ਪ੍ਰੀਤਮ ਸਿੰਘ* ਆਰਐੱਸ ਮਾਨ**
(ਲੜੀ ਜੋੜਨ ਲਈ ਕੱਲ੍ਹ ਵਾਲਾ ਲੇਖ ਪੜ੍ਹੋ)
ਕੱਲ੍ਹ ਦੇ ਇਨ੍ਹਾਂ ਕਾਲਮਾਂ ਵਿਚ ਛਪੇ ਲੇਖ ਨੇ ਦਿਖਾਇਆ ਹੈ ਕਿ ਪੰਜਾਬ ਨੂੰ ਹਰ ਸਾਲ ਲਗਭਗ 8.77 ਮਿਲੀਅਨ ਏਕੜ ਫੁੱਟ (ਐੱਮਏਐੱਫ) ਨਹਿਰੀ ਪਾਣੀ ਦਾ ਨੁਕਸਾਨ ਹੋ ਰਿਹਾ ਹੈ। ਲੇਖ ਵਿਚ ਦਿਖਾਇਆ ਗਿਆ ਸੀ ਕਿ ਇਹ ਪਾਣੀ ਪੰਜਾਬ ਦੇ ਗੁਆਂਢੀ ਰਾਜਾਂ ਹਰਿਆਣਾ ਜਾਂ ਰਾਜਸਥਾਨ ਜਾਂ ਦੋਵਾਂ ਵਿਚ ਮੁਫਤ ਵਗ ਰਿਹਾ ਹੈ। ਦਰਿਆਈ ਪਾਣੀ ਦੀ ਵੰਡ ਕਿਉਂਕਿ ਅੰਤਰ-ਰਾਜੀ ਤਣਾਅ ਅਤੇ ਕਾਨੂੰਨੀ ਵਿਵਾਦਾਂ ਦਾ ਸਰੋਤ ਰਿਹਾ ਹੈ, ਇਸ ਲਈ ਇਹ ਮਹੱਤਵਪੂਰਨ ਹੈ ਕਿ ਇਸ ਮੁੱਦੇ ਨੂੰ ਜਿ਼ਆਦਾ ਭਾਵਨਾਤਮਕ ਨਾ ਬਣਾਇਆ ਜਾਵੇ ਅਤੇ ਹਾਲਤ ਦੀ ਅਨੁਭਵ ਆਧਾਰਿਤ ਸਮਝ ਹੋਵੇ। ਇਸ ਲਿਹਾਜ ਤੋਂ ਇਹ ਦੇਖਣਾ ਅਹਿਮ ਹੋਵੇਗਾ ਕਿ ਸਬੰਧਿਤ ਰਾਜਾਂ ਅੰਦਰ ਪੰਜਾਬ ਤੋਂ ਜਾ ਰਹੇ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬੇ (ਸ਼ੁੱਧ ਸਿੰਜਾਈ ਵਾਲਾ ਖੇਤਰ ਉਹ ਖੇਤਰ ਹੈ ਜਿਸ ਨੂੰ ਸਾਲ ਵਿਚ ਇੱਕ ਵਾਰ ਕਿਸੇ ਸਰੋਤ ਰਾਹੀਂ ਕਿਸੇ ਇਕ ਫਸਲ ਲਈ ਸਿੰਜਿਆ ਜਾਂਦਾ ਹੈ। ਇੱਕ ਸਾਲ ਵਿਚ ਇੱਕ ਤੋਂ ਵੱਧ ਵਾਰ ਸਿੰਜਿਆ ਰਕਬਾ ਸਿਰਫ਼ ਇੱਕ ਵਾਰ ਹੀ ਗਿਣਿਆ ਜਾਂਦਾ ਹੈ) ਵਿਚ ਕੀ ਤਬਦੀਲੀ ਆਈ ਹੈ। ਪੰਜਾਬ ਦੇ ਹਾਲਾਤ ’ਤੇ ਅਸੀਂ ਇਸ ਲੇਖ ਦੀ ਪਹਿਲੀ ਕੜੀ ਵਿਚ ਝਾਤ ਪਾ ਚੁੱਕੇ ਹਾਂ ਅਤੇ ਇਸ ਕੜੀ ਵਿਚ ਅਸੀਂ ਹਰਿਆਣਾ ਅਤੇ ਰਾਜਸਥਾਨ ਦੇ ਪੰਜਾਬ ਤੋਂ ਜਾ ਰਹੇ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬੇ ਦਾ ਜਾਇਜ਼ਾ ਲਵਾਂਗੇ। ਇਸ ਸਬੰਧੀ ਲਏ ਅੰਕੜਿਆਂ ਦਾ ਆਧਾਰ ਸਟੈਟਿਸਟੀਕਲ ਅਬਸਟ੍ਰੈਕਟਸ ਆਫ ਹਰਿਆਣਾ, ਸਟੈਟਿਸਟੀਕਲ ਅਬਸਟ੍ਰੈਕਟਸ ਆਫ ਰਾਜਸਥਾਨ ਅਤੇ ਡਾਇਰੈਕਟੋਰੇਟ ਆਫ ਇਕੋਨੌਮਿਕਸ ਐਂਡ ਸਟੈਟਿਸਟਿਕਸ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਹਨ।
ਹਰਿਆਣਾ ਦਾ ਰਕਬਾ ਜੋ ਪੰਜਾਬ ਤੋਂ ਦਰਿਆਈ ਪਾਣੀ ਲੈ ਕੇ ਜਾਣ ਵਾਲੀਆਂ ਨਹਿਰਾਂ ਦੁਆਰਾ ਸਿੰਜਿਆ ਜਾਂਦਾ ਹੈ। ਪਹਿਲਾਂ ਅਸੀਂ ਇਸ ਗੱਲ ’ਤੇ ਝਾਤ ਮਾਰਦੇ ਹਾਂ ਕਿ ਹਰਿਆਣਾ ਵਿਚ ਜੋ ਸਾਰਾ ਨਹਿਰੀ ਪਾਣੀ (ਪੰਜਾਬ ਤੋ ਨਹਿਰਾਂ ਰਾਹੀਂ ਜਾ ਰਿਹਾ ਅਤੇ ਹਰਿਆਣੇ ਦਾ ਆਪਣਾ ਨਹਿਰੀ ਪਾਣੀ) ਉਪਲਬਧ ਹੈ, ਉਸ ਹੇਠ ਸੇਂਜੂ ਰਕਬਾ ਕਿੰਨਾ ਹੈ।
ਉਪਲਬਧ ਅੰਕੜਿਆਂ ਮੁਤਾਬਕ ਹਰਿਆਣਾ ਵਿਚ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬਾ 1970-71 ਵਿਚ 9 ਲੱਖ 52 ਹਜ਼ਾਰ ਹੈਕਟੇਅਰ ਸੀ। 1980-81 ਵਿਚ ਇਹ ਰਕਬਾ ਵਧ ਕੇ 11 ਲੱਖ 61 ਹਜ਼ਾਰ ਹੈਕਟੇਅਰ ਹੋ ਗਿਆ, 1990-91 ਵਿਚ ਇਹ 13 ਲੱਖ 37 ਹਜ਼ਾਰ ਹੈਕਟੇਅਰ ਹੋ ਗਿਆ ਸੀ ਅਤੇ 2000-01 ਵਿਚ ਇਹ 14 ਲੱਖ 76 ਹਜ਼ਾਰ ਹੈਕਟੇਅਰ ਦੇ ਸਿਖਰਲੇ ਮੁਕਾਮ ’ਤੇ ਪਹੁੰਚ ਗਿਆ ਸੀ ਜੋ 2017-18 ਵਿਚ ਘਟ ਕੇ 12 ਲੱਖ 8 ਹਜ਼ਾਰ ਹੈਕਟੇਅਰ ’ਤੇ ਆ ਗਿਆ। 2000-01 ਤੋਂ ਲੈ ਕੇ 2017-18 ਤੱਕ ਹਰਿਆਣਾ ਵਿਚ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬੇ ਵਿਚ 2 ਲੱਖ 68 ਹਜ਼ਾਰ (ਭਾਵ 18.16 ਫੀਸਦ) ਕਮੀ ਆਈ ਹੈ।
