ਪਿਆਰੇ ਗੁਰੂਦੇਵ, ਇਹ ਗੱਲਾਂ 1834-1835 ਤੇ ਉਦੋਂ ਤੋਂ ਬਾਅਦ ਦੀਆਂ ਨੇ। ਉਦੋਂ ਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਲਾਹੌਰ ਦਰਬਾਰ ਅਧੀਨ ਸਰਦਾਰ ਮੀਹਾਂ ਸਿੰਘ ਕਸ਼ਮੀਰ ਦਾ ਨਾਜ਼ਿਮ ਸੀ ਅਤੇ ਰਾਜਾ ਗੁਲਾਬ ਸਿੰਘ ਜੰਮੂ ਦਾ। ਉਦੋਂ ਕਹਲੂਰ (ਬਿਲਾਸਪੁਰ, ਹਿਮਾਚਲ ਪ੍ਰਦੇਸ਼) ਦੇ ਇਕ ਰਾਜਪੂਤ ਘਰਾਣੇ ਵਿਚ ਜੰਮਿਆ ਜ਼ੋਰਾਵਰ ਸਿੰਘ ਰਾਜਾ ਗੁਲਾਬ ਸਿੰਘ ਕੋਲ ਇਕ ਵੱਡੇ ਰੁਤਬੇ ਵਾਲਾ ਫ਼ੌਜੀ ਕਮਾਂਡਰ ਸੀ। 1834-35 ਵਿਚ ਉਸ ਨੇ ਲੱਦਾਖ਼ ਫਤਿਹ ਕੀਤਾ ਤੇ ਇਸ ਤਰ੍ਹਾਂ ਲੱਦਾਖ਼ ਖ਼ਾਲਸਾ ਰਾਜ ਦਾ ਹਿੱਸਾ ਬਣ ਗਿਆ।
ਜਰਨੈਲ ਜ਼ੋਰਾਵਰ ਸਿੰਘ ਨੇ ਸਿਰਫ਼ ਲੱਦਾਖ਼ ਹੀ ਫਤਿਹ ਹੀ ਨਹੀਂ ਸੀ ਕੀਤਾ, ਉਹਨੇ ਤਾਂ 1841 ਵਿਚ ਤਿੱਬਤ ਵਿਚ ਜਾ ਪੈਰ ਜਮਾਏ ਸਨ। ਬਾਅਦ ਵਿਚ ਤਿੱਬਤੀਆਂ ਨੇ ਜ਼ੋਰਾਵਰ ਸਿੰਘ ਦੀਆਂ ਫ਼ੌਜਾਂ ਨੂੰ ਉਥੋਂ ਕੱਢ ਦਿੱਤਾ ਸੀ ਅਤੇ 12 ਦਸੰਬਰ 1841 ਨੂੰ ਤਿੱਬਤੀਆਂ ਤੇ ਚੀਨੀਆਂ ਅਤੇ ਜ਼ੋਰਾਵਰ ਸਿੰਘ ਦੀ ਫ਼ੌਜ ਵਿਚਕਾਰ ਹੋਈ ‘ਤੋ ਯੋ (To-Yo)’ ਦੀ ਲੜਾਈ ਵਿਚ ਜ਼ੋਰਾਵਰ ਸਿੰਘ ਸ਼ਹੀਦ ਹੋ ਗਿਆ। ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ ਲਾਹੌਰ ਦਰਬਾਰ ’ਤੇ ਰਾਜ ਕਰ ਰਿਹਾ ਸੀ। ਬਾਅਦ ਵਿਚ 16-17 ਸਤੰਬਰ 1842 ਵਿਚ ਲਹਾਸਾ (ਤਿੱਬਤ), ਚੀਨ, ਖ਼ਾਲਸਾ ਰਾਜ ਦੇ ਪ੍ਰਤੀਨਿਧਾਂ ਵਿਚਕਾਰ ਸੰਧੀ ਹੋਈ ਜਿਸ ਵਿਚ ਕਿਹਾ ਗਿਆ ਕਿ ਸਾਰੀਆਂ ਧਿਰਾਂ ਕੁੰਜਕ ਸਾਹਿਬ ਦੀ ਹਾਜ਼ਰੀ ਵਿਚ ‘‘ਸ੍ਰੀ ਖਾਲਸਾ ਜੀ, ਸ੍ਰੀ ਮਹਾਰਾਜਾ ਸਾਹਿਬ ਬਹਾਦਰ ਰਾਜਾ ਗੁਲਾਬ ਸਿੰਘ ਜੀ, ਚੀਨ ਦੇ ਬਾਦਸ਼ਾਹ ਅਤੇ ਲਹਾਸਾ ਦੇ ਲਾਮਾ ਗੁਰੂ’’ ਵਿਚਕਾਰ ਰਿਸ਼ਤਿਆਂ ਨੂੰ ਅਮਨ ਚੈਨ ਵਾਲੇ ਬਣਾਈ ਰੱਖਣ ਲਈ ਸੌਂਹ ਖਾਂਦੀਆਂ ਹਨ। ਲਹਾਸਾ ਅਤੇ ਚੀਨੀ ਧਿਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੱਦਾਖ਼ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਗੀਆਂ ਅਤੇ ‘‘ਸ੍ਰੀ ਸਰਕਾਰ ਖਾਲਸਾ ਜੀ ਅਤੇ ਸ੍ਰੀ ਰਾਜਾ ਸਾਹਿਬ ਬਹਾਦਰ ਗੁਲਾਬ ਸਿੰਘ ਦੇ ਕੋਈ ਵੀ ਦੁਸ਼ਮਣ ਉਨ੍ਹਾਂ ਦੇ ਇਲਾਕੇ ਵਿਚ ਆਉਂਦੇ ਹਨ ਤਾਂ ਉਨ੍ਹਾਂ ਇਸ ਇਲਾਕੇ ਵਿਚ ਰਹਿਣ ਨਹੀਂ ਦਿੱਤਾ ਜਾਵੇਗਾ। ਇਸ ਸੰਧੀ ਨੂੰ ‘‘ਚਸ਼ਲ ਦੀ ਸੰਧੀ (The Treaty of Chushal) ਕਿਹਾ ਜਾਂਦਾ ਹੈ।
ਪਿਆਰੇ ਗੁਰੂਦੇਵ, ਮੈਂ ਐਵੇਂ ਜਾਣਕਾਰੀ ਦੇਣ ਦੇ ਲਾਲਚ ਵਿਚ ਪੈ ਗਿਆ ਹਾਂ। ਮੁੱਕਦੀ ਗੱਲ ਤਾਂ ਕਿ ਲੱਦਾਖ਼ ਜੋ ਕਿਸੇ ਸਮੇਂ ਖ਼ਾਲਸਾ ਰਾਜ ਦਾ ਹਿੱਸਾ ਸੀ, 1846 ਵਿਚ ਅੰਗਰੇਜ਼ ਦੇ ਵਰਸੋਏ ਰਾਜਾ ਗੁਲਾਬ ਸਿੰਘ ਦੇ ਡੋਗਰਾ ਰਾਜ ਦਾ ਹਿੱਸਾ ਬਣ ਗਿਆ (ਇਹ ਲਾਹੌਰ ਦਰਬਾਰ ਤੇ ਅੰਗਰੇਜ਼ਾਂ ਵਿਚਕਾਰ 1845-46 ਵਿਚ ਹੋਏ ਯੁੱਧ ਵਿਚ ਗੁਲਾਬ ਸਿੰਘ ਦੀ ਅੰਗਰੇਜ਼ਾਂ ਪ੍ਰਤੀ ਨਿਭਾਈ ਗਈ ਵਫ਼ਾ ਦਾ ਇਨਾਮ ਸੀ) ਤੇ 1947 ਵਿਚ ਭਾਰਤ ਦਾ। ਬਾਅਦ ਵਿਚ ਚੀਨੀਆਂ ਨੇ ਇਸ ’ਤੇ ਹੱਕ ਜਤਾਉਣਾ ਸ਼ੁਰੂ ਕੀਤਾ। ਭਾਰਤ ਤੇ ਚੀਨ ਵਿਚਕਾਰ 1962 ਵਿਚ ਜੰਗ ਹੋਈ ਅਤੇ ਚੀਨ ਨੇ ਲੱਦਾਖ਼ ਵਿਚ ਅਕਸਾਈ ਚਿਨ ਨਾਂ ਦੇ ਇਲਾਕੇ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ। ਬਾਅਦ ਵਿਚ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਹੁੰਦੀ ਰਹੀ ਅਤੇ ਸਰਹੱਦ ਉਲੀਕਣ ਦਾ ਕੰਮ ਸ਼ੁਰੂ ਹੋਇਆ ਪਰ ਇਹ ਮੁਕੰਮਲ ਨਹੀਂ ਹੋ ਸਕਿਆ। ਪਿਛਲੇ ਮਹੀਨੇ ਦੌਰਾਨ ਪੂਰਬੀ ਲੱਦਾਖ਼ ਦੀ ਗਲਵਾਨ ਘਾਟੀ ਵਿਚ ਦੋਹਾਂ ਦੇਸ਼ਾਂ ਵਿਚ ਤਣਾਉ ਵਧਿਆ ਹੈ। ਇਕ ਹਿੰਸਕ ਝੜਪ ਵਿਚ ਸਾਡੇ ਦੇਸ਼ ਦੇ ਵੀਹ ਜਵਾਨ ਜਿਨ੍ਹਾਂ ਵਿਚ ਇਕ ਸੀਨੀਅਰ ਅਫ਼ਸਰ ਵੀ ਸ਼ਾਮਿਲ ਸੀ, ਸ਼ਹੀਦ ਹੋ ਗਏ। 45 ਚੀਨੀ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਫ਼ੌਜੀ ਕਮਾਂਡਰਾਂ ਵਿਚ ਹੋਈ ਗੱਲਬਾਤ ਤੋਂ ਬਾਅਦ ਤਣਾਉ ਕੁਝ ਘਟਿਆ ਹੈ ਤੇ ਚੀਨੀ ਫ਼ੌਜ ਨੇ ਸਾਡੇ 10 ਜਵਾਨ ਜਿਨ੍ਹਾਂ ਵਿਚ ਅਫ਼ਸਰ ਵੀ ਸ਼ਾਮਿਲ ਹਨ, ਛੱਡ ਦਿੱਤੇ ਹਨ।
ਸਾਡੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਜਵਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ ਅਤੇ ਕੋਈ ਵੀ ਸਾਡੀ ਸੀਮਾ ਵੱਲ ਅੱਖ ਉਠਾ ਕੇ ਨਹੀਂ ਵੇਖ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਕਿਸੇ ਪੋਸਟ ’ਤੇ ਕਬਜ਼ਾ ਨਹੀਂ ਹੋਇਆ ਤੇ ਸਾਡੀ ਇਕ ਇੰਚ ਜ਼ਮੀਨ ਵੀ ਚੀਨ ਦੇ ਕਬਜ਼ੇ ਵਿਚ ਨਹੀਂ ਗਈ। ਪ੍ਰਧਾਨ ਮੰਤਰੀ ਦੇ ਬਿਆਨਾਂ ਦੇ ਉਨ੍ਹਾਂ ਹਿੱਸਿਆਂ ਜਿਨ੍ਹਾਂ ਵਿਚ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਇਹ ਕਿਹਾ ਹੈ ਕਿ ਕੋਈ ਸਾਡੀ ਸੀਮਾ ਵੱਲ ਅੱਖ ਉਠਾ ਕੇ ਨਹੀਂ ਵੇਖ ਸਕਦਾ, ਦੀ ਸਭ ਨੇ ਹਮਾਇਤ ਕੀਤੀ ਹੈ ਅਤੇ ਸਾਰਾ ਦੇਸ਼ ਇਸ ਮਾਮਲੇ ਵਿਚ ਉਨ੍ਹਾਂ ਦੇ ਨਾਲ ਹੈ ਪਰ ਉਨ੍ਹਾਂ ਦੇ ਬਿਆਨਾਂ ਦੇ ਉਹ ਹਿੱਸੇ ਜਿਨ੍ਹਾਂ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਕੋਈ ਖ਼ਾਸ ਘਟਨਾ ਨਹੀਂ ਵਾਪਰੀ, ਬਾਰੇ ਲੋਕਾਂ ਦੇ ਮਨਾਂ ਵਿਚ ਹਜ਼ਾਰਾਂ ਤੌਖ਼ਲੇ ਉੱਠੇ ਹਨ। ਲੋਕ ਇਹ ਸਵਾਲ ਪੁੱਛ ਰਹੇ ਹਨ ਜੇ ਸਾਡੀ ਕਿਸੇ ਪੋਸਟ ਜਾਂ ਇਕ ਇੰਚ ਜ਼ਮੀਨ ’ਤੇ ਚੀਨ ਦਾ ਕਬਜ਼ਾ ਨਹੀਂ ਹੋਇਆ ਤਾਂ ਹੋਇਆ ਕੀ; ਕੀ ਅਸੀਂ ਚੀਨ ਦੀ ਸਰਹੱਦ ਵਿਚ ਦਖ਼ਲ ਦਿੱਤਾ ਹੈ? ਸਰਹੱਦਾਂ ’ਤੇ ਤਣਾਉ ਕਿਉਂ ਹੈ? ਸਾਡੇ ਵੀਹ ਜਵਾਨ ਕਿਉਂ ਮਾਰੇ ਗਏ ਹਨ? ਮਿਲਟਰੀ ਕਮਾਂਡਰਾਂ ਵਿਚ ਗੱਲਬਾਤ ਕਿਉਂ ਹੋ ਰਹੀ ਹੈ? ਸਾਡਾ ਵਿਦੇਸ਼ ਮੰਤਰੀ ਚੀਨ ਦੇ ਵਿਦੇਸ਼ ਮੰਤਰੀ ਨੂੰ ਫ਼ੋਨ ਕਿਉਂ ਕਰ ਰਿਹਾ ਹੈ?
‘ਦਿ ਟ੍ਰਿਬਿਊਨ’ ਅਤੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪੇ ਇਕ ਲੇਖ ਵਿਚ ਜੰਮੂ ਕਸ਼ਮੀਰ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲੀਸ ਨੇ ਸਵਾਲ ਪੁੱਛਿਆ ਹੈ ਕਿ ਜਦ 2019 ’ਚ ਦਹਿਸ਼ਤਗਰਦਾਂ ਨੇ ਸੈਂਟਰਲ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐਫ਼) ’ਤੇ ਪੁਲਵਾਮਾ ’ਚ ਹਮਲਾ ਕਰ ਕੇ ਸੀਆਰਪੀਐੱਫ਼ ਦੇ 40 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਤਾਂ ਫ਼ੌਜ ਦਾ ਡਾਇਰੈਕਟਰ ਜਨਰਲ ਆਫ਼ ਮਿਲਟਰੀ ਅਪਰੇਸ਼ਨਜ਼ (ਡੀਜੀਐਮਓ) ਮੀਡੀਆ ਨੂੰ ਸੰਬੋਧਿਤ ਕਰਨ ਆਇਆ ਸੀ (ਗ਼ੌਰ ਕਰਨ ਵਾਲੀ ਗੱਲ ਹੈ ਕਿ ਹਮਲਾ ਸੀਆਰਪੀਐਫ਼ ’ਤੇ ਸੀ) ਪਰ ਇਸ ਵਾਰ ਜਦ ਚੀਨ ਨੇ ਝੜਪ ’ਚ ਸਾਡੇ 20 ਫ਼ੌਜੀ ਜਵਾਨਾਂ ਨੂੰ ਸ਼ਹੀਦ ਕੀਤਾ ਹੈ ਤਾਂ ਡੀਜੀਐਮਓ ਜਾਂ ਫ਼ੌਜ ਦੇ ਕਿਸੇ ਹੋਰ ਸੀਨੀਅਰ ਅਫ਼ਸਰ ਨੇ ਪ੍ਰੈਸ ਨਾਲ ਗੱਲਬਾਤ ਕਿਉਂ ਨਹੀਂ ਕੀਤੀ। ਇਕ ਮਹਿਲਾ ਪੱਤਰਕਾਰ ਜੋ ਆਮ ਤੌਰ ’ਤੇ ਭਾਜਪਾ ਦੀ ਹਮਾਇਤ ਕਰਦੀ ਰਹੀ ਹੈ, ਨੇ ਅਖ਼ਬਾਰ ’ਚ ਲਿਖੇ ਆਪਣੇ ਕਾਲਮ ਵਿਚ ਪੁੱਛਿਆ ਹੈ ਕਿ ‘‘ਚੀਫ਼ ਆਫ਼ ਡਿਫ਼ੈਂਸ ਸਟਾਫ਼ ਕਿੱਥੇ ਸੀ? ਫ਼ੌਜ ਦਾ ਮੁਖੀ ਕਿੱਥੇ ਸੀ? ਕੌਮੀ ਸੁਰੱਖਿਆ ਸਲਾਹਕਾਰ ਕਿੱਥੇ ਸੀ?’’ ਇਸ ਕਾਲਮਨਵੀਸ ਅਨੁਸਾਰ ਜਿੱਥੇ ਰੱਖਿਆ ਮੰਤਰੀ ਚੁੱਪ ਹੈਰਾਨ ਕਰ ਦੇਣ ਵਾਲੀ ਹੈ, ਉਥੇ ਵਿਦੇਸ਼ ਮੰਤਰੀ ਦੱਸ ਰਿਹਾ ਹੈ ਕਿ ਇਸ ਝੜਪ ਦੌਰਾਨ ਸਾਡੇ ਫ਼ੌਜੀ ਹਥਿਆਰਬੰਦ ਨਹੀਂ ਸਨ। ਕਾਲਮਨਵੀਸ ਨੇ ਚਿੰਤਾ ਜਤਾਈ ਹੈ ਕਿ ਸਵਾਲ ਪੁੱਛਣ ਵਾਲਿਆਂ ਨੂੰ ਰਾਸ਼ਟਰ-ਵਿਰੋਧੀ ਦੱਸਿਆ ਜਾ ਰਿਹਾ ਹੈ ਅਤੇ ਜਦ ਇਹ ਲੱਗਦਾ ਹੈ ਸਾਡੇ ਦੇਸ਼ ਤੇ ਚੀਨ ਵਿਚਕਾਰ ਇਕ ਹੋਰ ਜੰਗ ਹੋਣ ਵਾਲੀ ਹੈ ਤਾਂ ਅਜਿਹੇ ਵੇਲੇ ਸਵਾਲ ਪੁੱਛਣ ਨੂੰ ਰਾਸ਼ਟਰ-ਵਿਰੋਧ ਨਹੀਂ ਕਿਹਾ ਜਾ ਸਕਦਾ।
ਪ੍ਰਧਾਨ ਮੰਤਰੀ ਦੇ ਦਫ਼ਤਰ (ਪ੍ਰਾਈਮ ਮਿਨਿਸਟਰ ਆਫ਼ਿਸ-ਪੀਐੱਮਓ) ਨੇ ਇਕ ਸਪੱਸ਼ਟੀਕਰਨ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਦਾ ਬਿਆਨ ਉਸ ਸਥਿਤੀ ਸਬੰਧੀ ਸੀ ਜਦੋਂ ਭਾਰਤੀ ਫ਼ੌਜਾਂ ਚੀਨੀ ਫ਼ੌਜਾਂ ਨੂੰ ਆਪਣੇ ਇਲਾਕੇ ਵਿਚੋਂ ਬਾਹਰ ਕੱਢ ਚੁੱਕੀਆਂ ਸਨ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਸਥਿਤੀ ਨੂੰ ਅਸਪੱਸ਼ਟ (Obfuscate) ਕਰਨ ਵਾਲਾ ਦੱਸਿਆ ਹੈ।
1962 ਵਿਚ ਚੀਨ ਨਾਲ ਜੰਗ ਹੋ ਰਹੀ ਸੀ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੰਸਦ ਦਾ ਇਜਲਾਸ ਸੱਦਿਆ। ਉਸ ਸਮੇਂ ਹਰ ਵਿਰੋਧੀ ਪਾਰਟੀ ਦੇ ਆਗੂ ਨੇ ਨਾ ਸਿਰਫ਼ ਨਹਿਰੂ ਤੋਂ ਸਵਾਲ ਪੁੱਛੇ ਸਨ ਸਗੋਂ ਉਸ ਦੀ ਆਪਣੀ ਪਾਰਟੀ ਦੇ ਆਗੂਆਂ ਨੇ ਵੀ ਤਿੱਖੀ ਆਲੋਚਨਾ ਕੀਤੀ ਸੀ। ਰਾਜ ਸਭਾ ਵਿਚ ਬੋਲਦਿਆਂ ਜਨਸੰਘ ਦੇ ਆਗੂ ਅਟਲ ਬਿਹਾਰੀ ਵਾਜਪਾਈ ਨੇ ਕੇਂਦਰੀ ਸਰਕਾਰ ਅਤੇ ਨਹਿਰੂ ਦੀਆਂ ਨੀਤੀਆਂ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ। ਵਿਰੋਧੀ ਪਾਰਟੀਆਂ ਨੇ ਨਹਿਰੂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਕੀ ਅੱਜ ਅਸੀਂ ਇਹ ਸਭ ਕੁਝ ਕਹਿ ਸਕਦੇ ਹਾਂ ? ਏਹੀ ਨਹੀਂ, ਜਦ ਲੋਕ ਪ੍ਰਧਾਨ ਮੰਤਰੀ ਬਾਰੇ ਸਵਾਲ ਪੁੱਛਦੇ ਹਨ ਤਾਂ ਸਪੱਸ਼ਟੀਕਰਨ ਪ੍ਰਾਈਮ ਮਨਿਸਟਰ ਆਫ਼ਿਸ (ਪੀਐੱਮਓ) ਦੇ ਅਫ਼ਸਰਸ਼ਾਹ ਦਿੰਦੇ ਹਨ ਤੇ ਜਦ ਸੁਰੱਖਿਆ ਮਾਹਿਰ ਸਵਾਲ ਪੁੱਛਦੇ ਹਨ ਤਾਂ ਅਫ਼ਸਰਸ਼ਾਹਾਂ ਦੀ ਥਾਂ ਭਾਜਪਾ ਦੇ ਆਗੂ ਟੈਲੀਵੀਜ਼ਨਾਂ ’ਤੇ ਜਵਾਬ ਦਿੰਦੇ ਹਨ ਤੇ ਉਨ੍ਹਾਂ ਦੇ ਜਵਾਬ ਦੇਣ ਵਿਚ ਕੋਈ ਅਦਬ ਨਹੀਂ। ਅਦਬ ਦੀ ਭਾਸ਼ਾ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ। ਸਾਡੇ ਸ਼ਾਇਰ ਬੁੱਲ੍ਹੇ ਸ਼ਾਹ (ਜਿਸ ਦੀ ਗੁਰੂਦੇਵ, ਤੁਸੀਂ ਤਾਰੀਫ਼ ਕੀਤੀ ਸੀ) ਦਾ ਕਥਨ ਹੈ ‘‘ਅਵਲ ਬਾਤ ਅਦਬ ਦੀ ਹੈ।’’ ਅਦਬ ਤਾਂ ਦੂਰ ਦੀ ਗੱਲ, ਸਵਾਲ ਪੁੱਛਣ ਵਾਲਿਆਂ ਨੂੰ ਇਹ ਡਰ ਵੀ ਲੱਗਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਦੇਸ਼-ਧ੍ਰੋਹੀ ਜਾਂ ਕਿਸੇ ਹੋਰ ਅਜਿਹੇ ਵਿਸ਼ੇਸ਼ਣ ਨਾਲ ਨਾ ਨਿਵਾਜ ਦਿੱਤਾ ਜਾਵੇ। ਇਸ ਮਾਹੌਲ ਵਿਚ ਤੁਹਾਡੀ ਕਵਿਤਾ ‘‘ਚਿੱਤ ਜੇਥਾ ਭੈਅ ਸ਼ੂਨਯੋ (Where The Mind Is Without Fear : ਜਿੱਥੇ ਚਿੱਤ ਵਿਚ ਭੈਅ ਨਹੀਂ)’’ ਯਾਦ ਆਉਂਦੀ ਹੈ:
ਜਿੱਥੇ ਚਿੱਤ ਵਿਚ ਭੈਅ ਨਾ ਹੋਵੇ
ਬੰਦਾ ਸਿਰ ਉੱਚਾ ਕਰ ਕੇ ਚੱਲ ਸਕੇ
ਜਿੱਥੇ ਗਿਆਨ ਪ੍ਰਾਪਤੀ ਲਈ ਆਜ਼ਾਦੀ ਹੋਵੇ
ਜਿੱਥੇ ਸੰਸਾਰ ਸੌੜੀਆਂ ਕੰਧਾਂ ਨਾਲ
ਨਿੱਕੇ ਨਿੱਕੇ ਟੁਕੜਿਆਂ ਵੰਡਿਆਂ ਨਾ ਹੋਵੇ
ਜਿੱਥੇ ਸ਼ਬਦ ਸੱਚ ਦੀਆਂ ਗਹਿਰਾਈਆਂ ’ਚੋਂ ਉਭਰਨ
ਜਿੱਥੇ ਤਰਕ ਦੀ ਨਦੀ
ਰੀਤੀ ਰਿਵਾਜ਼ਾਂ ਦੇ ਨੀਰਸ ਮਾਰੂਥਲ ਵਿਚ ਨਾ ਗਵਾਚ ਜਾਏ
……
ਓ ਮੇਰੇ ਪਿਤਾ (ਪ੍ਰਭੂ) !
