ਡਾ. ਸ਼ਿਆਮ ਸੁੰਦਰ ਦੀਪਤੀ
ਦੁਸ਼ਮਣ ਅਦ੍ਰਿਸ਼ ਨਹੀਂ ਹੈ, ਜੇਕਰ ਇਸ ਦਾ ਮਤਲਬ ਕਰੋਨਾ ਵਾਇਰਸ ਤੋਂ ਹੈ। ਇਸ ਦਾ ਨਿਸ਼ਚਿਤ ਰੂਪ-ਆਕਾਰ ਹੈ। ਉਹ ਰੂਪ ਜੋ ਅੱਜ ਬੱਚੇ ਬੱਚੇ ਨੂੰ ਪਤਾ ਹੈ। ਉਹ ਦੁਸ਼ਮਣ ਜੋ ਸਾਰਾ ਦਿਨ ਟੀਵੀ ਦੀ ਸਕਰੀਨ ਤੇ ਦਿਸਦਾ ਹੈ ਤੇ ਹਰ ਅਖ਼ਬਾਰ ਦੇ ਪਹਿਲੇ ਪੰਨੇ ਤੇ ਉਸ ਦੀ ਤਸਵੀਰ ਛਪਦੀ ਹੈ। ਇਹ ਗੱਲ ਹੋਰ ਹੈ ਕਿ ਅਸੀਂ ਇਨਕਾਰੀ ਹੋਈਏ? ਪਛਾਣੀਏ ਹੀ ਨਾ। ਉਸ ਦੀ ਹੋਂਦ ਨੂੰ ਮੰਨੀਏ ਹੀ ਨਾ। ਬਹਿਰੂਪੀਆ ਵੀ ਨਹੀਂ ਹੈ ਜਿਸ ਤਰਜ਼ ਤੇ ਇਸ ਨੂੰ ਕਿਹਾ ਜਾ ਰਿਹਾ ਹੈ।
ਸਭ ਕੁਝ ਸਪਸ਼ਟ ਹੋਣ ਦੇ ਬਾਵਜੂਦ ਇਸ ਦੇ ਫੈਲਣ ਅਤੇ ਲੱਛਣਾਂ ਦੇ ਮਹਿਸੂਸ ਕੀਤੇ ਜਾਣ ਤੋਂ ਬਾਅਦ ਵੀ, ਇਹ ਅਦ੍ਰਿਸ਼ ਹੋਣ ਵਾਲੀ ਕਹਾਣੀ ਕਿਉਂ ਰਚੀ ਜਾਂਦੀ ਹੈ? ਇਸ ਪਿੱਛੇ ਬਿਲਕੁੱਲ ਸਪਸ਼ੱਟ ਮਾਨਸਿਕਤਾ ਹੈ; ਮਤਲਬ ਲੋਕਾਂ ਤੋਂ ਲੁਕੋ ਰਖਿਆ ਜਾਣਾ। ਸਾਹਮਣੇ ਵਾਲੇ ਸ਼ਖ਼ਸ ਮੁਤਾਬਕ ਉਸ ਨੂੰ ਗੱਲ ਦਸਣਾ ਤੇ ਸਭ ਤੱਕ ਸਾਂਝੀ ਸਮਝ ਨਾ ਪਹੁੰਚਾਉਣਾ। ਇਸ ਤਰ੍ਹਾਂ ‘ਅਦ੍ਰਿਸ਼’ ਕਹਿ ਕੇ ਭੰਬਲਭੂਸਾ ਸਿਰਜਿਆ ਜਾਂਦਾ ਹੈ ਜੋ ਕਰੋਨਾ ਦੇ ਪ੍ਰਸੰਗ ਵਿਚ ਅਸੀਂ ਲਗਾਤਾਰ ਦੇਖ ਰਹੇ ਹਾਂ। ਇਸੇ ਦਾ ਨਤੀਜਾ ਹੈ ਕਿ ਦੇਸ਼ ਵਿਚ ਦੋ ਵਰਗ ਸਾਫ਼ ਦਿਸਦੇ ਹਨ। ਇੱਕ ਕਹਿ ਰਿਹਾ ਹੈ ਕੋਈ ਕਰੋਨਾ-ਕਰੂਨਾ ਨਹੀਂ ਹੈ, ਇਹ ਡਰਾਮਾ ਹੈ ਤੇ ਦੂਸਰਾ ਏਨਾ ਜਿ਼ਆਦਾ ਡਰਿਆ ਹੈ ਕਿ ਘਰੇ ਹੀ ਸੁਰਖਿਅਤ ਸਮਝਦਾ ਹੈ। ਸਾਡੇ ਦੇਸ਼ ਕੋਲ ਧਰਮ ਦੀ ਸੰਸਥਾ ਦਾ ਜੋ ਮਾਡਲ ਹੈ, ਸਵਰਗ-ਨਰਕ ਦਾ ਜੋ ਚੱਕਰ ਹੈ, ਅਦ੍ਰਿਸ਼ ਤਾਕਤ ਦੀ ਗੱਲ ਹੈ। ਇਹ ਕਾਫ਼ੀ ਸਾਰੀਆਂ ਉਲਝਣਾਂ ਤੋਂ ਬਚਾਉਣ ਦੀ ਕਾਰਗਰ ਵਿਆਖਿਆ ਹੈ। ਉਹੀ ਤਰਜ਼ ਹੁਣ ਵਰਤੀ ਜਾ ਰਹੀ ਹੈ ਜਿਸ ਦੀ ਸਾਨੂੰ ਸਿਖਲਾਈ ਮਿਲੀ ਹੈ।
ਅਦ੍ਰਿਸ਼ ਕਹਿਣ ਨਾਲ ਕਿਸੇ ਵੀ ਸਥਿਤੀ ਨੂੰ ਲੈ ਕੇ ਉਠ ਰਹੇ ਅਨੇਕਾਂ ਸਵਾਲਾਂ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਇੱਕ ਪੱਖ ਇਹ ਵੀ ਸਾਹਮਣੇ ਆਉਂਦਾ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ, ਹੈ ਕੌਣ, ਕਿਹੋ ਜਾ ਹੈ, ਕੀ ਸੁਭਾਅ ਹੈ; ਮਤਲਬ ਫਿਰ ਇਸ ਦਾ ਕੀ ਕਰੀਏ? ਨਜਿੱਠੀਏ ਕਿਵੇਂ? ਸਭ ਕੁਝ ਰਾਮ ਭਰੋਸੇ। ਆਪਣੇ ਆਪ ਤੇ ਕਿਸੇ ਵੀ ਤਰ੍ਹਾਂ ਦੇ ਜਿ਼ੰਮੇਵਾਰੀ ਦੇ ਅਹਿਸਾਸ ਤੋਂ, ਬੁਰੇ ਪ੍ਰਬੰਧ ਦੀ ਜਵਾਬਦੇਹੀ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਅਜਿਹੇ ਢੰਗ-ਤਰੀਕੇ ਅਪਣਾਏ ਜਾਂਦੇ ਹਨ। ਇਹ ਬਚਾਉ-ਤਕਨੀਕ ਹੈ। ਸੱਤਾ ਇਸ ਤਰ੍ਹਾਂ ਕਰਦੀ ਹੈ। ਕੁਝ ਲੋਕ ਜ਼ਰੂਰ ਸਵਾਲ ਖੜ੍ਹੇ ਕਰਦੇ ਹਨ। ਵੈਸੇ ਤਾਂ ਅਸਪਸ਼ਟਤਾ ਦਾ ਮਾਹੌਲ ਪਿਛਲੇ ਸਾਲ ਤੋਂ ਹੀ ਬਣਾ ਕੇ ਰਖਿਆ ਹੋਇਆ ਹੈ; ਕਹਿਣ ਤੋਂ ਭਾਵ ਕਰੋਨਾ ਦੁਸ਼ਮਣ ਨੂੰ ਸਮਝਣ ਲਈ ਕਦੇ ਵੀ ਵਿਗਿਆਨਕ ਸੋਚ ਦਾ ਸਹਾਰਾ, ਸੰਜੀਦਗੀ ਨਾਲ ਨਹੀਂ ਲਿਆ ਗਿਆ। ਅਠਾਰਾਂ ਦਿਨਾਂ ਵਿਚ ਜੰਗ ਜਿੱਤਣ ਦਾ ਦਾਅਵਾ, ਡੇਢ ਸਾਲ ਤਕ ਲਮਕ ਗਿਆ ਹੈ ਤੇ ਅਜੇ ਵੀ ਛੇਤੀ ਕਿਤੇ ਇਸ ਦਾ ਨਤੀਜਾ ਆਉਂਦਾ ਨਜ਼ਰ ਨਹੀਂ ਆ ਰਿਹਾ। ਤਾਲੀ-ਥਾਲੀ, ਨੌਂ ਦੇ ਅੰਕ ਦਾ ਸਹਾਰਾ ਲਿਆ, ਗੋਬਰ ਅਤੇ ਗੌ-ਮੂਤਰ ਪਾਰਟੀ ਅੱਜ ਵੀ ਹੁੰਦੀ ਦੇਖੀ ਜਾ ਸਕਦੀ ਹੈ। ਇਹ ਸਭ ਭੰਬਲਭੂਸਾ ਇਸੇ ਲਈ ਹੈ ਕਿ ਦੇਸ਼ ਕੋਲ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਹਨ ਕਿ ਕੀ ਕਰਨਾ ਹੈ, ਕੀ ਨਹੀਂ ਕੀਤਾ ਜਾਣਾ ਚਾਹੀਦਾ। ਗੰਗਾ ਮਾਂ ਦੀ ਦਇਆ ਦ੍ਰਿਸ਼ਟੀ ਤੋਂ ਲੈ ਕੇ ਆਯੁਰਵੈਦ ਅਤੇ ਹੋਮਿਓਪੈਥੀ ਨੇ ਬਿਨਾਂ ਕਿਸੇ ਪਰਖ ਪੜਤਾਲ ਤੋਂ ਤੀਰ ਤੁੱਕੇ ਨਾਲ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੀ ਆਫਤ ਵਿਚ ਅਜਿਹਾ ਹੁੰਦਾ ਹੀ ਹੈ, ਜਦੋਂ ਹਰ ਇਕ ਦੇ ਮਨ ਵਿਚ ਸ਼ੱਕ ਪਾ ਦਿੱਤਾ ਜਾਵੇ ਕਿ ਕਰੋਨਾ ਮਤਲਬ ਮੌਤ ਹੈ।
ਵਿਗਿਆਨਕ ਸੂਝ ਹੀ ਹੈ ਜਿਸ ਤਕਨੀਕ ਨਾਲ ਅਸੀਂ ਦੁਸ਼ਮਣ ਨੂੰ ਪਛਾਣ ਸਕੇ ਤੇ ਨਤੀਜੇ ਵਜੋਂ ਵੈਕਸੀਨ ਬਣਾਉਣ ਵਿਚ ਜੁਟ ਗਏ। ਸਭ ਕੁਝ ਸਾਹਮਣੇ ਹੈ ਤੇ ਫਿਰ ਵੀ ਦੁਸ਼ਮਣ ਨੂੰ ਅਦ੍ਰਿਸ਼ ਕਿਹਾ ਜਾ ਰਿਹਾ ਹੈ। ਸਰਕਾਰਾਂ ਨੂੰ ਅਜਿਹੇ ਹਾਲਾਤ ਵਿਚ ਕੁਝ ਕਰਦੇ ਹੋਏ ਦਿਸਣਾ ਪੈਂਦਾ ਹੈ। ਪਿਛਲੇ ਸਾਲ ਦੇ ਸ਼ੂਰੂਆਤੀ ਦਿਨਾਂ ਵਿਚ ਹੀ ਤਿੰਨ ਮੈਂਬਰੀ ਉੱਚ ਕਮੇਟੀ ਬਣਾਈ ਜਿਸ ਵਿਚ ਵਿਗਿਆਨੀ ਮਾਹਿਰ ਕੇ ਵਿਜੇ ਰਾਘਵਨ, ਨੀਤੀ ਆਯੋਗ ਦੇ ਮੈਂਬਰ, ਵੀਕੇ ਪਾਲ ਅਤੇ ਆਈਸੀਐਮਆਰ ਦੇ ਡਾਇਰੈਕਟਰ ਬਲਰਾਮ ਭਾਰਗਵ ਸ਼ਾਮਿਲ ਸਨ। ਪ੍ਰਧਾਨ ਮੰਤਰੀ ਨੂੰ ਸੰਬੋਧਿਤ ਹੋਣ ਤੋਂ ਪਹਿਲਾਂ ਇਨ੍ਹਾਂ ਕਮੇਟੀ ਮੈਂਬਰਾਂ ਤੋਂ ਸਵਾਲ ਪੁੱਛਣੇ ਜ਼ਰੂਰੀ ਹਨ ਜੋ ਹਰ ਆਦਮੀ ਦੇ ਜ਼ਿਹਨ ਵਿਚ ਹਨ ਕਿ ਇਹ ਜੋ ਹਾਲਤ ਨਜ਼ਰ ਆ ਰਹੀ ਹੈ, ਉਹ ਕਿਵੇਂ ਬਣ ਗਈ? ਕੀ ਮਾਹਿਰਾਂ ਦਾ ਮੱਤ ਵੀ ਇਹੀ ਹੈ ਕਿ ਦੁਸ਼ਮਣ ਅਦ੍ਰਿਸ਼ ਹੈ, ਸਾਨੂੰ ਉਸ ਬਾਰੇ ਨਹੀਂ ਪਤਾ?
