ਇਮਰਾਨ ਖ਼ਾਨ ਦੀ ਕ੍ਰਿਕਟ ਤੇ ਸਿਆਸਤ ਦੀ ਖੇਡ

ਇਮਰਾਨ ਖ਼ਾਨ ਦੀ ਕ੍ਰਿਕਟ ਤੇ ਸਿਆਸਤ ਦੀ ਖੇਡ

ਜੀ. ਪਾਰਥਾਸਾਰਥੀ

ਜੀ. ਪਾਰਥਾਸਾਰਥੀ

ਦੋਂ ਵੀ ਮੈਂ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਦੀ ਸਿਆਸਤ ਦਾ ਮੁਲੰਕਣ ਕਰਦਾ ਹਾਂ ਤਾਂ ਮੈਨੂੰ ਅਤੀਤ ਵਿਚ ਕ੍ਰਿਕਟਰ ਇਮਰਾਨ ਖ਼ਾਨ ਨਾਲ ਹੋਈ ਮੀਟਿੰਗ ਦਾ ਚੇਤਾ ਆ ਜਾਂਦਾ ਹੈ, ਜਦੋਂ ਮੈਂ 1982 ਵਿਚ ਕਰਾਚੀ ਵਿਚ ਭਾਰਤ ਦਾ ਕੌਂਸਲ ਜਨਰਲ ਸਾਂ। ਮੈਂ ਸੁਨੀਲ ਗਾਵਸਕਰ ਦੀ ਅਗਵਾਈ ਹੇਠ ਪਾਕਿਸਤਾਨ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਨੂੰ ਦਾਅਵਤ ਤੇ ਸੱਦਿਆ ਸੀ ਜਿਸ ਵਿਚ ਪਾਕਿਸਤਾਨੀ ਕ੍ਰਿਕਟ ਟੀਮ ਦੇ ਮੈਂਬਰ ਵੀ ਸ਼ਰੀਕ ਹੋਏ। ਕੌਂਸਲ ਜਨਰਲ ਦੀ ਰਿਹਾਇਸ਼ ਬੇਨਜ਼ੀਰ ਭੁੱਟੋ ਦੀ ਪਰਿਵਾਰਕ ਰਿਹਾਇਸ਼ ਦੇ ਐਨ ਸਾਹਮਣੇ ਸੀ ਅਤੇ ਬੀਬੀ ਬੇਨਜ਼ੀਰ ਉਦੋਂ ਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹ ਜਨਰਲ ਜ਼ਿਆ ਉਲ-ਹੱਕ ਦੇ ਹੁਕਮਾਂ ਤਹਿਤ ਨਜ਼ਰਬੰਦ ਸੀ (ਇਸ ਦੇ ਨਾਲ ਲੱਗਦੀ ਡਿਫੈਂਸ ਹਾਊਸਿੰਗ ਸੁਸਾਇਟੀ ਵਿਚ ਇਨ੍ਹੀਂ ਦਿਨੀਂ ਦਾਊਦ ਇਬਰਾਹੀਮ ਸ਼ਾਹੀ ਠਾਠ ਨਾਲ ਰਹਿ ਰਿਹਾ ਹੈ)। ਇਸ ਲੜੀ ਦੌਰਾਨ ਇਮਰਾਨ ਖ਼ਾਨ ਦੀ ਗੇਂਦਬਾਜ਼ੀ ਨੇ ਭਾਰਤੀ ਬੱਲੇਬਾਜ਼ੀ ਉੱਤੇ ਭਾਰੀ ਕਹਿਰ ਢਾਹਿਆ ਸੀ। ਸੁਨੀਲ ਗਾਵਸਕਰ ਅਤੇ ਮਹਿੰਦਰ ਅਮਰਨਾਥ ਸਣੇ ਕੁਝ ਕੁ ਬੱਲੇਬਾਜ਼ ਹੀ ਇਮਰਾਨ ਖ਼ਾਨ ਦੀਆਂ ਤਬਾਹਕੁਨ ਰਿਵਰਸ ਸਵਿੰਗ ਗੇਂਦਾਂ ਨੂੰ ਲਗਾਤਾਰ ਤੇ ਦਲੇਰੀ ਨਾਲ ਸਮਝ ਅਤੇ ਖੇਡ ਸਕੇ ਸਨ।

