ਕੁਪੋਸ਼ਣ ਨਾਲ ਜੁੜੇ ਸਵਾਲ ਅਤੇ ਬਿਮਾਰੀਆਂ ਦੀ ਮਾਰ

ਕੁਪੋਸ਼ਣ ਨਾਲ ਜੁੜੇ ਸਵਾਲ ਅਤੇ ਬਿਮਾਰੀਆਂ ਦੀ ਮਾਰ

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

ਸਿਹਤ ਅਤੇ ਬਿਮਾਰੀ ਦੇ ਮਸਲੇ ਨੂੰ ਲੈ ਕੇ ਜਦੋਂ ਕਿਸੇ ਡਾਕਟਰ, ਡਿਸਪੈਂਸਰੀ ਜਾਂ ਹਸਪਤਾਲ ਤੱਕ ਪਹੁੰਚ ਹੁੰਦੀ ਹੈ ਤਾਂ ਪਰਚੀ ਤੇ ਲਿਖਿਆ ਹੁੰਦਾ ਹੈ: ਪੇਟ, ਫੇਫੜੇ, ਦਿਲ, ਗੁਰਦੇ ਆਦਿ ਦੀ ਖਰਾਬੀ ਜਾਂ ਉਸ ਦੇ ਤਹਿਤ ਕੋਈ ਬਿਮਾਰੀ। ਬਹੁਤੀ ਵਾਰੀ ਉਸ ਬਿਮਾਰੀ ਦੀ ਤਹਿ ਤੱਕ ਨਹੀਂ ਜਾਇਆ ਜਾਂਦਾ, ਬਿਮਾਰੀ ਨੂੰ ਦਵਾਈਆਂ ਨਾਲ ਜੋੜ ਕੇ ਇਲਾਜ ਦੀ ਸ਼ੁਰੂਆਤ ਹੋ ਜਾਂਦੀ ਹੈ। ਡਾਕਟਰੀ ਦੀ ਪੜ੍ਹਾਈ ਇਹੀ ਸਿਖਾਉਂਦੀ ਹੈ ਤੇ ਮਰੀਜ਼ ਦੀ ਮਾਨਸਿਕਤਾ ਵੀ ਇਥੋਂ ਤਕ ਸੀਮਤ ਕਰ ਦਿੱਤੀ ਗਈ ਹੈ ਕਿ ਉਹ ਵਾਰ ਵਾਰ ਬਿਮਾਰ ਹੋਣ ਦੇ ਬਾਵਜੂਦ ਡਾਕਟਰ ਨੂੰ ਇਹ ਸਵਾਲ ਨਹੀਂ ਕਰਦਾ ਕਿ ਮੈਨੂੰ ਕੋਈ ਪੱਕਾ ਇਲਾਜ ਦੱਸੋ; ਕੋਈ ਅਜਿਹੇ ਢੰਗ ਤਰੀਕਾ ਕਿ ਹੁਣ ਬਿਮਾਰ ਹੋਵਾਂ ਹੀ ਨਾ।

ਮਾਹਿਰਾਂ ਦੀ ਖੋਜਾਂ ਮੁਤਾਬਕ ਜਦੋਂ ਵੀ ਕੋਈ ਮੁਲਕ ਸਿਹਤ ਹਾਲਾਤ ਬਾਰੇ ਕੋਈ ਯੋਜਨਾ ਜਾਂ ਪ੍ਰੋਗਰਾਮ ਬਣਾਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇਹ ਜਾਨਣ ਦਾ ਇੱਛੁਕ ਹੁੰਦਾ ਹੈ ਕਿ ਮੁਲਕ ਵਿਚ ਕਿਹੜੀਆਂ ਕਿਹੜੀਆਂ ਸਿਹਤ ਸਮੱਸਿਆਵਾਂ ਹਨ ਤੇ ਫਿਰ ਮੁਲਕ ਦੀ ਆਰਥਿਕ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਸਮੱਸਿਆਵਾਂ ਦੀ ਸੂਚੀ ਪਹਿਲ ਦੇ ਆਧਾਰ ਤੇ ਬਣਾਉਂਦਾ ਹੈ, ਜਿਵੇਂ ਸਾਡੇ ਮੁਲਕ ਵਿਚ ਕਦੇ ਟੀਬੀ ਅਤੇ ਮਲੇਰੀਆ ਹੁੰਦੇ ਸੀ, ਫਿਰ ਸ਼ੂਗਰ ਰੋਗ, ਦਿਲ ਦੀਆਂ ਬਿਮਾਰੀਆਂ, ਕੈਂਸਰ ਆ ਗਏ। ਜਦੋਂ ਵੀ ਇਹ ਤੈਅ ਹੁੰਦਾ ਹੈ, ਉਦੋਂ ਦੇਖਿਆ ਜਾਂਦਾ ਹੈ ਕਿ ਕਿਸ ਬਿਮਾਰੀ ਦੀ ਮੌਤ ਦਰ ਵੱਧ ਹੈ ਜਾਂ ਕਿਹੜੀ ਬਿਮਾਰੀ ਹੋਣ ਮਗਰੋਂ ਸਰੀਰ ਨੂੰ ਨੁਕਸਾਨ ਕਰ ਜਾਂਦੀ ਹੈ; ਜਿਵੇਂ ਟੈਟਨਸ ਦੀ ਮੌਤ ਦਰ ਤਕਰੀਬਨ ਸੌ ਫੀਸਦੀ ਹੈ ਤੇ ਖਸਰੇ ਨਾਲ ਠੀਕ ਹੋ ਕੇ ਵੀ ਬੱਚਾ ਅਪਾਹਿਜ ਜੀਵਨ ਜੀਣ ਦੇ ਕਿਨਾਰੇ ਹੁੰਦਾ ਹੈ।

ਸਿਹਤ ਮਾਹਿਰਾਂ ਨੇ ਇਸ ਪੱਖ ਤੋਂ ਵਿਚਾਰਿਆ ਤਾਂ ਇਸ ਨਤੀਜੇ ਤੇ ਪਹੁੰਚੇ ਕਿ ਕੁਪੋਸ਼ਣ ਦੀ ਹਾਲਤ ਨੂੰ ਸਭ ਤੋਂ ਪਹਿਲਾਂ ਨਜਿੱਠਣਾ ਚਾਹੀਦਾ ਹੈ। ਕੁਪੋਸ਼ਣ ਕਾਰਨ ਅਨੇਕਾਂ ਬਿਮਾਰੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਹਾਲਾਤ ਵਿਚ ਬੰਦੇ ਨੂੰ ਕਾਫੀ ਦਿਨ ਬਿਮਾਰੀਆਂ ਜਾਂ ਕਿਸੇ ਤਕਲੀਫ ਵਿਚ ਲੰਘਾਉਣੇ ਪੈਂਦੇ ਹਨ।

ਕੁਪੋਸ਼ਣ ਦਾ ਸਾਧਾਰਨ ਜਿਹੇ ਸ਼ਬਦਾਂ ਵਿਚ ਸਹੀ ਅਰਥ ਹੈ, ਖੁਰਾਕ ਵਿਚ ਵਿਗਾੜ ਜਾਂ ਬੇਤਰਤੀਬੀ, ਜਦੋਂਕਿ ਇਸ ਨੂੰ ਖੁਰਾਕ ਦੀ ਘਾਟ ਵਜੋਂ ਪ੍ਰਚਾਰਿਆ ਜਾਂਦਾ ਹੈ। ਸਾਡੇ ਮੁਲਕ ਦੇ ਪੱਖ ਤੋਂ ਇਹ ਸਹੀ ਹੈ ਕਿ ਇਥੇ ਖੁਰਾਕ ਦੀ ਘਾਟ ਨਾਲ ਜੀਣ ਵਾਲੇ ਲੋਕਾਂ, ਖਾਸਕਰ ਬੱਚਿਆਂ ਦੀ ਗਿਣਤੀ ਬਹੁਤ ਵੱਧ ਹੈ। ਕੁਪੋਸ਼ਣ ਦੇ ਵਿਸ਼ਾਲ ਅਰਥ ਹਨ: ਘੱਟ ਖੁਰਾਕ, ਲੋੜ ਤੋਂ ਵੱਧ ਖੁਰਾਕ, ਲੋਂੜੀਦੇ ਤੱਤਾਂ ਦਾ ਸੰਤੁਲਨ ਤੇ ਅਨੁਪਾਤ ਨਾ ਹੋਣਾ।

