ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸਵਰਾਜਬੀਰ

ਸਵਰਾਜਬੀਰ

ਦਸੰਬਰ 2019-ਜਨਵਰੀ 2020: ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਚੱਲ ਰਿਹਾ ਹੈ। ਸ਼ਾਹੀਨ ਬਾਗ ਵਿਚ ਦਾਦੀਆਂ, ਨਾਨੀਆਂ ਅਤੇ ਹਰ ਉਮਰ ਦੀਆਂ ਔਰਤਾਂ ਨੇ ਇਸ ਕਾਨੂੰਨ ਵਿਰੁੱਧ ਮੋਰਚਾ ਲਗਾਇਆ ਹੋਇਆ ਹੈ। ਉਨ੍ਹਾਂ ਦੇ ਹੱਥਾਂ ਵਿਚ ਡਾ. ਬੀਆਰ ਅੰਬੇਦਕਰ, ਮਹਾਤਮਾ ਗਾਂਧੀ, ਭਗਤ ਸਿੰਘ, ਅਬੁਲ ਕਲਾਮ ਆਜ਼ਾਦ ਤੇ ਹੋਰ ਦੇਸ਼ ਭਗਤਾਂ ਅਤੇ ਚਿੰਤਕਾਂ ਦੀਆਂ ਤਸਵੀਰਾਂ ਹਨ। ਦੇਸ਼ ਦੇ ਉੱਘੇ ਚਿੰਤਕ, ਸਮਾਜਿਕ ਕਾਰਕੁਨ, ਵਿਦਿਆਰਥੀ ਆਗੂ, ਹਰ ਧਰਮ ਅਤੇ ਵਰਗ ਦੇ ਲੋਕ, ਕਲਾਕਾਰ, ਰੰਗਕਰਮੀ, ਗਾਇਕ, ਲੇਖਕ ਉਨ੍ਹਾਂ ਦਾ ਸਾਥ ਦੇ ਰਹੇ ਹਨ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਕ ਚੋਣ ਰੈਲੀ ਵਿਚ ਦੇਸ਼ ਦਾ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨਾਅਰਾ ਲਗਾਉਂਦਾ ਹੈ, ‘‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ... ਕੋ।’’ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦਾ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਵਰਮਾ ਕਹਿੰਦਾ ਹੈ, ‘‘ਉੱਥੇ (ਸ਼ਾਹੀਨ ਬਾਗ) ਲੱਖਾਂ ਲੋਕ ਜਮ੍ਹਾਂ ਹੁੰਦੇ ਹਨ... ਦਿੱਲੀ ਦੇ ਲੋਕਾਂ ਨੂੰ ਫ਼ੈਸਲਾ ਕਰਨਾ ਹੋਵੇਗਾ... ਉਹ ਤੁਹਾਡੇ ਘਰਾਂ ਵਿਚ ਵੜਨਗੇ, ਤੁਹਾਡੀਆਂ ਧੀਆਂ-ਭੈਣਾਂ ਨਾਲ ਜਬਰ-ਜਨਾਹ ਕਰਨਗੇ, ਉਨ੍ਹਾਂ ਨੂੰ ਕਤਲ ਕਰਨਗੇ।’’ ਕੇਂਦਰੀ ਚੋਣ ਕਮਿਸ਼ਨ (Election Commission of India) ਇਨ੍ਹਾਂ ਆਗੂਆਂ ਦੇ ਚੋਣ ਪ੍ਰਚਾਰ ਕਰਨ ’ਤੇ ਕੁਝ ਸਮੇਂ ਲਈ ਪਾਬੰਦੀਆਂ ਲਗਾਉਂਦਾ ਅਤੇ ਉਨ੍ਹਾਂ ਨੂੰ ਸਟਾਰ ਪ੍ਰਚਾਰਕਾਂ ਵਜੋਂ ਹਟਾਉਣ ਦੇ ਆਦੇਸ਼ ਦਿੰਦਾ ਹੈ।

ਫਰਵਰੀ 2020: 23 ਫਰਵਰੀ ਨੂੰ ਭਾਜਪਾ ਆਗੂ ਕਪਿਲ ਮਿਸ਼ਰਾ ਦਿੱਲੀ ਦੇ ਉੱਤਰ-ਪੂਰਬੀ ਜ਼ਿਲ੍ਹੇ ਦੇ ਪੁਲੀਸ ਮੁਖੀ ਦੀ ਮੌਜੂਦਗੀ ਵਿਚ ਧਮਕੀ ਦਿੰਦਾ ਹੈ ਕਿ ਜੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਦਿੱਲੀ ਦੇ ਜ਼ਫ਼ਰਾਬਾਦ ਅਤੇ ਚਾਂਦ ਬਾਗ ਇਲਾਕਿਆਂ ਵਿਚ ਮੁਜ਼ਾਹਰੇ ਕਰਨ ਤੋਂ ਨਹੀਂ ਹਟਣਗੇ ਤਾਂ ਉਹ ਖ਼ੁਦ ਉਨ੍ਹਾਂ ਵਿਰੁੱਧ ਕਾਰਵਾਈ ਕਰੇਗਾ।

ਸਤੰਬਰ 2021: ਦੇਸ਼ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦਿਆਂ 10 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। 25 ਸਤੰਬਰ 2021 ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਉੱਤਰ ਪ੍ਰਦੇਸ਼ ਵਿਚ ਬਿਆਨ ਦਿੰਦਾ ਹੈ, ‘‘ਇੱਥੇ 10-15 ਲੋਕ ਰੌਲਾ ਪਾਉਂਦੇ ਹਨ ਤਾਂ ਕੀ ਅੰਦੋਲਨ ਨੂੰ ਸਾਰੇ ਦੇਸ਼ ਵਿਚ ਫੈਲ ਜਾਣਾ ਚਾਹੀਦੈ... ਜੇ ਖੇਤੀ ਕਾਨੂੰਨ ਖ਼ਰਾਬ ਹੁੰਦੇ... ਕਿਉਂ ਨਹੀਂ ਫੈਲਿਆ (ਭਾਵ ਅੰਦੋਲਨ)... 10-11 ਮਹੀਨੇ ਹੋ ਗਏ। ਮੈਂ ਇਹੋ ਜਿਹੇ ਲੋਕਾਂ (ਭਾਵ ਅੰਦੋਲਨ ਕਰਨ ਵਾਲਿਆਂ) ਨੂੰ ਕਹਿਣਾ ਚਾਹੁੰਦਾ ਹਾਂ, ਸੁਧਰ ਜਾਓ, ਨਹੀਂ ਤਾਂ ਸਾਹਮਣਾ ਕਰੋ ਆ ਕੇ, ਅਸੀਂ ਤੁਹਾਨੂੰ ਸੁਧਾਰ ਦੇਵਾਂਗੇ, ਦੋ ਮਿੰਟ ਨਹੀਂ ਲੱਗਣਗੇ... ਮੈਂ ਕੇਵਲ ਮੰਤਰੀ... ਸੰਸਦ ਮੈਂਬਰ ਨਹੀਂ ਹਾਂ, ਮੇਰੇ ਸੰਸਦ ਮੈਂਬਰ, ਵਿਧਾਇਕ ਬਣਨ ਤੋਂ ਪਹਿਲਾਂ ਜਿਹੜੇ ਮੇਰੇ ਬਾਰੇ ਜਾਣਦੇ ਹੋਣਗੇ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਮੈਂ ਕਿਸੇ ਚੁਣੌਤੀ ਤੋਂ ਭੱਜਦਾ ਨਹੀਂ ਤੇ ਜਿਸ ਦਿਨ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰਕੇ ਕਾਰਵਾਈ ਕੀਤੀ, ਉਸ ਦਿਨ (ਭਾਵ ਕਿਸਾਨ ਅੰਦੋਲਨਕਾਰੀਆਂ ਨੂੰ) ਬਲੀਆ ਹੀ ਨਹੀਂ, ਲਖੀਮਪੁਰ ਖੀਰੀ ਛੱਡ ਕੇ ਭੱਜਣਾ ਪਵੇਗਾ, ਇਹ ਯਾਦ ਰੱਖਣਾ।’’