ਹੁਣ ਅਸੀਂ ਹਰਿਆਣਾ ਦੇ ਉਸ ਰਕਬੇ ’ਤੇ ਝਾਤ ਮਾਰਦੇ ਹਾਂ ਜੋ ਪੰਜਾਬ ਤੋਂ ਦਰਿਆਈ ਪਾਣੀ ਲੈ ਕੇ ਜਾਣ ਵਾਲੀਆਂ ਨਹਿਰਾਂ ਦੁਆਰਾ ਸਿੰਜਿਆ ਜਾਂਦਾ ਹੈ। ਹਰਿਆਣਾ ਵਿਚ ਨਹਿਰੀ ਪਾਣੀ ਦੀ ਵਰਤੋਂ ਦੀ ਬਿਹਤਰ ਤੁਲਨਾਤਮਕ ਤਸਵੀਰ ਪ੍ਰਾਪਤ ਕਰਨ ਲਈ ਹਰਿਆਣਾ ਦੇ ਉਨ੍ਹਾਂ ਜਿ਼ਲ੍ਹਿਆਂ ਨੂੰ ਦੇਖਣਾ ਵਧੇਰੇ ਪ੍ਰਸੰਗਕ ਹੈ ਜੋ ਪੰਜਾਬ ਤੋਂ ਦਰਿਆਈ ਪਾਣੀ ਲੈ ਕੇ ਜਾਣ ਵਾਲੀਆਂ ਨਹਿਰਾਂ ਦੁਆਰਾ ਸਿੰਜਾਈ ਕਰਦੇ ਹਨ। ਇਹ ਜਿ਼ਲ੍ਹੇ ਹਨ ਫਤਿਹਾਬਾਦ, ਹਿਸਾਰ, ਕੈਥਲ ਤੇ ਸਿਰਸਾ। ਅਨੁਮਾਨ ’ਚ ਗੁੰਝਲਾਂ ਤੋਂ ਬਚਣ ਲਈ ਜੀਂਦ ਨੂੰ ਵੀ ਇਸ ਸੂਚੀ ’ਚ ਜੋੜਿਆ ਗਿਆ ਹੈ ਹਾਲਾਂਕਿ ਇਸ ਜਿ਼ਲ੍ਹੇ ਦੇ ਸਿਰਫ ਕੁਝ ਹਿੱਸੇ ਨੂੰ ਹੀ ਪੰਜਾਬ ਤੋਂ ਵਗਦੇ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ।
ਇਨ੍ਹਾਂ ਪੰਜ ਜ਼ਿਲ੍ਹਿਆਂ ਵਿਚ 1970-71 ਵਿਚ ਸ਼ੁੱਧ 6 ਲੱਖ 65 ਹਜ਼ਾਰ ਹੈਕਟੇਅਰ ਰਕਬਾ, 2000-01 ਵਿਚ 8 ਲੱਖ 98 ਹਜ਼ਾਰ ਹੈਕਟੇਅਰ, 2005-06 ਵਿਚ 7 ਲੱਖ 78 ਹਜ਼ਾਰ ਹੈਕਟੇਅਰ, 2010-11 ਵਿਚ 7 ਲੱਖ 97 ਹਜ਼ਾਰ ਹੈਕਟੇਅਰ, 2014-15 ਵਿਚ 8 ਲੱਖ 3 ਹਜ਼ਾਰ ਹੈਕਟੇਅਰ ਅਤੇ 2017-18 ਵਿਚ 7 ਲੱਖ 93 ਹਜ਼ਾਰ ਹੈਕਟੇਅਰ ਰਕਬੇ ਵਿਚ ਨਹਿਰੀ ਪਾਣੀ ਨਾਲ ਸਿੰਜਾਈ ਹੋ ਰਹੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਪੰਜ ਜ਼ਿਲ੍ਹਿਆਂ ਵਿਚ 2000-01 ਤੋਂ ਲੈ ਕੇ 2017-18 ਦੌਰਾਨ ਨਹਿਰੀ ਪਾਣੀ ਨਾਲ ਸਿੰਜੇ ਜਾਂਦੇ ਰਕਬੇ ਵਿਚ 105,000 ਹੈਕਟੇਅਰਾਂ ਦੀ ਕਮੀ ਆਈ ਹੈ ਜੋ 11.69 ਫ਼ੀਸਦ ਬਣਦੀ ਹੈ; ਤਾਂ ਵੀ ਇਹ ਇਸੇ ਅਰਸੇ ਦੌਰਾਨ ਪੰਜਾਬ ਦੇ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬੇ ਵਿਚ ਆਈ 29.65 ਫੀਸਦ ਦੀ ਕਮੀ ਨਾਲੋਂ ਕਾਫੀ ਘੱਟ ਹੈ। ਰਾਜਸਥਾਨ ਦਾ ਰਕਬਾ ਜੋ ਪੰਜਾਬ ਤੋਂ ਦਰਿਆਈ ਪਾਣੀ ਲੈ ਕੇ ਜਾਣ ਵਾਲੀਆਂ ਨਹਿਰਾਂ ਦੁਆਰਾ ਸਿੰਜਿਆ ਜਾਂਦਾ ਹੈ।
ਪਹਿਲਾਂ ਇਸ ਗੱਲ ’ਤੇ ਝਾਤ ਮਾਰਦੇ ਹਾਂ ਕਿ ਰਾਜਸਥਾਨ ਵਿਚ ਜੋ ਸਾਰਾ ਨਹਿਰੀ ਪਾਣੀ (ਪੰਜਾਬ ਤੋਂ ਨਹਿਰਾਂ ਰਾਹੀਂ ਜਾ ਰਿਹਾ ਅਤੇ ਰਾਜਸਥਾਨ ਦਾ ਆਪਣਾ ਨਹਿਰੀ ਪਾਣੀ) ਉਪਲਬਧ ਹੈ, ਉਸ ਹੇਠ ਸੇਂਜੂ ਰਕਬਾ ਕਿੰਨਾ ਹੈ। ਰਾਜਸਥਾਨ ਵਿਚ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬਾ 1980-81 ਵਿਚ 9 ਲੱਖ 41 ਹਜ਼ਾਰ ਹੈਕਟਅਰ ਸੀ ਜੋ 1990-91 ਵਿਚ ਵਧ ਕੇ 13 ਲੱਖ 53 ਹਜ਼ਾਰ ਹੈਕਟੇਅਰ, 1999-2000 ਵਿਚ 16 ਲੱਖ 19 ਹਜ਼ਾਰ ਹੈਕਟੇਅਰ, 2010-11 ਵਿਚ 16 ਲੱਖ 28 ਹਜ਼ਾਰ ਹੈਕਟੇਅਰ, 2014-15 ਵਿਚ 19 ਲੱਖ 28 ਹਜ਼ਾਰ ਹੈਕਟੇਅਰ ਅਤੇ 2016-17 ਵਿਚ 20 ਲੱਖ 18 ਹਜ਼ਾਰ ਹੈਕਟੇਅਰ ਦੇ ਉਚਤਮ ਮੁਕਾਮ ’ਤੇ ਪਹੁੰਚਣ ਤੋਂ ਬਾਅਦ 2017-18 ਵਿਚ 19 ਲੱਖ 26 ਹਜ਼ਾਰ ਹੈਕਟੇਅਰ ’ਤੇ ਆ ਗਿਆ ਸੀ। 1980-81 ਤੋਂ ਲੈ ਕੇ 2017-18 ਤੱਕ ਰਾਜਸਥਾਨ ਵਿਚ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬੇ ਵਿਚ 9 ਲੱਖ 85 ਹਜ਼ਾਰ ਹੈਕਟੇਅਰ ਦਾ ਵਾਧਾ ਹੋਇਆ ਹੈ ਜੋ 104.67 ਫ਼ੀਸਦ ਬਣਦਾ ਹੈ। ਇਸ ਦਾ ਮਤਲਬ ਹੈ ਕਿ 9 ਲੱਖ 85 ਹਜ਼ਾਰ ਹੈਕਟੇਅਰ ਰਕਬਾ ਜੋ ਪਹਿਲਾਂ ਜਾਂ ਤਾਂ ਸਿੰਜਾਈ ਅਧੀਨ ਨਹੀਂ ਸੀ ਜਾਂ ਪਾਣੀ ਦੇ ਹੋਰ ਸਰੋਤਾਂ ਜਿਵੇਂ ਖੂਹਾਂ ਜਾਂ ਟੈਂਕਾਂ ਜਾਂ ਟਿਊਬਵੈੱਲਾਂ ਦੀ ਸਿੰਜਾਈ ਲਈ ਵਰਤੋਂ ਕਰਦੇ ਸੀ, ਨੂੰ ਨਹਿਰੀ ਸਿੰਜਾਈ ਅਧੀਨ ਲਿਆਂਦਾ ਗਿਆ।
ਹੁਣ ਰਾਜਸਥਾਨ ਦੇ ਉਸ ਰਕਬੇ ’ਤੇ ਝਾਤ ਮਾਰਦੇ ਹਾਂ ਜੋ ਪੰਜਾਬ ਤੋਂ ਦਰਿਆਈ ਪਾਣੀ ਲੈ ਕੇ ਜਾਣ ਵਾਲੀਆਂ ਨਹਿਰਾਂ ਦੁਆਰਾ ਸਿੰਜਿਆ ਜਾਂਦਾ ਹੈ। ਉਂਝ, ਪੰਜਾਬ ਅਤੇ ਹਰਿਆਣਾ ਦੇ ਮੁਕਾਬਲੇ ਸਹੀ ਤਸਵੀਰ ਲੈਣ ਲਈ ਰਾਜਸਥਾਨ ਦੇ ਉਨ੍ਹਾਂ ਜਿ਼ਲ੍ਹਿਆਂ ਦੇ ਰਕਬੇ ਵੱਲ ਦੇਖਣਾ ਜੋ ਪੰਜਾਬ ਤੋਂ ਦਰਿਆਈ ਪਾਣੀ ਲੈ ਕੇ ਜਾਣ ਵਾਲੀਆਂ ਨਹਿਰਾਂ ਦੁਆਰਾ ਸਿੰਜਿਆ ਜਾਂਦਾ ਹੈ, ਵਧੇਰੇ ਢੁਕਵਾਂ ਹੈ; ਜਿ਼ਲ੍ਹੇ ਹਨ- ਬਾੜਮੇਰ, ਬੀਕਾਨੇਰ, ਚੁਰੂ, ਗੰਗਾਨਗਰ, ਹਨੂੰਮਾਨਗੜ੍ਹ, ਜੈਸਲਮੇਰ ਅਤੇ ਜੋਧਪੁਰ।
ਇਨ੍ਹਾਂ ਸੱਤ ਜ਼ਿਲ੍ਹਿਆਂ ਵਿਚ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਸ਼ੁੱਧ ਰਕਬਾ 1980-81 ਵਿਚ 6 ਲੱਖ 73571 ਹੈਕਟੇਅਰ, 1985-86 ਵਿਚ 7 ਲੱਖ 78130 ਹੈਕਟੇਅਰ, 1990-91 ਵਿਚ 9 ਲੱਖ 1561 ਹੈਕਟੇਅਰ, 2000-01 ਵਿਚ 11 ਲੱਖ 39327 ਹੈਕਟੇਅਰ, 2014-15 ਵਿਚ 12 ਲੱਖ 64426 ਹੈਕਟੇਅਰ, ਅਤੇ 2017-18 ਵਿਚ 13 ਲੱਖ 63647 ਹੈਕਟੇਅਰ ਸੀ। ਇਨ੍ਹਾਂ ਜ਼ਿਲ੍ਹਿਆਂ ਵਿਚ 1980-81 ਤੋਂ ਲੈ ਕੇ 2017-18 ਤੱਕ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬੇ ਵਿਚ 6 ਲੱਖ 90076 ਹੈਕਟੇਅਰ ਦਾ ਇਜ਼ਾਫ਼ਾ (ਭਾਵ 102.45 ਫ਼ੀਸਦ) ਹੋਇਆ ਹੈ ਜੋ ਦੁੱਗਣੇ ਤੋਂ ਵੱਧ ਹੈ?
ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਇਸ ਅਰਸੇ ਦੌਰਾਨ ਨਹਿਰੀ ਪਾਣੀ ਦੀ ਤੁਲਨਾਤਮਿਕ ਵਰਤੋਂ ਤਿੰਨ ਰਾਜਾਂ ਵਿਚ ਪਿਛਲੇ ਸਾਲਾਂ ਦੌਰਾਨ ਨਹਿਰੀ ਪਾਣੀ ਦੀ ਵਰਤੋਂ ਦੀ ਤੁਲਨਾਤਮਕ ਤਸਵੀਰ ਨੂੰ ਦਰਸਾਉਣ ਵਾਲੇ ਮਹੱਤਵਪੂਰਨ ਅੰਕੜੇ ਹਨ:
-ਪੰਜਾਬ ਵਿਚ ਨਹਿਰੀ ਪਾਣੀ ਨਾਲ ਸਿੰਜੇ ਜਾਂਦੇ ਸ਼ੁੱਧ ਰਕਬੇ ਵਿਚ 4 ਲੱਖ 91000 ਹਜ਼ਾਰ ਹੈਕਟੇਅਰ ਦੀ ਕਮੀ ਆਈ ਜੋ 29.58 ਫੀਸਦ ਬਣਦੀ ਹੈ।
-ਹਰਿਆਣਾ ਦੇ ਪੰਜ ਜ਼ਿਲ੍ਹਿਆਂ ਵਿਚ ਪੰਜਾਬ ਤੋਂ ਦਰਿਆਈ ਪਾਣੀ ਲੈ ਕੇ ਜਾਣ ਵਾਲੀਆਂ ਨਹਿਰਾਂ ਰਾਹੀਂ ਸਿੰਜੇ ਜਾਂਦੇ ਸ਼ੁੱਧ ਰਕਬੇ ਵਿਚ 1 ਲੱਖ 5000 ਹੈਕਟੇਅਰ ਦੀ ਕਮੀ ਆਈ ਜੋ 11.69 ਫ਼ੀਸਦ ਬਣਦੀ ਹੈ।
-ਹਰਿਆਣਾ ਪਹਿਲਾਂ ਹੀ ਆਪਣੇ ਸਾਰੇ ਨਹਿਰੀ ਸਰੋਤਾਂ (ਪੰਜਾਬ ਤੋਂ ਜਾ ਰਹੀਆਂ ਨਹਿਰਾਂ ਅਤੇ ਉਸ ਦੀਆਂ ਆਪਣੀਆਂ ਨਹਿਰਾਂ) ਰਾਹੀਂ ਪੰਜਾਬ ਨਾਲੋਂ ਵੱਧ ਸ਼ੁੱਧ ਰਕਬੇ (2017-18 ਵਿਚ 12 ਲੱਖ 8 ਹਜ਼ਾਰ ਹੈਕਟੇਅਰ) ਦੀ ਸਿੰਜਾਈ ਕਰ ਰਿਹਾ ਹੈ ਜਦਕਿ ਪੰਜਾਬ ਦਾ ਨਹਿਰੀ ਸ਼ੁੱਧ ਸੇਂਜੂ ਰਕਬਾ (2018-19 11 ਲੱਖ 69000 ਹੈਕਟੇਅਰ) ਹੈ।
-ਰਾਜਸਥਾਨ ਦੇ ਸੱਤ ਜ਼ਿਲ੍ਹਿਆਂ ਵਿਚ ਪੰਜਾਬ ਤੋਂ ਦਰਿਆਈ ਪਾਣੀ ਲੈ ਕੇ ਜਾਣ ਵਾਲੀਆਂ ਨਹਿਰਾਂ ਰਾਹੀਂ ਸਿੰਜੇ ਜਾਂਦੇ ਸ਼ੁੱਧ ਰਕਬੇ ਵਿਚ 6 ਲੱਖ 90076 ਹੈਕਟੇਅਰ ਦਾ ਇਜ਼ਾਫ਼ਾ ਹੋਇਆ ਜੋ 102.45 ਫ਼ੀਸਦ ਬਣਦਾ ਹੈ; ਇਹ ਪੰਜਾਬ ਤੇ ਹਰਿਆਣਾ ਦੇ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬੇ 5 ਲੱਖ 96000 ਹੈਕਟੇਅਰ ਦੇ ਸਾਂਝੇ ਨੁਕਸਾਨ ਤੋਂ ਵੱਧ ਹੈ। 2009-10 ਤੋਂ ਲੈ ਕੇ 2017-18 ਦੇ ਅੱਠ ਸਾਲਾਂ ਦੌਰਾਨ ਰਾਜਸਥਾਨ ਦੇ ਨਹਿਰੀ ਪਾਣੀ ਨਾਲ ਸੇਂਜੂ ਸ਼ੁੱਧ ਰਕਬੇ ਵਿਚ ਵਾਧਾ ਲਗਾਤਾਰ ਜਾਰੀ ਸੀ।
-ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਤੋਂ ਪਾਣੀ ਹਾਸਲ ਕਰ ਕੇ ਰੇਗਿਸਤਾਨੀ ਸੂਬਾ ਰਾਜਸਥਾਨ ਆਪਣੇ ਸੱਤ ਜ਼ਿਲ੍ਹਿਆਂ ਵਿਚ ਇੰਨੇ ਵੱਡੇ ਰਕਬੇ ਨੂੰ ਨਹਿਰੀ ਪਾਣੀ ਨਾਲ ਸਿੰਜ ਰਿਹਾ ਹੈ ਜੋ ਪੰਜਾਬ ਦੇ ਨਹਿਰੀ ਪਾਣੀ ਨਾਲ ਸਿੰਜੇ ਜਾਂਦੇ ਸ਼ੁੱਧ ਰਕਬੇ ਨਾਲੋਂ ਕਿਤੇ ਵੱਧ ਹੈ। 2017-18 ਵਿਚ ਰਾਜਸਥਾਨ ਪੰਜਾਬ ਦਾ ਦਰਿਆਈ ਪਾਣੀ ਵਰਤ ਕੇ ਸ਼ੁੱਧ 13 ਲੱਖ 63647 ਹੈਕਟੇਅਰ ਰਕਬਾ ਸਿੰਜ ਰਿਹਾ ਸੀ ਜਦਕਿ ਪੰਜਾਬ ਵਿਚ ਮਹਿਜ਼ ਸ਼ੁੱਧ 11 ਲੱਖ 69000 ਹੈਕਟੇਅਰ ਰਕਬੇ ਦੀ ਨਹਿਰੀ ਸਿੰਜਾਈ ਹੋ ਰਹੀ ਸੀ (2018-19 ਦੇ ਸੱਜਰੇ ਅੰਕੜੇ)।
ਕੁੱਲ ਮਿਲਾ ਕੇ ਤਸਵੀਰ ਇਹ ਉਭਰਦੀ ਹੈ ਕਿ ਹਰਿਆਣਾ 2017-18 ਵਿਚ ਆਪਣੇ ਸ਼ੁੱਧ ਸਿੰਜਾਈ ਵਾਲੇ ਰਕਬੇ ਦਾ 37.04 ਫ਼ੀਸਦ ਰਕਬੇ ਦੀ ਨਹਿਰੀ ਪਾਣੀ ਰਾਹੀਂ ਸਿੰਜਾਈ ਕਰ ਰਿਹਾ ਸੀ ਜਦਕਿ ਪੰਜਾਬ ਆਪਣੇ ਸ਼ੁੱਧ ਸੇਂਜੂ ਰਕਬੇ ਦੀ ਮਹਿਜ਼ 28.68 ਫ਼ੀਸਦ ਰਕਬੇ ਦੀ ਨਹਿਰੀ ਪਾਣੀ ਰਾਹੀਂ ਸਿੰਜਾਈ ਕਰ ਰਿਹਾ ਸੀ। ਹੰਢਣਸਾਰਤਾ ਨੂੰ ਧਿਆਨ ਵਿਚ ਰੱਖਦਿਆਂ ਵੀ ਪੰਜਾਬ ਨੂੰ ਆਪਣਾ ਵਧੇਰੇ ਰਕਬਾ ਨਹਿਰੀ ਪਾਣੀ ਰਾਹੀਂ ਸਿੰਜਾਈ ਅਧੀਨ ਲਿਆਉਣ ਦੀ ਜ਼ਰੂਰਤ ਹੈ ਤਾਂ ਕਿ ਇਸ ਦੇ ਜ਼ਮੀਨੀ ਸਤਹ ਹੇਠਲੇ ਪਾਣੀ ਦੇ ਸਰੋਤਾਂ ਨੂੰ ਸੁਰਜੀਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਆਲਮੀ ਤਪਸ਼ ਨਾਲ ਸੋਕੇ ਵਧਣਗੇ ਅਤੇ ਕਰੋਨਾ ਮਹਾਮਾਰੀ ਤੋਂ ਬਾਅਦ ਪੈਦਾ ਹੋਏ ਹਾਲਾਤ ਅਤੇ ਰੂਸ-ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਕਾਰਨ ਨਵੇਂ ਪੈਦਾ ਹੋ ਰਹੇ ਭੂ-ਰਾਜਨੀਤਕ (geo-political) ਅਤੇ ਵਪਾਰਕ ਹਾਲਾਤ ਕਰ ਕੇ ਦੁਨੀਆ ਭਰ ਵਿਚ ਅਤੇ ਕੌਮੀ ਪੱਧਰ ’ਤੇ ਵੀ ਖੁਰਾਕ ਦੀ ਪੈਦਾਵਾਰ ਵਿਚ ਕਮੀ ਵਧਣ ਦਾ ਖ਼ਤਰਾ ਹੈ। ਕੇਂਦਰ ਵਿਚ ਭਾਵੇਂ ਜਿਸ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਤੇ ਉਸ ਦੇ ਤਰਜਮਾਨ ਜੋ ਮਰਜ਼ੀ ਬਿਆਨ ਦਾਗੀ ਜਾਣ ਪਰ ਸਚਾਈ ਇਹ ਹੈ ਕਿ ਪੰਜਾਬ ਨੂੰ ਭਾਰਤ ਦੀਆਂ ਖੁਰਾਕ ਲੋੜਾਂ ਖਾਤਰ ਵਰਤਿਆ ਜਾਂਦਾ ਰਹੇਗਾ ਕਿਉਂਕਿ ਕਿਸੇ ਵੀ ਸਰਕਾਰ ਦੀ ਸਥਿਰਤਾ ਲਈ ਹਮੇਸ਼ਾ ਸਭ ਤੋਂ ਵੱਡਾ ਖ਼ਤਰਾ ਖੁਰਾਕ ਦੀ ਕਮੀ ਹੁੰਦੀ ਹੈ। ਲੋਕ ਹਰ ਕਿਸਮ ਦੀਆਂ ਔਕੜਾਂ ਕੱਟ ਸਕਦੇ ਹਨ ਪਰ ਜਦੋਂ ਉਨ੍ਹਾਂ ਨੂੰ ਕੁਝ ਖਾਣ ਲਈ ਨਾ ਮਿਲੇ ਤਾਂ ਉਹ ਕਿਸੇ ਰਾਜਕੀ ਜਾਂ ਸਰਕਾਰੀ ਸੱਤਾ ਦੀ ਪ੍ਰਵਾਹ ਨਹੀਂ ਕਰਦੇ। (ਚਲਦਾ)
*ਪ੍ਰੋਫੈਸਰ ਐਮੇਰਿਟਸ, ਆਕਸਫੋਰਡ ਬਰੂਕਸ ਬਿਜ਼ਨਸ ਸਕੂਲ, ਆਕਸਫੋਰਡ (ਯੂਕੇ)।
**ਲੈਕਚਰਾਰ, ਮਾਨਚੈਸਟਰ ਮੈਟਰੋਪੋਲੀਟਨ ਯੂਨੀਵਰਸਿਟੀ, ਯੂਕੇ।