ਮੇਰੇ ਸੁੱਤੇ ਹੋਏ ਭਾਰਤ ਨੂੰ
ਉਸ ਆਜ਼ਾਦੀ ਦੇ ਸਵਰਗ ਉਸ ਵਿਚ ਜਗਾ ਦੇ।
ਪਿਆਰੇ ਗੁਰੂਦੇਵ, ਤੁਹਾਡੇ ਦੁਨੀਆਂ ਨੂੰ ਅਲਵਿਦਾ ਕਹਿਣ ਦੇ 6 ਸਾਲ ਬਾਅਦ ਸਾਨੂੰ ਆਜ਼ਾਦੀ ਤਾਂ ਮਿਲ ਗਈ ਪਰ ਅਸੀਂ ਤੁਹਾਡੇ ਚਿਤਵੇ ਸੰਸਾਰ ਤੋਂ ਵਿਰਵੇ ਹਾਂ। ਕੂਟਨੀਤਕ, ਸਫ਼ਾਰਤੀ ਤੇ ਫ਼ੌਜੀ ਮਾਮਲਿਆਂ ਦੇ ਮਾਹਿਰ ਸਵਾਲ ਉਠਾ ਰਹੇ ਹਨ ਕਿ ਸਾਡੇ ਆਗੂਆਂ ਦੇ ਬਿਆਨਾਂ ਵਿਚ ਓਹੀ ਜਿਹੀ ਪਾਰਦਰਸ਼ਤਾ ਕਿਉਂ ਨਹੀਂ ਹੈ ਜਿਹੋ ਜਿਹੀ ਸੰਕਟ ਦੇ ਸਮਿਆਂ ਵਿਚ ਦੂਰਅੰਦੇਸ਼ ਸਿਆਸਤਦਾਨਾਂ ਦੇ ਬਿਆਨਾਂ ਵਿਚ ਹੁੰਦੀ ਹੈ; ਲੋਕਾਂ ਨੂੰ ਸਵਾਲ ਪੁੱਛਣ ਤੋਂ ਕਿਉਂ ਰੋਕਿਆ ਜਾ ਰਿਹੈ। ਗੁਰੂਦੇਵ, ਅਸੀਂ ਬੜੇ ਮੁਸ਼ਕਿਲ ਸਮਿਆਂ ਵਿਚ ਲੰਘ ਰਹੇ ਹਾਂ; ਇਕ ਸ਼ਾਇਰ ਨੇ ਤੁਹਾਡੀ ਕਵਿਤਾ ਤੋਂ ਤੰਦ ਫੜ ਕੇ ਆਪਣੇ ਦੇਸ਼ ਵਿਚਲੇ ਅਜੋਕੇ ਹਾਲਾਤ ਬਾਰੇ ਕੁਝ ਏਦਾਂ ਲਿਖਿਆ ਹੈ:
ਜਿੱਥੇ ਕੋਈ ਪਾਰਦਰਸ਼ਤਾ ਨਹੀਂ
ਜਿੱਥੇ ਹਾਕਮ-ਸ਼ਬਦ ਹੀ ਸੱਚ ਹੈ
ਜਿੱਥੇ ਤਰਕ ਲਈ ਕੋਈ ਥਾਂ ਨਹੀਂ
ਜਿੱਥੇ ਹੱਕ ਲਈ ਕੋਈ ਛਾਂ ਨਹੀਂ
ਮੇਰੇ ਸ਼ਾਇਰ
ਤੇਰਾ ਮੇਰਾ ਦੇਸ਼ ਅੱਜ ਓਥੇ ਹੈ
ਜਿੱਥੇ ਲੋਕ-ਬੋਲ ਨੂੰ ਚੁੱਪ ਕਰਾ ਦਿੱਤਾ ਜਾਂਦੈ
ਸੱਚ ਨੂੰ ਸ਼ਬਦਾਂ ਓਹਲੇ ਛਿਪਾ ਦਿੱਤਾ ਜਾਂਦੈ
ਮੇਰੇ ਸ਼ਾਇਰ
ਅਸੀਂ ਤੇਰੇ ਸਾਹਮਣੇ ਊਣੇ ਹਾਂ
ਲੱਭ ਰਹੇ ਹਾਂ, ਤੇਰੇ ਸਾਏ ’ਚੋਂ ਧੁੱਪ
ਮੇਰੇ ਸ਼ਾਇਰ, ਅਸੀਂ ਕਿਉਂ ਹਾਂ ਚੁੱਪ ?