ਇਸ ਤੋਂ ਪਹਿਲਾਂ ਕਿ ਇਸ ਗੱਲ ’ਤੇ ਵਿਚਾਰ ਕੀਤੀ ਜਾਵੇ ਕਿ ਉਪਰੋਕਤ ਬਿਆਨਾਂ ਅਤੇ ਸ਼ਬਦਾਂ ਦੀ ਵਰਤੋਂ ਕਾਰਨ ਕਿੰਨੇ ਵੱਡੇ ਦੁਖਾਂਤ ਵਾਪਰੇ, ਇਹ ਸਮਝਣਾ ਜ਼ਰੂਰੀ ਹੈ ਕਿ ਅਜਿਹੇ ਬੋਲ ਬੋਲਣ ਵਾਲੇ ਲੋਕ ਕਿਹੋ ਜਿਹੇ ਸ਼ਖ਼ਸ ਹਨ। ਉਨ੍ਹਾਂ ਦੀ ਜ਼ਹਿਨੀਅਤ ਕਿਹੋ ਜਿਹੀ ਹੈ? ਸਪੱਸ਼ਟ ਹੈ ਕਿ ਇਹ ਸੱਤਾ ਦੇ ਨਸ਼ੇ ਵਿਚ ਗੜੁੱਚ ਅਭਿਮਾਨੀ ਲੋਕਾਂ ਦੇ ਬੋਲ ਹਨ, ਹੰਕਾਰ, ਘਮੰਡ, ਨਫ਼ਰਤ, ਜਹਾਲਤ ਵਿਚ ਭਿੱਜੇ ਹੋਏ, ਮਨੁੱਖਤਾ ਅਤੇ ਨਿਮਰਤਾ ਤੋਂ ਬੇਗ਼ਾਨੇ। ਇਨ੍ਹਾਂ ਦੀ ਭਾਸ਼ਾ ਹਿੰਸਕ ਹੈ, ਆਤੰਕ ਅਤੇ ਘਿਰਣਾ ਫੈਲਾਉਣ ਅਤੇ ਭਾਈਚਾਰਕ ਸਾਂਝ ਤੋੜਨ ਵਾਲੀ। ਖ਼ੁਦਪਸੰਦੀ ਅਤੇ ਆਤਮ-ਅਭਿਮਾਨ ਵਿਚ ਗ੍ਰਸੇ ਅਜਿਹੇ ਲੋਕਾਂ ਬਾਰੇ ਗੁਰੂ ਰਾਮਦਾਸ ਜੀ ਨੇ ਕਿਹਾ ਹੈ, ‘‘ਕਿਸ ਹੀ ਜੋਰੁ ਅਹੰਕਾਰ ਬੋਲਣ ਕਾ।। ਕਿਸ ਹੀ ਜੋਰੁ ਦੀਬਾਨ ਮਾਇਆ ਕਾ।।’’ ਭਾਵ ਇਹ ਲੋਕ ਹੰਕਾਰ ਭਰੀ ਭਾਸ਼ਾ ਬੋਲਦੇ ਹਨ, ਇਨ੍ਹਾਂ ਕੋਲ ਧਨ ਦੀ ਤਾਕਤ ਹੈ। ਅਜਿਹੇ ਬੋਲ ਬੋਲਣ ਵਾਲਿਆਂ ਕੋਲ ਧਨ, ਤਾਕਤ ਅਤੇ ਬਾਹੂਬਲ ਦੇ ਜ਼ੋਰ ’ਤੇ ਕਿਸੇ ਵੀ ਤਰੀਕੇ ਨਾਲ ਸੱਤਾ ਪ੍ਰਾਪਤ ਕਰਨ ਦਾ ਅਥਾਹ ਮੋਹ ਹੈ; ਉਹ ਲੋਕਾਂ ਵਿਚ ਵੰਡੀਆਂ ਪਾ ਕੇ ਸੱਤਾ ਨੂੰ ਚਿੰਬੜੇ ਰਹਿਣਾ ਚਾਹੁੰਦੇ ਹਨ; ਇਨ੍ਹਾਂ ਲੋਕਾਂ ਦੇ ਮਨ ਪ੍ਰੇਮ ਤੇ ਕਰੁਣਾ ਤੋਂ ਕੋਰੇ ਹਨ। ਇਹ ਵਿਅਕਤੀ ਮਨੁੱਖਤਾ ਅਤੇ ਸਮਾਜ ਦੇ ਵੀ ਵੈਰੀ ਹਨ ਅਤੇ ਖ਼ੁਦ ਆਪਣੇ ਵੀ।