ਕਰਾਚੀ ਉਦੋਂ (ਤੇ ਹੁਣ ਵੀ) ਮਹਾਂਨਗਰ ਸੀ ਜਿਥੇ ਪਾਕਿਸਤਾਨੀ ਦੋਸਤਾਂ ਨਾਲ ਸ਼ਰਾਬ ਦੇ ਜਾਮ ਖੜਕਾਉਂਦਿਆਂ ਗੱਲਬਾਤ ਕੀਤੀ ਜਾ ਸਕਦੀ ਸੀ। ਮੈਂ ਇਕ ਦੋਸਤਾਨਾ ਰਿਸ਼ਤੇ ਵਾਲੇ ਪਾਕਿਸਤਾਨੀ ਕ੍ਰਿਕਟ ਕੁਮੈਂਟੇਟਰ ਨੂੰ ਪੁੱਛਿਆ ਕਿ ਇਮਰਾਨ ਨੂੰ ਭਾਰਤ ਖ਼ਿਲਾਫ਼ ਅਜਿਹੀ ਜ਼ਹਿਰੀ ਬੱਲੇਬਾਜ਼ੀ ਲਈ ਕਿਸ ਗੱਲ ਨੇ ਪ੍ਰੇਰਿਆ ਹੋਵੇਗਾ, ਕਿਉਂਕਿ ਉਸ ਨੂੰ ਕਿਸੇ ਹੋਰ ਮੁਲਕ ਖ਼ਿਲਾਫ਼ ਅਜਿਹੇ ਜੋਸ਼ ਨਾਲ ਗੇਂਦਬਾਜ਼ੀ ਕਰਦਿਆਂ ਨਹੀਂ ਸੀ ਦੇਖਿਆ ਗਿਆ। ਮੈਨੂੰ ਦੱਸਿਆ ਗਿਆ ਕਿ ਜਦੋਂ ਇਮਰਾਨ ਖ਼ਾਨ ਨੂੰ ਇਹ ਸਵਾਲ ਕੀਤਾ ਗਿਆ ਕਿ ਉਹ ਭਾਰਤ ਖ਼ਿਲਾਫ਼ ਅਜਿਹੀ ਜ਼ਾਰਿਹਾਨਾ ਗੇਂਦਬਾਜ਼ੀ ਕਿਉਂ ਤੇ ਕਿਵੇਂ ਕਰ ਲੈਂਦਾ ਹੈ, ਤਾਂ ਉਸ ਦਾ ਜਵਾਬ ਸੀ: “ਜਦੋਂ ਵੀ ਮੈਂ ਭਾਰਤ ਖ਼ਿਲਾਫ਼ ਖੇਡਦਾ ਹਾਂ ਤਾਂ ਮੈਂ ਇਸ ਨੂੰ ਮਹਿਜ਼ ਖੇਡ ਵਜੋਂ ਨਹੀਂ ਲੈਂਦਾ। ਮੈਂ ਕਸ਼ਮੀਰ ਬਾਰੇ ਸੋਚਦਾ ਹਾਂ ਤੇ ਇਸ ਨੂੰ ਜਹਾਦ ਸਮਝਦਾ ਹਾਂ।” 1982 ਦੀ ਇਸ ਲੜੀ ਦੌਰਾਨ ਖੇਡ ਵਿਚ ਇਮਰਾਨ ਦੀ ਮਾਰੂ ‘ਰਿਵਰਸ ਸਵਿੰਗ’ ਨੇ ਮੁੱਖ ਤੌਰ ਤੇ ਦੁਪਹਿਰ ਦੇ ਖਾਣੇ ਤੇ ਚਾਹ ਦੇ ਵਕਫ਼ਿਆਂ ਤੋਂ ਬਾਅਦ ਕਹਿਰ ਢਾਹੁਣਾ ਸ਼ੁਰੂ ਕੀਤਾ ਕਿਉਂਕਿ ਵਕਫ਼ੇ ਸਮੇਂ ਗੇਂਦ ਪਾਕਿਸਤਾਨੀ ਅੰਪਾਇਰਾਂ ਕੋਲ ਹੁੰਦੀ ਸੀ! ਗੇਂਦ ਨੂੰ ਇਕ ਪਾਸਿਉਂ ਰਗੜ ਕੇ ਤਬਾਹਕੁਨ ਸਵਿੰਗ ਕੀਤੀ ਜਾ ਸਕਦੀ ਹੈ! ਗਾਵਸਕਰ ਅਤੇ ਹੋਰ ਖਿਡਾਰੀਆਂ ਦੇ ਇਹ ਗੱਲ ਬਾਅਦ ਵਿਚ ਧਿਆਨ ਵਿਚ ਆਈ ਸੀ।

