ਸਾਂਝ ਤੇ ਅਮਨ ਦੀ ਲੋਅ : The Tribune India

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਅਟਾਰੀ-ਵਾਹਗਾ ਸਰਹੱਦ ’ਤੇ ਮੋਮਬੱਤੀਆਂ ਬਾਲਦੇ ਹੋਏ ਕੁਲਦੀਪ ਨਈਅਰ, ਮਹੇਸ਼ ਭੱਟ, ਪੀਐੱਲ ਉਨਿਆਲ ਅਤੇ ਹੋਰ ਸੱਜਣ।

ਸਵਰਾਜਬੀਰ

ਸਵਰਾਜਬੀਰ

ਦੇਸ਼ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਹੁਤ ਜੋਸ਼-ਖਰੋਸ਼ ਅਤੇ ਉਤਸ਼ਾਹ ਨਾਲ ਮਨਾਈ ਹੈ। 75 ਸਾਲਾਂ ਦਾ ਇਹ ਸਫ਼ਰ ਜਿੱਥੇ ਸਫ਼ਲਤਾਵਾਂ, ਪ੍ਰਾਪਤੀਆਂ, ਜਿੱਤਾਂ, ਜਸ਼ਨਾਂ, ਖ਼ੁਸ਼ੀਆਂ ਆਦਿ ਨਾਲ ਭਰਿਆ ਹੋਇਆ ਹੈ, ਉੱਥੇ ਇਸ ਵਿਚ ਲੋਕਾਂ ਨੂੰ ਦੁੱਖਾਂ-ਦੁਸ਼ਵਾਰੀਆਂ, ਸੰਕਟਾਂ, ਆਰਥਿਕ ਅਸਮਾਨਤਾ, ਜਬਰ ਤੇ ਸਮਾਜਿਕ ਨਿਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। 75 ਵਰ੍ਹੇ ਪਹਿਲਾਂ ਜਿੱਥੇ ਦੇਸ਼ ਨੂੰ ਆਜ਼ਾਦੀ ਮਿਲੀ, ਉੱਥੇ ਦੇਸ਼ ਦੋ ਹਿੱਸਿਆਂ ਵਿਚ ਵੀ ਵੰਡਿਆ ਗਿਆ। ਸਦੀਆਂ ਤੋਂ ਇਕੱਠੇ ਵੱਸਦੇ ਪੰਜਾਬ ਦੇ ਦੋ ਟੋਟੇ ਹੋ ਗਏ, ਲੱਖਾਂ ਘਰ ਉੱਜੜੇ ਅਤੇ ਲੋਕਾਂ ਨੂੰ ਅਕਹਿ ਦੁੱਖ ਸਹਿਣੇ ਪਏ। ਵੰਡ ਤੋਂ ਬਾਅਦ ਪੰਜਾਬੀਆਂ ਨੇ ਪੰਜਾਬ ਅਤੇ ਪੰਜਾਬੀਅਤ ਦੀ ਪੁਨਰ-ਸਿਰਜਣਾ ਕੀਤੀ ਪਰ ਉਹ ਵੰਡ ਦੇ ਦੁੱਖ ਨੂੰ ਕਦੇ ਭੁਲਾ ਨਹੀਂ ਸਕਦੇ।