ਅਨੁਰਾਗ ਠਾਕੁਰ, ਪਰਵੇਸ਼ ਸਾਹਿਬ ਸਿੰਘ ਵਰਮਾ ਅਤੇ ਕਪਿਲ ਮਿਸ਼ਰਾ ਦੇ ਬਿਆਨਾਂ ਤੋਂ ਬਾਅਦ ਦਿੱਲੀ ਵਿਚ ਦੰਗੇ ਹੋਏ। 53 ਲੋਕਾਂ ਦੀਆਂ ਜਾਨਾਂ ਗਈਆਂ, ਸੈਂਕੜੇ ਜ਼ਖ਼ਮੀ ਤੇ ਬੇਘਰ ਹੋਏ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਅਜਿਹੇ ਬਿਆਨ ਦੇਣ ਵਾਲੇ ਠਾਕੁਰ, ਵਰਮਾ ਤੇ ਮਿਸ਼ਰਾ ਇਕੱਲੇ ਨਹੀਂ ਸਨ; ਉਨ੍ਹਾਂ ਪਿੱਛੇ ਸੱਤਾ ਦੀ ਅਸੀਮ ਤਾਕਤ ਸੀ; ਉਨ੍ਹਾਂ ਦਿਨਾਂ ਵਿਚ ਦੇਸ਼ ਦਾ ਗ੍ਰਹਿ ਮੰਤਰੀ ਬਿਆਨ ਦੇ ਰਿਹਾ ਸੀ ਕਿ ਇਨ੍ਹਾਂ ਅੰਦੋਲਨਕਾਰੀਆਂ (ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ) ਦੀਆਂ ਤੰਦਾਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ। ਦੰਗਿਆਂ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਸਮਾਜਿਕ ਕਾਰਕੁਨਾਂ ਅਤੇ ਵਿਦਿਆਰਥੀ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ’ਤੇ ਮੁਕੱਦਮੇ ਚਲਾਏ ਗਏ, ਨਫ਼ਰਤੀ ਬੋਲ ਬੋਲਣ ਅਤੇ ਹਿੰਸਾ ਭੜਕਾਉਣ ਵਾਲਿਆਂ ’ਤੇ ਨਹੀਂ।

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ 25 ਸਤੰਬਰ 2021 ਦੇ ਕਿਸਾਨ ਵਿਰੋਧੀ ਬਿਆਨ ਕਾਰਨ ਸਾਰੇ ਦੇਸ਼ ਦੇ ਕਿਸਾਨਾਂ, ਖ਼ਾਸ ਕਰਕੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵਿਚ ਭਾਰੀ ਗੁੱਸਾ ਤੇ ਰੋਹ ਫੈਲਿਆ। ਐਤਵਾਰ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਉਸ ਇਲਾਕੇ ਵਿਚ ਦੌਰਾ ਸੀ ਅਤੇ ਕਿਸਾਨ ਤਿਕੁਨੀਆ-ਬਨਬੀਰਪੁਰ ਮਾਰਗ ’ਤੇ ਇਸ ਦੌਰੇ ਦਾ ਵਿਰੋਧ ਕਰ ਰਹੇ ਸਨ ਜਦ ਦਨਦਨਾਉਂਦੀਆਂ ਕਾਰਾਂ/ਗੱਡੀਆਂ ਉਨ੍ਹਾਂ ’ਤੇ ਚੜ੍ਹ ਗਈਆਂ। ਚਾਰ ਕਿਸਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ 12 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ। ਇਲਾਕੇ ਦੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਦੀ ਹਾਲਤ ਵੀ ਗੰਭੀਰ ਹੈ।