ਸਾਡੇ ਮੁਲਕ ਵਿਚ ਖੁਰਾਕ ਦੀ ਘਾਟ ਵੱਡੇ ਪੱਧਰ ਤੇ ਹੈ, ਇਸ ਕਰਕੇ ਕੁਪੋਸ਼ਣ ਦਾ ਮਤਲਬ ਇਹੀ ਸਮਝਿਆ ਜਾਂਦਾ ਹੈ। ਮੁਲਕ ਅੰਦਰ ਪੰਜ ਸਾਲ ਤੋਂ ਛੋਟੇ ਬੱਚਿਆਂ ਵਿਚ ਘੱਟ ਭਾਰ ਵਾਲੇ ਬੱਚਿਆਂ ਦੀ ਦਰ 44 ਫੀਸਦ ਹੈ। ਗਿੱਠੇ (ਕਦ ਘੱਟ) ਬੱਚੇ 38 ਫੀਸਦ ਹਨ। ਔਰਤਾਂ ਵਿਚ ਖੂਨ ਦੀ ਘਾਟ (ਅਨੀਮੀਆ) 52 ਫੀਸਦ ਹੈ ਅਤੇ ਇਕ ਸਾਲ ਤੋਂ ਘੱਟ ਬੱਚਿਆ ਵਿਚ ਅਨੀਮੀਆ 72 ਫੀਸਦ ਹੈ। ਇਸ ਦੇ ਮੱਦੇਨਜ਼ਰ ਖੁਰਾਕ ਨਾਲ ਜੁੜੇ ਅਨੇਕਾਂ ਪ੍ਰੋਗਰਾਮ ਚਲਾਏ ਜਾਂਦੇ ਹਨ; ਜਿਵੇਂ ਬੱਚਿਆਂ ਲਈ ਆਂਗਨਵਾੜੀਆਂ, ਸਕੂਲਾਂ ਵਿਚ ਮਿਡ ਡੇ ਮੀਲ, ਹੁਣ ਕੁਪੋਸ਼ਣ ਅਭਿਆਨ ਆਦਿ। ਇਸੇ ਤਰ੍ਹਾਂ ਖੁਰਾਕ ਦੀ ਵੰਡ ਪ੍ਰਣਾਲੀ ਦੀ ਵਿਵਸਥਾ ਹੈ ਤੇ ਖੁਰਾਕ ਸੁਰਖਿਆ ਐਕਟ ਵੀ ਹੈ। ਇਸ ਤੋਂ ਇਲਾਵਾ ਰਾਜ ਸਰਕਾਰਾਂ ਆਪੋ-ਆਪਣੇ ਪੱਧਰ ਤੇ ਆਟਾ-ਦਾਲ ਸਕੀਮ ਵਰਗੀਆਂ ਸਕੀਮਾਂ ਚਲਾਉਂਦੀਆਂ ਹਨ। ਕੋਵਿਡ-19 ਦੌਰਾਨ ਕੇਂਦਰ ਸਰਕਾਰ ਨੇ ਵੀ 80 ਕਰੋੜ ਲੋਕਾਂ ਲਈ ਮੁਫਤ ਰਾਸ਼ਨ ਦੀ ਯੋਜਨਾ ਬਣਾਈ। ਇਨ੍ਹਾਂ ਸਕੀਮਾਂ ਦੇ ਨਤੀਜੇ ਇਸ ਤੱਥ ਤੋਂ ਉਜਾਗਰ ਹੋ ਜਾਂਦੇ ਹਨ ਕਿ ਆਂਗਨਵਾੜੀ ਪ੍ਰੋਗਰਾਮ ਛੇ ਸਾਲ ਤੋਂ ਛੋਟੇ ਬੱਚਿਆਂ ਲਈ ਖੁਰਾਕ ਦਾ ਪ੍ਰੋਗਰਾਮ ਹੈ ਅਤੇ ਇਹ 1974 ਤੋਂ ਲਾਗੂ ਹੈ। ਹੁਣ ਹਾਲਾਤ ਸਾਡੇ ਸਾਹਮਣੇ ਹਨ।

