ਸੁਖਪਾਲ ਸਿੰਘ ਥਿੰਦ
ਡਾ. ਕਰਨੈਲ ਸਿੰਘ ਥਿੰਦ ਪੰਜਾਬ ਦੇ ਉਹ ਸਪੂਤ ਸਨ ਜਿਨ੍ਹਾਂ ਨੇ ਸਾਰੀ ਉਮਰ ਪੰਜਾਬੀ ਭਾਸ਼ਾ ਅਤੇ ਸਾਂਝੀ ਪੰਜਾਬੀਅਤ ਦੇ ਲੇਖੇ ਲਾਈ। ਪੰਜਾਬੀ ਬੌਧਿਕਤਾ ਦੇ ਨਕਸ਼ ਸੰਵਾਰਨ ਵਾਲੇ ਮੁੱਢਲੇ ਵਿਦਵਾਨਾਂ ਦੀ ਗੱਲ ਤੁਰਦੀ ਹੈ ਤਾਂ ਡਾ. ਥਿੰਦ ਦਾ ਨਾਮ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਪੰਜਾਬੀ ਭਾਸ਼ਾ ਦੇ ਉਨ੍ਹਾਂ ਮੁੱਢਲੇ ਵਿਦਵਾਨਾਂ ਵਿੱਚ ਆਉਂਦੇ ਹਨ ਜਿਨ੍ਹਾਂ ਦੇ ਹਿੱਸੇ ਦੇਸ਼ ਦੀ ਆਜ਼ਾਦੀ ਉਪਰੰਤ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਜੁੜੇ ਖੋਜ ਕਾਰਜਾਂ ਨੂੰ ਮਜ਼ਬੂਤ ਨੀਹਾਂ ’ਤੇ ਉਸਾਰਨ ਦਾ ਗੁਣਾ ਪੈਂਦਾ ਹੈ।
ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਇਲਾਕੇ ਵਿੱਚ 12 ਅਪਰੈਲ 1929 ਨੂੰ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਟੋਭਾ ਟੇਕ ਸਿੰਘ ਦੇ ਚੱਕ ਨੰਬਰ 288 ਜੇ.ਬੀ. ਵਿੱਚ ਉਨ੍ਹਾਂ ਦਾ ਜਨਮ ਹੋਇਆ। ਇਹ ਉਹ ਪਿੰਡ ਸੀ ਜਿਸ ਦੀ ਮੋੜ੍ਹੀ ਕਰਨੈਲ ਸਿੰਘ ਥਿੰਦ ਦੇ ਪੜਦਾਦੇ ਨੇ ਉਨ੍ਹਾਂ ਦੇ ਜਨਮ ਤੋਂ ਕੋਈ ਚਾਰ ਕੁ ਦਹਾਕੇ ਪਹਿਲਾਂ ਗੱਡੀ ਸੀ। ਕਰਨੈਲ ਸਿੰਘ ਥਿੰਦ ਉਦੋਂ ਸਤਾਰਾਂ ਕੁ ਸਾਲਾਂ ਦੇ ਸਨ ਜਦੋਂ ਆਪਣਾ ਵਸਦਾ-ਰਸਦਾ ਪਿੰਡ ਅਤੇ ਪੜ੍ਹਾਈ ਅਧਵਾਟੇ ਛੱਡ ਕੇ ਗੱਡਿਆਂ ’ਤੇ ਸਾਮਾਨ ਲੱਦੀ ਅੰਮ੍ਰਿਤਸਰ ਆ ਪਹੁੰਚੇ। ਉਹ ਮਾੜੇ ਹਾਲਾਤ ਨੂੰ ਆਪਣੇ ਰੁਖ਼ ਸਿਰ ਕਰਨ ਵਿੱਚ ਜੁੱਟ ਗਏ। ਅਧਵਾਟੇ ਛੁੱਟੀ ਪੜ੍ਹਾਈ ਦੇ ਸੱਲ੍ਹ ਨੂੰ ਪਰ੍ਹੇ ਧਰਦਿਆਂ ਉਨ੍ਹਾਂ ਨੇ ਕਈ ਪਾਪੜ ਵੇਲੇ। ਪਹਿਲਾਂ ਪੁਲੀਸ ਵਿਭਾਗ ਅਤੇ ਫਿਰ ਬੱਸ ਕੰਪਨੀ ਵਿੱਚਕਲਰਕੀ ਦੇ ਰਾਹਾਂ ਥਾਣੀ ਲੰਘਦਿਆਂ ਆਖ਼ਰ ਆਪਣੀ ਮਿਹਨਤ ਦੇ ਬਲਬੂਤੇ 1955 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿੱਚ ਆ ਪੁੱਜੇ। ਇਹ ਉਹ ਮੁਕਾਮ ਸੀ ਜਿਸ ਦੇ ਬਲਬੂਤੇ ਕਰਨੈਲ ਸਿਘ, ਡਾ. ਕਰਨੈਲ ਸਿੰਘ ਬਣੇ ਅਤੇ ਪੰਜਾਬ ਦੇ ਬੌਧਿਕ ਗਲਿਆਰਿਆਂ ਵਿੱਚ ਪ੍ਰਸਿੱਧ ਹੋਏ। ਇੱਥੋਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿੱਚ ਪੁੱਜਣ ਅਤੇ ਫਿਰ ਇਸ ਦੇ ਮੁਖੀ ਅਤੇ ਰਜਿਸਟਰਾਰ ਵਰਗੇ ਵੱਕਾਰੀ ਅਹੁਦਿਆਂ ’ਤੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ।
ਇਸ ਦੌਰਾਨ ਉਨ੍ਹਾਂ ਨੇ ਕੁਝ ਇੱਕ ਮਹੱਤਵਪੂਰਨ ਕਾਰਜ ਕੀਤੇ। ਸਭ ਤੋਂ ਮਹੱਤਵਪੂਰਨ ਗੱਲ ਪੰਜਾਬੀ ਲੋਕ-ਧਾਰਾ ਦੇ ਖੇਤਰ ਵਿੱਚ ਖੋਜ ਸਬੰਧੀ ਵਾਪਰੀ। ਡਾ. ਥਿੰਦ ਨੇ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਲੋਕਯਾਨਕ ਪੱਖ ਤੋਂ ਅਧਿਐਨ ਦਾ ਕੇਂਦਰ ਬਿੰਦੂ ਬਣਾਇਆ। ਉਨ੍ਹਾਂ ਨੇ ਹੀ ਪਹਿਲੀ ਵਾਰ ‘ਲੋਕਯਾਨ’ ਸ਼ਬਦ ਘੜਿਆ ਅਤੇ ਯੂਨੀਵਰਸਿਟੀ ਵਿੱਚ ਇਸ ਖੇਤਰ ਵਿੱਚ ਅਗਲੀ ਖੋਜ ਲਈ ਦਰਵਾਜ਼ੇ ਖੁੱਲ੍ਹ ਗਏ ਸਨ। ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਨਾਲ-ਨਾਲ ਡਾ. ਥਿੰਦ ਦਾ ਖੋਜ ਕਾਰਜ ਪੰਜਾਬੀ ਲੋਕਯਾਨ ਦੇ ਅਧਿਐਨ ਲਈ ਕੁਝ ਮੁੱਢਲੀਆਂ ਮੌਲਿਕ ਧਾਰਨਾਵਾਂ ਨਾਲ ਸਾਹਮਣੇ ਆਉਂਦਾ ਹੈ। ਇਹ ਧਾਰਨਾਵਾਂ ਬਾਅਦ ਵਿੱਚ ਇਸ ਖੇਤਰ ਵਿੱਚ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਰਾਹ ਦਸੇਰੇ ਦੀ ਭੂਮਿਕਾ ਨਿਭਾਉਂਦੀਆਂ ਆ ਰਹੀਆਂ ਹਨ। ਇਹ ਡਾ. ਥਿੰਦ ਜਿਹੇ ਵਿਦਵਾਨਾਂ ਬਦੌਲਤ ਹੀ ਯੂਨੀਵਰਸਿਟੀ ਪੱਧਰ ’ਤੇ ਪੰਜਾਬੀ ਸਭਿਆਚਾਰ ਅਧਿਐਨ ਦਾ ਸੁਤੰਤਰ ਖੇਤਰ ਹੋਂਦ ਵਿੱਚ ਆਇਆ ਅਤੇ ਅਗਲੀਆਂ ਪੀੜ੍ਹੀਆਂ ਲਈ ਅਗਲੀਆਂ ਪੁਲਾਘਾਂ ਪੁੱਟਣ ਲਈ ਠੋਸ ਬੁਨਿਆਦ ਬਣ ਗਈ।
ਇਨ੍ਹਾਂ ਬੌਧਿਕ ਮੰਡਲਾਂ ਵਿੱਚ ਹੀ ਡਾ. ਕਰਨੈਲ ਸਿੰਘ ਥਿੰਦ ਦੀ ਅਗਵਾਈ ਵਿੱਚ ਯੂਨੀਵਰਸਿਟੀ ਵਿੱਚ ਪੰਜਾਬੀ ਨਾਵਲ ਅਤੇ ‘ਸਾਹਿਤ ਅਧਿਐਨ ਪ੍ਰਣਾਲੀਆਂ’ ਸਬੰਧੀ ਉੱਚ ਮਿਆਰੀ ਸੈਮੀਨਾਰ ਕੀਤੇ ਜਾਣ ਲੱਗੇ ਸਨ। ਇਨ੍ਹਾਂ ਸੈਮੀਨਾਰਾਂ ਵਿੱਚੋਂ ਨਿਕਲੀਆਂ ਪੁਸਤਕਾਂ (ਪੰਜਾਬੀ ਨਾਵਲ ਸਰਵੇਖਣ ਤੇ ਮੁੱਲਾਂਕਣ ਅਤੇ ਸਾਹਿਤ ਅਧਿਐਨ ਪ੍ਰਣਾਲੀਆਂ) ਪੰਜਾਬੀ ਨਾਵਲ ਅਤੇ ਸਾਹਿਤ ਅਧਿਐਨ ਪ੍ਰਣਾਲੀਆਂ ਸਬੰਧੀ ਅਜਿਹੀ ਠੋਸ ਸਾਮੱਗਰੀ ਲੈ ਕੇ ਸਾਹਮਣੇ ਆਈਆਂ।
ਇਸ ਕਾਰਜ ਦੇ ਨਾਲ-ਨਾਲ ਡਾ. ਥਿੰਦ ਹੋਰਾਂ ਵੱਲੋਂ ਇੱਕ ਹੋਰ ਵੱਡਾ ਕਾਰਜ ਚੜ੍ਹਦੇ ਅਤੇ ਲਹਿੰਦੇ ਵਾਲੇ ਦੋਹਾਂ ਪੰਜਾਬਾਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵੰਡ ਕਾਰਨ ਪਏ ਦੁਫੇੜ ਵਿੱਚ ਪੁਲ਼ ਵਜੋਂ ਨਿਭਾਈ ਭੂਮਿਕਾ ਹੈ। ਲਹਿੰਦੇ ਪੰਜਾਬ ਦੇ ਸ਼ਾਹਮੁਖੀ ਵਿੱਚ ਛਪੇ ਪੰਜਾਬੀ ਸਾਹਿਤ ਨੂੰ ਗੁਰਮੁਖੀ ਵਿੱਚ ਉਲਥਾ ਕੇ ਉਸ ਪੰਜਾਬੀ ਸਾਹਿਤ ਦੀ ਮਹਿਕ ਨੂੰ ਚੜ੍ਹਦੇ ਪੰਜਾਬ ਦੇ ਪਾਠਕਾਂ ਲਈ ਪੇਸ਼ ਕਰਨਾ ਉਨ੍ਹਾਂ ਦਾ ਵਡੇਰਾ ਅਤੇ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਨੇ ਰਾਵੀਓਂ ਪਾਰ ਦੀਆਂ ਚੋਣਵੀਆਂ ਕਹਾਣੀਆਂ ਦੇ ਨਾਲ ਨਾਲ ਨਜ਼ਮ ਹੁਸੈਨ ਦੇ ਕਲਾਮ, ਫ਼ਖਰ ਜ਼ਮਾਨ ਦੇ ਨਾਵਲ, ਮੌਲਾ ਬਖਸ਼ ਕੁਸ਼ਤਾ ਦੇ ਜੀਵਨ ਅਤੇ ਰਚਨਾ ਨੂੰ ਏਧਰਲੇ ਪੰਜਾਬੀਆਂ ਦੇ ਪੜ੍ਹਣ ਲਈ ਪੇਸ਼ ਕੀਤਾ। ਇਸ ਤੋਂ ਇਲਾਵਾ ‘ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ’ ਨਾਮਕ ਪੁਸਤਕ ਰਾਹੀਂ ਪਾਕਿਸਤਾਨ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਸਬੰਧੀ ਮੁੱਲਵਾਨ ਟਿੱਪਣੀਆਂ ਦਿੱਤੀਆਂ।
ਡਾ. ਕਰਨੈਲ ਸਿੰਘ ਥਿੰਦ ਨੇ ਸਾਰੀ ਉਮਰ ਜੋ ਵੀ ਕੀਤਾ, ਪੂਰੇ ਸਿਰੜ, ਲਗਨ, ਸੁਹਿਰਦਤਾ ਅਤੇ ਇਮਾਨਦਾਰੀ ਨਾਲ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੇ ‘ਪੰਜਾਬ ਦੇ ਲੋਕ ਵਿਰਸੇ’ ’ਤੇ ਖੋਜ ਕਾਰਜ ਸੌਂਪਿਆ ਤਾਂ ਇਸ ਵੱਡ-ਆਕਾਰੀ ਕਾਰਜ ਦੇ ਪੂਰੇ ਤਿੰਨ ਭਾਗ ਮੁਕੰਮਲ ਕੀਤੇ। ਜੇ ਸਾਊਥ ਏਸ਼ੀਅਨ ਰੀਵਿਊ, ਕੈਨੇਡਾ ਅਤੇ ਵਿਰਾਸਤ ਫਾਊਡੇਸ਼ਨ, ਕੈਨੇਡਾ ਵੱਲੋਂ ਛਾਪੇ ‘ਡਾ. ਪ੍ਰੇਮ ਪ੍ਰਕਾਸ਼ ਸਿੰਘ ਸਿਮਰਤੀ ਗ੍ਰੰਥ’ ਨੂੰ ਛਾਪਣ ਦਾ ਜ਼ਿੰਮਾਂ ਚੁੱਕਿਆ ਅਤੇ ਇਸ ਨੂੰ ਖ਼ੂਬਸੂਰਤ ਢੰਗ ਨਾਲ ਨੇਪਰੇ ਚਾੜ੍ਹਿਆ। ਡਾ. ਕਰਨੈਲ ਸਿੰਘ ਥਿੰਦ ਦੀ ਇਹ ਖ਼ੂਬਸੂਰਤੀ ਸੀ ਕਿ ਉਹ ਸਾਰੀ ਉਮਰ ਖ਼ੁਦ ਵੀ ਕਾਰਜਸ਼ੀਲ ਰਹੇ ਤੇ ਦੂਜਿਆਂ ਨੂੰ ਵੀ ਪੂਰੀ ਸਰਗਰਮੀ ਨਾਲ ਆਪਣੇ ਕਾਰਜ ਨੇਪਰੇ ਚਾੜ੍ਹਣ ਲਈ ਪ੍ਰੇਰਦੇ ਰਹੇ। ਦੋਵੇਂ ਪੰਜਾਬਾਂ ਦੀ ਖ਼ੈਰ-ਸੁੱਖ ਮੰਗਣ ਵਾਲੇ ਤੇ ਇਨ੍ਹਾਂ ਦਰਮਿਆਨ ਸਾਰੀ ਉਮਰ ਪੁਲ਼ ਬਣਨ ਵਾਲੇ ਡਾ. ਕਰਨੈਲ ਸਿੰਘ ਥਿੰਦ ਨੇ 25 ਦਸੰਬਰ ਦੀ ਅਤਿ ਠੰਢ ਵਾਲੇ ਮੌਸਮ ਵਿੱਚ ਆਖ਼ਰੀ ਸਾਹ ਕੈਨੇਡਾ ਵਿੱਚ ਆਪਣੇ ਪੁੱਤਰ ਦੇ ਘਰ ਪਰਿਵਾਰ ਵਿੱਚ ਲਏ। ਉਨ੍ਹਾਂ ਦੇ ਚਲਾਣੇ ਨਾਲ ਦੋਵੇਂ ਪੰਜਾਬਾਂ ਵਿਚਲੇ ਪੁਲ਼ ਦਾ ਮਜ਼ਬੂਤ ਥੰਮ੍ਹ ਤਿੜਕਿਆ ਜਾਪਦਾ ਹੈ।
ਸੰਪਰਕ: 98885-21960