ਕਮਲੇਸ਼ ਉੱਪਲ
ਸਾਡੇ ਸਮਿਆਂ ਵਿਚ ਪੱਲ੍ਹਰ ਰਹੇ ਵਪਾਰ ਅਤੇ ਬਾਜ਼ਾਰ ਦੀ ਮਹਿਮਾ ਦਾ ਕੋਈ ਅੰਤ ਨਹੀਂ। ਸਮਾਜਿਕ ਪ੍ਰਾਣੀ ਦੀਆਂ ਤਿੰਨ ਬੁਨਿਆਦੀ ਲੋੜਾਂ ਹਨ- ਸਿਹਤ, ਸਿੱਖਿਆ ਅਤੇ ਰੁਜ਼ਗਾਰ। ਲੋਕ-ਸਿਆਣਪ ’ਤੇ ਅਧਾਰਤ ਕੁੱਲੀ-ਗੁੱਲੀ-ਜੁੱਲੀ ਅਤੇ ਰੋਟੀ-ਕੱਪੜਾ-ਮਕਾਨ ਵਰਗੇ ਸ਼ਬਦ-ਸਮੂਹ ਵੀ ਇਸ ਪ੍ਰਸੰਗ ਵਿਚ ਆਪਣੀ ਖ਼ਾਸ ਪਛਾਣ ਰੱਖਦੇ ਹਨ। ਅਜੋਕੀ ਜੀਵਨ ਜਾਚ ਵਿਚ ਇਨ੍ਹਾਂ ਬੁਨਿਆਦੀ ਲੋੜਾਂ ਵਿਚੋਂ ਮਨੁੱਖ ਦੀ ਸਿਹਤ ਹੱਦੋਂ ਵੱਧ ਤਰਜੀਹ ਹਾਸਲ ਕਰ ਚੁੱਕੀ ਹੈ ਕਿਉਂਕਿ ਸਿਹਤ ਨਾਲ ਖਾਣ-ਪੀਣ ਵੀ ਜੁੜਿਆ ਹੈ। ਨਾਲ ਹੀ ਪ੍ਰਾਈਵੇਟ ਖੇਤਰ ਵਿਚ ਹਸਪਤਾਲਾਂ, ਡਾਕਟਰੀ ਸਹੂਲਤਾਂ ਅਤੇ ਦਵਾਈਆਂ ਬਣਾਉਣ ਵਾਲੀਆਂ ਫਾਰਮੇਸੀ ਕੰਪਨੀਆਂ ਦੀ ਭਰਮਾਰ ਹੋ ਗਈ ਹੈ। ਟੀਵੀ ਚੈਨਲਾਂ ’ਤੇ ਦਵਾਈਆਂ ਨਾਲ ਮਸਾਲਿਆਂ ਦੀ ਵਰਤੋਂ ਲਈ ਪ੍ਰੇਰਦੇ ਇਸ਼ਤਿਹਾਰਾਂ ਦਾ ਮੇਲਾ ਲੱਗਿਆ ਰਹਿੰਦਾ ਹੈ। ਦਵਾਈਆਂ ਤੇ ਮਸਾਲਿਆਂ ਦਾ ਹੁਣ ਬਾਜ਼ਾਰ ਵਿਚ ਚਲਦੇ ਇਕੋ ਸਿੱਕੇ ਦੇ ਦੋ ਪਾਸਿਆਂ ਵਰਗਾ ਸਾਥ ਹੈ। ਹੁਣ ‘ਜੱਗ ਭਾਉਂਦਾ ਹੰਢਾਈਏ ਤੇ ਮਨ ਭਾਉਂਦਾ ਖਾਈਏ’ ਵਾਲੀਆਂ ਗੱਲਾਂ ਨਹੀਂ ਰਹੀਆਂ।