ਅਸੀਂ ਭਾਵੇਂ ਕਹਿੰਦੇ ਹਾਂ ਕਿ ਸਾਡੇ ਕੋਲ ਅਨਾਜ ਰੱਖਣ ਦੀ ਥਾਂ ਨਹੀਂ। ਇਸ ਵਾਰੀ ਅਨਾਜ ਦੀ ਬੰਪਰ ਪੈਦਾਵਾਰ ਹੋਈ ਹੈ ਪਰ ਨਾਲ ਹੀ ਸਵਾਲ ਹੈ ਕਿ ਉਹ ਬੰਪਰ ਪੈਦਾਵਾਰ ਲੋਕਾਂ ਦੇ ਮੂੰਹ ਤਕ ਪਹੁੰਚ ਕਿਉਂ ਨਹੀਂ ਰਹੀ? ਲੋਕ ਭੁੱਖੇ ਸੌਣ ਲਈ ਮਜਬੂਰ ਕਿਉਂ ਹੁੰਦੇ ਹਨ? ਇਸ ਹਾਲਾਤ ਦਾ ਜਾਇਜ਼ਾ ਵੀ ਇਸ ਸੂਚਕ ਅੰਕ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਡਾ ਮੁਲਕ ਭੁੱਖਮਰੀ ਦੇ ਪੈਮਾਨੇ ਤੇ 101ਵੇਂ ਨੰਬਰ ਤੇ ਹੈ ਜਦੋਂ ਕਿ ਸਾਥੋਂ ਗਰੀਬ ਮੁਲਕ ਸ੍ਰੀਲੰਕਾ, ਬੰਗਲਾਦੇਸ਼ ਸਾਡੇ ਨਾਲੋਂ ਬਿਹਤਰ ਹਨ। ਕੁਪੋਸ਼ਣ ਬਾਰੇ ਇਕ ਹੋਰ ਸੱਚਾਈ ਹੈ ਕਿ ਪੂਰੇ ਜੀਵ ਜਗਤ ਵਿਚੋਂ ਕੁਪੋਸ਼ਣ ਦੀ ਹਾਲਤ ਸਿਰਫ ਮਨੁੱਖਾਂ ਵਿਚ ਦੇਖਣ ਨੂੰ ਮਿਲਦੀ ਹੈ ਜਾਂ ਉਨ੍ਹਾਂ ਜਾਨਵਰਾਂ ਵਿਚ ਜਿਨ੍ਹਾਂ ਨੂੰ ਮਨੁੱਖ ਪਾਲਦਾ ਹੈ। ਇਹ ਹੈਰਾਨੀ ਜਨਕ ਹੈ ਪਰ ਤੱਥ ਇਹੀ ਹੈ। ਕਾਰਨਾਂ ਵੱਲ ਜਾਈਏ ਤਾਂ ਦੋ ਮੁੱਖ ਕਾਰਨ ਹਨ। ਮਨੁੱਖ ਜਮ੍ਹਾਂਖੋਰੀ ਕਰਦਾ ਹੈ। ਕਈ ਸਰਦੇ ਪੁੱਜਦੇ ਘਰ ਪੂਰੇ ਸਾਲ ਦਾ ਅਨਾਜ ਇਕੱਠਾ ਖਰੀਦ ਕੇ ਰੱਖ ਲੈਂਦੇ ਹਨ। ਦੂਜਾ ਹੈ ਖੁਰਾਕ ਦੀ ਬਰਬਾਦੀ। ਜੇ ਅਸਿੱਧੇ ਤੌਰ ਤੇ ਦੇਖੀਏ ਤਾਂ ਇਹ ਦੋਵੇਂ ਪੱਖ ਆਰਥਿਕਤਾ ਨਾਲ ਜੁੜਦੇ ਹਨ।

