ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਇਸ ਹਵਾ ਵਿਚ ਹੁਣ ਸਾਹ ਲੈਣਾ ਮੁਸ਼ਕਿਲ ਹੈ
ਇਹ ਧੂੰਏਂ ਭਰੀ ਧੂੜ
ਮੇਰੀ ਧਰਤੀ ਮੇਰੀ ਮਾਂ ਨੂੰ ਖਾ ਜਾਵੇਗੀ
ਮੈਂ ਦੇਖਦਾ ਹੀ ਰਹਾਂਗਾ ਕੀ?
-ਫ਼ਲਸਤੀਨੀ ਕਵੀ ਮਹਿਮੂਦ ਦਰਵੇਸ਼
ਹੁਣ ਜਦੋਂ ਪੂਰੀ ਦੁਨੀਆ ਕਰੋਨਾ ਦੀ ਹਨੇਰੀ ਅਤੇ ਮੌਤ ਦੇ ਗਹਿਰੇ ਸੰਨਾਟੇ ਵਿਚ ਹੈ ਤਾਂ ਖਾੜੀ ਦੇਸ਼ਾਂ ਵਿਚੋਂ ਆ ਰਹੀਆਂ ਖ਼ਬਰਾਂ ਹਿਰਦੇ ਵਿੰਨ੍ਹਣ ਵਾਲੀਆਂ ਹਨ। ਫ਼ਲਸਤੀਨ ਅਤੇ ਇਜ਼ਰਾਈਲ ਦੇ ਟਕਰਾਓ ਨਾਲ ਗਾਜ਼ਾ ਅਤੇ ਯੋਰੋਸ਼ਲਮ ਇਕ ਵਾਰੀ ਫਿਰ ਖੂ਼ਨ ਨਾਲ ਰੰਗੇ ਗਏ ਹਨ। ਲਗਦਾ ਹੈ, ਜਿਵੇਂ ਇਨਸਾਨੀਅਤ ਖ਼ਤਮ ਹੋ ਕੇ ਰਹਿ ਗਈ ਹੋਵੇ। ਗਾਜ਼ਾ ਪੱਟੀ ਤੇ ਰਮਾਲਾ ਵਿਚ ਖੂ਼ਨ ਦੀ ਜੋ ਹੋਲੀ ਖੇਡੀ ਜਾ ਰਹੀ ਹੈ, ਉਹ ਕਰੋਨਾ ਮਹਾਮਾਰੀ ਤੋਂ ਕਿਤੇ ਜ਼ਿਆਦਾ ਹੈ। ਮੌਤ ਦਾ ਤਾਂਡਵ ਹੋ ਰਿਹਾ ਹੈ।
ਅਸਲ ਵਿਚ ਇਹ ਧਰਮ, ਧਰਤੀ ਅਤੇ ਜਿਊਣ ਦੀ ਆਜ਼ਾਦੀ ਦੀ ਲੜਾਈ ਹੈ। ਇੱਥੇ ਦਾ ਸਾਹਿਤ, ਸਭਿਆਚਾਰ, ਭਾਸ਼ਾ, ਲਿੱਪੀ, ਸਭਿਅਤਾ ਦੁਨੀਆ ਵਿਚ ਸਭ ਤੋਂ ਪੁਰਾਣੇ ਮੰਨੇ ਜਾਂਦੇ ਹਨ। ਯੋਰੋਸ਼ਲਮ ਅਤੇ ਫ਼ਲਸਤੀਨ ਦਾ ਇਤਿਹਾਸ ਦੱਸਦਾ ਹੈ ਕਿ ਇਹ ਅਸਲ ਵਿਚ ਧਰਮ ਨੂੰ ਲੈ ਕੇ ਛਿੜਿਆ ਮਹਾਯੁੱਧ ਹੈ। ਹੁਣ ਇਥੇ ਖੂ਼ਨ ਨਾਲ ਭਿੱਜੀ ਧਰਤੀ ਅਤੇ ਹਵਾ ਦਾ ਰੁਦਨ ਹੈ। ਇਸ ਵਿਚ ਸਾਰੇ ਧਰਮਾਂ ਦੇ ਲੋਕ ਖ਼ਤਮ ਹੋ ਰਹੇ ਹਨ, ਉਹ ਭਾਵੇਂ ਯਹੂਦੀ ਹੋਣ ਜਾਂ ਈਸਾਈ ਜਾਂ ਫਿਰ ਮੁਸਲਮਾਨ; ਇਹ ਇਨਸਾਨੀਅਤ ਦੇ ਘਾਣ ਦੀ ਨਿਸ਼ਾਨੀ ਹੈ। ਕਾਰਲ ਮਾਰਕਸ ਨੇ ਬਹੁਤ ਪਹਿਲਾਂ ਕਿਹਾ ਕਿ ਧਰਮ ਲੋਕਾਂ ਲਈ ਅਫ਼ੀਮ ਵਾਂਗ ਹੈ ਅਤੇ ਅਫ਼ੀਮ ਦੇ ਨਸ਼ੇ ਦੀ ਆਦਤ ਕਿਸੇ ਨੂੰ ਵੀ ਤਬਾਹ ਕਰ ਸਕਦੀ ਹੈ। ਇਜ਼ਰਾਈਲ ਫ਼ਲਸਤੀਨ ਦੀ ਮੌਜੂਦਾ ਲੜਾਈ ਅਤੇ ਧਰਮੀ ਖੂ਼ਨ-ਖਰਾਬਾ ਇਸੇ ਤੇ ਆਧਾਰਿਤ ਹੈ।
ਇਹ ਬੇਹੱਦ ਉਲਝਿਆ ਹੋਇਆ ਮਸਲਾ ਹੈ। ਯਹੂਦੀਆਂ ਦਾ ਧਰਮ (ਝੁਦਅਸਿਮ) ਦੁਨੀਆ ਦੇ ਸਭ ਤੋਂ ਪੁਰਾਣੇ ਧਰਮਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਦੀ ਇਤਿਹਾਸ ਯਾਤਰਾ 3000 ਵਰ੍ਹਿਆਂ ਤੋਂ ਵੀ ਪੁਰਾਣੀ ਹੈ। ਯੋਰੋਸ਼ਲਮ ਤੋਂ ਹੀ ਇਸ ਦੀ ਸ਼ੁਰੂਆਤ ਹੋਈ। ਪੈਗੰਬਰ ਇਬਰਾਹਮ ਜਿਸ ਨੂੰ ਈਸਾਈ ਤੇ ਮੁਸਲਮਾਨ ਪਰਮਾਤਮਾ ਦਾ ਦੂਤ ਵੀ ਕਹਿੰਦੇ ਹਨ, ਉਨ੍ਹਾਂ ਦੇ ਪੁੱਤਰ ਆਈਜੈਕ ਤੇ ਪੋਤੇ ਯਾਕੂਬ ਦਾ ਜ਼ਿਕਰ ਵੀ ਮਿਲਦਾ ਹੈ। ਯਾਕੂਬ ਦਾ ਦੂਸਰਾ ਨਾਂ ਇਜ਼ਰਾਈਲ ਸੀ, ਇਸ ਲਈ ਯਹੂਦੀਆਂ ਨੇ ਇਸ ਖਿੱਤੇ ਨੂੰ ਇਜ਼ਰਾਈਲ ਦਾ ਨਾਂ ਦਿੱਤਾ।
ਕਰੀਬ 2200 ਸਾਲ ਪਹਿਲਾਂ ਯਹੂਦੀ ਰਾਜ ਹੋਂਦ ਵਿਚ ਆਇਆ ਅਤੇ 931 ਈਸਾ ਪੂਰਵ ਇਸ ਦਾ ਪਤਨ ਹੋਣਾ ਸ਼ੁਰੂ ਹੋਇਆ। ਇਤਿਹਾਸ ਵਿਚ ਦਰਜ ਹੈ ਕਿ ਈਸਾ ਪੂਰਵ 700 ਵਿਚ ਜਦੋਂ ਅਸੀਰੀਆ ਨੇ ਇਸ ਉੱਤੇ ਹਮਲਾ ਕੀਤਾ ਤਾਂ ਇਹ ਕਬੀਲਿਆਂ ਵਿਚ ਖਿੰਡਰ ਗਿਆ ਅਤੇ ਇਸ ਧਰਤੀ ਤੇ ਅਰਬ ਫ਼ਲਸਤੀਨੀਆਂ ਦਾ ਰਾਜ ਹੋ ਗਿਆ। 1917 ਵਿਚ ਬ੍ਰਿਟੇਨ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਬਾਅਦ ਵਿਚ 1947 ਵਿਚ ਯੂਐੱਨਓ ਨੇ ਯਹੂਦੀ ਅਤੇ ਅਰਬਾਂ ਵਿਚਕਾਰ ਵੰਡ ਲਈ ਇੱਥੇ ਮਤਦਾਨ ਕਰਵਾਇਆ। ਯੋਰੋਸ਼ਲਮ ਨੂੰ ਕੌਮਾਂਤਰੀ ਸ਼ਹਿਰ ਦਾ ਦਰਜਾ ਦਿੱਤਾ ਗਿਆ। ਬਾਅਦ ਵਿਚ ਉਥੇ ਯਹੂਦੀਆਂ ਨੇ ਅਲੱਗ ਮੁਲਕ ਇਜ਼ਰਾਈਲ ਦਾ ਐਲਾਨ ਕਰ ਦਿੱਤਾ ਅਤੇ ਫ਼ਲਸਤੀਨੀ ਦਰ ਦਰ ਭਟਕਣ ਲਈ ਮਜਬੂਰ ਹੋ ਗਏ। ਫ਼ਲਸਤੀਨੀ ਆਗੂ ਯਾਸਰ ਅਰਾਫ਼ਾਤ ਦੇ ਯਤਨਾਂ ਨਾਲ ਜਦੋਂ ਗਾਜ਼ਾ ਪੱਟੀ ਅਤੇ ਗੋਲਾਨ ਪਹਾੜੀਆਂ ਦਾ ਇਲਾਕਾ ਫ਼ਲਸਤੀਨ ਕਹਿਲਾਇਆ ਤਾਂ ਦੋਵਾਂ ਦੀ ਹੋਂਦ ਬਰਕਰਾਰ ਹੋ ਗਈ ਪਰ ਸੱਤਾ, ਜ਼ਮੀਨ ਅਤੇ ਆਪਸੀ ਝਗੜਿਆਂ ਤੋਂ ਉਪਜੇ ਖੂ਼ਨੀ ਮੰਜ਼ਰ ਦਾ ਇਤਿਹਾਸ ਆਪਣਾ ਹੈ।
ਅੱਜ ਇਸ ਲੜਾਈ ਵਿਚ ਧਰਮ ਅਤੇ ਧਰਤੀ ਮੁੱਖ ਹਨ, ਸਭ ਤੋਂ ਜ਼ਿਆਦਾ ਖ਼ਤਰਾ ਉਥੇ ਦੀ ਸਦੀਆਂ ਪੁਰਾਣੀ ਸਭਿਅਤਾ, ਸੱਭਿਆਚਾਰ ਤੇ ਸਾਹਿਤ ਪਰੰਪਰਾ ਨੂੰ ਹੈ। ਇਸ ਧਰਤੀ ਤੇ ਰਚਿਆ ਸਾਹਿਤ ਓਰੀਐਂਟਲ ਸਾਹਿਤ ਅਖਵਾਉਂਦਾ ਹੈ ਜੋ ਅਰਬੀ ਤੇ ਹਬਿਰੂ ਭਾਸ਼ਾ ਵਿਚ ਹੈ। ਫ਼ਲਸਤੀਨ ਅਤੇ ਇਜ਼ਰਾਈਲ ਦੀ ਸਾਹਿਤ ਸੰਵੇਦਨਾ ਹੁਣ ਸਭ ਤੋਂ ਜ਼ਿਆਦਾ ਖ਼ਤਰੇ ਵਿਚ ਹੈ। ਤਦ ਹੀ ਨੌਮ ਚੌਮਸਕੀ ਵਰਗੇ ਚਿੰਤਕਾਂ ਨੇ ਇਸ ਨੂੰ ਮਾਨਵਤਾ ਦੀ ਵਿਰਾਸਤ ਲਈ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੱਤਾ ਹੈ।