ਪਾਕਿਸਤਾਨ ਨੇ ਵਸੀਮ ਅਕਰਮ, ਵਕਾਰ ਯੂਨਿਸ ਅਤੇ ਸ਼ੋਏਬ ਅਖ਼ਤਰ ਵਰਗੇ ਕਈ ਮਹਾਨ ਤੇਜ਼ ਗੇਂਦਬਾਜ਼ ਪੈਦਾ ਕੀਤੇ ਹਨ ਜਿਹੜੇ ਭਾਰਤ ਖ਼ਿਲਾਫ਼ ਆਪਣੇ ਮੁਲਕ ਲਈ ਬਹੁਤ ਜੀਅ-ਜਾਨ ਨਾਲ ਖੇਡਦੇ ਰਹੇ ਪਰ ਇਮਰਾਨ ਵਾਂਗ ਉਨ੍ਹਾਂ ਕਦੇ ਵੀ ਖੇਡ ਨੂੰ ਜਹਾਦ ਵਜੋਂ ਨਹੀਂ ਲਿਆ। ਉਹ ਭਾਰਤੀ ਖਿਡਾਰੀਆਂ ਪ੍ਰਤੀ ਪੇਸ਼ੇਵਰ ਤੇ ਜ਼ਾਤੀ ਤੌਰ ਤੇ ਦੋਸਤਾਨਾ ਵਿਹਾਰ ਰੱਖਦੇ ਸਨ। ਇਮਰਾਨ ਦੀ ਸਿਆਸਤ ਨੂੰ ਆਕਾਰ ਉਸ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਇਕ ਬਾਨੀ ਮੈਂਬਰ ਲੈਫ਼ਟੀਨੈਂਟ ਜਨਰਲ ਹਾਮਿਦ ਗੁਲ ਨੇ ਦਿੱਤਾ ਹੈ ਜੋ ਇਕ ਕੱਟੜ ਇਸਲਾਮਪ੍ਰਸਤ ਤੇ ਆਈਐੱਸਆਈ ਦਾ ਸਾਬਕਾ ਡਾਇਰੈਕਟਰ ਜਨਰਲ ਸੀ। ਗੁਲ ਨੇ ਅਫ਼ਗ਼ਾਨਿਸਤਾਨ ਦੇ ਇਸਲਾਮੀ ਦਹਿਸ਼ਤਗਰਦਾਂ ਨੂੰ ਪਾਕਿਸਤਾਨੀ ਮਦਦ ਦਿਵਾਉਣ ਵਿਚ ਅਹਿਮ ਕਿਰਦਾਰ ਨਿਭਾਇਆ। ਉਹ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਵੀ ਦਹਿਸ਼ਤਗਰਦੀ ਨੂੰ ਸ਼ਹਿ ਦਿੰਦਾ ਰਿਹਾ। ਇਮਰਾਨ ਵੀ ਫ਼ੌਜੀ ਢਾਂਚੇ ਤੇ ਆਈਐੱਸਆਈ ਦੇ ਥਾਪੜੇ ਨਾਲ ਹੀ ਚੋਣਾਂ ਜਿੱਤ ਕੇ ਸੱਤਾ ਵਿਚ ਆਇਆ ਹੈ ਕਿਉਂਕਿ ਫ਼ੌਜ ਨੂੰ ਲੱਗਦਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਮੁਲਕ ਦੇ ਭਾਰਤ ਅਤੇ ਅਫ਼ਗ਼ਾਨਿਸਤਾਨ ਨਾਲ ਸਬੰਧਾਂ ਮੁਤੱਲਕ ਆਜ਼ਾਦਾਨਾ ਢੰਗ ਨਾਲ ਕੰਮ ਕਰ ਰਹੇ ਸਨ।

