ਪ੍ਰੀਤਮ ਸਿੰਘ* ਆਰਐੱਸ ਮਾਨ**
ਸਤਲੁਜ ਯਮੁਨਾ ਲਿੰਕ (ਐੱਵਾਈਐੱਲ) ਨਹਿਰ ਦਾ ਮੁੱਦਾ ਉਭਰਨ ਨਾਲ ਤਿੰਨ ਮਹੱਤਵਪੂਰਨ ਅਤੇ ਅੰਤਰ-ਸਬੰਧਿਤ ਮਾਪਾਂ ਦਾ ਅਨੁਭਵੀ ਸੂਚਿਤ ਮੁਲਾਂਕਣ ਕਰਨਾ ਅਹਿਮ ਹੈ; ਪਹਿਲਾ ਇਹ ਕਿ ਪੰਜਾਬ ਨੂੰ ਆਪਣੀ ਖੇਤੀਬਾੜੀ ਲਈ ਕਿੰਨੇ ਪਾਣੀ ਦੀ ਲੋੜ ਹੈ, ਦੂਜਾ ਇਹ ਕਿ ਬਰਸਾਤੀ ਪਾਣੀ, ਦਰਿਆਈ ਅਤੇ ਜ਼ਮੀਨ ਹੇਠਲੇ ਪਾਣੀ ਤੋਂ ਕੁੱਲ ਕਿੰਨਾ ਪਾਣੀ ਉਪਲਬਧ ਹੈ ਅਤੇ ਤੀਜਾ ਇਹ ਕਿ ਪੰਜਾਬ ਤੇ ਇਸ ਦੇ ਦੋ ਗੁਆਂਢੀ ਰਾਜਾਂ ਹਰਿਆਣਾ ਤੇ ਰਾਜਸਥਾਨ ਵਲੋਂ ਕਿੰਨਾ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ। ਇਸ ਵਿਹਾਰਕ ਨਿਰਖ-ਪਰਖ ਆਧਾਰਿਤ ਮੁਲਾਂਕਣ ਤੋਂ ਇਲਾਵਾ ਪੰਜਾਬ ਦੇ ਸਿਆਸੀ ਆਗੂ, ਨੌਕਰਸ਼ਾਹ, ਬੁੱਧੀਜੀਵੀ, ਕਿਸਾਨ ਜਥੇਬੰਦੀਆਂ ਦੇ ਕਾਰਕੁਨ ਅਤੇ ਹੋਰ ਸਬੰਧਿਤ ਧਿਰਾਂ ਪੰਜਾਬ ਦੀ ਹੋਣੀ ਨਾਲ ਜੁੜੇ ਇਸ ਟੇਢੇ, ਸੰਵੇਦਨਸ਼ੀਲ ਅਤੇ ਬੇਹੱਦ ਅਹਿਮ ਮੁੱਦੇ ’ਤੇ ਆਪਸ ਵਿਚ ਸੰਵਾਦ ਰਚਾਉਣ ’ਤੇ ਵੀ ਗੌਰ ਕਰਨ ਦੀ ਲੋੜ ਹੈ। ਇਸ ਪੱਖ ਦੀ ਚਰਚਾ ਅਸੀਂ ਇਸ ਮੁੱਦੇ ਦੀ ਲੋੜੀਂਦੀ ਤਜਰਬਾਤੀ ਨਿਰਖ-ਪਰਖ ਦੀ ਚਰਚਾ ਕਰਨ ਤੋਂ ਬਾਅਦ ਕਰਾਂਗੇ।
ਪੰਜਾਬ ਲਈ ਪਾਣੀ ਦੀ ਲੋੜ ਅਤੇ ਪਾਣੀ ਦੀ ਉਪਲਬਧਤਾ ਦੀ ਚਰਚਾ ਕਰਦਿਆਂ ਅਸੀਂ ਆਪਣਾ ਧਿਆਨ ਮਹਿਜ਼ ਝੋਨੇ ਦੀ ਫ਼ਸਲ ’ਤੇ ਕੇਂਦਰਤ ਕਰਾਂਗੇ ਕਿਉਂਕਿ ਇਹ ਅਜਿਹੀ ਫ਼ਸਲ ਹੈ ਜਿਸ ਦੀ ਕਾਸ਼ਤ ਲਈ ਬਹੁਤ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ। ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ (Commision for Agricultural Costs and Prices) ਕੋਲ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਸਾਡਾ ਅਨੁਮਾਨ ਹੈ ਕਿ ਇਕੱਲੇ ਝੋਨੇ ਦੀ ਫ਼ਸਲ ਪਾਲਣ ਲਈ ਹੀ ਪੰਜਾਬ ਨੂੰ ਹਰ ਸਾਲ 48 ਐੱਮਏਐੱਫ (ਮਿਲੀਅਨ ਏਕੜ ਫੁੱਟ) ਪਾਣੀ ਦੀ ਲੋੜ ਪੈਂਦੀ ਹੈ (ਵਧੇਰੇ ਵੇਰਵਿਆਂ ਲਈ ਸਾਡਾ ਪੁਰਾਣਾ ਲੇਖ ‘ਪੰਜਾਬ ਨੂੰ ਹਰ ਸਾਲ ਲੱਗ ਰਿਹਾ ਹੈ ਪਾਣੀਆਂ ਦਾ ਰਗੜਾ’ ਦੇਖਿਆ ਜਾ ਸਕਦਾ ਹੈ ਜੋ 18 ਜੂਨ 2018 ਨੂੰ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਸੀ। ਉਸ ਲੇਖ ਦੇ ਹਵਾਲੇ ਨਾਲ ਪੰਜਾਬ ਨੂੰ ਹਰ ਸਾਲ 8 ਐੱਮਏਐੱਫ ਪਾਣੀ ਦਾ ਨੁਕਸਾਨ ਹੋ ਰਿਹਾ ਸੀ ਜੋ ਸਾਡੇ ਤਾਜ਼ਾ ਤੇ ਸੋਧੇ ਹੋਏ ਅਨੁਮਾਨ ਮੁਤਾਬਕ ਵਧ ਕੇ 8.77 ਐੱਮਏਐੱਫ ਹੋ ਗਿਆ ਹੈ ਜਿਸ ਦਾ ਜਿ਼ਕਰ ਹਥਲੇ ਲੇਖ ਵਿਚ ਹੈ)। ਹਰ ਸਾਲ ਝੋਨੇ ਦੀ ਫ਼ਸਲ ਲਈ ਦਰਕਾਰ ਇਹ 48 ਐੱਮਏਐੱਫ ਪਾਣੀ ਤਿੰਨ ਸਰੋਤਾਂ ਭਾਵ ਮੀਂਹ, ਨਹਿਰਾਂ ਰਾਹੀਂ ਦਰਿਆਈ ਪਾਣੀ ਅਤੇ ਜ਼ਮੀਨੀ ਸਤਹ ਹੇਠਲੇ ਪਾਣੀ ਤੋਂ ਪੂਰਾ ਕੀਤਾ ਜਾਂਦਾ ਹੈ। ਪਹਿਲਾਂ ਅਸੀਂ ਮੀਂਹ ਦੇ ਪਾਣੀ ਦਾ ਅਨੁਮਾਨ ਲਾਉਂਦੇ ਹਾਂ। ਸੰਯੁਕਤ ਰਾਸ਼ਟਰ ਸੰਗਠਨ ਦੇ ਖੁਰਾਕ ਅਤੇ ਖੇਤੀਬਾੜੀ ਅਦਾਰੇ (Food and Agriculture Organisation) ਵੱਲੋਂ ਵਰਤੇ ਜਾਂਦੇ ਤਰੀਕਾਕਾਰ ਦੀ ਵਰਤੋਂ ਕਰ ਕੇ ਅਸੀਂ ਅਨੁਮਾਨ ਲਾਇਆ ਹੈ ਕਿ 2009 ਤੋਂ 2014 ਤੱਕ ਹਰ ਸਾਲ 9.14 ਐੱਮਏਐੱਫ ਪਾਣੀ ਮੀਂਹ ਤੋਂ ਮਿਲ ਜਾਂਦਾ ਹੈ। ਕੁੱਲ ਲੋੜੀਂਦੇ ਪਾਣੀ ਵਿਚੋਂ ਇਹ ਪਾਣੀ ਘਟਾਇਆਂ ਤਾਂ ਇਨ੍ਹਾਂ ਪੰਜ ਸਾਲਾਂ 2009-2014 ਦੌਰਾਨ ਪ੍ਰਤੀ ਸਾਲ ਹੋਰ 38.56 ਐੱਮਏਐੱਫ ਪਾਣੀ ਝੋਨੇ ਦੀ ਫ਼ਸਲ ਪਾਲਣ ਲਈ ਦਰਕਾਰ ਸੀ। ਅਨੁਮਾਨ ਹੈ ਕਿ ਇਹ ਪਾਣੀ ਦੋ ਹੋਰ ਸਰੋਤਾਂ ਭਾਵ ਦਰਿਆਵਾਂ ਅਤੇ ਜ਼ਮੀਨੀ ਸਤਹ ਹੇਠਲੇ ਪਾਣੀ ਤੋਂ ਲਿਆ ਗਿਆ।
ਪਹਿਲਾਂ ਦਰਿਆਈ ਪਾਣੀ ਦੇ ਸਰੋਤ ’ਤੇ ਝਾਤ ਪਾਉਦਿਆਂ ਅਸੀਂ ਪਾਇਆ ਕਿ ਕੁੱਲ ਉਪਲਬਧ ਔਸਤਨ 34.34 ਐੱਮਏਐੱਫ ਪਾਣੀ ਵਿਚੋਂ ਪੰਜਾਬ ਦੇ ਹਿੱਸੇ 14.54 ਐੱਮਏਐੱਫ ਪਾਣੀ ਆਇਆ। ਜੇ ਇੱਥੇ ਅਸੀਂ ਇਹ ਦਲੀਲ ਵੀ ਮੰਨ ਲਈਏ ਕਿ ਪੰਜਾਬ ਨੂੰ ਉਪਲਬਧ ਕੁੱਲ 14.54 ਐੱਮਏਐੱਫ ਪਾਣੀ ਕੇਵਲ ਝੋਨੇ ਦੀ ਪੈਦਾਵਾਰ ਲਈ ਹੀ ਵਰਤਿਆ ਜਾਂਦਾ ਹੈ ਤਾਂ ਇਸ ਦਾ ਮਤਲਬ ਹੋਵੇਗਾ ਕਿ ਇਸ ਨੂੰ ਅਜੇ ਵੀ ਝੋਨੇ ਦੀ ਕਾਸ਼ਤ ਲਈ 24.02 ਐੱਮਏਐੱਫ ਪਾਣੀ ਦਰਕਾਰ ਹੋਵੇਗਾ।
ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਜੇ ਸਮੁੱਚਾ ਉਪਲਬਧ ਦਰਿਆਈ ਪਾਣੀ ਵੀ ਝੋਨੇ ਦੀ ਕਾਸ਼ਤ ਲਈ ਵਰਤ ਲਿਆ ਜਾਵੇ ਤਾਂ ਵੀ ਔਸਤਨ 24 ਐੱਮਏਅੱੈਫ ਪਾਣੀ ਬਾਕੀ ਤੀਜੇ ਸਰੋਤ ਭਾਵ ਜ਼ਮੀਨੀ ਸਤਹ ਹੇਠਲੇ ਪਾਣੀ ਤੋਂ ਲੈਣਾ ਪਵੇਗਾ। ਇਸ ਤਰ੍ਹਾਂ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਲਈ ਲੋੜੀਂਦਾ ਸਾਲਾਨਾ ਔਸਤਨ ਪਾਣੀ ਦਾ 50 ਫੀਸਦ (ਭਾਵ 48 ਐੱਮਏਐੱਫ ਵਿਚੋਂ 24 ਐੱਮਏਐੱਫ ਪਾਣੀ) ਪਾਣੀ ਪੂਰਾ ਕਰਨ ਲਈ ਜ਼ਮੀਨ ਹੇਠਲਾ ਪਾਣੀ ਕੱਢਣਾ ਪਵੇਗਾ। ਪੰਜਾਬ ਨੂੰ ਹਰ ਸਾਲ ਸਿਰਫ਼ ਝੋਨੇ ਦੀ ਕਾਸ਼ਤ ਲਈ 296,035,440,00,000 ਲਿਟਰ ਪਾਣੀ ਜ਼ਮੀਨ ਹੇਠੋਂ ਕੱਢਣਾ ਪੈਂਦਾ ਹੈ। ਜੇ ਕਣਕ, ਗੰਨੇ, ਮੱਕੀ, ਸਬਜ਼ੀਆਂ ਤੇ ਬਾਗ਼ਬਾਨੀ ਦੀਅਂਾ ਪਾਣੀ ਲੋੜਾਂ ਵੀ ਜੋੜ ਦੇਈਏ ਤਾਂ ਪੰਜਾਬ ਦੇ ਜ਼ਮੀਨੀ ਸਤਹ ਹੇਠਲੇ ਪਾਣੀ ’ਤੇ ਦਬਾਅ ਹੋਰ ਵੀ ਵੱਧ ਨਜ਼ਰ ਆਉਂਦਾ ਹੈ।