ਤੁਸੀਂ ਕੀ ਖਾਣਾ ਹੈ, ਇਹ ਫ਼ੈਸਲਾ ਇਸ਼ਤਿਹਾਰਬਾਜ਼ੀ ਕਰਦੀ ਹੈ। ਇਹ ਕਹਿੰਦੀ ਜਾਪਦੀ ਹੈ ਕਿ ਪਹਿਲਾਂ ਬਹੁਤਾ ਖਾਓ, ਫਿਰ ਬਹੁਤੇ ਨੂੰ ਪਚਾਉਣ ਲਈ ਪਚਮੀਨੇ ਖਾਓ (ਮੁਲਤਾਨੀ ਪਚਮੀਨਾ) ਤੇ ‘ਈਨੋ ਲੋ’ (ਲਓ) ਦੀ ਦੁਹਾਈ ਪੈਂਦੀ ਹੈ। ਖਾਣ ਜਾਂ ਪੀਣ ਵਾਲੇ ਹਰ ਉਤਪਾਦ ਦੀ ਪੈਕਿੰਗ ਉਤੇ ਖ਼ੂਬਸੂਰਤ ਅੰਦਾਜ਼ ਵਿਚ ਵੇਰਵਿਆਂ ਸਹਿਤ ਜਾਣਕਾਰੀ ਛਾਪੀ ਜਾਂਦੀ ਹੈ। ਹਰ ਉਤਪਾਦ ਬੰਡਲਾਂ ਦੇ ਹਿਸਾਬ ਇਹ ਕਹਿ ਕੇ ਵੇਚਿਆ ਜਾਂਦਾ ਹੈ- ‘ਬਾਇ ਥ੍ਰੀ ਗੈੱਟ ਵਨ ਫ੍ਰੀ’ ਜਾਂ ‘ਬਾਇ ਵਨ ਗੈੱਟ ਵਨ ਫ੍ਰੀ’। ਇਹ ਬਾਜ਼ਾਰ ਦੀਆਂ ਰਿਉੜੀਆਂ ਹਨ। ਅਜੋਕੇ ਹਕੂਮਤੀ ਢਾਂਚੇ ਵਿਚ ਉਂਗਲੀਆਂ ਚੁੱਕ ਚੁੱਕ ਭਾਸ਼ਣ ਦੇਣ ਵਾਲਿਆਂ ਦਾ ਧਿਆਨ ਇਹਨਾਂ ਰਿਉੜੀਆਂ ਵੱਲ ਨਹੀਂ ਜਾਂਦਾ ਕਿਉਂਕਿ ਇਸ ਰਿਉੜੀ-ਵੰਡ ਦੀ ਰਵਾਇਤ ਜਾਂ ਵਿਉਂਤ ਦਾ ਸਬੰਧ ਵੋਟਾਂ ਜਾਂ ਵਿਰੋਧੀ ਧਿਰ ਨਾਲ ਨਹੀਂ ਹੈ। ਇਹ ਨਿਰੋਲ ਵਪਾਰਕ ਜਾਂ ਬਾਜ਼ਾਰੀ ਮਾਮਲਾ ਹੈ ਜਿਸ ਅਧੀਨ ਤੁਹਾਨੂੰ ਉਹ ਸਾਰਾ ਕੁਝ ਖੁਆਉਣਾ ਅਤੇ ਪਹਿਨਾਉਣਾ ਹੈ ਜਿਸ ਦਾ ਕਿਆਸ ਵੀ ਤੁਸੀਂ ਕਦੇ ਨਹੀਂ ਕੀਤਾ ਹੋਣਾ। ਹੁਣ ਹਰ ਚੀਜ਼ ਡਿਜ਼ਾਈਨਰ ਹੈ। ਵਿਆਹ ਮੰਗਣੇ ਦੇ ਸੂਟਾਂ, ਲਹਿੰਗਿਆਂ, ਸਾੜ੍ਹੀਆਂ, ਸ਼ੇਰਵਾਨੀਆਂ, ਜੈਕਟਾਂ, ਕੁੜਤਿਆਂ ਤੋਂ ਲੈ ਕੇ ਸਰਕਾਰੀ ਮੀਟਿੰਗਾਂ, ਸਮਾਗਮਾਂ ਲਈ ਕੀਤੀ ਫੁੱਲਾਂ ਦੀ ਸਜਾਵਟ ਵਿਚ ਵੀ ਡਿਜ਼ਾਈਨਿੰਗ ਆਪਣਾ ਰੰਗ ਦਿਖਾਉਂਦੀ ਹੈ।