ਵੰਡ ਦੌਰਾਨ ਪੰਜਾਬੀਆਂ ਨੇ ਇਕ-ਦੂਜੇ ਨੂੰ ਮਾਰਿਆ ਸੀ; ਇਹ ਭੈਣ-ਭਰਾ ਮਾਰੂ ਵਰਤਾਰਾ ਸੀ। ਇਸ ਸਬੰਧ ਵਿਚ ਉੱਘੇ ਚਿੰਤਕ ਹਰੀਸ਼ ਪੁਰੀ ਨੇ ਲਿਖਿਆ ਹੈ, ‘‘ਅਸੀਂ ਪੰਜਾਬੀ ਲੋਕਾਂ ਨੇ ਸੰਤਾਲੀ ਦੀ ਵੰਡ ਵੇਲੇ ਦੇ ਦੰਗਿਆਂ-ਫ਼ਸਾਦਾਂ ਦੌਰਾਨ ਇਕ-ਦੂਜੇ ਫ਼ਿਰਕੇ ਦੇ ਆਪਣੇ ਦਸ ਲੱਖ ਭੈਣ-ਭਰਾਵਾਂ, ਹਮਸਾਇਆਂ ਦੇ ਨਾਲ ਕਤਲ-ਓ-ਗ਼ਾਰਤ, ਜਬਰ-ਜਨਾਹ, ਆਤਿਸ਼ਜ਼ਨੀ ਦੇ ਬੇਇੰਤਹਾ ਜੁਰਮ ਕੀਤੇ ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਦੋਵੇਂ ਪਾਸੇ ਇਲਜ਼ਾਮ ਦੂਜੇ ਦੇ ਗਲ ਮੜ੍ਹ ਕੇ ਜੁਰਮ ਤੋਂ ਪਾਸਾ ਵੱਟਣ ਜਾਂ ਆਪਣੇ ਆਪ ਨੂੰ ਬਰੀ ਕਰਨ ਦੀ ਕੁਹਜੀ ਕੋਸ਼ਿਸ਼ ਕਰਦੇ ਰਹੇ ਹਾਂ। ਕਿੰਨਾ ਸੌਖਾ ਹੁੰਦਾ ਹੈ- ਦੂਜੇ ਸਿਰ ਪਹਿਲ ਦਾ ਇਲਜ਼ਾਮ ਲਾ ਕੇ ਆਪਣੇ ਪਾਗਲਪਨ ਜਾਂ ਚਿੱਟੇ-ਸਾਫ਼ ਸਮੂਹਿਕ ਜੁਰਮ ਨੂੰ ਬਦਲੇ ਦੀ ਕਾਰਵਾਈ ਵਜੋਂ ਜਾਇਜ਼ ਕਰਾਰ ਦੇਣਾ ਤੇ ਆਪਣੇ ਜ਼ਮੀਰ ’ਤੇ ਕੋਈ ਭਾਰ ਨਾ ਪੈਣ ਦੇਣਾ। ਅਸੀਂ ਆਪਣੇ ਆਪਣੇ ਪਾਸੇ ਵੀ ਕਦੀ ਜੁੜ-ਬੈਠ ਕੇ ਸੰਜੀਦਗੀ ਨਾਲ ਮਹਿਸੂਸ ਨਹੀਂ ਕੀਤਾ, ਵਿਚਾਰ ਨਹੀਂ ਕੀਤਾ ਕਿ ਸਾਡੇ ਚੰਗੇ-ਭਲੇ ਆਮ ਲੋਕਾਂ ਵਿਚ ਵੱਡੇ ਪੈਮਾਨੇ ’ਤੇ ਇੰਤਹਾ ਦੀ ਦਰਿੰਦਗੀ ਵਾਲੇ ਫ਼ਤੂਰ, ਇਕ-ਦੂਜੇ ਫ਼ਿਰਕੇ ਦੀਆਂ ਔਰਤਾਂ ਨਾਲ ਸ਼ਰੇਆਮ ਨਿਹਾਇਤ ਵਹਿਸ਼ੀਆਨਾ ਸਲੂਕ ਦੀ ਸ਼ਰਮ ਮੰਨਣ ਦੀ ਬਜਾਇ ਉਜੱਡਪੁਣਾ ਕਿਉਂ ਆ ਗਿਆ ਸੀ?’’

ਵੰਡ ਦੇ ਇਸ ਪੱਖ ਦਾ ਹਿਸਾਬ ਹੋਣਾ ਅਜੇ ਬਾਕੀ ਹੈ ਪਰ ਪੰਜਾਬੀ ਇਹ ਜ਼ਰੂਰ ਮਹਿਸੂਸ ਕਰਦੇ ਰਹੇ ਹਨ ਕਿ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਨੂੰ ਨਜ਼ਦੀਕ ਲਿਆਂਦਾ ਜਾਣਾ ਚਾਹੀਦਾ ਹੈ; ਲੋਕਾਂ ਨੂੰ ਆਪਣੇ ਵੱਡੇ-ਵਡੇਰਿਆਂ ਦੀਆਂ ਥਾਵਾਂ, ਗੁਰਧਾਮਾਂ ਅਤੇ ਹੋਰ ਧਾਰਮਿਕ ਤੇ ਇਤਿਹਾਸਕ ਸਥਾਨਾਂ ’ਤੇ ਆਉਣ-ਜਾਣ ਅਤੇ ਆਪਸ ਵਿਚ ਮਿਲਣ-ਜੁਲਣ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ। ਦੋਹਾਂ ਪੰਜਾਬਾਂ ਵਿਚ ਸਦੀਆਂ ਤੋਂ ਸਮਾਜਿਕ, ਸੱਭਿਆਚਾਰਕ ਅਤੇ ਭਾਸ਼ਾਈ ਸਾਂਝ ਹੈ; ਦੋਵੇਂ ਪਾਸੇ ਇਕੋ ਜ਼ਬਾਨ ਬੋਲੀ ਜਾਂਦੀ ਹੈ; ਇਕੋ ਤਰ੍ਹਾਂ ਦੇ ਗੀਤ ਗਾਏ ਜਾਂਦੇ ਤੇ ਬੋਲੀਆਂ ਪਾਈਆਂ ਜਾਂਦੀਆਂ ਹਨ; ਰਹਿਣ-ਸਹਿਣ, ਲਿਬਾਸ ਅਤੇ ਰੀਤੀ-ਰਿਵਾਜਾਂ ਦੀਆਂ ਸਾਂਝਾਂ ਧਰਮਾਂ ਤੇ ਦੇਸ਼ਾਂ ਦੀਆਂ ਹੱਦਾਂ ਪਾਰ ਕਰ ਜਾਂਦੀਆਂ ਹਨ।

ਇਤਿਹਾਸਕਾਰ ਸੁਰਜੀਤ ਹਾਂਸ, ਪੰਜਾਬੀ ਨਾਵਲਕਾਰ ਨਾਨਕ ਸਿੰਘ (ਜਿਹੜਾ 13 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ਼ ਦੀ ਘਟਨਾ ਦੌਰਾਨ ਮੌਜੂਦ ਸੀ ਅਤੇ ਜਿਸ ਨੇ ਇਸ ਸਾਕੇ ਨੂੰ ਆਪਣੀ ਕਿਤਾਬ ‘ਖ਼ੂਨੀ ਵਿਸਾਖੀ’ ਵਿਚ ਕਲਮਬੰਦ ਕੀਤਾ ਹੈ) ਦੇ ਹਵਾਲੇ ਨਾਲ ਮਹੱਤਵਪੂਰਨ ਸਵਾਲ ਪੁੱਛਦਾ ਹੈ ਕਿ ਜੱਲ੍ਹਿਆਂਵਾਲਾ ਬਾਗ਼ ਵਿਚ ਸਾਂਝਾ ਖ਼ੂਨ ਡੋਲ੍ਹਣ ਵਾਲੇ ਪੰਜਾਬੀ 1947 ਵਿਚ ਇਕ-ਦੂਸਰੇ ਦੇ ਖ਼ੂਨ ਦੇ ਪਿਆਸੇ ਕਿਵੇਂ ਹੋ ਗਏ? ਨਾਨਕ ਸਿੰਘ ਆਪਣੇ ਨਾਵਲ ‘ਖ਼ੂਨ ਦੇ ਸੋਹਲੇ’ ਵਿਚ ਪੰਜਾਬ ਦੇ ਪਿੰਡਾਂ ਦੇ ਸਾਂਝੀਵਾਲਤਾ ਵਾਲੇ ਸੱਭਿਆਚਾਰ ਦੀ ਕਹਾਣੀ ਬਿਆਨ ਕਰਦਾ ਹੈ ਅਤੇ ਨਾਲ ਨਾਲ ਉਸ ਦੇ ਟੁੱਟਣ ਦੀ ਵਿੱਥਿਆ ਵੀ ਸੁਣਾਉਂਦਾ ਹੈ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਵਿਚ ਬਹੁਤ ਕੁਝ ਸਾਂਝਾ ਸੀ, ਖ਼ਾਸ ਕਰ ਕੇ ਸਿੱਖ ਗੁਰੂਆਂ, ਨਾਥ-ਜੋਗੀਆਂ ਤੇ ਸੂਫ਼ੀ ਸੰਤਾਂ ਦੀ ਵਿਰਾਸਤ। ਹਿੰਦੂ, ਮੁਸਲਮਾਨ ਗੁਰਦੁਆਰਿਆਂ ਵਿਚ ਜਾਂਦੇ ਸਨ ਅਤੇ ਇਸੇ ਤਰ੍ਹਾਂ ਹਿੰਦੂ ਅਤੇ ਸਿੱਖ ਸੂਫ਼ੀ ਸੰਤਾਂ ਦੀਆਂ ਦਰਗਾਹਾਂ ’ਤੇ। ਪਿੰਡਾਂ ਦੇ ਹਕੀਮ, ਵੈਦ, ਪੰਡਿਤ, ਨਾਈ, ਤੇਲੀ ਸਭ ਦੇ ਸਾਂਝੇ ਸਨ। ਇਸ ਤਰ੍ਹਾਂ ਪੰਜਾਬ ਅਤੇ ਖ਼ਾਸ ਕਰ ਕੇ ਪਿੰਡਾਂ ਵਿਚ ਉਹ ਸੱਭਿਆਚਾਰ ਜਿਨ੍ਹਾਂ ਨੂੰ ਅਕਾਦਮਿਕ ਭਾਸ਼ਾ ਵਿਚ ‘ਛੋਟੇ ਜਾਂ ਨਿੱਕੇ ਸੱਭਿਆਚਾਰ’ ਕਿਹਾ ਜਾਂਦਾ ਹੈ, ਸਭ ਦੇ ਸਾਂਝੇ ਸਨ।

‘ਛੋਟੇ/ਨਿੱਕੇ ਸੱਭਿਆਚਾਰਾਂ’ ਦੀ ਸਾਂਝ ਦੇ ਨਾਲ ਨਾਲ ਪੰਜਾਬ ਵਿਚ ਬਸਤੀਵਾਦ ਆਉਣ ਨਾਲ ਅੰਗਰੇਜ਼ ਬਸਤੀਵਾਦ ਦੁਆਰਾ ਲਿਆਂਦੀ ਗਈ ਪੱਛਮੀ ਆਧੁਨਿਕਤਾ ਦੀ ਪ੍ਰਤੀਕਿਰਿਆ ਵਿਚ ‘ਉਚੇਰਾ ਸੱਭਿਆਚਾਰ’ ਜਨਮ ਲੈ ਰਿਹਾ ਸੀ। ਇਸ ‘ਉਚੇਰੇ ਸੱਭਿਆਚਾਰ’ ਕਾਰਨ ਪੰਜਾਬ ਦੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪੋ-ਆਪਣੀਆਂ ਪਛਾਣਾਂ ਅਤੇ ਖ਼ਾਸ ਕਰ ਕੇ ਧਾਰਮਿਕ ਪਛਾਣਾਂ ਨੂੰ ਵੱਖਰੇ ਵੱਖਰੇ ਰੂਪਾਂ ਵਿਚ ਪੇਸ਼ ਕੀਤਾ ਅਤੇ ਆਪੋ-ਆਪਣੇ ਧਰਮਾਂ ਤੇ ਭਾਈਚਾਰਿਆਂ ਦੀ ਵਿਲੱਖਣਤਾ ਦੀਆਂ ਬਾਤਾਂ ਪਾਈਆਂ। ਭਾਸ਼ਾ ਦਾ ਸਵਾਲ ਬੜੇ ਵੱਡੇ ਸਵਾਲ ਵਜੋਂ ਉੱਭਰਿਆ ਤੇ ਇਸ ਨੂੰ ਫ਼ਿਰਕੂ ਨਜ਼ਰੀਏ ਤੋਂ ਵੇਖਿਆ ਅਤੇ ਪਛਾਣਿਆ ਗਿਆ। ਪੰਜਾਬੀ/ਗੁਰਮੁਖੀ ਸਿੱਖਾਂ ਦੀ ਭਾਸ਼ਾ ਬਣ ਗਈ, ਹਿੰਦੀ ਹਿੰਦੂਆਂ ਦੀ ਤੇ ਉਰਦੂ ਮੁਸਲਮਾਨਾਂ ਦੀ। ਧਾਰਮਿਕ ਜਥੇਬੰਦੀਆਂ ਦੇ ਪ੍ਰਭਾਵ ਅਧੀਨ ਧਰਮ ਆਧਾਰਿਤ ਪਛਾਣਾਂ ਹੋਰ ਮਜ਼ਬੂਤ ਹੋਈਆਂ। ਮੁਸਲਿਮ ਲੀਗ ਦੁਆਰਾ ਪਾਕਿਸਤਾਨ ਦੀ ਮੰਗ ਨੇ ਇਨ੍ਹਾਂ ਪਾੜਿਆਂ ਨੂੰ ਵਧਾਉਣ ਵਿਚ ਵੱਡਾ ਹਿੱਸਾ ਪਾਇਆ। ਕਾਂਗਰਸ ਦੀ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਦੀ ਜ਼ਿੱਦ ਕਾਰਨ ਪਾਰਟੀ ਨੇ ਮੁਸਲਿਮ ਲੀਗ ਨੂੰ ਉਸ ਦਾ ਬਣਦਾ ਸਥਾਨ ਦੇਣ ਤੋਂ ਨਾਂਹ ਕਰ ਦਿੱਤੀ। ਇਸ ‘ਉਚੇਰੇ ਸੱਭਿਆਚਾਰ’ ਦਾ ਆਧਾਰ ਧਾਰਮਿਕ ਵਖਰੇਵੇਂ, ਧਰਮਾਂ ਦੀ ਵਿਲੱਖਣਤਾ ਅਤੇ ਆਪਣੇ ਸਰਬਸ੍ਰੇਸ਼ਟ ਹੋਣ ਦੇ ਦਾਅਵੇ ਸਨ।

ਇਸ ਸਭ ਕੁਝ ਦੇ ਬਾਵਜੂਦ 1937 ਦੀਆਂ ਚੋਣਾਂ ਵਿਚ ਪੰਜਾਬ ਵਿਚ ਮੁਸਲਿਮ ਲੀਗ ਨੂੰ ਵੱਡੀ ਹਾਰ ਹੋਈ ਤੇ ਸਿਰਫ਼ ਦੋ ਸੀਟਾਂ ਮਿਲੀਆਂ। ਉਸ ਵੇਲੇ ਮੁਹੰਮਦ ਅਲੀ ਜਿਨਾਹ ਨੇ ਕਿਹਾ, ‘‘ਪੰਜਾਬ ਆਸਹੀਣੀ ਥਾਂ ਹੈ। ਮੈਂ ਦੁਬਾਰਾ ਇੱਥੇ ਪੈਰ ਨਹੀਂ ਰੱਖਾਂਗਾ।’’ 1942 ਵਿਚ ‘ਅੰਗਰੇਜ਼ੋ ਭਾਰਤ ਛੱਡੋ’ ਦੀ ਮੁਹਿੰਮ ਵੇਲੇ ਕਾਂਗਰਸ ਦੇ ਬਹੁਤੇ ਨੇਤਾ ਕੈਦ ਕਰ ਲਏ ਗਏ ਅਤੇ ਮੁਸਲਿਮ ਲੀਗ ਨੂੰ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਮੌਕਾ ਮਿਲਿਆ। ਪੰਜਾਬ ਦੇ ਸ਼ਹਿਰਾਂ ਦੇ ਨਾਲ ਨਾਲ ਮੁਸਲਿਮ ਲੀਗ ਨੇ ਸਦੀਆਂ ਤੋਂ ਦਿਹਾਤੀ ਇਲਾਕਿਆਂ ਵਿਚ ਸਾਂਝੀਵਾਲਤਾ ਦਾ ਪ੍ਰਚਾਰ ਕਰਨ ਵਾਲੀਆਂ ਸੂਫ਼ੀ ਸੰਪਰਦਾਵਾਂ ਦੀਆਂ ਕੁਝ ਸ਼ਾਖਾਵਾਂ ਵਿਚ ਲੁਕਵੇਂ ਢੰਗ ਨਾਲ ਸ਼ਾਮਲ ਹੋ ਕੇ ਫ਼ਿਰਕੂ ਜ਼ਹਿਰ ਘੋਲਿਆ। ਖੱਬੇ-ਪੱਖੀ ਅਤੇ ਕਮਿਊਨਿਸਟ ਧਿਰਾਂ ਵਿਚਾਰਧਾਰਕ ਭੰਬਲਭੂਸਿਆਂ ਦਾ ਸ਼ਿਕਾਰ ਹੋ ਗਈਆਂ। ਮਾਰਚ 1947 ਵਿਚ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਵਿਚ ਹਿੰਦੂ-ਸਿੱਖ ਪਰਿਵਾਰਾਂ ’ਤੇ ਹੋਏ ਹਮਲਿਆਂ ਤੋਂ ਬਾਅਦ ਫ਼ਿਰਕੂ ਜਨੂੰਨ ਦੀ ਹਨੇਰੀ ਪੂਰੇ ਪੰਜਾਬ ਵਿਚ ਝੁੱਲ ਉੱਠੀ। ਪੰਜਾਬ ਦੀ ਸਦੀਆਂ ਦੀ ਸਾਂਝੀਵਾਲਤਾ ਤਬਾਹ ਹੋ ਗਈ ਜਿਸ ਦੇ ਮਾਰੂ ਅਸਰ ਸ਼ਾਇਦ ਕਦੀ ਵੀ ਖ਼ਤਮ ਨਹੀਂ ਹੋਣਗੇ। ਇਸ ਤਰ੍ਹਾਂ 75 ਵਰ੍ਹਿਆਂ ਬਾਅਦ ਵੀ ਸਾਡੇ ਸਾਹਮਣੇ ਉਹੀ ਸਵਾਲ ਅੱਜ ਵੀ ਖੜ੍ਹਾ ਹੈ ਜੋ ਨਾਨਕ ਸਿੰਘ ਨੇ ਆਪਣੇ ਨਾਵਲਾਂ ‘ਖ਼ੂਨ ਦੇ ਸੋਹਲੇ’ ਤੇ ‘ਅੱਗ ਦੀ ਖੇਡ’ ਵਿਚ ਪੁੱਛਿਆ ਹੈ ਕਿ 1919 ਵਿਚ ਜੱਲ੍ਹਿਆਂਵਾਲਾ ਬਾਗ਼ ਦੀ ਤਹਿਰੀਕ ਦੌਰਾਨ ਸਾਂਝਾ ਖ਼ੂਨ ਵਹਾਉਣ ਵਾਲੇ ਅਤੇ ਇਕੱਠੇ ਰਾਮਨੌਮੀ ਮਨਾਉਣ ਵਾਲੇ ਪੰਜਾਬੀ 1947 ਵਿਚ ਕਿਉਂ ਵੰਡੇ ਗਏ ਸਨ।

ਵੰਡ ਕਾਰਨ ਵਾਪਰੇ ਪੰਜਾਬ ਦੇ ਦੁਖਾਂਤ ਅਤੇ ਪੰਜਾਬੀਆਂ ਦੁਆਰਾ ਝੱਲੇ ਗਏ ਦੁੱਖਾਂ ਨਾਲ ਸਿਆਸਤਦਾਨਾਂ ਦਾ ਕੋਈ ਵਾਹ-ਵਾਸਤਾ ਨਹੀਂ ਲੱਗਦਾ; ਉਹ ਵੰਡ ਦੇ ਵਰਤਾਰੇ ਬਾਰੇ ਸਿਆਸਤ ਕਰਨੀ ਚਾਹੁੰਦੇ ਹਨ; ਨਾ ਤਾਂ ਕੋਈ ਸਿਆਸੀ ਪਾਰਟੀ ਵੰਡ ਦੌਰਾਨ ਅਪਣਾਈ ਗਈ ਆਪਣੀ ਪਾਰਟੀ ਦੀ ਪਹੁੰਚ ਬਾਰੇ ਆਪਾ-ਪੜਚੋਲ ਕਰਨਾ ਚਾਹੁੰਦੀ ਹੈ ਅਤੇ ਨਾ ਹੀ ਕੋਈ ਤਕਸੀਮ ਦੌਰਾਨ ਹੋਏ/ਕੀਤੇ ਗੁਨਾਹਾਂ ਦਾ ਕਫ਼ਾਰਾ ਕਰਨਾ ਚਾਹੁੰਦੀ ਹੈ। ਅਜਿਹੇ ਵਰਤਾਰੇ ਬਾਰੇ ਮੁਨੀਰ ਨਿਆਜ਼ੀ ਨੇ ਲਿਖਿਆ ਸੀ, ‘‘ਐਡੇ ਮਸਤ ਹਾਂ ਆਪਣੇ ਆਪ ਦੇ ਵਿਚ/ਐਡੇ ਗੁੰਮ ਹਾਂ ਆਪਣੀ ਜ਼ਾਤ ਦੇ ਵਿਚ/ਜਿਨ੍ਹਾਂ ਵੇਲਿਆਂ ਨੂੰ ਹੁਣੇ ਹਿਸਾਬ ਦਿੱਤਾ/ਉਹ ਹਸ਼ਰ ਦੇ ਵੇਲੇ ਵੀ ਯਾਦ ਨਹੀਂ ਰਹੇ।’’

ਹਰ ਸਾਲ ਦੋਹਾਂ ਦੇਸ਼ਾਂ ਵਿਚ ਅਮਨ ਦੇ ਚਾਹਵਾਨ ‘ਹਿੰਦ-ਪਾਕਿ ਦੋਸਤੀ ਮੰਚ’ ਦੀ ਅਗਵਾਈ ਵਿਚ ਦੋਹਾਂ ਪੰਜਾਬਾਂ ਦੀ ਸਾਂਝ ਵਧਾਉਣ ਲਈ ਲਗਾਤਾਰ ਉਪਰਾਲੇ ਕਰਦੇ ਆ ਰਹੇ ਹਨ। ਹਿੰਦ-ਪਾਕਿ ਦੋਸਤੀ ਮੰਚ ਅਤੇ ਸਹਿਯੋਗੀ ਜਥੇਬੰਦੀਆਂ ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ, ਪੰਜਾਬ ਜਾਗ੍ਰਿਤੀ ਮੰਚ, ਸਾਊਥ ਏਸ਼ੀਆ ਫਰੀ ਮੀਡੀਆ ਐਸੋਸੀਏਸ਼ਨ (ਸਾਫ਼ਮਾ), ਸਰਬੱਤ ਦਾ ਭਲਾ ਟਰੱਸਟ ਅਤੇ ਹੋਰ ਜਥੇਬੰਦੀਆਂ ਹਰ ਸਾਲ 14-15 ਅਗਸਤ ਦੀ ਰਾਤ ਨੂੰ ਵਾਹਗੇ ਦੀ ਸਰਹੱਦ ’ਤੇ ਜਾ ਕੇ ਮੋਮਬੱਤੀਆਂ ਜਗਾਉਣ ਅਤੇ ਦੋਹਾਂ ਪੰਜਾਬਾਂ ਵਿਚ ਸਾਂਝ ਵਧਾਉਣ ਦਾ ਅਹਿਦ ਕਰਦੀਆਂ ਹਨ। ਹਿੰਦ-ਪਾਕਿ ਦੋਸਤੀ ਮੇਲਾ ਲੱਗਦਾ ਹੈ। ਇਸ ਵਰ੍ਹੇ ਵੀ 14 ਅਗਸਤ ਨੂੰ ਅੰਮ੍ਰਿਤਸਰ ਵਿਚ ‘ਅਜੋਕੀ ਸਥਿਤੀ ਵਿਚ ਭਾਰਤ-ਪਾਕਿਸਤਾਨ ਸਬੰਧ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਦੇਸ਼ ਅਤੇ ਸੂਬੇ ਦੇ ਅਹਿਮ ਚਿੰਤਕਾਂ ਅਤੇ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਹਿੰਦ-ਪਾਕਿ ਦੋਸਤੀ ਮੰਚ ਦਾ ਇਹ ਉਪਰਾਲਾ 1997 ਵਿਚ ਕੁਲਦੀਪ ਨਈਅਰ, ਨਿਖਲ ਚੱਕਰਵਰਤੀ, ਜਸਟਿਸ ਰਜਿੰਦਰ ਸੱਚਰ, ਵਿਨੋਦ ਮਹਿਤਾ, ਸਹਿਮਤ ਗਰੁੱਪ ਅਤੇ ਹੋਰਨਾਂ ਦੀ ਕਿਆਦਤ ਵਿਚ ਸ਼ੁਰੂ ਕੀਤਾ ਗਿਆ ਜਦੋਂ ਸਰਹੱਦ ਦੇ ਦੋਵੇਂ ਪਾਸੇ ਅਮਨ ਦੇ ਚਾਹਵਾਨਾਂ ਨੇ ਪਹਿਲੀ ਵਾਰ ਮੋਮਬੱਤੀਆਂ ਜਗਾਈਆਂ ਸਨ। ਹਿੰਦ-ਪਾਕਿ ਦੋਸਤੀ ਮੰਚ ਅਤੇ ਉਪਰੋਕਤ ਸਹਿਯੋਗੀ ਜਥੇਬੰਦੀਆਂ ਨੇ ਇਹ ਸਿਲਸਿਲਾ ਜਾਰੀ ਰੱਖਿਆ ਹੈ। ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਸਿਆਸਤਾਂ ਦੋਵਾਂ ਮੁਲਕਾਂ ਵਿਚਲੀਆਂ ਦੂਰੀਆਂ ਵਧਾਉਣੀਆਂ ਚਾਹੁੰਦੀਆਂ ਹਨ, ਉੱਥੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਾਸੀ ਆਪਸੀ ਸਾਂਝ ਵਧਾਉਣ ਦੇ ਚਾਹਵਾਨ ਹਨ। ਸਾਂਝ ਤੇ ਅਮਨ ਦੀ ਲੋਅ ਉੱਚੀ ਕਰਦੀਆਂ ਮੋਮਬੱਤੀਆਂ ਇਸ ਸਾਲ ਵੀ ਜਗੀਆਂ। ਪੰਜਾਬ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਤੋਂ ਆਏ ਲੋਕਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਗਾਇਕਾਂ ਨੇ ਦੋਹਾਂ ਪੰਜਾਬਾਂ ਦੀ ਸਾਂਝ ਦੇ ਗੀਤ ਗਾਏ। ਮੋਮਬੱਤੀਆਂ ਦੀ ਲੋਅ ਹੋਰ ਉੱਚੀ ਹੋਈ। ਸਾਨੂੰ ਇਸ ਲੋਅ ਨੂੰ ਜਗਾਈ ਰੱਖਣ ਦੀ ਸਖ਼ਤ ਜ਼ਰੂਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All