2018-19 ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ 28.26 ਫ਼ੀਸਦ ਰਕਬੇ (1169 ਹਜ਼ਾਰ ਹੈਕਟੇਅਰ) ਦੀ ਸਿੰਜਾਈ ਨਹਿਰੀ ਪਾਣੀ ਤੋਂ ਅਤੇ ਬਾਕੀ 71.32 ਫ਼ੀਸਦ ਰਕਬੇ (2907 ਹਜ਼ਾਰ ਹੈਕਟੇਅਰ ) ਦੀ ਸਿੰਜਾਈ ਟਿਊਬਵੈੱਲਾਂ ਰਾਹੀਂ ਜ਼ਮੀਨ ਹੇਠਲੇ ਪਾਣੀ ਤੋਂ ਹੁੰਦੀ ਹੈ। ਪਿਛਲੇ 38 ਸਾਲਾਂ (1980-81 ਤੋਂ 2018-19) ਦੇ ਅਰਸੇ ’ਤੇ ਪਿਛਲਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਨਹਿਰੀ ਪਾਣੀ ਸੇਂਜੂ ਰਕਬੇ ਵਿਚ 1990-91 ਤੋਂ ਲੈ ਕੇ ਹੁਣ ਤੱਕ ਤਿੱਖੀ ਕਮੀ ਆਈ ਹੈ।
ਨਹਿਰੀ ਪਾਣੀ ਸਿੰਜਾਈ ਦੇ ਕੁਝ ਤੱਥ
1980-81 ਵਿਚ ਪੰਜਾਬ ਵਿਚ ਸ਼ੁੱਧ ਸੇਂਜੂ ਰਕਬੇ (Net Irrigated Area – ਸ਼ੁੱਧ ਸਿੰਜਾਈ ਵਾਲਾ ਖੇਤਰ ਉਹ ਖੇਤਰ ਹੈ ਜਿਸ ਨੂੰ ਸਾਲ ਵਿਚ ਇੱਕ ਵਾਰ ਕਿਸੇ ਸਰੋਤ ਰਾਹੀਂ ਕਿਸੇ ਇਕ ਫਸਲ ਲਈ ਸਿੰਜਿਆ ਜਾਂਦਾ ਹੈ। ਇੱਕ ਸਾਲ ਵਿਚ ਇੱਕ ਤੋਂ ਵੱਧ ਵਾਰ ਸਿੰਜਿਆ ਰਕਬਾ ਸਿਰਫ਼ ਇੱਕ ਵਾਰ ਹੀ ਗਿਣਿਆ ਜਾਂਦਾ ਹੈ) ਦਾ 42.45 ਫ਼ੀਸਦ ਹਿੱਸਾ ਨਹਿਰੀ ਪਾਣੀ ਰਾਹੀ ਸਿੰਜਿਆ ਜਾਂਦਾ ਸੀ ਜੋ 2018-19 ਵਿਚ ਘਟ ਕੇ ਮਹਿਜ਼ 28.68 ਫ਼ੀਸਦ ਰਹਿ ਗਿਆ ਸੀ। ਨਹਿਰੀ ਪਾਣੀ ਵਾਲਾ ਸ਼ੁੱਧ ਸੇਂਜੂ ਰਕਬਾ 1980-81 ਵਿਚ 1430 ਹਜ਼ਾਰ ਹੈਕਟੇਅਰ ਸੀ ਜੋ 1990-91 ਵਿਚ ਵਧ ਕੇ 1660 ਹਜ਼ਾਰ ਹੈਕਟੇਅਰ ਦੀ ਸਿਖਰ ’ਤੇ ਪਹੁੰਚ ਗਿਆ ਸੀ। ਹਾਲੀਆ ਅੰਕੜਿਆਂ ਮੁਤਾਬਕ, 2018-19 ਵਿਚ ਇਹ ਰਕਬਾ ਘਟ ਕੇ 1169 ਹਜ਼ਾਰ ਹੈਕਟੇਅਰ ਰਹਿ ਗਿਆ ਸੀ।
