ਇਮਰਾਨ ਖ਼ਾਨ ਦੀ ਨਾਅਹਿਲੀਅਤ ਅਤੇ ਪਾਕਿਸਤਾਨ

ਇਮਰਾਨ ਖ਼ਾਨ ਦੀ ਨਾਅਹਿਲੀਅਤ ਅਤੇ ਪਾਕਿਸਤਾਨ

ਜੀ ਪਾਰਥਾਸਾਰਥੀ

ਜੀ ਪਾਰਥਾਸਾਰਥੀ

ਪਾਕਿਸਤਾਨ ਤੇ ਹਕੂਮਤ ਕਰਨਾ ਕਦੇ ਵੀ ਸੌਖਾ ਕੰਮ ਨਹੀਂ ਰਿਹਾ, ਨਵਾਜ਼ ਸ਼ਰੀਫ਼ ਤੇ ਬੇਨਜ਼ੀਰ ਭੁੱਟੋ ਵਰਗੇ ਘਾਗ ਤੇ ਤਜਰਬੇਕਾਰ ਸਿਆਸਤਦਾਨਾਂ ਲਈ ਵੀ ਨਹੀਂ ਪਰ ਇਮਰਾਨ ਖ਼ਾਨ ਦੀ ਤਜਰਬੇ ਅਤੇ ਹਕੂਮਤ ਦੀਆਂ ਉਲਝਣਾਂ ਨੂੰ ਸਮਝਣ ਪੱਖੋਂ ਘਾਟ (ਜਿਸ ਨੂੰ ਬਹੁਤੇ ਪਾਕਿਸਤਾਨੀ ਉਸ ਦੀ ਆਕੜ ਵੀ ਮੰਨਦੇ ਹਨ) ਨੇ ਉਸ ਨੂੰ ਇਸ ਪੱਖੋਂ ਵੱਧ ਖ਼ਤਰੇ ਵਿਚ ਪਾਇਆ ਹੋਇਆ ਹੈ। ਪਾਕਿਸਤਾਨ ਹੁਣ ਤੱਕ ਇਸਲਾਮੀ ਸੰਸਾਰ ਵਿਚ ਬੜਾ ਬਚ ਕੇ ਚੱਲਦਾ ਤੇ ਚਤੁਰਾਈ ਨਾਲ ਆਪਣੇ ਕੰਮ ਕੱਢਦਾ ਰਿਹਾ ਹੈ। ਇਹ ਕਦੇ ਵੀ ਇਸਲਾਮੀ ਮੁਲਕਾਂ ਦੀਆਂ ਆਪਸੀ ਇਤਿਹਾਸਕ, ਫ਼ਿਰਕੂ ਤੇ ਤਹਿਜ਼ੀਬੀ ਦੁਸ਼ਮਣੀਆਂ ਵਿਚ ਨਹੀਂ ਉਲ਼ਝਿਆ ਪਰ ਇਸ ਦੇ ਉਲਟ ਇਮਰਾਨ ਖ਼ਾਨ ਦੇ ਇਸ ਖ਼ਿਆਲ ਕਿ ਪਾਕਿਸਤਾਨ ਦੇ ਆਲਮੀ ਪੱਧਰ ਤੇ ਇਸਲਾਮੀ ਮੁਲਕਾਂ ਦੇ ਬਣ ਰਹੇ ਨਵੇਂ ਗਰੁੱਪ ਦਾ ਬਾਨੀ ਮੈਂਬਰ ਬਣਨ ਨਾਲ ਉਸ ਦਾ ਰੁਤਬਾ ਹੋਰ ਉੱਚਾ ਹੋ ਜਾਵੇਗਾ, ਨਾਲ ਸਾਰੀ ਕੀਤੀ ਕਰਾਈ ਤੇ ਪਾਣੀ ਫਿਰ ਗਿਆ। ਇਹ ਨਵਾਂ ਗਰੁੱਪ ਬਣਾਉਣ ਦੀ ਤਜਵੀਜ਼ ਮਲੇਸ਼ੀਆ ਦੇ 90 ਸਾਲਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਤੇ ਉਸ ਦੇ ਬਹੁਤ ਹੀ ਲਾਲਸੀ ਤੁਰਕ ਹਮਰੁਤਬਾ ਰੇਸੇਪ ਅਰਦੋਗਨ ਨੇ ਪੇਸ਼ ਕੀਤੀ ਸੀ। ਦੂਜੇ ਪਾਸੇ ਸਾਊਦੀ ਅਰਬ ਦੀ ਅਗਵਾਈ ਵਾਲੇ ਇਸਲਾਮੀ ਸੰਸਾਰ ਨੇ ਇਸ ਦਾ ਸਖ਼ਤ ਨੋਟਿਸ ਲਿਆ। ਸਾਊਦੀ ਇਤਰਾਜ਼ਾਂ ਤੋਂ ਘਬਰਾਏ ਇਮਰਾਨ ਖ਼ਾਨ ਕਾਹਲ਼ੀ ਵਿਚ ਇਸ ਪਹਿਲਕਦਮੀ ਤੋਂ ਲਾਂਭੇ ਹਟ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਅਤੇ ਯੂਏਈ ਨਾਲ ਆਪਣੇ ਰਿਸ਼ਤੇ ਖ਼ਾਸਕਰ ਊਰਜਾ ਦੇ ਖੇਤਰ ਵਿਚ ਕਾਫ਼ੀ ਮਜ਼ਬੂਤ ਕਰ ਲਏ।

ਇਸ ਦੌਰਾਨ ਲੀਹ ਤੋਂ ਹਟਵਾਂ ਕਦਮ ਚੁੱਕਦਿਆਂ ਯੂਏਈ ਨੇ ਬੀਤੇ ਸਾਲ ਆਬੂ ਧਾਬੀ ਵਿਚ ਹੋਈ 43 ਮੈਂਬਰੀ ਆਰਗੇਨਾਈਜ਼ੇਸ਼ਨ ਆਫ਼ ਇਸਲਾਮੀ ਕਾਨਫਰੰਸ (ਓਆਈਸੀ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਭਾਰਤ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ। ਇਮਰਾਨ ਖ਼ਾਨ ਨੇ ਯੂਏਈ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਅਤੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਪਰ ਛੇਤੀ ਹੀ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਮੁਲਕ ਨੂੰ ਤਾਂ ਵਿਦੇਸ਼ਾਂ ਤੋਂ ਭਾਰੀ ਮਾਲੀ ਇਮਦਾਦਾਂ ਦੀ ਲੋੜ ਸੀ। ਪਾਕਿਸਤਾਨ ਸਿਰ ਅਰਬ ਦੇ ਦਾਨੀਆਂ ਦਾ ਭਾਰੀ ਕਰਜ਼ਾ ਖੜ੍ਹਾ ਸੀ ਅਤੇ ਸਾਊਦੀ ਅਰਬ ਤੇ ਯੂਏਈ ਤੋਂ ਨਵੇਂ ਕਰਜ਼ ਲੈਣ ਲਈ ਉਸ ਨੂੰ ਪੁਰਾਣੇ ਕਰਜ਼ਿਆਂ ਦੀਆਂ ਅਦਾਇਗੀਆਂ ਕਰਨੀਆਂ ਪੈਣੀਆਂ ਸਨ। ਇਸ ਤਰ੍ਹਾਂ ਇਸਲਾਮੀ ਸੰਸਾਰ ਵਿਚ ਨਿਜੀ ਤੌਰ ਤੇ ਮੋਹਰੀ ਕਿਰਦਾਰ ਅਦਾ ਕਰਨ ਦੀਆਂ ਇਮਰਾਨ ਦੀਆਂ ਖ਼ਾਹਿਸ਼ਾਂ ਤੇ ਪਾਣੀ ਫਿਰ ਗਿਆ। ਓਆਈਸੀ ਮੀਟਿੰਗਾਂ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਹੁਣ ਮਹਿਜ਼ ਜੰਮੂ ਕਸ਼ਮੀਰ ਦੇ ਮੁੱਦੇ ਉਤੇ ਚੀਕ-ਚਿਹਾੜਾ ਪਾਉਣ ਤੱਕ ਮਹਿਦੂਦ ਹੋ ਕੇ ਰਹਿ ਗਈ ਹੈ।