ਬਾਜ਼ਾਰ ਦੀ ਵੱਡੀ ਖ਼ਾਸੀਅਤ ਹੈ ਕਿ ਇਹ ਝੂਠ ਉਤੇ ਸੱਚ ਦਾ ਮੁਲੰਮਾ ਚਾੜ੍ਹ ਦਿੰਦਾ ਹੈ। ਬਾਜ਼ਾਰ ਦੀ ਇਸ ਭਾਸ਼ਾ ਦਾ ਗ਼ਲਬਾ ਸਾਡੀ ਜ਼ਿੰਦਗੀ ’ਤੇ 60-70 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ। ਇਹ ਉਦੋਂ ਦੀਆਂ ਗੱਲਾਂ ਹਨ ਜਦੋਂ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਦੇ ਅਖ਼ੀਰ ਵਿਚ 90 ਪੈਸੇ, 95 ਪੈਸੇ ਜਾਂ 99 ਪੈਸੇ ਲਿਖੇ ਜਾਣ ਲੱਗੇ; ਭਾਵ ਇਹ ਸੀ ਕਿ ਖਰੀਦਣ ਵਾਲਾ 49 ਰੁਪਏ 95 ਪੈਸੇ ਪੜ੍ਹ ਕੇ ਇਹ ਸੋਚਗਾ ਕਿ ਕੀਮਤ 50 ਰੁਪਏ ਤੋਂ ਥੱਲੇ ਹੈ। ਅਖ਼ੀਰਲੇ ਰੁਪਏ ਨੂੰ ਪੈਸਿਆਂ ਵਿਚ ਦਰਸਾਉਣਾ ਖਰੀਦਾਰ ਦੀ ਚੇਤਨਾ ਨੂੰ ਭਰਮਾਉਣ ਵਾਲੀ ਗੱਲ ਹੈ। ਇਹ ਰਵਾਇਤ ਜਾਰੀ ਰਹੇਗੀ। ‘ਬਾਇ ਥ੍ਰੀ ਗੈੱਟ ਵਨ ਫ੍ਰੀ’ ਆਦਿ ਇਸੇ ਸੱਚੇ ਝੂਠ ਦੀਆਂ ਲਗਰਾਂ ਹਨ।
ਫੇਰੀ, ਫੜ੍ਹੀ, ਹਾਟ ਤੋਂ ਲੈ ਕੇ ਮੌਲ ਤਕ ਦੇ ਸਫ਼ਰ ਨੂੰ ਬਾਜ਼ਾਰ ਨੇ ਪਿਛਲੇ ਡੇਢ ਕੁ ਦਹਾਕੇ ਵਿਚ ਬੇਹੱਦ ਤੇਜ਼ੀ ਨਾਲ ਤੈਅ ਕੀਤਾ ਹੈ। ਹੁਣ ‘ਘਰ ਬੈਠੇ ਹੀ ਪਾਓ’ ਵਾਲੇ ‘ਆਨਲਾਈਨ’ ਬਾਜ਼ਾਰ ਨੇ ਪੈਸੇ ਵਾਲਿਆਂ ਦੀਆਂ ਪੌ-ਬਾਰਾਂ ਕਰ ਦਿੱਤੀਆਂ ਹਨ।