1990-91 ਵਿਚ ਸ਼ੁੱਧ ਨਹਿਰੀ ਸੇਂਜੂ ਰਕਬਾ 1660 ਹਜ਼ਾਰ ਹੈਕਟੇਅਰ ਦੇ ਸਿਖਰਲੇ ਮੁਕਾਮ ’ਤੇ ਸੀ ਅਤੇ 2018-19 ਦੇ ਸ਼ੁੱਧ ਨਹਿਰੀ ਸੇਂਜੂ ਰਕਬੇ 1169 ਹਜ਼ਾਰ ਹੈਕਟੇਅਰ ਵਿਚਲਾ ਫਰਕ ਦਰਸਾਉਂਦਾ ਹੈ ਕਿ ਪੰਜਾਬ ਨੇ ਇਸ ਵਕਫੇ ਵਿਚ 491 ਹਜ਼ਾਰ ਹੈਕਟੇਅਰ ਨਹਿਰੀ ਸੇਂਜੂ ਰਕਬਾ ਗੁਆ ਲਿਆ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ 38 ਸਾਲਾਂ ਦੌਰਾਨ ਪੰਜਾਬ ਵਿਚ ਨਹਿਰੀ ਪਾਣੀ ਵਾਲੇ ਸ਼ੁੱਧ ਸੇਂਜੂ ਰਕਬੇ ਵਿਚ 29.58 ਫ਼ੀਸਦ ਕਮੀ ਆਈ ਹੈ। ਇਹ ਅੰਕੜੇ ਖ਼ਤਰੇ ਦੀ ਘੰਟੀ ਵਜਾ ਰਹੇ ਹਨ ਕਿ ਆਖਿ਼ਰ ਉਹ ਦਰਿਆਈ ਪਾਣੀ ਕਿੱਥੇ ਗਿਆ ਜੋ ਕਿਸੇ ਵੇਲੇ ਪੰਜਾਬ ਖ਼ੁਦ ਵਰਤ ਰਿਹਾ ਸੀ ਪਰ ਹੁਣ ਨਹਿਰੀ ਪਾਣੀ ਵਾਲੇ ਸੇਂਜੂ ਸ਼ੁੱਧ ਰਕਬੇ ਵਿਚ ਕਮੀ ਆਉਣ ਕਰ ਕੇ ਇਸ ਨੂੰ ਉਸ ਪਾਣੀ ਤੋਂ ਹੱਥ ਧੋਣੇ ਪੈ ਗਏ ਹਨ।
ਪੰਜਾਬ ਵਿਚ ਨਹਿਰੀ ਪਾਣੀ ਵਾਲੇ ਸੇਂਜੂ ਸ਼ੁੱਧ ਰਕਬੇ ਵਿਚ ਕਮੀ ਆਉਣ ਕਰ ਕੇ ਪਾਣੀ ਦੀ ਮਾਤਰਾ ਅਤੇ ਇਸ ਗੁਆਚੇ ਪਾਣੀ ਦੇ ਟਿਕਾਣੇ ਦੇ ਅਨੁਮਾਨ ਬਾਰੇ ਖੋਜ ਵਿਚ ਪਾੜਾ ਵਧ ਰਿਹਾ ਹੈ। ਆਓ ਪਹਿਲਾਂ 491 ਹਜ਼ਾਰ ਹੈਕਟੇਅਰ ਰਕਬੇ ਨੂੰ ਸਿੰਜਣ ਵਾਲੇ ਨਹਿਰੀ ਪਾਣੀ ਦੀ ਮਾਤਰਾ ਦਾ ਅਨੁਮਾਨ ਲਾਉਂਦੇ ਹਾਂ ਜੋ ਹੁਣ ਪੰਜਾਬ ਕੋਲ ਨਹੀਂ ਰਿਹਾ। ਸੌਖ ਵਾਸਤੇ ਅਸੀਂ ਮੰਨ ਲੈਂਦੇ ਹਾਂ ਕਿ 491 ਹਜ਼ਾਰ ਹੈਕਟੇਅਰ ਜ਼ਮੀਨ ਸਾਲ ਵਿਚ ਕੇਵਲ ਇਕ ਫ਼ਸਲ ਭਾਵ ਝੋਨੇ ਦੀ ਕਾਸ਼ਤ ਲਈ ਵਰਤੀ ਜਾਂਦੀ ਸੀ (ਹਾਲਾਂਕਿ ਸੱਚ ਇਹ ਹੈ ਕਿ ਇਸ ਜ਼ਮੀਨ ਵਿਚ ਹਰ ਸਾਲ ਇਕ ਤੋਂ ਵੱਧ ਫ਼ਸਲਾਂ ਲਈਆਂ ਜਾਂਦੀਆਂ ਹਨ)। ਪੰਜਾਬ ਵਿਚ ਝੋਨੇ ਦਾ ਔਸਤਨ ਝਾੜ 2018-19 ਵਿਚ 4132 ਕਿਲੋਗ੍ਰਾਮ ਫੀ ਹੈਕਟੇਅਰ ਸੀ। ਇਕ ਕਿਲੋ ਚੌਲ ਪੈਦਾ ਕਰਨ ਲਈ ਅੰਦਾਜ਼ਨ 5337 ਲਿਟਰ ਪਾਣੀ ਵਰਤਿਆ ਗਿਆ। ਇਸ ਤਰ੍ਹਾਂ ਇਕ ਸਾਲ ਵਿਚ 491 ਹਜ਼ਾਰ ਹੈਕਟੇਅਰ ਰਕਬੇ ਵਿਚੋਂ 202,88,12,000 ਕਿਲੋ ਝੋਨਾ ਪੈਦਾ ਕੀਤਾ ਗਿਆ। 