ਇਮਰਾਨ ਖ਼ਾਨ ਦੀਆਂ ਤੁਰਕ ਪ੍ਰਧਾਨ ਮੰਤਰੀ ਅਰਦੋਗਨ ਨਾਲ ਨਜ਼ਦੀਕੀਆਂ ਕਾਰਨ ਪਾਕਿਸਤਾਨ ਨੂੰ ਰਸੂਖ਼ਵਾਨ ਅਰਬ ਮੁਲਕਾਂ ਤੋਂ ਦਰਪੇਸ਼ ਆਈਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਇਮਰਾਨ ਨੇ ਅਰਦੋਗਨ ਦੇ ਨਕਸ਼ੇ-ਕਦਮ ਤੇ ਚੱਲਦਿਆਂ ਫਰਾਂਸ ਦੇ ਸਦਰ ਇਮੈਨੂਅਨ ਮੈਕਰੌਂ ਦੀ ਨਿਖੇਧੀ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਮੈਕਰੌਂ ਨੇ ਉਦੋਂ ਸਖ਼ਤ ਪ੍ਰਤੀਕਿਰਿਆ ਦਿੱਤੀ ਜਦੋਂ ਹਾਲ ਹੀ ਵਿਚ ਫਰਾਂਸ ਵਿਚ ਆਏ ਇਕ ਮੁਸਲਿਮ ਪਰਵਾਸੀ ਨੇ ਫਰਾਂਸੀਸੀ ਅਧਿਆਪਕ ਦਾ ਕਤਲ ਕਰ ਦਿੱਤਾ। ਅਰਦੋਗਨ ਨੇ ਇਸ ਸਬੰਧੀ ਟਿੱਪਣੀ ਕੀਤੀ: “ਮੈਕਰੌਂ ਨੂੰ ਮੁਸਲਮਾਨਾਂ ਅਤੇ ਇਸਲਾਮ ਤੋਂ ਕੀ ਪ੍ਰੇਸ਼ਾਨੀ ਹੈ? ਮੈਕਰੌਂ ਨੂੰ ਆਪਣੇ ਦਿਮਾਗ਼ ਦਾ ਇਲਾਜ ਕਰਾਉਣਾ ਚਾਹੀਦਾ ਹੈ।” ਦੂਜੇ ਪਾਸੇ ਇਮਰਾਨ ਦਾ ਕਹਿਣਾ ਸੀ: “ਸਦਰ ਮੈਕਰੌਂ ਨੇ ਜਾਣ-ਬੁੱਝ ਕੇ ਮੁਸਲਮਾਨਾਂ ਨੂੰ ਉਕਸਾਇਆ ਹੈ ਜਿਨ੍ਹਾਂ ਵਿਚ ਉਸ ਦੇ ਆਪਣੇ ਨਾਗਰਿਕ ਵੀ ਸ਼ਾਮਲ ਹਨ ਅਤੇ ਉਸ ਨੇ ਇਸਲਾਮ ਤੇ ਹਜ਼ਰਤ ਮੁਹੰਮਦ ਦੀ ਬੇਅਦਬੀ ਕਰਨ ਵਾਲੇ ਕਾਰਟੂਨਾਂ ਨੂੰ ਉਤਸ਼ਾਹਿਤ ਕੀਤਾ।” ਅੱਜ ਪੂਰੇ ਯੂਰੋਪ ਭਰ ਵਿਚ ਇਸਲਾਮੀ ਮੁਲਕਾਂ ਤੋਂ ਆਏ ਹੋਏ ਅਜਿਹੇ ਪਨਾਹਗੀਰਾਂ ਖ਼ਿਲਾਫ਼ ਰੋਹ ਤੇ ਗੁੱਸਾ ਵਧ ਰਿਹਾ ਹੈ ਜਿਹੜੇ ਯੂਰੋਪੀਅਨ ਨੇਮਾਂ ਤੇ ਕਦਰਾਂ-ਕੀਮਤਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ।