ਯੋਰੋਸ਼ਲਮ ਯਹੂਦੀ ਮੱਤ ਅਤੇ ਈਸਾਈਆਂ ਲਈ ਇਕੋ ਜਿਹਾ ਮਹੱਤਵਪੂਰਨ ਸ਼ਹਿਰ ਹੈ। ਪ੍ਰਭੂ ਯਿਸੂ ਮਸੀਹ ਦੀ ਉਤਪਤੀ ਦੀ ਧਰਤੀ ਵੀ ਇਹੋ ਯੋਰੋਸ਼ਲਮ ਹੈ। ਇੱਥੇ ਰਚੇ ਗਏ ਸਾਹਿਤ ਦੀ ਵੰਨਗੀ ਧਾਰਮਿਕ ਗ੍ਰੰਥਾਂ ਵਿਚ ਦਰਜ ਹੈ। ਹਬਿਰੂ ਭਾਸ਼ਾ ਵਿਚ ਕਿਹਾ ਗਿਆ ਹੈ ਕਿ ਇਸ ਧਰਤੀ ਦੇ ਦੇਵਤੇ ਸ਼ਾਂਤੀ ਚਾਹੁੰਦੇ ਹਨ ਪਰ ਰੇਤ ਦੀ ਗਰਮੀ ਇਥੇ ਖੂ਼ਨ ਦੀਆਂ ਨਦੀਆਂ ਵਹਾ ਸਕਦੀ ਹੈ। ਉਂਜ ਜੈਤੂਨ ਦੇ ਪੌਦੇ ਸ਼ਾਂਤੀ ਦਾ ਸੰਦੇਸ਼ ਦੇਣਗੇ।
ਇਹ ਸੱਚ ਹੈ ਕਿ ਰੇਤ, ਜੈਤੂਨ, ਅੰਗੂਰਾਂ ਦੀ ਧਰਤੀ ਇਸ਼ਕ ਅਤੇ ਜ਼ਿੰਦਗੀ ਦੀ ਧਰਤੀ ਹੈ। ਇੱਥੇ ਦੀਆਂ ਸ਼ਾਮਾਂ ਦਾ ਸੁਹਾਵਣਾ ਮੌਸਮ ਤਰੰਗਾਂ ਛੇੜਨ ਵਾਲੇ ਸਾਹਿਤ ਦੀ ਖੂਸ਼ਬੂ ਦਿੰਦਾ ਹੈ; ਜਿਵੇਂ ਇਕ ਫ਼ਲਸਤੀਨੀ ਕਵੀ ਦੀ ਕਵਿਤਾ ਵਿਚ ਕਿਹਾ ਗਿਆ ਹੈ:
ਜੈਤੂਨ ਦੀ ਹਰੀ ਟਾਹਣੀ/ਤੇਰੇ ਚਿਹਰੇ ਦੀ ਮੁਸਕਰਾਹਟ ਦਿਖਾਉਂਦੀ ਹੈ/ਇਹ ਉਹੋ ਹੀ ਹੈ/ਜਿਸ ਨੂੰ ਮੈਂ ਆਪਣੀ ਮਾਂ ਦੀ ਮੁਸਕਰਾਹਟ ਚ ਦੇਖਿਆ ਸੀ।
ਸਾਹਿਤ, ਸੱਭਿਆਚਾਰ ਅਤੇ ਸ਼ਬਦਾਂ ਦੀ ਇਬਾਰਤ ਦੁਨੀਆ ਦੀ ਧਰਤੀ ਤੇ ਜਿਊਣ ਦਾ ਸੰਦੇਸ਼ ਦਿੰਦੀ ਹੈ। ਜ਼ਿੰਦਗੀ ਦੇ ਇਸ ਸੰਦੇਸ਼ ਵਿਚ ਹੇਠਾਂ ਉਹ ਸਾਹਿਤ ਵੰਨਗੀਆਂ ਦਰਜ ਹਨ ਜੋ ਅੱਜ ਦੇ ਹਾਲਾਤ ਅਤੇ ਮਾਹੌਲ ਦੇ ਮੰਜ਼ਰ ਨੂੰ ਦਿਖਾਉਂਦੀਆਂ ਹਨ ਪਰ ਸਾਹਿਤ ਦੀ ਇਹ ਤਾਕਤ ਹੈ ਕਿ ਉਹ ਸਮਾਜ ਤੇ ਸੱਭਿਅਤਾ ਨੂੰ ਜਿਊਣ ਦਾ ਆਧਾਰ ਵੀ ਦਿੰਦਾ ਹੈ। ਇਹ ਆਧਾਰ ਅੱਜ ਦੀ ਫਲਸਤੀਨੀ ਅਤੇ ਇਜ਼ਰਾਈਲੀ ਕਵਿਤਾ ਵਿਚ ਹੈ।