ਆਈਐੱਸਆਈ ਵੱਲੋਂ ਹੁਰੀਅਤ ਕਾਨਫਰੰਸ ਅਤੇ ਅਤਿਵਾਦੀ ਗਰੁੱਪਾਂ ਨੂੰ ਸ਼ਹਿ ਦਿੱਤੇ ਜਾਣ ਵੇਲੇ ਜਿਥੇ ਇਮਰਾਨ ਤੋਂ ਪਹਿਲੇ ਹਾਕਮ ਦੂਜੇ ਪਾਸੇ ਨਜ਼ਰਾਂ ਘੁਮਾ ਲੈਂਦੇ ਸਨ, ਉਥੇ ਇਮਰਾਨ ਖ਼ਾਨ ਨੇ ਤਾਲਿਬਾਨ, ਹੁਰੀਅਤ ਅਤੇ ਲਸ਼ਕਰੇ-ਤੋਇਬਾ ਵਰਗੇ ਇਸਲਾਮੀ ਗਰੁੱਪਾਂ ਨਾਲ ਆਪਣੇ ਰਿਸ਼ਤਿਆਂ ਬਾਰੇ ਕਦੇ ਕੋਈ ਲੁਕਾਅ ਨਹੀਂ ਰੱਖਿਆ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਹੁਣ ਹੁਰੀਅਤ ਦੇ ਬਾਨੀ ਸਈਦ ਅਲੀ ਸ਼ਾਹ ਗਿਲਾਨੀ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਦੇਣ ਲਈ ਪਾਕਿਸਤਾਨੀ ਸੈਨੇਟ ਵਿਚ ਮਤਾ ਪਾਸ ਕਰ ਦਿੱਤਾ ਗਿਆ ਹੈ। ਭਾਰਤ ਵੱਲੋਂ ਪਹਿਲਾਂ ਇੰਨੀ ਕੁ ਸਿਆਸੀ ਗੁੰਜਾਇਸ਼ ਰੱਖੀ ਜਾਂਦੀ ਸੀ ਕਿ ਪਾਕਿਸਤਾਨ ਨਾਲ ਸਿਖਰਲੇ ਪੱਧਰਾਂ ਤੇ ਰਾਬਤਾ ਬਣਿਆ ਰਹੇ। ਪਾਕਿਸਤਾਨੀ ਪ੍ਰਧਾਨ ਮੰਤਰੀ ਵੀ ਭਾਰਤੀ ਪ੍ਰਧਾਨ ਮੰਤਰੀਆਂ ਨਾਲ ਰਾਬਤਾ ਬਣਾਈ ਰੱਖਦੇ ਸਨ ਪਰ ਪਾਕਿਸਤਾਨ ਦਾ ਮੌਜੂਦਾ ਆਗੂ ਅਜਿਹਾ ਹੈ ਜਿਸ ਨੂੰ ਇਸਲਾਮੀ ਦਹਿਸ਼ਤਗਰਦੀ ਨੂੰ ਆਪਣੇ ਵੱਲੋਂ ਦਿੱਤੀ ਜਾ ਰਹੀ ਸ਼ਹਿ ਬਾਰੇ ਕੋਈ ਸੰਗ-ਸ਼ਰਮ ਨਹੀਂ ਹੈ। ਉਹ ਤਾਂ ਅਮਰੀਕਾ ਵਿਚ 9/11 ਹਮਲਿਆਂ ਦੇ ਸਾਜ਼ਿਸ਼ਘਾੜੇ ਉਸਾਮਾ ਬਿਨ ਲਾਦਿਨ ਤੱਕ ਨੂੰ ‘ਸ਼ਹੀਦ’ ਕਰਾਰ ਦੇ ਚੁੱਕਾ ਹੈ।