202,88,12,000 ਕਿਲੋ ਝੋਨਾ ਪੈਦਾ ਕਰਨ ਲਈ ਲੋੜੀਂਦਾ ਪਾਣੀ ਅੰਦਾਜ਼ਨ 8.77 ਐੱਮਏਐੱਫ ਬੈਠਦਾ ਹੈ।
ਇਸ ਪੜਚੋਲ ਤੋਂ ਇਕ ਬਹੁਤ ਹੀ ਅਹਿਮ ਸਵਾਲ ਖੜ੍ਹਾ ਹੁੰਦਾ ਹੈ ਕਿ ਪੰਜਾਬ ਦੇ ਹਿੱਸੇ ਦਾ ਇਹ 8.77 ਐੱਮਏਐੱਫ ਦਰਿਆਈ ਪਾਣੀ ਆਖ਼ਿਰ ਕਿੱਧਰ ਗਿਆ? ਬਹੁਤੀ ਸੰਭਾਵਨਾ ਹੈ ਕਿ ਇਹ 8.77 ਐੱਮਏਐੱਫ ਦਰਿਆਈ ਪਾਣੀ ਪੰਜਾਬ ਦੇ ਦੋ ਗੁਆਂਢੀ ਰਾਜਾਂ ਹਰਿਆਣਾ ਜਾਂ ਰਾਜਸਥਾਨ ਨੂੰ ਜਾਂ ਫਿਰ ਦੋਵਾਂ ਵਿਚੋਂ ਕਿਸੇ ਇਕ ਨੂੰ ਮੁਫ਼ਤ ਜਾ ਰਿਹਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਪੰਜਾਬ ਵਿਚ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਉਸ ਦੇ ਹਿੱਸੇ ਦਾ ਇਹ ਮਣਾਂ ਮੂੰਹੀਂ ਦਰਿਆਈ ਪਾਣੀ ਹਰ ਸਾਲ ਪੰਜਾਬ ਤੋਂ ਬਾਹਰ ਜਾ ਰਿਹਾ ਹੈ। ਜੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਚੋਰੀ ਦਾ ਤਖ਼ਮੀਨਾ ਲਾਇਆ ਜਾਵੇ ਤਾਂ ਅੰਕੜੇ ਦੇਖ ਕੇ ਗਸ਼ ਪੈ ਜਾਵੇਗੀ। ਅਗਲਾ ਲੇਖ ਇਹ ਪੜਚੋਲ ਕਰੇਗਾ ਕਿ 8.77 ਐੱਮਏਐੱਫ ਨਹਿਰੀ ਪਾਣੀ ਜੋ ਕਿਸੇ ਵੇਲੇ ਪੰਜਾਬ ਵਰਤਦਾ ਸੀ, ਆਖਿ਼ਰ ਕਿੱਥੇ ਗਿਆ? ਦਰਿਆਈ ਪਾਣੀ ਦੀ ਵਰਤੋਂ ਨਾਲ ਨਜਿੱਠਣ ਲਈ ਸਹੀ ਪਹੁੰਚ ਕੀ ਹੋਣੀ ਚਾਹੀਦੀ ਹੈ। (ਚਲਦਾ)
*ਪ੍ਰੋਫੈਸਰ ਐਮੇਰਿਟਸ, ਆਕਸਫੋਰਡ ਬਰੂਕਸ ਬਿਜ਼ਨਸ ਸਕੂਲ, ਆਕਸਫੋਰਡ (ਯੂਕੇ)।
**ਲੈਕਚਰਾਰ, ਮਾਨਚੈਸਟਰ ਮੈਟਰੋਪੋਲੀਟਨ ਯੂਨੀਵਰਸਿਟੀ, ਯੂਕੇ।