ਇੱਥੇ ਵੀ ਅਜਿਹੀ ਹਿੰਸਕ ਭਾਸ਼ਾ ਬੋਲ ਕੇ ਲੋਕਾਂ ਨੂੰ ਉਕਸਾਉਣ ਵਾਲਾ ਅਜੈ ਮਿਸ਼ਰਾ ਇਕੱਲਾ ਨਹੀਂ ਹੈ; ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਨਫ਼ਰਤ ਭਰੇ ਬਿਆਨ ਦੇ ਰਹੇ ਹਨ; ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੁੱਧਵਾਰ ਕਿਹਾ, ‘‘ਜੇ ਹਰ ਜਗ੍ਹਾ ਖ਼ਾਸ ਕਰਕੇ ਉੱਤਰ-ਪੱਛਮੀ ਹਰਿਆਣਾ ਅਤੇ ਦੱਖਣੀ ਹਰਿਆਣਾ ਵਿਚ ਇਹ ਸਮੱਸਿਆ ਜ਼ਿਆਦਾ ਨਹੀਂ ਹੈ, ਜੇਕਰ ਉੱਤਰ-ਪੱਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਵਿਚ ਆਪਣੇ 500, 700, 1000 ਕਿਸਾਨਾਂ ਨੂੰ ਖੜ੍ਹੇ ਕਰੋ, ਉਨ੍ਹਾਂ ਨੂੰ ਵਾਲੰਟੀਅਰ ਬਣਾਓ ਤੇ ਫਿਰ ਜਗ੍ਹਾ ਜਗ੍ਹਾ… ਜੈਸੇ ਕੋ ਤੈਸਾ… ਉਠਾ ਲਓ ਡੰਡੇ… (ਲੋਕ ਸਵਾਲ ਪੁੱਛਦੇ ਹਨ ਕਿ ਫਿਰ ਤੁਸੀਂ ਸਾਨੂੰ ਛੁਡਾ ਲਵੋਗੇ) ਠੀਕ ਹੈ, ਉਹ ਵੀ ਦੇਖ ਲਵਾਂਗੇ, ਦੂਸਰੀ ਗੱਲ ਇਹ ਹੈ ਕਿ ਜਦ ਡੰਡੇ ਉਠਾਓਗੇ ਤਾਂ ਜ਼ਮਾਨਤ ਦੀ ਪਰਵਾਹ ਨਾ ਕਰੋ… ਮਹੀਨਾ, ਛੇ ਮਹੀਨੇ, ਦੋ ਮਹੀਨੇ ਰਹਿ ਆਓਗੇ ਤਾਂ ਇੰਨੀ ਪੜ੍ਹਾਈ ਇਨ੍ਹਾਂ ਮੀਟਿੰਗਾਂ ਵਿਚ ਨਹੀਂ ਹੁੰਦੀ ਜੇ ਦੋ-ਚਾਰ ਮਹੀਨੇ ਉੱਥੇ ਰਹਿ ਆਓਗੇ ਤਾਂ ਵੱਡੇ ਆਗੂ ਆਪਣੇ ਆਪ ਬਣ ਜਾਵੋਗੇ… ਦੋ-ਚਾਰ ਮਹੀਨੇ ਤੇ ਵੱਡੇ ਨੇਤਾ ਬਣ ਜਾਓਗੇ, ਇਤਿਹਾਸ ਵਿਚ ਨਾਮ ਲਿਖਿਆ ਜਾਵੇਗਾ।’’ ਕੀ ਕੋਈ ਯਕੀਨ ਕਰ ਸਕਦਾ ਹੈ ਕਿ ਇਹ ਸ਼ਬਦ ਸੰਵਿਧਾਨਕ ਅਹੁਦੇ ’ਤੇ ਬਿਰਾਜਮਾਨ ਮੁੱਖ ਮੰਤਰੀ ਦੇ ਹਨ, ਆਪਣੀ ਪਾਰਟੀ ਦੇ ਲੋਕਾਂ ਨੂੰ ਦੇਸ਼ ਦੇ ਕਿਸਾਨਾਂ ਵਿਰੁੱਧ ਹਿੰਸਾ ਕਰਨ ਲਈ ਉਕਸਾਉਂਦੇ ਹੋਏ… ਤੇ ਮੁੱਖ ਮੰਤਰੀ ਅਜਿਹੇ ਸ਼ਬਦ ਬੋਲੇ ਵੀ ਕਿਉਂ ਨਾ ਜਦੋਂਕਿ ਦੇਸ਼ ਦਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਖੇਤੀ ਮੰਤਰੀ ਅਤੇ ਹੋਰ ਭਾਜਪਾ ਆਗੂ ਲਗਾਤਾਰ ਇਹ ਮੁਹਾਰਨੀ ਦੁਹਰਾ ਰਹੇ ਹਨ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ। ਇਨ੍ਹਾਂ ਸ਼ਖ਼ਸਾਂ ਦੇ ਮਨ ਵਿਚ ਦੇਸ਼ ਦੇ ਕਿਸਾਨਾਂ ਪ੍ਰਤੀ ਰੱਤੀ ਭਰ ਦਇਆ ਨਹੀਂ ਹੈ। ਦੇਸ਼ ਦੇ ਕਿਸਾਨ ਤੇ ਖੇਤ ਮਜ਼ਦੂਰ ਰੋਜ਼ ਖ਼ੁਦਕੁਸ਼ੀਆਂ ਕਰਦੇ ਹਨ। ਕਿਸਾਨ ਅੰਦੋਲਨ ਵਿਚ 700 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ ਪਰ ਸਾਡੇ ਆਗੂਆਂ ਨੂੰ ਕੋਈ ਪਰਵਾਹ ਨਹੀਂ, ਉਹ ਸੱਤਾ-ਮੋਹ ਤੇ ਮੈਂ-ਵਾਦ ਵਿਚ ਜਕੜੇ ਹੋਏ ਹਨ; ਉਨ੍ਹਾਂ ਨੂੰ ਪਰਵਾਹ ਹੈ ਤਾਂ ਸੱਤਾ ਵਿਚ ਬਣੇ ਰਹਿਣ, ਕਾਰਪੋਰੇਟ ਅਦਾਰਿਆਂ ਨੂੰ ਖ਼ੁਸ਼ ਕਰਨ, ਧਨ ਇਕੱਠਾ ਕਰਨ ਅਤੇ ਧਨ, ਤਾਕਤ ਅਤੇ ਵੰਡੀਆਂ ਪਾਉਣ ਵਾਲੀ ਵਿਚਾਰਧਾਰਾ ਦਾ ਅਜਿਹਾ ਜਾਲ ਵਿਛਾਉਣ ਦੀ, ਜਿਸ ਵਿਚ ਫਸ ਕੇ ਲੋਕ ਨਿਮਾਣੇ, ਨਿਤਾਣੇ ਤੇ ਬੇਵੱਸ ਹੋ ਜਾਣ; ਉਨ੍ਹਾਂ ਕੋਲ ਅਜਿਹੇ ਆਗੂਆਂ ਸਾਹਮਣੇ ਝੁਕਣ ਤੋਂ ਬਿਨਾਂ ਕੋਈ ਚਾਰਾ ਨਾ ਰਹੇ।

... ਪਰ ਏਦਾਂ ਨਹੀਂ ਹੋਵੇਗਾ। ਲੋਕ ਅਜਿਹੀਆਂ ਨਫ਼ਰਤੀ ਤਾਕਤਾਂ ਸਾਹਮਣੇ ਨਹੀਂ ਝੁਕਣਗੇ। ਲਖੀਮਪੁਰ ਖੀਰੀ ’ਚ ਜਾਨ ਦੇਣ ਵਾਲੇ ਕਿਸਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਕਿਸਾਨ ਆਗੂ ਘਮੰਡੀ ਸੱਤਾਧਾਰੀਆਂ ਦੇ ਕਾਰਿਆਂ ਨੂੰ ਕਿਸਾਨ ਅੰਦੋਲਨ ਦਾ ਸ਼ਾਂਤਮਈ ਵੇਗ ਭੰਗ ਨਹੀਂ ਕਰਨ ਦੇਣਗੇ। ਕਿਸਾਨ ਅੰਦੋਲਨ ਸ਼ੁਰੂਆਤ ਤੋਂ ਸ਼ਾਂਤਮਈ ਰਿਹਾ ਹੈ ਅਤੇ ਕਿਸਾਨਾਂ ਨੇ ਅਕਹਿ ਜ਼ਬਤ ਤੇ ਸੰਜਮ ਦਾ ਮੁਜ਼ਾਹਰਾ ਕੀਤਾ ਹੈ। ਅਜਿਹੇ ਦ੍ਰਿੜ੍ਹ ਸੰਜਮ ਨੂੰ ਹੀ ਸਿਦਕ ਕਿਹਾ ਜਾਂਦਾ ਹੈ।

ਕਿਸਾਨਾਂ ਕੋਲ ਸਿਦਕ ਹੈ; ਸੱਤਾਧਾਰੀਆਂ ਕੋਲ ਹਿੰਸਾ ਅਤੇ ਉਕਸਾਊ ਨੀਤੀਆਂ। ਕਿਸਾਨਾਂ ਕੋਲ ਆਤਮ-ਸਨਮਾਨ ਹੈ, ਸੱਤਾਧਾਰੀਆਂ ਕੋਲ ਆਤਮ-ਅਭਿਮਾਨ। ਕਿਸਾਨ ਦਸਾਂ ਨਹੁੰਆਂ ਦੀ ਕਿਰਤ ਦੇ ਗੌਰਵ ਦੇ ਰਖਵਾਲੇ ਹਨ, ਸੱਤਾਧਾਰੀ ਕਾਰਪੋਰੇਟੀ ਹਿੱਤਾਂ ਦੇ। ਕਿਸਾਨਾਂ ਨੂੰ ਆਪਣੇ ਸੰਘਰਸ਼ ’ਤੇ ਨਾਜ਼ ਹੈ ਤੇ ਸੱਤਾਧਾਰੀਆਂ ਦੇ ਮਨਾਂ ਵਿਚ ਹੈ ਆਪਣਾ ਕੂੜ ਨੰਗਾ ਹੋਣ ਦੀ ਛਟਪਟਾਹਟ। ਦੇਸ਼ ਨੂੰ ਕਿਸਾਨਾਂ ’ਤੇ ਫ਼ਖ਼ਰ ਹੈ; ਸੱਤਾਧਾਰੀ ਦੇਸ਼ ਨੂੰ ਸ਼ਰਮਿੰਦਾ ਕਰ ਰਹੇ ਹਨ। ਘਿਰਣਾ, ਹਿੰਸਾ ਤੇ ਮਨੁੱਖਤਾ ਪ੍ਰਤੀ ਹਿਕਾਰਤ ਭਰੇ ਬੋਲ ਬੋਲਣਾ ਜਹਾਲਤ ਹੈ। ਅਜਿਹੇ ਲੋਕਾਂ ਬਾਰੇ ਸ਼ੇਖ ਸਾਅਦੀ (ਸਾਦੀ) ਨੇ ਕਿਹਾ ਹੈ :