ਇਸ ਦੇ ਬਾਵਜੂਦ ਕੁਝ ਸਵਾਲ ਤਾਂ ਮਹੱਤਵਪੂਰਨ ਹਨ ਜਿਨ੍ਹਾਂ ਦਾ ਜ਼ਿਕਰ ਅਜੇ ਵੀ ਜ਼ਰੂਰੀ ਹੈ ਕਿਉਂ ਜੋ ਅਫਤ ਮੁੱਕੀ ਨਹੀਂ ਹੈ। ਦੁਸ਼ਮਣ ਕਿਤੇ ਗਿਆ ਨਹੀਂ ਹੈ। ਇਸ ਤੋਂ ਬਾਅਦ ਤੀਸਰੀ, ਚੌਥੀ ਲਹਿਰ ਆਉਣ ਦੇ ਖ਼ਦਸ਼ੇ ਵੀ ਜਤਾਏ ਜਾ ਰਹੇ ਹਨ।
ਪਹਿਲਾ ਅਹਿਮ ਸਵਾਲ ਹੈ ਕਿ ਦੂਸਰੀ ਲਹਿਰ ਬਾਰੇ ਪਤਾ ਨਹੀਂ ਸੀ ਕਿ ਇਹ ਆਵੇਗੀ ਏਨੀ ਤੇਜ਼ੀ ਨਾਲ ਤੇ ਪਹਿਲੀ ਨਾਲੋਂ ਵੱਧ ਘਾਤਕ ਹੋ ਸਕਦੀ ਹੈ। ਇਹ ਦੂਰਦਰਸ਼ਿਤਾ ਇਨ੍ਹਾਂ ਮਾਹਿਰਾਂ ਕੋਲ ਵੀ ਨਹੀਂ ਸੀ ਜਾਂ ਇਨ੍ਹਾਂ ਨੂੰ ਪਤਾ ਸੀ ਤੇ ਇਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਨਹੀਂ ਦਿੱਤੀ। ਕੋਈ ਦਿਸ਼ਾ ਨਿਰਦੇਸ਼ ਨਹੀਂ ਸੁਣਾਏ ਤੇ ਤਿਆਰੀ ਲਈ ਅਗਾਹ ਨਹੀਂ ਕੀਤਾ। ਜੇ ਉਹ ਕਹਿੰਦੇ ਹਨ ਕਿ ਅਸੀਂ ਤਾਂ ਸਮੇਂ ਸਮੇਂ ਕਹਿੰਦੇ ਰਹੇ ਪਰ ਸਾਡੀ ਸੁਣੀ ਨਹੀਂ ਗਈ। ਜੇਕਰ ਇਸ ਤਰ੍ਹਾਂ ਸੀ ਤਾਂ ਕੀ ਲੋਕਾਂ ਨੂੰ ਦੱਸਣਾ ਜ਼ਰੂਰੀ ਨਹੀਂ ਸੀ? ‘ਵਾਇਰ’ ਦੇ ਸੰਪਾਦਕੀ ਮੰਡਲ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਮਿਲਣ ਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਸਾਹਮਣੇ ਨਹੀਂ ਆਇਆ।
ਦੂਸਰਾ ਸਵਾਲ ਵੈਕਸੀਨ ਨੂੰ ਲੈ ਕੇ ਹੈ। ਅਸੀਂ ਸ਼ੁਰੂ ਤੋਂ ਵੀ ਪ੍ਰਚਾਰਦੇ ਰਹੇ ਕਿ ਵੈਕਸੀਨ ਹੀ ਕਾਰਗਰ ਹਥਿਆਰ ਹੈ। ਜਦੋਂ ਤਕ ਇਹ ਨਹੀਂ ਆਉਂਦੀ, ਤੁਸੀਂ ਇਹਤਿਆਤ ਵਰਤੋਂ। ਇਹ ਚਲ ਰਿਹਾ ਸੀ ਤੇ ਮਈ/ਜੂਨ 2020 ਵਿਚ ਫਾਈਜ਼ਰ, ਮੋਡਰੇਨਾ ਨੇ ਆਪਣੀ ਵੈਕਸੀਨ ਦੇ ਸਫ਼ਲ ਪ੍ਰੀਖਣ ਦਾ ਐਲਾਨ ਵੀ ਕੀਤਾ। ਭਾਰਤ ਵੀ ਇਸੇ ਰਾਹ ਤੇ ਸੀ। ਜਿਥੇ ਯੂਰੋਪ ਅਤੇ ਅਮਰੀਕਾ ਇਨ੍ਹਾਂ ਕੰਪਨੀਆਂ ਨੂੰ ਖੋਜ ਲਈ ਮਦਦ ਕਰ ਰਹੇ ਸਨ ਤੇ ਆਪਣੇ ਆਰਡਰ ਵੀ ਦੇ ਰਹੇ ਸਨ; ਫਿਰ ਸਾਡੇ ਮਾਹਿਰਾਂ ਨੇ ਕਿਉਂ ਨਹੀਂ ਕਿਹਾ ਕਿ ਦੇਸ਼ ਨੂੰ 75 ਫੀਸਦੀ ਤਕ ਕਵਰ ਕਰਨ ਲਈ 2 ਅਰਬ ਖੁਰਾਕਾਂ ਦੀ ਲੋੜ ਪਵੇਗੀ। ਅਸੀਂ ਕਿਸੇ ਤਰ੍ਹਾਂ ਦਾ ਕੋਈ ਆਰਡਰ ਨਹੀਂ ਦਿੱਤਾ। ਅੱਜ ਅਫਰਾ-ਤਫਰੀ ਦੀ ਹਾਲਤ ਹੈ, ਜਦੋਂ ਕਿ ਵੈਕਸੀਨ ਲਗਾਉਣ ਦੀ ਕੋਈ ਕਾਰਗਰ ਵਿਉਂਤਬੰਦੀ ਨਹੀਂ ਹੈ। ਕੋਈ ‘ਵੈਕਸੀਨ ਦੇਣ ਦਾ ਮੈਪ’ ਨਹੀਂ ਹੈ ਕਿ ਕਿੰਨੀ ਵੈਕਸੀਨ ਹਰ ਰੋਜ਼ ਬਣ ਰਹੀ ਹੈ ਜਾਂ ਅਸੀਂ ਮੰਗਵਾ ਰਹੇ ਹਾਂ ਤੇ ਇਹ ਪਹਿਲ ਦੇ ਆਧਾਰ ਤੇ ਕਿਵੇਂ ਤੇ ਕਿਸ ਨੂੰ ਦੇਣੀ ਹੈ। ਇਹ ਬਦਹਾਲੀ ਵਾਲੀ ਹਾਲਤ ਹੈ ਤੇ ਅਸੀਂ ਸਭ ਲਈ ਵੈਕਸੀਨ ਖੋਲ੍ਹ ਦਿੱਤੀ ਹੈ ਤੇ ਇਸ ਨੂੰ ਰਾਜਾਂ ਦੇ ਹਵਾਲੇ ਕਰ ਦਿੱਤਾ ਹੈ ਤੇ ਵੈਕਸੀਨ ਦੇ ਮੁੱਲ ਨੂੰ ਲੈ ਕੇ ਵੀ ਆਲੋਚਨਾ ਹੋ ਰਹੀ ਹੈ।
ਇਸੇ ਤਰ੍ਹਾਂ ਹੀ ਆਕਸੀਜਨ, ਦਵਾਈਆਂ ਦੀ ਗੱਲ ਹੈ ਤੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਅਤੇ ਰਿਕਾਰਡ ਨੂੰ ਲੈ ਕੇ ਵੀ ਸਥਿਤੀ ਸਪਸ਼ਟ ਨਹੀਂ ਹੈ। ਦਰਸਾਈਆਂ ਜਾ ਰਹੀਆਂ ਮੌਤਾਂ ਅਤੇ ਸ਼ਮਸ਼ਾਨਘਾਟ ਦੇ ਦ੍ਰਿਸ਼ ਆਪਸ ਵਿਚ ਮੇਲ ਨਹੀਂ ਖਾ ਰਹੇ ਹਨ।
ਵਾਇਰਸ ਦੀ ਫਿਤਰਤ ਹੈ ਕਿ ਉਹ ਰੂਪ ਬਦਲਦਾ ਹੈ। ਵਾਇਰਸ ਆਪਣੇ ਆਪ ਵਿਚ ਸੰਪੂਰਨ ਜੀਵ ਨਹੀਂ ਹੈ। ਇਹ ਵਿਕਾਸ ਪੜਾਅ ਦਾ ਸੇਤੂ ਜੀਵ ਹੈ। ਇਸ ਲਈ ਇਹ ਹਾਲਾਤ ਮੁਤਾਬਕ ਖੁਦ ਨੂੰ ਬਚਾਈ ਰੱਖਣ ਲਈ ਰੂਪ ਬਦਲਦਾ ਹੈ। ਇਹ ਬਹਿਰੂਪੀਆ ਨਹੀਂ ਹੈ। ਇਸ ਦਾ ਇਕ ਨਵਾਂ ਰੂਪ ਹੈ, ਇਸ ਨੂੰ ਪੰਜਾਬ ਵਿਚ ਯੂਕੇ ਸਟ੍ਰੇਨ ਕਿਹਾ ਗਿਆ ਤੇ ਮਹਾਰਾਸ਼ਟਰ ਵਿਚ ਡਬਲ ਮਿਉਟੈਂਟ ਸਟ੍ਰੇਨ । ਇਨਾਂ ਦੀ ਪਛਾਣ ਹੋਈ ਬੀ.1.1.7 (ਯੂਕੇ) ਅਤੇ ਬੀ.1.617 ਡਬਲ ਮਿਉਟੈਂਟ।
ਦੇਸ਼ ਵੀ ਦੇਖ ਰਿਹਾ ਸੀ, ਉਹ ਆਲੋਚਨਾ ਵੀ ਕਰ ਰਿਹਾ ਸੀ। ਲੋਕਾਂ ਦਾ ਆਪਣਾ ਅੰਦਾਜ਼ਾ ਸੀ ਕਿ ਦੇਸ਼ ਦਾ ਮੁਖੀ ਖੁਦ ‘ਸੁਪਰ ਸਪਰੈਡਰ’ ਸਮਾਗਮਾਂ ਦਾ ਹਿੱਸਾ ਬਣ ਰਿਹਾ ਹੈ ਤੇ ਨਾਲ ਸਖ਼ਤੀ ਕਰਨ ਨੂੰ ਕਹਿ ਰਿਹਾ ਹੈ। ਇਸ ਮਾਹਿਰਾਨਾ ਕਮੇਟੀ ਨੂੰ ਤਾਂ ਸਵਾਲ ਖੜ੍ਹੇ ਕਰਨੇ ਚਾਹੀਦੇ ਸੀ ਤੇ ਸਿਫਾਰਸ਼ ਕਰਨੀ ਚਾਹੀਦੀ ਸੀ ਕਿ ਅਜਿਹੇ ਸਮਾਗਮਾਂ ਦੀ ਇਜਾਜ਼ਤ ਨਾ ਦਿੱਤੀ ਜਾਵੇ, ਉਹ ਚਾਹੇ ਕੁੰਭ ਸੀ ਤੇ ਚਾਹੇ ਲੱਖਾਂ ਦੀ ਗਿਣਤੀ ਵਾਲੀਆਂ ਰੈਲੀਆਂ, ਜਿੱਥੇ ਤਕ ਨਜ਼ਰ ਜਾਂਦੀ ਸੀ, ਲੋਕ ਹੀ ਲੋਕ ਜਦੋਂ ਕਿ ਪ੍ਰਧਾਨ ਮੰਤਰੀ ਨੂੰ ਖੁਦ ‘ਰੋਲ ਮਾਡਲ’ ਬਣਨ ਦੀ ਲੋੜ ਸੀ।
ਇਨ੍ਹੀਂ ਦਿਨੀਂ ਇਕ ਹੋਰ ਖਤਰਨਾਕ ਹਾਦਸਾ ਸਾਹਮਣੇ ਆ ਰਿਹਾ ਹੈ ਜਿਸ ਨੇ ਕਰੋਨਾ ਦੀ ਦਹਿਸ਼ਤ ਤੋਂ ਵੀ ਵੱਧ ਲੋਕਾਂ ਦੇ ਸਾਹ ਸੂਤੇ ਹੋਏ ਹਨ। ਉਹ ਹੈ ਵਧ ਰਹੇ ਬਲੈਕ ਫੰਗਸ ਦੇੇ ਕੇਸ। ਇਸ ਦਾ ਨਤੀਜਾ, ਮੌਤ ਵੀ ਹੈ ਤੇ ਜੋ ਜਿਊਂਦੇ ਬਚਾਏ ਜਾ ਸਕਦੇ ਹਨ, ਉਨ੍ਹਾਂ ਵਿਚ ਅੱਖਾਂ ਨੂੰ ਕੱਢ ਦੇਣਾ ਹੈ। ਇਹ ਫੰਗਸ ਅੱਖਾਂ ਅਤੇ ਦਿਮਾਗ ਤੇ ਹਮਲਾ ਕਰਦੀ ਹੈ। ਵੱਡਾ ਸਵਾਲ ਹੈ ਕਿ ਇਹ ਫੰਗਸ ਆਉਂਦੀ ਕਿਥੋਂ ਹੈ; ਭਾਵੇਂ ਫੌਰੀ ਤੌਰ ਤੇ ਇਸ ਨੂੰ ਸ਼ੂਗਰ ਦੇ ਮਰੀਜ਼ਾਂ ਅਤੇ ਕੋਰਟੀਕੋਸਟੀਰਾਈਡ ਦੇ ਇਸਤੇਮਾਲ ਨਾਲ ਜੋੜਿਆ ਜਾਂਦਾ ਹੈ। ਵੈਸੇ ਤਾਂ ਸ਼ੂਗਰ ਦੀ ਬਿਮਾਰੀ ਦੀ ਇਹ ਖਾਸੀਅਤ ਹੈ ਕਿ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਣ ਨਾਲ, ਕਿਸੇ ਵੀ ਜਰਮ ਨੂੰ ਵਧਣ ਫੁੱਲਣ ਦਾ ਮੌਕਾ ਮਿਲਦਾ ਹੈ। ਇਕ ਤਾਂ ਇੱਥੇ ਡਾਕਟਰੀ ਅਮਲੇ ਦੀ ਅਣਗਹਿਲੀ ਕਹਿ ਸਕਦੇ ਹਾਂ ਕਿ ਬਲੱਡ ਸ਼ੂਗਰ ਚੈੱਕ ਨਹੀਂ ਹੁੰਦੀ ਹੈ ਤੇ ਦੂਸਰਾ ਸਵਾਲ ਫੰਗਸ ਦੇ ਵੱਧਣ ਫੁੱਲਣ ਦਾ ਹੈ ਜੋ ਕਿਸੇ ਵੀ ਥਾਂ ਦੀ ਸਾਫ਼ ਸਫ਼ਾਈ ਨਾ ਹੋਣ ਦਾ ਨਤੀਜਾ ਹੈ। ਨਿਸ਼ਚਿਤ ਹੀ ਇਨ੍ਹਾਂ ਦਿਨਾਂ ਵਿਚ ਹਸਪਤਾਲਾਂ ਤੇ ਬੋਝ ਵਧਿਆ ਹੈ ਤੇ ਮਰੀਜ਼ਾਂ ਦੀ ਠੀਕ ਤਰ੍ਹਾਂ ਦੇਖਭਾਲ ਲਈ ਡਾਕਟਰੀ ਅਮਲਾ ਵੀ ਪੂਰਾ ਨਹੀਂ ਹੈ। ਮਰੀਜ਼ ਦੇ ਨੱਕ ਵਿਚ ਲੱਗੀਆਂ ਵੱਖ ਵੱਖ ਨਾਲੀਆਂ ਨੂੰ ਪੂਰੀ ਤਰ੍ਹਾਂ ਸਾਫ਼ ਨਾ ਰੱਖਣ ਦੇ ਨਤੀਜੇ ਵਜੋਂ ਵੀ ਫੰਗਸ ਵਧਦੀ ਹੈ ਤੇ ਫੈਲਦੀ ਹੈ।
ਇਹ ਸਾਰੇ ਸਵਾਲ ਅਹਿਮ ਹਨ। ਇਨ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਫੁਰਤੀ ਦਿਖਾਈ ਹੈ, ਉਹ ਚਾਹੇ ਆਰਜ਼ੀ ਬੈੱਡ ਹੋਣ, ਆਕਸੀਜਨ ਹੋਵੇ ਤੇ ਚਾਹੇ ਦਵਾਈਆਂ। ਇਹ ਨਹੀਂ ਕਹਿ ਸਕਦੇ ਕਿ ਹੁਣ ਦੂਸਰੀ ਲਹਿਰ ਦਾ ਕਹਿਰ ਢਿੱਲਾ ਪੈ ਗਿਆ ਹੈ, ਸਮਾਂ ਨਿਕਲ ਹੀ ਗਿਆ ਹੈ ਪਰ ਸਿਹਤ ਵਿਵਸਥਾ ਤੇ ਨਜ਼ਰ ਮਾਰੀਏ ਤਾਂ ਜਿੰਨੀਆਂ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ, ਇਹ ਤਾਂ ਰੋਜ਼ਮੱਰਾ ਲੋੜਾਂ ਹਨ ਜਿਸ ਨੂੰ ਅਸੀਂ ਕਦੇ ਪਹਿਲ ਨਹੀਂ ਦਿੱਤੀ ਤੇ ਨਾ ਹੀ ਸੰਜੀਦਗੀ ਨਾਲ ਇਸ ਬਾਰੇ ਸੋਚਿਆ ਹੈ।
ਪ੍ਰਧਾਨ ਮੰਤਰੀ ਨੇ ਡੇਵੋਸ ਵਿਚ ਦੁਨੀਆ ਭਰ ਦੇ ਮੁਖੀਆਂ ਨੂੰ ਕਿਹਾ ਸੀ ਕਿ ਅਸੀਂ ਦੁਸ਼ਮਣ ਤੇ ਜਿੱਤ ਹਾਸਿਲ ਕਰ ਲਈ ਹੈ। ਉਦੋਂ ਉਹ ਇਸ ਅਦ੍ਰਿਸ਼ ਦੁਸ਼ਮਣ ਬਾਰੇ ਗੱਲ ਕਰ ਰਹੇ ਸੀ ਜਾਂ ਕਿਸੇ ਹੋਰ ਬਾਰੇ। ਜੇ ਉਹ ਕੋਈ ਹੋਰ ਸੀ ਤਾਂ ਫਿਰ ਕੌਣ ਹੈ/ਸੀ? ਸ਼ਾਇਦ ਇਸੇ ਆਤਮ ਵਿਸ਼ਵਾਸ ਨੇ (ਜੋ ਵਿਗਿਆਨਕ ਤਰਜ਼ ਦਾ ਨਹੀਂ ਸੀ) ਅਵੇਸਲੇਪਣ ਨੂੰ ਥਾਂ ਦਿੱਤੀ ਹੈ ਤੇ ਅਸੀਂ ਬਣਾਏ ਗਏ ਹਸਪਤਾਲਾਂ ਨੂੰ ਉਧੇੜ ਦਿੱਤਾ ਤੇ ਭਰਤੀ ਕੀਤੇ ਆਰਜ਼ੀ ਕਾਮਿਆਂ ਨੂੰ ਘਰੇ ਤੋਰ ਦਿੱਤਾ।
ਇਹ ਗੱਲਾਂ ਜ਼ਰੂਰੀ ਨੇ। ਮਹਿਰਾਂ ਨੇ ਕੀ ਸੋਚ ਕੇ ਨਹੀਂ ਕੀਤੀਆਂ? ਮੀਡੀਆ ਤਾਂ ਅਜਿਹੀਆਂ ਗੱਲਾਂ ਕਾਫ਼ੀ ਲੰਮੇ ਸਮੇਂ ਤੋਂ ਕਰਨੋਂ ਹਟ ਗਿਆ ਹੈ। ਅੱਜ ਪੂਰੀ ਦੁਨੀਆ ਸਾਡੀ ਕਾਰਗੁਜ਼ਾਰੀ ਦੇਖ ਰਹੀ ਹੈ। ਸਾਡਾ ਵਤੀਰਾ ਦਿਸ ਰਿਹਾ ਹੈ, ਭਾਵੇਂ ਦੁਸ਼ਮਣ ਅਦ੍ਰਿਸ਼ ਹੈ। ਕੌਮਾਂਤਰੀ ਮੈਗਜ਼ੀਨਾਂ ਦੇ ਪਹਿਲੇ ਪੰਨਿਆਂ ਤੇ ਦੇਸ਼ ਦੇ ਸ਼ਮਸ਼ਾਨਘਾਟਾਂ ਦੀਆਂ ਤਸਵੀਰਾਂ ਛਪ ਰਹੀਆਂ ਹਨ। ਇਹ ਅਦ੍ਰਿਸ਼ ਨਹੀਂ ਹੈ, ਇਹ ਸਚਾਈ ਹੈ। ਇਸ ਦਾ ਸਾਹਮਣਾ ਕਰਨ ਅਤੇ ਜਵਾਬਦੇਹੀ ਸਵੀਕਾਰ ਕਰਨ ਲਈ ਹਿੰਮਤ ਚਾਹੀਦੀ ਹੈ।
ਸੰਪਰਕ: 98158-08506