ਹੁਣ ਬਾਜ਼ਾਰ ਘਰ ਬੈਠਿਆਂ ਨੂੰ ਹੀ ਆ ਮਿਲਦਾ ਹੈ। ਕਦੇ ਸਮਾਂ ਸੀ, ਘਰ ਦਾ ਮਾਲਕ ਨੌਕਰੀ ਜਾਂ ਚਾਕਰੀ ਦੇ ਚੱਕਰ ਵਿਚ ਘਰੋਂ ਬਾਹਰ ਕਮਾਉਣ ਜਾਣ ਲਗਦਾ ਤਾਂ ਘਰੋਂ ਸਿਫ਼ਾਰਿਸ਼ਾਂ ਹੁੰਦੀਆਂ- “ਸਾਡੇ ਲਈ ਕੀ ਲਿਆਉਂਗੇ ਸੁਗਾਤ/ਮੇਰੇ ਲਈ ਚੁੰਨੀ ਲਿਆਓ ਚੁੰਨੀ ਝੱਗਾ ਲਿਆਓ, ਮੇਰੀ ਨਣਦ ਲਈ ਸੂਟ ਲਾਲ, ਓ ਬੀਬਾ”। ਕਦੇ ਜ਼ਮਾਨੇ ਇੰਨੇ ਸਸਤੇ ਵੀ ਸਨ ਕਿ ਇਕ ਪੈਸੇ ਨਾਲ ਵਣਜ (ਵਪਾਰ) ਕਰਨ ਗਿਆ ਬੰਦਾ ਧੇਲਾ ਬਚਾ ਵੀ ਲੈਂਦਾ ਸੀ। ਇਕ ਲੋਕ ਗੀਤ ਦੀਆਂ ਤੁਕਾਂ ਇੰਝ ਹਨ- “ਲੈ ਜਾਇਓ ਇਕ ਪੈਸਾ/ਆਪਣੀ ਬੰਸਰੀ ਮੇਰੀਆਂ ਚੂੜੀਆਂ, ਕਾਕੇ ਦਾ ਛਣਕਣਾ ਰੱਖ ਕੇ ਗੱਡੀ ਵਿਚ/ਆਪ ਗੱਡੀ ਚੜ੍ਹ ਆਇਓ ਜੀ/ਇਕ ਪੈਸਾ… ਧੇਲਾ ਮੋੜ ਲਿਆਓ ਜੀ ਇਕ ਪੈਸਾ…।”
ਨਵੇਂ ਅਰਥਚਾਰੇ ਵਿਚ ਸਭ ਕੁਝ ਸੌਖਾ ਹੋ ਗਿਆ ਹੈ। ਕ੍ਰੈਡਿਟ ਕਾਰਡ ਨੇ ਖਪਤਕਾਰਾਂ ਦੀਆਂ ਮੌਜਾਂ ਕਰ ਦਿੱਤੀਆਂ ਹਨ। ਸਿਰਫ਼ ਉਹ ਸੱਤਰ ਫ਼ੀਸਦ (ਜਾਂ ਇਸ ਤੋਂ ਵੀ ਵੱਧ) ਗ਼ਰੀਬ ਰਹਿ ਗਏ ਹਨ ਜਿਹੜੇ ਐਸ਼ਪ੍ਰਸਤ ਜ਼ਿੰਦਗੀ ਦੀ ਰੀਸ ਕਰਨ ਲਈ ਤਰਸਦੇ ਖ਼ੁਦਕੁਸ਼ੀਆਂ ਕਰਨ ਲੱਗ ਪੈਂਦੇ ਹਨ। ਬਾਜ਼ਾਰ ਦੀਆਂ ਮੌਜਾਂ ਮਾਣਦੇ 20-30 ਫ਼ੀਸਦ ਬੰਦਿਆਂ ਦਾ ਇਹਨਾਂ ਗਰੀਬਾਂ ਵੱਲ ਕਦੇ ਧਿਆਨ ਨਹੀਂ ਜਾਂਦਾ।
ਤਿਉਹਾਰਾਂ ਦੇ ਮੌਸਮ ਵਿਚ ਖਪਤਵਾਦੀ ਮੰਡੀ ਦੀ ਚੜ੍ਹਤ ਹੁੰਦੀ ਹੈ। ਅਖ਼ਬਾਰਾਂ ’ਚ ਇਸ਼ਤਿਹਾਰਾਂ ਦੀ ਸੁਖ਼ਨਬਾਜ਼ੀ ਮੱਲੋਮੱਲੀ ਖਪਤਕਾਰਾਂ ਦਾ ਧਿਆਨ ਖਿੱਚਦੀ ਹੈ। ਜਿਹਨਾਂ ਕੋਲ ਪੈਸਾ ਹੈ, ਉਹਨਾਂ ਨੂੰ ਬਾਜ਼ਾਰ ’ਵਾਜਾਂ ਮਾਰ ਕੇ ਕਹਿੰਦਾ ਹੈ- “ਰਾਜਿਆਂ ਵਾਂਗ ਸੌਵੋਂ (ਸਲੀਪ ਲਾਈਕ ਅ ਕਿੰਗ) ਤੇ ਰਾਣੀਆਂ ਵਾਂਗ ਖ਼ਰੀਦਾਰੀ ਕਰੋ (ਸ਼ੌਪ ਲਾਈਕ ਅ ਕੁਈਨ) ਲੱਖ ਦੇ ਕਰੀਬ ਦੀ ਵਸਤ ਖ਼ਰੀਦੋਗੇ ਤਾਂ ਕਈ ਹਜ਼ਾਰਾਂ ਦੇ ਤੋਹਫੇ ਮਿਲਣਗੇ।” ਇਸ਼ਤਿਹਾਰ ਮੋਟੇ ਮੋਟੇ ਰੰਗਦਾਰ ਰਬਿਨਾਂ ਵਿਚ ਬੰਨ੍ਹੀਆਂ ਗਿਫਟ ਪੈਕਿੰਗਾਂ ਤੁਹਾਡਾ ਮਨ ਮੋਹਣ ਲਈ ਦਿਖਾ ਰਿਹਾ ਹੈ। ਇੰਝ ਹੀ ਫੁੱਲ ਬੌਡੀ ਚੈੱਕਅਪ ਦੇ ਇਸ਼ਤਿਹਾਰ 5000 ਦੀ ਐੱਮਆਰਪੀ ਉਤੇ ਕਾਟਾ ਮਾਰਦੇ ਹੋਏ ਸਿਰਫ਼ 1195 ਰੁਪਏ ਵਿਚ ਕੰਮ ਸਾਰਨ ਦੀ ਪੇਸ਼ਕਸ਼ ਕਰਦੇ ਹਨ। ਕਮਲਾ ਹੋਇਆ ਮਨੁੱਖੀ ਮਨ ਇਹਨਾਂ ਸਿਹਤ-ਸੌਦਿਆਂ ਵਿਚ ਉਲਝ ਕੇ ਇਕ ਜਾਂ ਇਕ ਤੋਂ ਵੱਧ ਬਿਮਾਰੀਆਂ ਦੇ ਵਹਿਮ ਦਾ ਸ਼ਿਕਾਰ ਹੋਣ ਦੀ ਰਾਹੇ ਪੈ ਹੀ ਜਾਂਦਾ ਹੈ। ਹੁਣ ਸਾਡਾ ਸਰੀਰ ਹੀ ਸਮਝੋ ਬਾਜ਼ਾਰ ਨੇ ਖਰੀਦ ਲਿਆ ਹੈ। ਐਨੇ ਖਰਚੋ, ਐਨੇ ਪਾਓ, ਐਨੇ ਬਚਾਓ। ਸਾਡੇ ਚਾਰੇ ਪਾਸੇ ਅੰਕੜੇ ਹਨ। ਹਰ ਕੋਈ ਅੰਕੜਾ ਬਣ ਕੇ ਰਹਿ ਗਿਆ ਹੈ। ਮੁਨਾਫ਼ਾਖੋਰੀ ਦਾ ਦੂਜਾ ਨਾਂ ਬਾਜ਼ਾਰ ਹੈ। ਵੱਧ ਮੁਨਾਫ਼ੇ ਲਈ ਚੀਜ਼ਾਂ ਵਿਚ ਮਿਲਾਵਟ ਹੁੰਦੀ ਹੈ। ਖਪਤਕਾਰ ਦੀ ਜਾਨ ਦੀ ਪਰਵਾਹ ਕੀਤੇ ਬਿਨਾ ਘਟੀਆ ਤੇ ਨੁਕਸਾਨਦਾਇਕ ਸਮੱਗਰੀ ਜਾਂ ਰਸਾੲਣਿ ਵਰਤ ਕੇ ਦਵਾਈਆਂ ਗ਼ਰੀਬ ਮੁਲਕਾਂ ਨੂੰ ਸਪਲਾਈ ਕਰਨ ਵਾਲਾ ਇਹ ਬਾਜ਼ਾਰ ਹੀ ਤਾਂ ਹੈ। ਮੁਨਾਫ਼ਾਖੋਰ ਬਾਜ਼ਾਰ ਦੀ ਮਾਰ ਗ਼ਰੀਬਾਂ ਨੂੰ ਹੀ ਝੱਲਣੀ ਪੈਂਦੀ ਹੈ। ਕੁਦਰਤੀ ਸੋਮਿਆਂ ਨੂੰ ਹਰ ਹੀਲੇ ਤੇਜ਼ੀ ਨਾਲ ਨਿਗਲ ਰਿਹਾ ਵਿਕਾਸ ਵਿਨਾਸ਼ ਦੀ ਰਾਹ ’ਤੇ ਪਈ ਝੂਠੀ ਚਕਾਚੌਂਧ ਦਾ ਨਾਂ ਹੈ। ਜਮਹੂਰੀਅਤ ਵਿਚ ਜੀ ਰਹੇ ਹਰ ਸ਼ਖ਼ਸ ਲਈ ਬਾਜ਼ਾਰ ਦੀ ਤਾਕਤ ਦੀ ਅਸਲੀਅਤ ਨੂੰ ਸਮਝਣਾ ਜ਼ਰੂਰੀ ਹੈ।
ਮੰਡੀ ਦੀ ਤਹਿਜ਼ੀਬ ਗੁੱਝੀ ਅਤੇ ਖਚਰੀ ਹੈ। ਹੱਥੀਂ ਫੜੇ ਸਵਾਗਤਮ ਦੇ ਗੁਲਦਸਤੇ ਅੰਦਰ ਛੁਪੀ ਇਸ ਤਹਿਜ਼ੀਬ ਦੀ ਛੁਰੀ ਜੇਬਾਂ ਕਤਰਨ ਲਈ ਹੈ। ਮੰਡੀ ਦੀ ਨੈਤਿਕਤਾ ਕੋਈ ਨਹੀਂ। ਇਸ ਨੇ ਮਨੁੱਖੀ ਸਭਿਅਤਾ ਦੇ ਮਿਆਰ ਹੀ ਬਦਲ ਕੇ ਰੱਖ ਦਿੱਤੇ ਹਨ। ਜਦੋਂ ਤਕ ਮੰਡੀ ਦੇ ਵਿਹਾਰ ਵਤੀਰੇ ਨਾਲ ਨੈਤਿਕ ਮੁੱਲ ਨਹੀਂ ਜੋੜੇ ਜਾਣਗੇ, ਇਸ ਬੇਕਿਰਕ ਵਪਾਰਕ ਵਰਤਾਰੇ ਦੀ ਚੜ੍ਹਤ ਮਿਥਿਹਾਸਕ ਪਾਤਰ ਭਸਮਾਸੁਰ ਦੇ ਫੈਲਾਏ ਹੱਥ ਵਾਂਗ ਹਰ ਸਭਿਅਕ ਮੁੱਲ ਨੂੰ ਭਸਮ ਕਰ ਦੇਣ ਲਈ ਉਤਾਰੂ ਰਹੇਗੀ। ਇਸ ਤੋਂ ਪਹਿਲਾਂ ਕਿ ਬਾਜ਼ਾਰ ਦੀ ਬਸਤੀ ਇਨਸਾਨ ਦੀ ਹਸਤੀ ਉਤੇ ਆਪਣੀਆਂ ਜੜ੍ਹਾਂ ਜਮਾ ਲਵੇ, ਸਮਾਜ ਵਿਚ ਸਾਰੀਆਂ ਸ਼ਕਤੀਆਂ ਜੁਟ ਕੇ ਇਸ ਨੂੰ ਨੱਥ ਪਾਉਣ ਲਈ ਕੋਈ ਹੀਲਾ ਕਰਨ। ਇਸ ਵਿਚ ਹੀ ਮਨੁੱਖਤਾ ਦੀ ਖ਼ੈਰ ਹੈ।
ਸੰਪਰਕ: 98149-02564