ਕੁਪੋਸ਼ਣ ਦਾ ਇਕ ਹੋਰ ਪਹਿਲੂ ਹੈ, ਵਾਧੂ ਖੁਰਾਕ ਖਾ ਕੇ ਮੋਟਾਪੇ ਦਾ। ਜਿਥੇ ਖੁਰਾਕ ਦੀ ਘਾਟ ਨਾਲ ਹੋਣ ਵਾਲੇ ਪਹਿਲੂ, ਅਨੀਮੀਆ ਘਾਤਕ ਸਿੱਧ ਹੁੰਦੇ ਹਨ; ਮੋਟਾਪਾ ਵੀ ਅਨੇਕਾਂ ਬਿਮਾਰੀਆਂ ਦਾ ਜਨਮਦਾਤਾ ਹੈ। ਜੇ ਖੁਰਾਕ ਦੀ ਘਾਟ ਅਤੇ ਨਾਲ ਹੀ ਮੁਲਕ ਦੀ ਅਨਾਜ ਪੈਦਾ ਕਰਨ ਦੀ ਸਮਰਥਾ ਦੀ ਗੱਲ ਕਰੀਏ ਤਾਂ ਇਹ ਤੱਥ ਆਪਸ ਵਿਚ ਮੇਲ ਨਹੀਂ ਖਾਂਦੇ। ਮੁਲਕ ਦੀ ਅਨਾਜ ਪੈਦਾਵਾਰ ਦੇ ਮੱਦੇਨਜ਼ਰ ਹਰ ਬੰਦੇ ਨੂੰ ਔਸਤਨ 15 ਕਿਲੋ ਅਨਾਜ ਮੁਹੱਈਆ ਕਰਵਾਇਆ ਜਾ ਸਕਦਾ ਹੈ, ਭਾਵ ਅੱਧਾ ਕਿਲੋ ਰੋਜ਼ਾਨਾ ਜੋ ਇਕ ਨੌਜਵਾਨ ਦੀ ਔਸਤਨ ਲੋੜ ਤੋਂ ਥੋੜਾ ਵੱਧ ਹੀ ਹੈ, ਜੇਕਰ ਉਹ ਆਮ ਕੰਮ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਸਖਤ ਕੰਮ ਕਰਨ ਵਾਲੇ ਮਜ਼ਦੂਰ, ਰਿਕਸ਼ਾ ਚਾਲਕ ਨੂੰ ਇਹ ਅੱਧਾ ਕਿਲੋ ਘੱਟ ਪਵੇਗਾ ਪਰ ਪਰਿਵਾਰ ਦੀ ਬਣਤਰ ਵਿਚ ਔਰਤ ਮਰਦ, ਬਜ਼ੁਰਗ, ਬੱਚੇ ਸਭ ਹੁੰਦੇ ਹਨ; ਇਸ ਲਈ ਸਰ ਸਕਦਾ ਹੈ ਪਰ ਇਹ ਸਭ ਹੁੰਦਿਆਂ ਵੀ ਇਹ ਮਿਲ ਨਹੀਂ ਰਿਹਾ। ਖੁਰਾਕ ਸੁਰੱਖਿਆ ਕਾਨੂੰਨ ਜਾਂ ਖੁਰਾਕ ਵੰਡ ਪ੍ਰਣਾਲੀ ਤਹਿਤ ਵੀ ਇਹ ਮਾਤਰਾ 5 ਕਿਲੋ ਪ੍ਰਤੀ ਵਿਅਕਤੀ ਹੈ ਜਦੋਂਕਿ ਇਹ ਕਾਫੀ ਘੱਟ ਹੈ।

ਜਦੋਂ ਆਪਾਂ ਖੁਰਾਕ ਨੂੰ ਅਨੇਕਾਂ ਬਿਮਾਰੀਆਂ ਦੀ ਮਾਂ ਕਹਿੰਦੇ ਹਾਂ ਤਾਂ ਇਸ ਤੋਂ ਕੀ ਮਤਲਬ ਹੁੰਦਾ ਹੈ। ਕੁਪੋਸ਼ਣ ਅਜਿਹੀ ਹਾਲਤ ਹੈ ਜੋ ਡਾਕਟਰ ਦੀ ਪਰਚੀ ਤੇ ਕਦੇ ਦੇਖਣ ਨੂੰ ਨਹੀਂ ਮਿਲਦੀ। ਮਾਂ ਬਾਪ ਜਾਂ ਪਰਿਵਾਰ ਕਿਸੇ ਵਿਅਕਤੀ ਨੂੰ ਇਸ ਕਰਕੇ ਡਾਕਟਰ ਕੋਲ ਨਹੀਂ ਲੈ ਕੇ ਜਾਂਦਾ ਕਿ ਇਹ ਸੁੱਕਾ ਜਿਹਾ ਹੈ, ਭਾਰ ਘੱਟ ਹੈ। ਮਾਂ ਕਦੀ ਕਦੀ ਸਰਸਰੀ ਜਿਹੀ ਗੱਲ ਕਰਦੀ ਹੈ ਕਿ ਖਾਂਦਾ ਹੈ, ਖੁਰਾਕ ਲਗਦੀ ਨਹੀਂ, ਕੋਈ ਤਾਕਤ ਦੀ ਗੋਲੀ ਦੇ ਦਿਉ ਜਾਂ ਕਦੇ ਕਦੇ ਡਾਕਟਰ ਕਹਿ ਦਿੰਦਾ ਹੈ, “ਬੀਬੀ! ਕੁਝ ਖਵਾਉਂਦੀ ਨਹੀਂ ਇਸ ਨੂੰ?”

ਡਾਕਟਰ ਕੋਲ ਬੱਚਾ ਜਾਂ ਵੱਡਾ ਵੀ ਬੁਖਾਰ, ਖੰਘ, ਪੇਟ ਖਰਾਬੀ ਜਾਂ ਅਜਿਹੀ ਕਿਸੇ ਹੋਰ ਹਾਲਤ ਨਾਲ ਆਉਂਦਾ ਹੈ। ਡਾਕਟਰ ਵੀ ਇਸ ਨੂੰ ਕੁਪੋਸ਼ਣ ਨਾਲ ਘੱਟ ਹੀ ਜੋੜਦਾ ਹੈ। ਖੈਰ! ਉਸ ਦੀ ਸਿਖਲਾਈ ਵੀ ਨਹੀਂ ਹੈ ਤਾਂ ਨਾ ਹੀ ਉਸ ਕੋਲ ਕੋਈ ਹੱਲ ਹੈ ਕਿ ਖੁਰਾਕ ਮੁਹੱਈਆ ਕਿਥੋਂ ਕਰਵਾਏ?

‘ਖੁਰਾਕ ਮੁਹੱਈਆ ਕਿਥੋਂ ਹੋਵੇ?’, ਵੱਡਾ ਸਵਾਲ ਹੈ ਜਿਸ ਦਾ ਸਿੱਧਾ ਰਿਸ਼ਤਾ ਜੇਬ ਨਾਲ ਹੈ। ਹਰ ਘਰ ਨੌਕਰੀ ਦੇ ਨਾਅਰੇ ਚੁਣਾਵੀ ਵਾਅਦੇ ਬਣਦੇ ਹਨ ਤੇ ਵੋਟਾਂ ਵੀ ਬਟੋਰਦੇ ਹਨ, ਫਿਰ ਸਭ ਕੁਝ ਸੱਤਾ ਦੇ ਗਲਿਆਰਿਆਂ ਤਕ ਸਿਮਟ ਕੇ ਰਹਿ ਜਾਂਦਾ ਹੈ। ਖੁਰਾਕ ਦਾ ਵੱਡਾ ਮਹੱਤਵਪੂਰਨ ਕੰਮ ਹੈ ਸਰੀਰ ਦੀ ਸੁਰੱਖਿਅਤ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਜੇ ਇਹ ਮਜ਼ਬੂਤ ਹੋਵੇਗੀ ਤਾਂ ਬਿਮਾਰੀਆਂ ਦਾ ਹਮਲਾ ਨਹੀਂ ਹੋਵੇਗਾ, ਜਾਂ ਬਹੁਤ ਹੀ ਮੱਧਮ ਦਰਜੇ ਦਾ ਹੋਵੇਗਾ ਤੇ ਹੋ ਸਕਦਾ ਹੈ ਦਵਾਈ ਦੀ ਲੋੜ ਹੀ ਨਾ ਪਵੇ।

ਦੂਜਾ ਪਹਿਲੂ ਮੋਟਾਪਾ ਵੀ ਵੱਡੀ ਗਿਣਤੀ ਵਿਚ ਫਿਕਰਮੰਦੀ ਪੈਦਾ ਰਿਹਾ ਹੈ। ਬੱਚਿਆਂ ਵਿਚ ਮੋਟਾਪੇ ਦੀ ਦਰ ਵਧ ਰਹੀ ਹੈ। ਗੋਲ ਮਟੋਲ ਬੱਚੇ ਭਾਵੇਂ ਚੰਗੇ ਲਗਦੇ ਹੋਣ ਪਰ ਭਵਿੱਖ ਵਿਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਖ਼ਤਰਾ ਹੈ। ਜੋ ਬਿਮਾਰੀਆਂ 50-55 ਸਾਲ ਤੋਂ ਪਹਿਲਾਂ ਕਦੇ ਵੀ ਨਾ ਦੇਖੀਆਂ, ਨਾ ਸੁਣੀਆਂ, ਉਹ ਹੁਣ 25-30 ਸਾਲ ਤੇ ਆ ਗਈਆਂ ਹਨ। ਬੱਚਿਆਂ ਵਿਚ ਫਾਸਟ ਫੂਡ, ਚਾਕਲੇਟ, ਕੈਂਡੀਆਂ ਆਦਿ ਦਾ ਵਧ ਰਹੀ ਵਰਤੋਂ ਅਤੇ ਮਨਫੀ ਹੋ ਰਹੇ ਫਲ ਸਬਜ਼ੀਆਂ ਇਸ ਦਾ ਮੁੱਖ ਕਾਰਨ ਹਨ। ਮੋਬਾਇਲ ਜਾਂ ਸਕਰੀਨ ਨਾਲ ਜੁੜਨ ਕਰਕੇ ਕਿਸੇ ਤਰ੍ਹਾਂ ਦੀ ਸਰੀਰਕ ਹਰਕਤ ਵੀ ਘਟ ਰਹੀ ਹੈ।

ਇਹ ਦੋ ਵੱਖ ਵੱਖ ਤਰ੍ਹਾਂ ਦਾ ਕੁਪੋਸ਼ਣ, ਮੌਕਾ ਤੇ ਮੋਟਾਪਾ ਦੋਹਾ ਵਰਗਾਂ ਨੂੰ ਹੀ ਬਿਮਾਰੀਆਂ ਵਿਚ ਧੱਕ ਰਿਹਾ ਹੈ ਤੇ ਇਹ ਸਿਰਫ ਖੁਰਾਕ ਦੀ ਸਮਝ ਦਾ ਹੀ ਪਹਿਲੂ ਨਹੀਂ ਹੈ, ਸਕੂਲ ਵਿਚ ਕੰਟੀਨ ਤੋਂ ਲੈ ਕੇ ਮੁਲਕ ਵਿਚ ਫੈਲ ਰਹੇ ਕੌਮਾਂਤਰੀ ਫੂਡ ਦਾਇਰੇ ਜਿਵੇਂ ਬਰਗਰ ਕਿੰਗ, ਪੀਜ਼ਾ ਹੱਟ ਤੇ ਮੈਕਡਾਨਲਡ ਵਰਗੇ ਖੁਰਾਕ ਜੰਕਸ਼ਨ ਵੀ ਜਿ਼ੰਮੇਵਾਰ ਹਨ। ਇਨ੍ਹਾਂ ਦਾ ਕੋਲਡ ਡਰਿੰਕਸ ਨਾਲ ਮੇਲ ਹੋਰ ਵੀ ਘਾਤਕ ਹੈ। ਮੁਲਕ ਵਿਚ ਇਨ੍ਹਾਂ ਦੀ ਮੌਜੂਦਗੀ ਜਾਂ ਪਹੁੰਚ ਆਪਣੇ ਆਪ ਨਹੀਂ ਹੁੰਦੀ। ਇਸ ਦੇ ਲਈ ਕੋਈ ਨੀਤੀ ਨਾ ਹੋਣਾ ਵੀ ਸਾਡੀ ਮੁਲਕ ਦੀ ਸਿਹਤ ਸਮਝ ਤੇ ਸਵਾਲ ਖੜ੍ਹੇ ਕਰਦੀ ਹੈ।

ਕੁਪੋਸ਼ਣ ਮੁਲਕ ਲਈ ਦੂਹਰੀ ਮਾਰ ਬਣ ਕੇ ਉਭਰ ਰਹੀ ਹੈ। ਗੱਲ ਸਿਰਫ ਸਪੱਸ਼ਟ ਖੁਰਾਕ ਨੀਤੀ ਅਣਹੋਂਦ ਹੀ ਨਹੀਂ, ਉਸ ਨੂੰ ਸਮਾਜ ਦੇ ਵੱਖ ਵੱਖ ਪੜਾਆਂ/ਪੱਧਰਾਂ ਤੇ ਲਾਗੂ ਕਰਨ ਦੀ ਹੈ।

ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All