ਸੁਨਾਇਣਾ/ਸੰਦੀਪ ਰਹੇਜਾ/ਮਨਪ੍ਰੀਤ ਸਿੰਘ
ਫਾਜ਼ਿਲਕਾ ਜ਼ਿਲ੍ਹੇ ਵਿਚ ਪਿਛਲੇ 3-4 ਸਾਲਾਂ ਤੋਂ ਨਰਮੇ ਦੀ ਫ਼ਸਲ ਅਚਾਨਕ ਸੁੱਕਣ ਦੀ ਸਮੱਸਿਆ ਦੇਖੀ ਗਈ ਹੈ। ਇਹ ਸਮੱਸਿਆ ਇਸ ਇਲਾਕੇ ਵਿਚ ਪਿਛਲੇ ਦੋ ਸਾਲਾਂ ਦੌਰਾਨ 20 ਤੋਂ ਜ਼ਿਆਦਾ ਪਿੰਡਾਂ ਵਿਚ ਪ੍ਰਭਾਵ ਦਿਖਾ ਚੁੱਕੀ ਹੈ। ਇਸ ਕਰ ਕੇ ਨਰਮੇ ਦੀ ਉਪਜ ਵਿਚ ਲਗਭਗ 40 ਫ਼ੀਸਦੀ ਤਕ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਸੀ। ਪਿਛਲੇ ਸਾਲ ਬਠਿੰਡਾ ਅਤੇ ਫ਼ਰੀਦਕੋਟ ਦੇ ਕਿਸਾਨ ਮੇਲਿਆਂ ਵਿਚ ਆਏ ਨਰਮੇ ਦੇ ਪੌਦਿਆਂ ਦੇ ਨਮੂਨਿਆਂ ਤੋਂ ਪਤਾ ਲੱਗਿਆ ਕਿ ਇਹ ਸਮੱਸਿਆ ਸਿਰਫ਼ ਫਾਜ਼ਿਲਕਾ ਜ਼ਿਲ੍ਹੇ ਦੀ ਨਹੀਂ ਬਲਕਿ ਨਰਮਾ ਬੀਜਣ ਵਾਲੇ ਹੋਰ ਜ਼ਿਲ੍ਹਿਆਂ ਜਿਵੇਂ ਬਠਿੰਡਾ ਅਤੇ ਮੁਕਤਸਰ ਵਿਚ ਵੀ ਆਉਂਦੀ ਹੈ। ਬੀਟੀ ਨਰਮੇ ਦੀ ਕਾਸ਼ਤ ਭਾਵੇਂ ਪੀਐਚ 6-8 ਵਾਲੀ ਹਰ ਕਿਸਮ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ ਜੋ ਚੰਗੀ ਜਲ ਨਿਕਾਸ ਵਾਲੀ ਅਤੇ ਵਧੀਆ ਉਪਜਾਊ ਸ਼ਕਤੀ ਵਾਲੀ ਹੋਵੇ ਪਰ ਰੇਤਲੀ ਜਾਂ ਖਾਰੀ ਭੂਮੀ ਬੀਟੀ ਹਾਈਬ੍ਰਿਡ ਨਰਮੇ ਲਈ ਠੀਕ ਨਹੀਂ। ਵਧੇਰੇ ਝਾੜ ਵਾਲੇ ਬੀਟੀ ਹਾਈਬ੍ਰਿਡ ਨੂੰ ਜਿ਼ਆਦਾ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ।