ਤਕੱਬਰ ਬਾਵਦ ਆਦਤੇ ਜਾਹਲਾਂ

ਤਕੱਬਰ ਨ ਆਯਾਦ ਜਿ ਸਾਹਿਬ ਦਿਲਾਂ

ਭਾਵ ਤਕੱਬਰ/ਹਉਮੈ ਜਾਂ ਗਰੂਰ ਕਰਨ ਦੀ ਆਦਤ ਜਾਹਲਾਂ ਦੀ ਹੁੰਦੀ ਹੈ, ਨੇਕ ਦਿਲ ਲੋਕ ਕਦੀ ਅਹੰਕਾਰ ਨਹੀਂ ਕਰਦੇ।

ਲਖੀਮਪੁਰ ਖੀਰੀ ਦੀ ਘਟਨਾ 1920ਵਿਆਂ ਦੀ ਗੁਰਦੁਆਰਾ ਸੁਧਾਰ ਲਹਿਰ ਦੀ ਯਾਦ ਦਿਵਾਉਂਦੀ ਹੈ ਜਿਸ ਦੌਰਾਨ ਅੰਗਰੇਜ਼ਾਂ ਨੇ ਅੰਦੋਲਨ ਕਰ ਰਹੇ ਸਿੰਘਾਂ ’ਤੇ ਅਕਹਿ ਜ਼ੁਲਮ ਕੀਤੇ ਪਰ ਉਨ੍ਹਾਂ ਨੇ ਆਪਣੇ ਅੰਦੋਲਨ ਨੂੰ ਸ਼ਾਂਤਮਈ ਬਣਾਈ ਰੱਖਿਆ। ਕੁਝ ਸਾਕੇ ਖ਼ਾਸ ਕਰਕੇ ਯਾਦ ਆਉਂਦੇ ਹਨ। 31 ਅਕਤੂਬਰ 1922 ਨੂੰ ਪੰਜਾ ਸਾਹਿਬ ਦਾ ਸਾਕਾ ਹੋਇਆ ਜਿਹੜਾ ਗੁਰੂ ਕੇ ਬਾਗ ਮੋਰਚੇ ਦੌਰਾਨ ਕੈਦ ਕੀਤੇ ਸਾਬਕਾ ਫ਼ੌਜੀਆਂ ਦੇ ਜਥੇ ਨੂੰ ਗ੍ਰਿਫ਼ਤਾਰ ਕਰਨ ਬਾਅਦ ਰੇਲ ਗੱਡੀ ਵਿਚ ਅੰਮ੍ਰਿਤਸਰ ਤੋਂ ਅਟਕ ਲਿਜਾਏ ਜਾਣ ਦੌਰਾਨ ਵਾਪਰਿਆ। ਰਾਵਲਪਿੰਡੀ ਦੀ ਸੰਗਤ ਨੇ ਪੰਜਾ ਸਾਹਿਬ (ਹਸਨ ਅਬਦਾਲ) ਰੇਲਵੇ ਸਟੇਸ਼ਨ ’ਤੇ ਲੰਗਰ ਪਹੁੰਚਾ ਕੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਸਿੰਘਾਂ ਨੂੰ ਲੰਗਰ ਛਕਾਉਣ ਲਈ ਰੇਲ ਰੋਕੀ ਜਾਵੇ। ਅਧਿਕਾਰੀਆਂ ਦੇ ਇਨਕਾਰ ਕਰਨ ’ਤੇ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਅਤੇ ਹੋਰ ਸਿੰਘ-ਸਿੰਘਣੀਆਂ ਰੇਲ ਦੀ ਪਟੜੀ ’ਤੇ ਲੇਟ ਗਏ। ਗੱਡੀ ਨੇ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੂੰ ਦਰੜ ਦਿੱਤਾ ਅਤੇ ਕੁਝ ਹੋਰ ਜ਼ਖ਼ਮੀ ਹੋਏ ਪਰ ਗੱਡੀ ਨੂੰ ਰੁਕਣਾ ਪਿਆ। ਦੁਨੀਆ ਨੂੰ ਅਲਵਿਦਾ ਕਹਿ ਰਹੇ ਭਾਈ ਕਰਮ ਸਿੰਘ ਨੇ ਸੰਗਤ ਨੂੰ ਕਿਹਾ, ਪਹਿਲਾਂ ਗੱਡੀ ਵਿਚ ਲੰਗਰ ਛਕਾਉ, ਫਿਰ ਸਾਨੂੰ ਸਾਂਭਣਾ।

ਇਸ ਤੋਂ ਪਹਿਲਾਂ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਮਹੰਤ ਨਰਾਇਣ ਦਾਸ ਅਤੇ ਉਸ ਦੇ ਗੁੰਡਿਆਂ ਨੇ 200 ਤੋਂ ਜ਼ਿਆਦਾ ਸਿੱਖਾਂ ਦਾ ਕਤਲੇਆਮ ਕੀਤਾ ਸੀ... ਇਹ ਕਹਾਣੀ ਬਹੁਤ ਲੰਮੀ ਹੈ ਅੰਗਰੇਜ਼ ਅਫ਼ਸਰ ਬੀਟੀ ਦੀਆਂ ਡਾਂਗਾਂ ਖਾਂਦੇ ਤੇ ਸ਼ਾਂਤਮਈ ਰਹਿੰਦੇ ਸਿੱਖਾਂ ਅਤੇ ਵੱਖ ਵੱਖ ਮੋਰਚਿਆਂ ਵਿਚ ਅਨੰਤ ਜ਼ਬਤ ਦਾ ਮੁਜ਼ਾਹਰਾ ਕਰਨ ਵਾਲੇ ਸ਼ਹੀਦਾਂ ਦੀ। ਅਜਿਹੀਆਂ ਮਹਾਨ ਕੁਰਬਾਨੀਆਂ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਪੂਰਨ ਤੌਰ ’ਤੇ ਸ਼ਾਂਤਮਈ ਰਹੀ ਅਤੇ ਇਸੇ ਕਾਰਨ ਉਸ ਮਹਾਨ ਸੰਘਰਸ਼ ਵਿਚ ਜਿੱਤ ਪ੍ਰਾਪਤ ਹੋਈ ਸੀ। ਅਕਾਲੀ ਲਹਿਰ ਨੇ ਇਹ ਦਿਖਾਇਆ ਸੀ ਕਿ ਜਬਰ ਸਹਿੰਦਿਆਂ ਸ਼ਾਂਤਮਈ ਰਹਿਣਾ ਉੱਚੇ ਦਰਜੇ ਦੀ ਹਿੰਮਤ ਤੇ ਹੌਂਸਲਾ ਹੈ ਜਿਸ ਨੂੰ ਸਿਦਕ ਕਿਹਾ ਜਾਂਦਾ ਹੈ।

ਉਸ ਮਹਾਨ ਸੰਘਰਸ਼ ਅਤੇ ਪੰਜਾਬ ਦੇ ਹੋਰ ਬਹੁਪਸਾਰੀ ਕਿਸਾਨ ਅੰਦੋਲਨਾਂ ਦੀਆਂ ਪੈੜਾਂ ’ਤੇ ਚੱਲ ਰਹੇ ਪੰਜਾਬ ’ਚੋਂ ਜਨਮੇ ਕਿਸਾਨ ਅੰਦੋਲਨ ਨੇ ਸ਼ਾਂਤਮਈ ਰਹਿ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਲਖੀਮਪੁਰ ਖੀਰੀ ਵਿਚ ਹੋਈਆਂ ਕੁਰਬਾਨੀਆਂ ਨੇ ਕਿਸਾਨ ਅੰਦੋਲਨ ਨੂੰ ਆਪਣੇ ਲਹੂ ਨਾਲ ਸਿੰਜਿਆ ਹੈ। ਕਿਸਾਨ ਆਗੂਆਂ ’ਤੇ ਵੱਡੀ ਜ਼ਿੰਮੇਵਾਰੀ ਹੈ ਕਿ ਦੁੱਖ ਦੀਆਂ ਇਨ੍ਹਾਂ ਘੜੀਆਂ ਵਿਚ ਅੰਦੋਲਨ ਨੂੰ ਸ਼ਾਂਤਮਈ ਰੱਖਿਆ ਜਾਵੇ। ਇਹੋ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਵੱਡੀ ਸ਼ਰਧਾਂਜਲੀ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All