ਆਪਣੇ ਆਪ ਨੂੰ ਦੁਨੀਆ ਭਰ ਦੇ ਮੁਸਲਮਾਨਾਂ ਦਾ ਵੱਡਾ ਆਗੂ ਸਮਝਣ ਵਾਲੇ ਇਮਰਾਨ ਖ਼ਾਨ ਦੇ ਇਹ ਦਾਅਵੇ, ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਵਾਪਰ ਰਹੇ ਘਟਨਾ-ਚੱਕਰ ਪ੍ਰਤੀ ਉਸ ਵੱਲੋਂ ਅਪਣਾਏ ਗਏ ਰਵੱਈਏ ਕਾਰਨ ਫੋਕੇ ਸਾਬਤ ਹੁੰਦੇ ਹਨ। ਚੀਨ ਵੱਲੋਂ ਇਸ ਸੂਬੇ ਵਿਚਲੇ ਉਈਗਰ ਮੁਸਲਮਾਨਾਂ ਨੂੰ ਬੰਦੀ ਬਣਾ ਕੇ ਰੱਖੇ ਜਾਣ ਤੇ ਉਨ੍ਹਾਂ ਦਾ ਦਮਨ ਕੀਤੇ ਜਾਣ ਖ਼ਿਲਾਫ਼ 39 ਮੁਲਕਾਂ ਨੇ ਸੰਯੁਕਤ ਰਾਸ਼ਟਰ ਜਨਰਲ ਅਸੰਬਲੀ ਦੀ ਮਨੁੱਖੀ ਹੱਕਾਂ ਸਬੰਧੀ ਕਮੇਟੀ ਵਿਚ ਸਾਂਝਾ ਬਿਆਨ ਜਾਰੀ ਕੀਤਾ ਜਿਸ ਵਿਚ ਚੀਨ ਨੂੰ ਅਜਿਹਾ ਨਾ ਕਰਨ ਅਤੇ ਨਾਲ ਹੀ ਹਾਂਗਕਾਂਗ ਦੇ ਲੋਕਾਂ ਦੀ ਆਜ਼ਾਦੀ ਦਾ ਸਤਿਕਾਰ ਕਰਨ ਲਈ ਆਖਿਆ ਗਿਆ। ਕੀ ਇਸ ਹਾਲਤ ਵਿਚ ਪਾਕਿਸਤਾਨ ਨੂੰ ਆਲਮੀ ਪੱਧਰ ਤੇ ਮੁਸਲਮਾਨਾਂ ਦਾ ਖ਼ੈਰਖਵਾਹ ਮੰਨਿਆ ਜਾ ਸਕਦਾ ਹੈ, ਜੇ ਉਹ ਕਰੀਬ ਦਸ ਲੱਖ ਚੀਨੀ ਉਈਗਰ ਮੁਸਲਮਾਨਾਂ ਦੀ ਮਾੜੀ ਹਾਲਤ ਤੋਂ ਨਜ਼ਰਾਂ ਫੇਰ ਲੈਂਦਾ ਹੈ ਜਿਨ੍ਹਾਂ ਨੂੰ ਹੋਰ ਕਾਰਨਾਂ ਤੋਂ ਇਲਾਵਾ ਮੁੱਖ ਤੌਰ ਤੇ ਉਨ੍ਹਾਂ ਦੇ ਅਕੀਦੇ ਕਾਰਨ ਚੀਨੀ ਹਕੂਮਤ ਵੱਲੋਂ ਧੱਕੜਸ਼ਾਹੀ ਭਰੇ ਢੰਗ ਨਾਲ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ। ਇਹ ਢੁਕਵਾਂ ਸਮਾਂ ਹੈ ਜਦੋਂ ਭਾਰਤ ਨੂੰ ਵਧੇਰੇ ਸਰਗਰਮੀ ਨਾਲ ਪਾਕਿਸਤਾਨ ਦੇ ਇਸ ਦੋਗਲੇਪਣ ਦਾ ਪਰਦਾਫ਼ਾਸ਼ ਕਰਨਾ ਚਾਹੀਦਾ ਹੈ ਤਾਂ ਕਿ ਉਸ ਦੇ ਮਾੜੇ ਮਨਸੂਬਿਆਂ ਨੂੰ ਮਾਤ ਦਿੱਤੀ ਜਾ ਸਕੇ।