ਅਗਸਤ ਅਤੇ ਸਤੰਬਰ ਵਿਚ ਨਰਮੇ ਦੀ ਫ਼ਸਲ ਮੁਰਝਾਉਣਾ ਸਮੱਸਿਆ ਬਣ ਰਹੀ ਹੈ। ਖੇਤਰੀ ਖੋਜ ਕੇਂਦਰ ਅਬੋਹਰ, ਬਠਿੰਡਾ ਤੇ ਫ਼ਰੀਦਕੋਟ ਦੇ ਸਾਇੰਸਦਾਨਾਂ ਦੇ ਪਿਛਲੇ ਸਾਲ ਕੀਤੇ ਸਰਵੇਖਣ ਅਨੁਸਾਰ ਇਸ ਦੇ ਬੀਟੀ ਹਾਈਬ੍ਰਿਡ, ਜੈਵਿਕ ਅਤੇ ਕਈ ਗ਼ੈਰ-ਜੈਵਿਕ ਕਾਰਨ ਹੋ ਸਕਦੇ ਹਨ। ਇਹ ਸਮੱਸਿਆ ਭਾਵੇਂ ਸਿੰਜਾਈ ਜਾਂ ਮੀਂਹ ਤੋਂ ਬਾਅਦ ਫੈਲਦੀ ਹੈ ਪਰ ਇਹ ਪੈਰਾਵਿਲਟ ਤੋਂ ਅਲੱਗ ਹੈ ਜੋ ਲੰਮੇ ਸੋਕੇ ਤੋਂ ਮਗਰੋਂ ਭਰਵਾਂ ਪਾਣੀ ਲੱਗਣ ਜਾਂ ਭਾਰੀ ਮੀਂਹ ਪੈਣ ਕਰ ਕੇ ਹੁੰਦੀ ਹੈ। ਪੈਰਾਵਿਲਟ ਤੋਂ ਅਲੱਗ ਇਹ ਸਮੱਸਿਆ ਦੋਗੀਆਂ ਵਿਚ ਆਉਂਦੀ ਹੈ ਤੇ ਸਾਰਾ ਖੇਤ ਵੀ ਇਸ ਦੀ ਮਾਰ ਹੇਠ ਆ ਸਕਦਾ ਹੈ। ਪੈਰਾਵਿਲਟ ਲਈ ਸਿਫ਼ਾਰਸ਼ ਕੋਬਾਲਟ ਕਲੋਰਾਈਡ ਦੀ ਸਪਰੇਅ ਦਾ ਇਸ ਉੱਪਰ ਅਸਰ ਨਹੀਂ ਹੁੰਦਾ।
ਲੱਛਣ: ਇਹ ਸਮੱਸਿਆ ਅਗਸਤ ਸਤੰਬਰ ਵਿਚ ਫੈਲਦੀ ਹੈ। ਇਨ੍ਹਾਂ ਮਹੀਨਿਆਂ ਵਿਚ ਸਹੀ ਸਮੇਂ ’ਤੇ ਬੀਜਿਆ ਨਰਮਾ ਫੁੱਲ ਤੇ ਟਿੰਡੇ ਬਣਨ ਦੀ ਸਟੇਜ ’ਤੇ ਹੁੰਦਾ ਹੈ। ਪੌਦੇ ਦੇ ਪੱਤੇ ਮੁਰਝਾ ਜਾਂਦੇ ਹਨ ਅਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਸੁੱਕੇ ਪੱਤੇ ਪੌਦੇ ਦੇ ਨਾਲ ਹੀ ਰਹਿੰਦੇ ਹਨ। ਪੱਤੇ ਸੁੱਕਣ ਕਰ ਕੇ, ਪੌਦੇ ਆਪਣੀ ਖ਼ੁਰਾਕ ਨਹੀਂ ਬਣਾ ਸਕਦੇ ਅਤੇ ਟਿੰਡੇ ਦਾ ਪੂਰਾ ਆਕਾਰ ਬਣਨ ਤੋਂ ਪਹਿਲਾਂ ਹੀ ਖਿੜ ਜਾਂਦੇ ਹਨ।
ਪੌਦੇ ਮੁਰਝਾਉਣ ਦੇ ਕਾਰਨ: ਬਹੁਤੇ ਬੀਟੀ ਹਾਈਬ੍ਰਿਡ ਜ਼ਿਆਦਾ ਖ਼ੁਰਾਕ ਦੀ ਮੰਗ ਵਾਲੇ ਹੁੰਦੇ ਹਨ ਅਤੇ ਇਸੇ ਕਰ ਕੇ ਮਾੜੀਆਂ ਜ਼ਮੀਨਾਂ ਵਿਚ ਇਨ੍ਹਾਂ ਦੀ ਕਾਸ਼ਤ ਪੱਤੇ ਮੁਰਝਾਉਣ ਅਤੇ ਸੁੱਕਣ ਦਾ ਕਾਰਨ ਹੋ ਸਕਦਾ ਹੈ। ਇਸ ਕਿਸਮ ਦੀ ਸਮੱਸਿਆ ਘੱਟ ਉਪਜਾਊ ਸ਼ਕਤੀ ਵਾਲੀ ਜ਼ਮੀਨ ਜਾਂ ਜਿੱਥੇ ਨਰਮੇ ਨੂੰ ਘੱਟ ਖ਼ੁਰਾਕੀ ਤੱਤ ਪਾਏ ਹੋਣ, ਆਉਣ ਦੇ ਆਸਾਰ ਹੁੰਦੇ ਹਨ।
ਨਰਮਾ ਸੁੱਕਣ ਦੀ ਸਮੱਸਿਆ ਕਈ ਕਾਰਨਾਂ ਕਰ ਕੇ ਹੋ ਸਕਦੀ ਹੈ। ਸਭ ਤੋਂ ਵੱਡਾ ਕਾਰਨ ਫੁੱਲ ਡੋਡੀਆਂ ਅਤੇ ਟਿੰਡਿਆਂ ਦਾ ਫ਼ਸਲ ਦੀ ਖ਼ੁਰਾਕੀ ਤੱਤਾਂ ਦੀ ਲੋੜ ’ਤੇ ਦਬਾਅ ਹੈ। ਬੂਟੇ ਮੁਰਝਾਉਣ ਦੀ ਸਮੱਸਿਆ ਉਨ੍ਹਾਂ ਬੀਟੀ ਹਾਈਬ੍ਰਿਡ ਕਿਸਮਾਂ ਵਿਚ ਜ਼ਿਆਦਾ ਦੇਖੀ ਗਈ ਹੈ ਜਿਹੜੇ ਇੱਕਦਮ ਫੁੱਲ ਚੁੱਕਦੇ ਹਨ। ਜ਼ਿਆਦਾ ਫੁੱਲ ਡੋਡੀ ਸੰਭਾਲਣ ਲਈ ਜ਼ਿਆਦਾ ਖ਼ੁਰਾਕ ਦੀ ਲੋੜ ਹੁੰਦੀ ਹੈ ਜਿਸ ਦੀ ਪੂਰਤੀ ਰੇਤਲੀ ਜਾਂ ਮਾੜੀ ਜ਼ਮੀਨ ਤੋਂ ਨਹੀਂ ਹੋ ਸਕਦੀ। ਕਈ ਕਿਸਾਨ ਪੋਟਾਸ਼ੀਅਮ ਨਾਈਟ੍ਰੇਟ ਅਤੇ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਸਮੇਂ ਸਿਰ ਜਾਂ ਪੂਰੀ ਮਾਤਰਾ ਵਿਚ ਕਰਨ ਤੋਂ ਰਹਿ ਜਾਂਦੇ ਹਨ। ਜ਼ਿਆਦਾਤਰ ਕਿਸਾਨ ਪੋਟਾਸ਼ੀਅਮ ਨਾਈਟ੍ਰੇਟ ਦੀਆਂ ਚਾਰ ਸਪਰੇਆਂ ਦੀ ਬਜਾਇ 2-3 ਸਪਰੇਆਂ ਕਰਦੇ ਹਨ, ਉਹ ਵੀ ਫੁੱਲ ਪੈਣ ’ਤੇ ਸ਼ੁਰੂ ਕਰਨ ਦੀ ਬਜਾਇ, ਟਿੰਡੇ ਬਣਨ ਵੇਲੇ ਜਾਂ ਟਿੰਡਿਆਂ ਦੇ ਖਿੜਾਅ ਵੇਲੇ ਕਰਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਮੁਤਾਬਿਕ ਰੇਤਲੇ ਜਾਂ ਘੱਟ ਜੈਵਿਕ ਮਾਦੇ ਵਾਲੇ ਖੇਤਾਂ ਵਿਚ ਨਰਮੇ ਨੂੰ 25 ਫ਼ੀਸਦੀ ਜ਼ਿਆਦਾ ਯੂਰੀਆ ਪਾਉਣੀ ਚਾਹੀਦੀ ਹੈ ਪਰ ਕਿਸਾਨ ਯੂਰੀਆ ਦੀ ਵਾਧੂ ਮਾਤਰਾ ਪਾਉਣ ਦੀ ਬਜਾਇ ਨਰਮੇ ਨੂੰ ਆਮ ਸਿਫ਼ਾਰਸ਼ ਨਾਲੋਂ ਵੀ ਘੱਟ ਪਾਉਂਦੇ ਹਨ। ਇਹ ਸਾਰੇ ਕਾਰਨਾਂ ਕਰ ਕੇ ਫ਼ਸਲ ਦੀ ਸਿਹਤ ਮਾੜੀ ਰਹਿੰਦੀ ਹੈ। ਕਈ ਵਾਰ ਖੇਤਾਂ ਵਿਚ ਪਾਏ ਜਾਣ ਵਾਲੇ ਕਮਜ਼ੋਰ ਉੱਲੀ ਦੇ ਕਣ ਵੀ ਨਰਮੇ ਦੇ ਬੂਟਿਆਂ ’ਤੇ ਹਮਲਾ ਕਰ ਦਿੰਦੇ ਹਨ। ਇਸ ਕਰ ਕੇ ਨਰਮੇ ਦੇ ਬੂਟਿਆਂ ਵਿਚਲੇ ਮਾਦੇ ਵਿਚ ਕਾਲੀਆਂ-ਭੂਰੀਆਂ ਧਾਰੀਆਂ ਪੈ ਜਾਂਦੀਆਂ ਹਨ। ਇਸ ਨਾਲ ਵੀ ਨਰਮੇ ਦੇ ਬੂਟੇ ਮੁਰਝਾਉਣੇ ਸ਼ੁਰੂ ਹੋ ਜਾਂਦੇ ਹਨ।
ਨਰਮਾ ਸੁੱਕਣ ਤੋਂ ਬਚਾਅ ਕਿਵੇਂ ਕਰੀਏ: ਬੀਟੀ ਹਾਈਬ੍ਰਿਡ ਦੀ ਚੋਣ: ਹਲਕੀਆਂ ਜ਼ਮੀਨਾਂ ਵਿਚ ਕਿਸਾਨਾਂ ਨੂੰ ਅਜਿਹੇ ਹਾਈਬ੍ਰਿਡਾਂ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ ਜਿਹੜੇ ਇਕਦਮ ਫੁੱਲ ਚੁੱਕਦੇ ਹਨ ਕਿਉਂਕਿ ਇਨ੍ਹਾਂ ਦੀ ਖ਼ੁਰਾਕੀ ਤੱਤਾਂ ਦੀ ਲ਼ੋੜ ਇਕਦਮ ਵਧ ਜਾਂਦੀ ਹੈ, ਜਿਸ ਦੀ ਪੂਰਤੀ ਜ਼ਮੀਨ ਵਿਚੋਂ ਨਹੀਂ ਹੋ ਸਕਦੀ। ਅਜਿਹੇ ਹਾਈਬ੍ਰਿਡ ਇਸ ਸਮੱਸਿਆ ਲਈ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਇਨ੍ਹਾਂ ਦੀ ਬਜਾਇ ਅਜਿਹੇ ਬੀਟੀ ਹਾਈਬ੍ਰਿਡ ਦੀ ਚੋਣ ਕਰਨੀ ਚਾਹੀਦੀ ਹੈ ਜੋ ਇਕਸਾਰ ਫੁੱਲ ਚੁੱਕਦੇ ਹਨ ਅਤੇ ਇਕਸਾਰ ਚੁਗਾਈ ਯੋਗ ਨਰਮਾ ਦਿੰਦੇ ਹਨ।
ਖਾਦਾਂ ਦੀ ਵਰਤੋਂ: ਪੋਟਾਸ਼ੀਅਮ ਖਾਦ (ਐੱਮਓਪੀ 20 ਕਿਲੋ/ਏਕੜ), ਜ਼ਿੰਕ ਸਲਫੇਟ 10 ਕਿਲੋ/ਏਕੜ ਨਰਮੇ ਦੀ ਬਿਜਾਈ ਤੋਂ ਪਹਿਲਾਂ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ 20 ਕਿਲੋ ਯੂਰੀਆ/ਏਕੜ ਦੀ ਖ਼ੁਰਾਕ ਹਲਕੀ ਜ਼ਮੀਨਾਂ ਵਿਚ ਨਰਮੇ ਦੀ ਬਿਜਾਈ ਤੋਂ ਪਹਿਲਾਂ ਪਾਉਣੀ ਚਾਹੀਦੀ ਹੈ। ਇਸ ਤੋਂ ਬਾਅਦ 90 ਕਿਲੋ ਯੂਰੀਆ ਪ੍ਰਤੀ ਏਕੜ ਦੋ ਬਰਾਬਰ ਕਿਸ਼ਤਾਂ ਵਿਚ ਪਾ ਦੇਣੀ ਚਾਹੀਦੀ ਹੈ, ਪਹਿਲੀ ਕਿਸ਼ਤ ਪਹਿਲੇ ਪਾਣੀ ਤੋਂ ਬਾਅਦ ਅਤੇ ਦੂਜੀ ਕਿਸ਼ਤ ਫੁੱਲ ਪੈਣ ’ਤੇ ਪਾਉਣੀ ਚਾਹੀਦੀ ਹੈ। ਹਲਕੀਆਂ/ਰੇਤਲੀਆਂ ਜ਼ਮੀਨਾਂ ਵਿਚ ਇਹ ਖਾਦ 3 ਜਾਂ 4 ਕਿਸ਼ਤਾਂ ਵਿਚ ਪਾਈ ਜਾ ਸਕਦੀ ਹੈ।
ਖ਼ੁਰਾਕੀ ਤੱਤਾਂ ਦੀ ਸਪਰੇਅ: ਨਰਮੇ ਨੂੰ ਪੋਟਾਸ਼ੀਅਮ ਨਾਈਟ੍ਰੇਟ (13-0-45) 2 ਕਿਲੋ ਪ੍ਰਤੀ ਏਕੜ ਦੀ ਸਪਰੇਅ ਫੁੱਲ ਪੈਣ ’ਤੇ ਸ਼ੁਰੂ ਕਰ ਕੇ, ਇਸ ਦੀਆਂ ਚਾਰ ਸਪਰੇਆਂ 7-10 ਦਿਨਾਂ ਦੇ ਵਕਫ਼ੇ ’ਤੇ ਕਰਨੀ ਚਾਹੀਦੀ ਹੈ। ਬੀਟੀ ਨਰਮੇ ਵਿਚ ਫੁੱਲ ਪੈਣ ਦੀ ਅਵਸਥਾ 75-80 ਦਿਨਾਂ ’ਤੇ ਹੁੰਦੀ ਹੈ ਪਰ ਕਿਸਾਨ ਆਮ ਤੌਰ ’ਤੇ 13-0-45 ਦਾ ਸਪਰੇਅ 90-100 ਦਿਨਾਂ ਦੀ ਫ਼ਸਲ ’ਤੇ ਸ਼ੁਰੂ ਕਰਦੇ ਹਨ ਜਿਸ ਸਮੇਂ ਨਰਮਾ ਟਿੰਡਿਆਂ ਦੇ ਵਿਕਾਸ ਜਾਂ ਖਿੜਾਅ ’ਤੇ ਹੁੰਦਾ ਹੈ। ਦੇਰੀ ਨਾਲ ਸਪਰੇਅ ਕਰਨਾ ਅਤੇ ਘੱਟ ਮਾਤਰਾ ਵਿਚ ਸਪਰੇਅ ਕਰਨ ਨਾਲ 13-0-45 ਦਾ ਪੂਰਾ ਫ਼ਾਇਦਾ ਨਹੀਂ ਮਿਲਦਾ। ਸਹੀ ਸਮੇਂ ਅਤੇ ਪੂਰੀ ਮਾਤਰਾ ਵਿਚ ਕੀਤੇ ਸਪਰੇਅ, ਨਰਮੇ ਲਈ ਲਾਭਕਾਰੀ ਹੁੰਦੇ ਹਨ। ਇਸ ਤੋਂ ਇਲਾਵਾ ਮੈਗਨੀਸ਼ੀਅਮ ਸਲਫੇਟ 1 ਕਿਲੋ ਪ੍ਰਤੀ ਏਕੜ ਦੀਆਂ ਦੋ ਸਪਰੇਆਂ 15-20 ਦਿਨਾਂ ਦੇ ਵਕਫ਼ੇ ’ਤੇ ਕਰਨੀ ਚਾਹੀਦੀ ਹੈ। ਇਸ ਦੀ ਪਹਿਲੀ ਸਪਰੇਅ ਟਿੰਡਿਆਂ ਦੇ ਵਿਕਾਸ ਦੀ ਸਟੇਜ ’ਤੇ ਕਰਨੀ ਚਾਹੀਦੀ ਹੈ ਜੋ ਬਿਜਾਈ ਤੋਂ ਕਰੀਬ 90-100 ਦਿਨਾਂ ’ਤੇ ਆਉਂਦੀ ਹੈ। ਇਹ ਸਪਰੇਅ ਨਰਮੇ ਦੇ ਪੱਤਿਆਂ ਨੂੰ ਝੁਲਸਣ ਤੋਂ ਬਚਾਉਂਦੀ ਹੈ ਤੇ ਪੱਤਿਆਂ ਵਿਚ ਹਰਾ ਮਾਦਾ ਦੇਰ ਤਕ ਰਹਿੰਦਾ ਹੈ। ਜ਼ਿਆਦਾ ਬਾਰਸ਼ਾਂ ਪੈਣ ਦੀ ਸੂਰਤ ਵਿਚ ਕਈ ਵਾਰ ਨਾਈਟ੍ਰੋਜਨ ਦੀ ਘਾਟ ਕਾਰਨ ਵੀ ਪੱਤੇ ਪੀਲੇ ਪੈਂਦੇ ਹਨ। ਇਸ ਦਾ ਉਪਚਾਰ 2% ਯੂਰੀਆ ਦੀ ਸਪਰੇਅ (2 ਕਿਲੋ 100 ਲੀਟਰ ਪਾਣੀ ਵਿਚ) ਕਰ ਕੇ ਕੀਤਾ ਜਾ ਸਕਦਾ ਹੈ।
ਉੱਲੀਨਾਸ਼ਕ ਦੀ ਵਰਤੋਂ: ਉੱਲੀ ਦੇ ਹਮਲੇ ਕਾਰਨ ਪੌਦਿਆਂ ਦੇ ਵਿਚਲੇ ਮਾਦੇ ’ਤੇ ਕਾਲੀਆਂ-ਭੂਰੀਆਂ ਧਾਰੀਆਂ ਨਜ਼ਰ ਆਉਂਦੀਆਂ ਹਨ। ਇਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਾਰਬੈਂਡਾਜ਼ਿਮ 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਨਰਮੇ ਦੇ ਪੌਦੇ ਦੀਆਂ ਜੜ੍ਹਾਂ ਦੀ ਡਰੈਂਚਿੰਗ ਕਰਨੀ ਚਾਹੀਦੀ ਹੈ। ਇਹ ਇਲਾਜ ਬਿਮਾਰੀ ਤੋਂ ਪ੍ਰਭਾਵਿਤ ਖੇਤਾਂ ਵਿਚ ਮੀਂਹ ਦੇ ਮੌਸਮ ਦੇ ਦੌਰਾਨ ਹਰ 15 ਦਿਨਾਂ ’ਤੇ ਕਰਨਾ ਚਾਹੀਦਾ ਹੈ। ਮਿੱਟੀ ਵਿਚ ਪਾਈ ਜਾਣ ਵਾਲੀ ਉੱਲੀ ਦੇ ਜਰਾਸੀਮਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ, ਸੋ ਕਿਸਾਨਾਂ ਨੂੰ ਅਜਿਹੇ ਬੀਟੀ ਹਾਈਬ੍ਰਿਡ ਇਨ੍ਹਾਂ ਖੇਤਾਂ ਵਿਚ ਬੀਜਣੇ ਚਾਹੀਦੇ ਹਨ ਜਿਹੜੇ ਇਸ ਸਮੱਸਿਆ ਲਈ ਸੰਵੇਦਨਸ਼ੀਲ ਨਾ ਹੋਣ।
*ਡਾ. ਜੇਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ।