਨ੍ਹਾਂ ਨੇ ਇਨ੍ਹਾਂ ਹਥਿਆਰਾਂ ਉੱਤੇ ਇਕਤਰਫਾ ਰੋਕ ਲਾ ਦਿੱਤੀ ਹੈ।

ਪਰਮਾਣੂ ਹਥਿਆਰ ਨਾ ਸਿਰਫ ਮਨੁੱਖ ਜਾਤੀ ਬਲਕਿ ਧਰਤੀ ਉੱਤੇ ਮੌਜੂਦ ਸਾਰੀ ਬਨਸਪਤੀ ਅਤੇ ਜੀਵ-ਜੰਤੂਆਂ ਲਈ ਦੀ ਪੂਰਨ ਤਬਾਹੀ ਦਾ ਅਸਲ ਖਤਰਾ ਹਨ। ਜਦੋਂ ਤੱਕ ਇਹ ਹਥਿਆਰ ਧਰਤੀ ਉੱਤੇ ਰਹਿਣਗੇ, ਇਨ੍ਹਾਂ ਦੀ ਵਰਤੋਂ ਦਾ ਖਤਰਾ ਬਣਿਆ ਰਹੇਗਾ। ਇਹ ਚੇਤੇ ਰੱਖਣਾ ਜ਼ਰੂਰੀ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਇਕ-ਦੂਜੇ ਨੂੰ 13 ਵਾਰ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਧਮਕੀ ਦਿੱਤੀ ਹੈ। ਇਸ ਕਿਸਮ ਦੀ ਬਿਆਨਬਾਜ਼ੀ ਖ਼ਤਮ ਨਹੀਂ ਹੋਈ। ਅੱਜ ਵਿਸ਼ਵ ਬਹੁਤ ਅਸੁਰੱਖਿਅਤ ਹੋ ਗਿਆ ਹੈ। ਦੁਨੀਆਂ ਵਿਚ ਅਨੇਕਾਂ ਲੋਕ ਅਤੇ ਗਰੁੱਪ ਐਸੇ ਹਨ ਜੋ ਸਰਕਾਰਾਂ ਦੀ ਸਹਿਮਤੀ ਤੋਂ ਬਿਨਾ ਇਹ ਹਥਿਆਰ ਵਰਤ ਸਕਦੇ ਹਨ।

ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੀ ਡਾਕਟਰਾਂ ਦੀ ਸੰਸਥਾ ‘ਇੰਟਰਨੈਸ਼ਨਲ ਫਿਜੀਸ਼ੀਅਨਜ਼ ਫਾਰ ਦਿ ਪ੍ਰੀਵੈਂਸ਼ਨ ਆਫ ਨਿਊਕਲੀਅਰ ਵਾਰ’ (ਆਈਪੀਪੀਐਨਡਬਲਿਊ) ਦੇ ਸਹਿ-ਪ੍ਰਧਾਨ ਆਈਰਾ ਹੈਲਫ਼ਾਂਡ ਨੇ ਦੱਸਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੀਮਤ ਪਰਮਾਣੂ ਯੁੱਧ 2 ਅਰਬ ਲੋਕਾਂ ਦੇ ਜੀਵਨ ਨੂੰ ਜੋਖ਼ਮ ਵਿਚ ਪਾ ਸਕਦਾ ਹੈ। ਇਸ ਨਾਲ ਦੱਖਣੀ ਏਸ਼ੀਆ ਦੇ ਬਹੁਤ ਸਾਰੇ ਇਲਾਕਿਆਂ ਵਿਚ ਰੇਡੀਓ ਐਕਟਿਵ ਪਰਮਾਣੂ ਕਿਰਨਾਂ ਨਿਕਲਣ ਕਾਰਨ 2 ਕਰੋੜ ਲੋਕ ਮਾਰੇ ਜਾਣਗੇ। ਆਲਮੀ ਨਤੀਜੇ ਹੋਰ ਵੀ ਚਿੰਤਾਜਨਕ ਹਨ। ਵਾਤਾਵਰਨ ਦੇ ਮਾਹਰਾਂ ਦੁਆਰਾ ਕੀਤੇ ਗਏ ਅਧਿਐਨ ਸਪੱਸ਼ਟ ਤੌਰ ਤੇ ਦਰਸਾਉਂਦੇ ਹਨ ਕਿ ਇਹ ਸੀਮਤ ਪਰਮਾਣੂ ਟਕਰਾਅ, ਸਾਰੇ ਵਿਸ਼ਵ ਦੇ ਮੌਸਮ ਉੱਤੇ ਵੀ ਅਸਰ ਪਾਵੇਗਾ। ਇਸ ਦਾ ਗਰੀਬ ਦੇਸ਼ਾਂ ਉੱਤੇ ਵਧੇਰੇ ਅਸਰ ਹੋਵੇਗਾ ਅਤੇ ਇਨ੍ਹਾਂ ਦੇਸ਼ਾਂ ਦੇ ਗਰੀਬ ਲੋਕ ਇਸ ਨਾਲ ਵਧੇਰੇ ਪ੍ਰਭਾਵਿਤ ਹੋਣਗੇ।

ਪਰਮਾਣੂ ਹਥਿਆਰਾਂ ਦਾ ਮੁਕੰਮਲ ਖਾਤਮਾ ਹੀ ਮਨੁੱਖਤਾ ਲਈ ਇੱਕੋ-ਇੱਕ ਹੱਲ ਹੈ। ਸਾਡੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪਰਮਾਣੂ ਹਥਿਆਰਬੰਦੀ ਲਈ ਕਾਰਜ ਯੋਜਨਾ ਦਾ ਪ੍ਰਸਤਾਵ ਦਿੱਤਾ ਸੀ। ਰਾਜੀਵ ਗਾਂਧੀ ਨੇ ਕਿਹਾ ਸੀ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਨਤੀਜੇ ਵਜੋਂ 4 ਅਰਬ ਲੋਕਾਂ ਦੀ ਮੌਤ ਹੋ ਸਕਦੀ ਹੈ ਤੇ ਧਰਤੀ ਉੱਤੇ ਜ਼ਿੰਦਗੀ ਦਾ ਅੰਤ ਹੋ ਸਕਦਾ ਹੈ। 21 ਜਨਵਰੀ 1988 ਨੂੰ ਸਟਾਕਹੋਮ ਵਿਚ ਪੰਜ ਮਹਾਂਦੀਪਾਂ ਵਿਚ ਸ਼ਾਂਤੀ ਦੀ ਪਹਿਲਕਦਮੀ ਦੇ ਉਦਘਾਟਨੀ ਸੈਸ਼ਨ ਵਿਚ ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਸੀ, “ਸਾਨੂੰ ਜਿਸ ਚੀਜ਼ ਨੂੰ ਖਤਮ ਕਰਨ ਦੀ ਜ਼ਰੂਰਤ ਹੈ, ਉਹ ਹੈ ਵਿਸ਼ਵਵਿਆਪੀ ਤਬਾਹੀ। ਸਾਨੂੰ ਮਨੁੱਖਤਾ ਨੂੰ ਨਾਸ ਹੋਣ ਦੇ ਖਤਰਿਆਂ ਤੋਂ ਬਚਾਉਣਾ ਚਾਹੀਦਾ ਹੈ।”

ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਕੌਮਾਂਤਰੀ ਮੁਹਿੰਮ ‘ਇੰਟਰਨੈਸ਼ਨਲ ਕੰਪੇਨ ਟੂ ਐਬੋਲਿਸ਼ ਨਿਊਕਲੀਅਰ ਵੈਪਨ’ (ਆਈਕੈਨ) ਨੂੰ ਇਸ ਬਾਰੇ ਗੰਭੀਰ ਯਤਨਾਂ ਸਦਕਾ 2017 ਵਿਚ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਜਿਸ ਕਾਰਨ ਯੂਐੱਨਓ ਦੁਆਰਾ ਪਰਮਾਣੂ ਹਥਿਆਰਾਂ ਉੱਤੇ ਪਾਬੰਦੀ ਸੰਧੀ (ਟੀਪੀਐੱਨਡਬਲਿਊ) ਪਾਸ ਕੀਤੀ ਗਈ। ਸੰਧੀ ਉੱਤੇ ਪਹਿਲਾਂ ਹੀ 82 ਦੇਸ਼ ਦਸਤਖ਼ਤ ਕਰ ਚੁੱਕੇ ਹਨ ਅਤੇ 40 ਦੇਸ਼ਾਂ ਦੁਆਰਾ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਅਮਲ ਵਿਚ ਆਉਣ ਲਈ 10 ਹੋਰ ਪ੍ਰਵਾਨਗੀਆਂ ਦੀ ਲੋੜ ਹੈ। ਇਹ ਸੰਧੀ ਪਰਮਾਣੂ ਹਥਿਆਰਾਂ ਨੂੰ ਰੱਖਣ, ਪਰੀਖਣ ਕਰਨ, ਵਰਤੋਂ, ਵਪਾਰ ਨੂੰ ਕਿਸੇ ਵੀ ਰੂਪ ਵਿਚ ਕਰਨ ਉੱਤੇ ਰੋਕ ਲਗਾਉਂਦੀ ਹੈ। ਇਹ ਸੱਚਮੁੱਚ ਵੱਡੀ ਪ੍ਰਾਪਤੀ ਹੈ। ਪਰਮਾਣੂ ਹਥਿਆਰ ਰੱਖਣ ਵਾਲੇ ਦੇਸ਼ ਸੰਧੀ ਵਿਚ ਸ਼ਾਮਲ ਨਾ ਹੋ ਕੇ ਸਰਵਉੱਚ ਕੌਮਾਂਤਰੀ ਫੋਰਮ ਵਿਚ ਨੈਤਿਕ ਤੌਰ ਤੇ ਹਾਰ ਚੁੱਕੇ ਹਨ।

10 ਦਸੰਬਰ, 2017 ਨੂੰ ਓਸਲੋ ਵਿਖੇ ਨੋਬੇਲ ਸ਼ਾਂਤੀ ਪੁਰਸਕਾਰ ਸਮਾਗਮ ਵਿਚ ਹਿਬਾਕੁਸਾ ਸੇਤਸੁਕੋ ਥੁਰਲੋ ਨੇ ਕਿਹਾ ਸੀ, “ਦੁਨੀਆਂ ਦੇ ਹਰ ਮੁਲਕ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੈਂ ਬੇਨਤੀ ਕਰਦੀ ਹਾਂ: ਇਸ ਸੰਧੀ ਵਿਚ ਸ਼ਾਮਲ ਹੋਵੋ; ਪਰਮਾਣੂ ਤਬਾਹੀ ਦੇ ਖਤਰੇ ਨੂੰ ਸਦਾ ਸਦਾ ਖਤਮ ਕਰੋ।

ਸੰਪਰਕ: 94170-00360

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All