ਇਮਰਾਨ ਖ਼ਾਨ ਦੀ ਵਿਦੇਸ਼ ਨੀਤੀ ਕਾਰਨ ਇਕ ਪਾਸੇ ਜਿਥੇ ਦੁਨੀਆ ਭਰ ਵਿਚੋਂ ਉਸ ਨੂੰ ਰੋਹ ਭਰੇ ਢੰਗ ਨਾਲ ਦੇਖਿਆ ਜਾ ਰਿਹਾ ਹੈ, ਉਥੇ ਉਸ ਨੂੰ ਪਾਕਿਸਤਾਨ ਦੇ ਅੰਦਰੋਂ ਵੀ ਆਪਣੇ ਘੁਮੰਡੀ ਵਤੀਰੇ ਅਤੇ ਮਾੜੀਆਂ ਘਰੇਲੂ ਨੀਤੀਆਂ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਸੱਤਾ ਕਿਉਂਕਿ ਫ਼ੌਜ ਦੀ ਮਿਹਰ ਨਾਲ ਮਿਲੀ ਹੈ, ਇਸ ਕਾਰਨ ਇਮਰਾਨ ਖ਼ਾਨ ਪਾਕਿਸਤਾਨੀ ਫ਼ੌਜ ਦੇ ਮੁਖੀ ਨਾਲ ਆਪਣੇ ਵੱਡੇ ਅਧਿਕਾਰੀ ਵਰਗਾ ਵਿਹਾਰ ਕਰਦਾ ਹੈ। ਇਸ ਦੌਰਾਨ ਜਦੋਂ ਫ਼ੌਜ ਦੇ ਮੁਖੀ ਜਨਰਲ ਬਾਜਵਾ ਵੱਲੋਂ ਪ੍ਰਧਾਨ ਮੰਤਰੀ ਨੂੰ ਨਜ਼ਰਅੰਦਾਜ਼ ਕਰ ਕੇ ਸਿੱਧਿਆਂ ਵਿਰੋਧੀ ਆਗੂਆਂ ਨਾਲ ਵਰਤ-ਵਿਹਾਰ ਕੀਤਾ ਜਾਂਦਾ ਹੈ ਤਾਂ ਇਮਰਾਨ ਚੁੱਪ ਧਾਰ ਲੈਂਦਾ ਹੈ। ਇਮਰਾਨ ਖ਼ਾਨ ਦੀ ਬੁਰੀ ਤਰ੍ਹਾਂ ਡਿੱਗ ਰਹੀ ਹਰਮਨਪਿਆਰਤਾ ਉਦੋਂ ਹੋਰ ਵੀ ਜ਼ਾਹਰ ਹੋ ਗਈ, ਜਦੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਲੰਡਨ ਵਿਚ ਬੈਠਿਆਂ ਹੀ ਪਾਕਿਸਤਾਨ ਦੀ ਵਿਰੋਧੀ ਧਿਰ ਨੂੰ ਪਾਕਿਸਤਾਨ ਭਰ ਵਿਚ ਮੁਜ਼ਾਹਰੇ ਕਰ ਕੇ ਇਮਰਾਨ ਖ਼ਾਨ ਨੂੰ ਅਹੁਦਿਓਂ ਲਾਹੇ ਜਾਣ ਦੀ ਮੰਗ ਕਰਨ ਲਈ ਲਾਮਬੰਦ ਕਰ ਲਿਆ। ਸ਼ਰੀਫ਼ ਅਤੇ ਹੋਰ ਵਿਰੋਧੀ ਪਾਕਿਸਤਾਨੀ ਆਗੂਆਂ ਵੱਲੋਂ ਇਮਰਾਨ ਖ਼ਾਨ ਨੂੰ ਦੇਸ਼ ਦਾ ਚੋਣਾਂ ਰਾਹੀਂ ‘ਚੁਣਿਆ ਹੋਇਆ’ ਨਹੀਂ ਸਗੋਂ ਫ਼ੌਜ ਵੱਲੋਂ ਮਿੱਥ ਕੇ ‘ਬਣਾਇਆ ਹੋਇਆ’ ਪ੍ਰਧਾਨ ਮੰਤਰੀ ਕਰਾਰ ਦਿੱਤਾ ਜਾਂਦਾ ਹੈ। ਇਮਰਾਨ ਖ਼ਾਨ ਖ਼ਿਲਾਫ਼ ਇਨ੍ਹਾਂ ਦੇਸ਼ ਵਿਆਪੀ ਰੋਸ ਮੁਜ਼ਾਹਰਿਆਂ ਵਿਚ ਸ਼ਰੀਫ਼ ਦੀ ਪਾਕਿਸਾਤਾਨ ਮੁਸਲਿਮ ਲੀਗ (ਐੱਨ) ਸਣੇ 11 ਵਿਰੋਧੀ ਪਾਰਟੀਆਂ ਨੇ ਜਮਾਤ ਉਲੇਮਾ-ਏ-ਪਾਕਿਸਤਾਨ ਪਾਰਟੀ ਦੇ ਬਜ਼ੁਰਗ ਪਖ਼ਤੂਨ ਆਗੂ ਮੌਲਾਨਾ ਫ਼ਜ਼ਲੁਰ ਰਹਿਮਾਨ ਦੀ ਅਗਵਾਈ ਹੇਠ ਸ਼ਿਰਕਤ ਕੀਤੀ। ਵਿਰੋਧੀ ਪਾਰਟੀਆਂ ਵੱਲੋਂ ਕੀਤੇ ਗਏ ਇਸ ਰੋਸ ਮੁਜ਼ਾਹਰੇ ਦੌਰਾਨ ਸ਼ਰੀਫ਼ ਦੇ ਮਜ਼ਬੂਤ ਗੜ੍ਹ ਗੁਜਰਾਂਵਾਲਾ ਵਿਚ ਹੋਈ ਇਕੱਤਰਤਾ ਵਿਚ ਹਜ਼ਾਰਾਂ ਵਿਰੋਧੀ ਕਾਰਕੁਨਾਂ ਨੇ ਹਿਸਾ ਲਿਆ। ਗੁਜਰਾਂਵਾਲਾ ਪਾਕਿਸਤਾਨੀ ਫ਼ੌਜ ਦਾ ਵੀ ਅਹਿਮ ਕੇਂਦਰ ਹੈ। ਗੁਜਰਾਂਵਾਲਾ ਰੈਲੀ ਦੌਰਾਨ ਮੁਲਕ ਦੇ ਸੀਨੀਅਰ ਵਿਰੋਧੀ ਆਗੂਆਂ ਨੇ ਇਮਰਾਨ ਖ਼ਾਨ ਤੇ ਜ਼ੋਰਦਾਰ ਹੱਲੇ ਬੋਲੇ।

ਗੁਜਰਾਂਵਾਲਾ ਰੈਲੀ ਤੋਂ ਪਹਿਲਾਂ ਇਨ੍ਹਾਂ ਗਿਆਰਾਂ ਵਿਰੋਧੀ ਪਾਰਟੀਆਂ ਦੀ ਅਹਿਮ ਮੀਟਿੰਗ ਵੀ ਹੋਈ ਜਿਸ ਵਿਚ ਪਾਕਿਸਤਾਨ ਡੈਮੋਕ੍ਰੈਟਿਕ ਫਰੰਟ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਤੇ ਇਸ ਫਰੰਟ ਵੱਲੋਂ ਇਮਰਾਨ ਨੂੰ ਅਹੁਦੇ ਤੋਂ ਚਲਦਾ ਕਰਨ ਲਈ ਮੁਹਿੰਮ ਵਿੱਢੀ ਗਈ ਹੈ। ਰੈਲੀ ਵਿਚ ਨਵਾਜ਼ ਸ਼ਰੀਫ਼ ਦਾ ਰਿਕਾਰਡ ਕੀਤਾ ਜ਼ੋਰਦਾਰ ਭਾਸ਼ਣ ਖ਼ਾਸ ਰਿਹਾ ਜਿਸ ਵਿਚ ਇਮਰਾਨ ਖ਼ਾਨ ਅਤੇ ਫ਼ੌਜੀ ਲੀਡਰਸ਼ਿਪ ਤੇ ਤਿੱਖੇ ਹਮਲੇ ਕੀਤੇ ਗਏ ਸਨ। ਇਸ ਸਾਰੇ ਘਟਨਾ-ਚੱਕਰ ਦੌਰਾਨ ਭਾਰਤ ਉਦੋਂ ਕੇਂਦਰ ਵਿਚ ਆ ਗਿਆ, ਜਦੋਂ ਭਾਰਤੀ ਮੀਡੀਆ ਨੇ ਪਾਕਿਸਤਾਨ ਦੇ ਇਕ ਮੰਤਰੀ ਵੱਲੋਂ ਮੁਲਕ ਦੀ ਸੰਸਦ ਕੌਮੀ ਅਸੈਂਬਲੀ ਵਿਚ ਦਿੱਤੇ ਉਨ੍ਹਾਂ ਬਿਆਨਾਂ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ, ਜਿਨ੍ਹਾਂ ਵਿਚ ਇਕ ਤਰ੍ਹਾਂ ਪੁਲਵਾਮਾ ਹਮਲੇ ਵਿਚ ਜੈਸ਼-ਏ-ਮੁਹੰਮਦ ਦੀ ਭੂਮਿਕਾ ਨੂੰ ਤਸਲੀਮ ਕੀਤਾ ਗਿਆ ਸੀ। ਇਸ ਦੌਰਾਨ ਪਾਕਿਸਤਾਨ ਵਿਚ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦੀ ਪੈਦਾ ਹੋ ਗਈ ਕਿ ਇਸ ਹਾਲਾਤ ਦੌਰਾਨ ਜੇ ਪਾਕਿਸਤਾਨ ਵੱਲੋਂ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਦਹਿਸ਼ਤੀ ਗਰੁੱਪਾਂ ਦੀ ਮਦਦ ਕੀਤੇ ਜਾਣ ਦੀ ਗੱਲ ਸਾਬਤ ਹੋ ਜਾਂਦੀ ਹੈ ਤਾਂ ਕੌਮਾਂਤਰੀ ਵਿੱਤੀ ਐਕਸ਼ਨ ਟਾਸਕ ਫੋਰਸ ਵੱਲੋਂ ਕੀ ਰੁਖ਼ ਅਖ਼ਤਿਆਰ ਕੀਤਾ ਜਾਵੇਗਾ ਪਰ ਪਾਕਿਸਤਾਨ ਫ਼ੌਜ ਨੂੰ ਇਸ ਤੋਂ ਵੀ ਜ਼ਿਆਦਾ ਪ੍ਰੇਸ਼ਾਨੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਦੀਆਂ ਜ਼ੋਰਦਾਰ ਤਕਰੀਰਾਂ ਤੋਂ ਹੋਈ।

ਇਸ ਤੋਂ ਮਾੜਾ ਤਾਂ ਹਾਲੇ ਹੋਣ ਵਾਲਾ ਸੀ। ਵਿਰੋਧੀ ਧਿਰ ਦੇ ਮੁਜ਼ਾਹਰਿਆਂ ਦੌਰਾਨ ਹੋਏ ਆਪਣੇ ਸਖ਼ਤ ਵਿਰੋਧ ਤੋਂ ਦੁਖੀ ਫ਼ੌਜ ਨੇ ਆਰਮੀ ਰੇਂਜਰਜ਼ (ਜਿਨ੍ਹਾਂ ਵਿਚ ਮੁੱਖ ਤੌਰ ਤੇ ਪੰਜਾਬੀਆਂ ਨੂੰ ਭਰਤੀ ਕੀਤਾ ਗਿਆ ਹੈ) ਨੂੰ ਹੁਕਮ ਦਿੱਤਾ ਕਿ ਉਹ ਸਿੰਧ ਪੁਲੀਸ ਦੇ ਆਈਜੀ ਨੂੰ ਇਸ ਗੱਲ ਲਈ ਮਜਬੂਰ ਕਰਨ ਕਿ ਉਹ ਮਰੀਅਮ ਦੇ ਸ਼ੌਹਰ ਮੁਹੰਮਦ ਸਫ਼ਦਰ ਅਵਾਨ ਨੂੰ ਗ੍ਰਿਫ਼ਤਾਰ ਕਰੇ। ਖਿਲਾਰਾ ਉਦੋਂ ਪੈ ਗਿਆ ਜਦੋਂ ਇਨ੍ਹਾਂ ਗ਼ੈਰਕਾਨੂੰਨੀ ਹੁਕਮਾਂ ਨੂੰ ਮੰਨਣ ਤੋਂ ਆਈਜੀ ਵੱਲੋਂ ਇਨਕਾਰੀ ਹੋਣ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਉਤੇ ਮਰੀਅਮ ਦੇ ਪਤੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰਨ ਦਬਾਅ ਪਾਇਆ ਗਿਆ। ਇੰਜ ਸਿੰਧ ਪੁਲੀਸ ਦੇ ਸਾਰੇ ਸੀਨੀਅਰ ਅਫ਼ਸਰ ਆਪਣੇ ਮੁਖੀ ਦੀ ਨਾਜਾਇਜ਼ ਗ੍ਰਿਫ਼ਤਾਰੀ ਦੇ ਖ਼ਿਲਾਫ਼ ਇਕ ਤਰ੍ਹਾਂ ਹੜਤਾਲ ਤੇ ਚਲੇ ਗਏ। ਇਸ ਤੋਂ ਬਾਅਦ ਪੰਜਾਬ ਵਿਚ ਸਿੰਧੀਆਂ ਦਾ ਰੋਹ ਉਸੇ ਤਰ੍ਹਾਂ ਭੜਕ ਪੈਣ ਦਾ ਡਰ ਪੈਦਾ ਹੋ ਗਿਆ, ਜਿਹੋ ਜਿਹਾ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਨੂੰ ਮੌਕੇ ਦੇ ਫ਼ੌਜੀ ਮੁਖੀ ਜਲਰਲ ਜ਼ਿਆ ਉਲ ਹੱਕ ਵੱਲੋਂ ਫਾਂਸੀ ਦਿੱਤੇ ਜਾਣ ਪਿੱਛੋਂ ਫੁੱਟਿਆ ਸੀ। ਇਸ ਤੋਂ ਬਾਅਦ ਫ਼ੌਜ ਨੂੰ ਆਪਣੇ ਪੈਰ ਪਿਛਾਂਹ ਖਿੱਚਣੇ ਪਏ ਅਤੇ ਇਕ ਅਦਾਲਤੀ ਹੁਕਮ ਦੇ ਆਧਾਰ ਤੇ ਮਰੀਅਮ ਦੇ ਸ਼ੌਹਰ ਨੂੰ ਰਿਹਾਅ ਕਰ ਦਿੱਤਾ ਗਿਆ। ਹੁਣ ਜਦੋਂ ਇਮਰਾਨ ਖ਼ਾਨ ਦੀ ਨਾਅਹਿਲੀਅਤ ਕਿਸੇ ਤੋਂ ਛੁਪੀ ਨਹੀਂ ਹੈ ਤਾਂ ਇਸ ਦੌਰਾਨ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਤੇ ਉਸ ਦੇ ਆਈਐੱਸਆਈ ਮੁਖੀ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਦੀਆਂ ਮਾੜੀਆਂ ਕਾਰਵਾਈਆਂ ਪ੍ਰਤੀ ਫ਼ੌਜ ਦੇ ਛੋਟੇ ਤੇ ਵੱਡੇ ਰੈਂਕ ਦੇ ਜਵਾਨ ਤੇ ਅਫ਼ਸਰ ਕੀ ਪ੍ਰਤੀਕਿਰਿਆ ਕਰਦੇ ਹਨ।

*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All