ਇਸ ਧਰਤੀ ਨੂੰ ਸਮਝਣ ਵਾਲੇ ਕੁਝ ਕੁ ਲੇਖਕਾਂ ਵਿਚੋਂ ਸਮੀਹ-ਅਲ-ਕਾਸਿਮ, ਮੁਇਨ ਬਸੇਸੋ, ਫੈਡੀ ਜੂਡਾਹ, ਫਦਵਾ ਤੂਕਾਨ ਅਤੇ ਮਹਿਮੂਦ ਦਰਵੇਸ਼ ਦੀ ਪੀੜ੍ਹੀ ਨੇ ਸਾਹਿਤ ਵਿਚ ਥਾਂ ਬਣਾਈ ਹੈ। ਪਹਾੜਾਂ ਦੀ ਯਾਤਰਾ ਅਤੇ ਅੰਤਿਮ ਸੰਗੀਤ ਵਰਗੀਆਂ ਪੁਸਤਕਾਂ ਲਿਖਣ ਵਾਲੀ ਫਦਵਾ ਤੂਕਾਨ ਨੂੰ ਫ਼ਲਸਤੀਨੀ ਦੀ ਕੌਮੀ ਕਵੀ ਵੀ ਕਿਹਾ ਗਿਆ ਹੈ। ਆਪਣੀ ਇਕ ਕਵਿਤਾ ਵਿਚ ਉਹ ਕਹਿੰਦੀ ਹੈ:
ਰੇਤ ਤੇ ਜੈਤੂਨ ਚ ਬਾਕੀ ਹੈ/ਰਿਸ਼ਤਿਆਂ ਦੀ ਖੂਸ਼ਬੂ/ਫ਼ਲਸਤੀਨ ਦੀ ਧਰਤੀ ਦੇ ਸੁਪਨੇ/ਮੈਨੂੰ ਇੱਥੇ ਵੀ ਆਉਂਦੇ ਨੇ/ਜਦੋਂ ਮੈਂ ਦੇਖਦੀ ਹਾਂ/ਬਾਗ਼-ਬਗ਼ੀਚੇ ਤੇ ਲੋਕ/ਪਰ ਆਪਣੀ ਧਰਤੀ ਆਪਣੇ ਲੋਕ/ਤਾਂ ਆਪਣੇ ਹੀ ਹੁੰਦੇ ਨੇ/ਜੀਏ ਫ਼ਲਸਤੀਨ
ਫ਼ਲਸਤੀਨ ਦਾ ਇਕ ਹੋਰ ਬੇਹੱਦ ਚਰਚਿਤ ਨਾਮ ਹੈ- ਮਹਿਮੂਦ ਦਰਵੇਸ਼ ਜਿਸ ਨੇ ਦੁਨੀਆ ਭਰ ਵਿਚ ਫ਼ਲਸਤੀਨੀ ਦੇ ਆਜ਼ਾਦੀ ਸੰਘਰਸ਼ ਨੂੰ ਨਵੇਂ ਸ਼ਬਦਾਂ ਵਿਚ ਨਸ਼ਰ ਕੀਤਾ ਹੈ। ਉਸ ਦੇ ਸ਼ਬਦ ਦੇਖੋ:
ਆਜ਼ਾਦੀ ਦੀ ਮੌਤ ਦੇ ਜਸ਼ਨ ਵਿਚ
ਅਸੀਂ ਲੋਕ ਗੀਤਾਂ ਦੇ ਟੁਕੜੇ ਲੱਭ ਰਹੇ ਹਾਂ
ਉੱਧਰ, ਇਜ਼ਰਾਈਲ ਵੀ ਸ਼ਬਦਾਂ ਨਾਲ ਆਪਣੀ ਧਰਤੀ ਦੀ ਹਾਜ਼ਰੀ ਲੁਆ ਰਿਹਾ ਹੈ। ਇਸ ਦੇ ਪ੍ਰਸਿੱਧ ਕਵੀਆਂ ਵਿਚ ਅਬਰਾਹਮ ਸਿਊਸ਼ਨਕੀ, ਨਾਥਨ ਜੇਹ, ਹੇਮ ਗੌਰੀ, ਨਾਥਨ ਅਲਤਾਰੇਮਨ ਤੋਂ ਇਲਾਵਾ ਦਾਹਿਲਾ ਰਵੀਕੋਵਿਚ ਚਰਚਿਤ ਹਨ ਹਾਲਾਂਕਿ ਯਹੂਦਾ ਅਮਿਚੇ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਆਪਣੀ ਇਕ ਕਵਿਤਾ ਵਿਚ ਉਹ ਕਹਿੰਦਾ ਹੈ:
ਅਸੀਂ ਯਹੂਦੀ/ਦੁਨੀਆ ਦੇ ਹੱਥਾਂ ਚ ਖਿਡਾਉਣੇ ਹਾਂ-
ਪੀਲੀ ਰੋਸ਼ਨੀ ਤੇ ਹਨੇਰੀਆਂ ਰਾਤਾਂ ਦੇ ਸੰਨਾਟੇ ਚੋਂ
ਇਹ ਸੂਰਜ ਮੈਨੂੰ ਮਾਰ ਰਿਹੈ।
ਵਰਲਡ ਪੀਸ ਫਾਊਂਡੇਸ਼ਨ ਦੀ ਬਾਨੀ ਅਤੇ ਚਰਚਿਤ ਕਵਿਤਰੀ ਮਾਰੀਆ ਮੀਰਾਗਲੀਆ ਆਪਣੀ ਚਰਚਿਤ ਕਵਿਤਾ ‘ਗਾਜ਼ਾ’ ਵਿਚ ਲਿਖਦੀ ਹੈ:
ਦੁਖ ਦੀ ਇਸ ਘੜੀ ਵਿਚ/ਮੇਰਾ ਦਿਲ ਠਹਿਰ ਰਿਹਾ ਹੈ/ਆਕਾਸ਼ ਵਿਚ ਆਤਿਸ਼ਬਾਜ਼ੀ/ਸਰਹੱਦਾਂ ਖ਼ਤਮ ਕਰ ਰਹੇ ਹਨ/ਉਹ ਇਸ ਮੌਸਮ ਵਿਚ/ਆਪਣੇ ਲਾਲਚ ਨਾਲ ਘ੍ਰਿਣਾ ਨਾਲ/ਇਹ ਬਦਲ ਤੇ ਸਿਤਾਰੇ/ਆਕਾਸ਼ ’ਚੋਂ ਗਾਇਬ ਹੋ ਰਹੇ ਹਨ/ਮੇਰੀ ਜ਼ਿੰਦਗੀ ਦਾ ਜਸ਼ਨ/ਮਹਿਜ਼ ਕੁਰਲਾਹਟਾਂ ਹੀ ਰਹਿ ਗਈਆਂ ਹਨ।
ਅੱਜ ਇਸ ਧਰਤੀ ਤੇ ਤਬਾਹੀ ਦਾ ਮੰਜ਼ਰ ਹੈ। ਬੰਬ ਧਮਾਕੇ ਤੇ ਜੰਗੀ ਗੁਬਾਰ ਦਾ ਸਹਿਮ ਜ਼ਿੰਦਗੀ ਨੂੰ ਤਹਿਸ਼-ਨਹਿਸ ਕਰ ਰਿਹਾ ਹੈ ਤਾਂ ਸ਼ਬਦਾਂ ਦੀ ਸ਼ਕਤੀ, ਖ਼ੁਸ਼ਬੂ ਅਤੇ ਸੰਵੇਦਨਾ ਲੋਕਾਂ ਨੂੰ ਜ਼ਿੰਦਗੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਬਦ ਜ਼ਿੰਦਾ ਰਹਿਣਗੇ ਤੇ ਲੋਕ ਵਿਦਰੋਹ ਵੀ।
ਸੰਪਰਕ: 94787-30156