ਇਮਰਾਨ ਭਾਵੇਂ ਅਜਿਹਾ ਦਿਖਾਵਾ ਕਰ ਸਕਦਾ ਹੈ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਬਾਰੇ ਫ਼ੈਸਲੇ ਉਹੋ ਲੈਂਦਾ ਹੈ ਪਰ ਅਸਲ ਵਿਚ ਇਹ ਫ਼ੈਸਲੇ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਹੱਥ ਹਨ। ਅਮਰੀਕੀ ਸਦਰ ਡੋਨਲਡ ਟਰੰਪ ਦੀਆਂ ਅਫ਼ਗ਼ਾਨਿਸਤਾਨ ਵਿਚੋਂ ਅਮਰੀਕੀ ਫ਼ੌਜੀ ਅਪਰੇਸ਼ਨਾਂ ਨੂੰ ਅਮਰੀਕੀ ਰਾਸ਼ਟਰਪਤੀ ਦੀਆਂ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਚੜ੍ਹਾਉਣ ਲਈ ਬਾਜਵਾ ਨੇ ਸਰਗਰਮੀ ਨਾਲ ਕੰਮ ਕੀਤਾ। ਇਮਰਾਨ ਖ਼ਾਨ ਜਦੋਂ ਬੀਤੇ ਸਾਲ 22 ਜੁਲਾਈ ਨੂੰ ਰਾਸ਼ਟਰਪਤੀ ਟਰੰਪ ਨੂੰ ਮਿਲਣ ਗਿਆ ਤਾਂ ਉਹ ਅਜਿਹਾ ਪਹਿਲਾ ਪਾਕਿਸਤਾਨੀ ਵਜ਼ੀਰ-ਏ-ਆਜ਼ਮ ਬਣਿਆ, ਜਿਸ ਦੀ ਵ੍ਹਾਈਟ ਹਾਊਸ ਵਿਚ ਮੀਟਿੰਗ ਸਮੇਂ ਉਸ ਦੇ ਮੁਲਕ ਦਾ ਫ਼ੌਜੀ ਮੁਖੀ ਵੀ ਨਾਲ ਸੀ। ਉਦੋਂ ਤੋਂ ਬਾਜਵਾ ਦੀ ਜਨਤਕ ਦਿੱਖ ਕਾਫ਼ੀ ਤੇਜ਼ੀ ਨਾਲ ਉਭਰੀ ਹੈ ਜਿਸ ਦੇ ਕਾਰਜਕਾਲ ਵਿਚ ਨਵੰਬਰ 2022 ਤੱਕ ਲਈ ਤਿੰਨ ਸਾਲਾਂ ਦਾ ਵਾਧਾ ਕਰ ਦਿੱਤਾ ਗਿਆ ਹੈ।

ਬਾਜਵਾ ਵੱਲੋਂ ਬੀਤੀ 9 ਜੂਨ ਨੂੰ ਅਚਨਚੇਤੀ ਅਫ਼ਗ਼ਾਨਿਸਤਾਨ ਦੌਰਾ ਕਰ ਕੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨਾਲ ਮੁਲਾਕਾਤ ਕੀਤੇ ਜਾਣ ਤੋਂ ਬਾਅਦ ਤਾਂ ਫ਼ੌਜ ਅਫ਼ਗ਼ਾਨਿਸਤਾਨ ਦੀਆਂ ਘਟਨਾਵਾਂ ਸਬੰਧੀ ਸਿੱਧੀ ਕਾਰਵਾਈ ਕਰ ਰਹੀ ਹੈ। ਇਹ ਦੌਰਾ ਜ਼ਾਹਰਾ ਤੌਰ ਤੇ ਅਮਰੀਕਾ ਦੇ ਵਿਸ਼ੇਸ਼ ਏਲਚੀ ਜ਼ਾਲਮੇ ਖ਼ਾਲਿਦਜ਼ਾਦ ਦੀਆਂ ਹਦਾਇਤਾਂ ਦਾ ਸਿੱਟਾ ਸੀ। ਸਫ਼ਾਰਤੀ ਪ੍ਰਥਾਵਾਂ ਤੇ ਦਿਖਾਵਿਆਂ ਨੂੰ ਹੁਣ ਪੂਰੀ ਤਰ੍ਹਾਂ ਭੁਲਾ ਦਿੱਤਾ ਗਿਆ ਹੈ। ਰਾਸ਼ਟਰਪਤੀ ਟਰੰਪ ਵੱਲੋਂ ਇਹ ਐਲਾਨ ਕੀਤੇ ਜਾਣ ਕਿ ਉਹ ਅਮਰੀਕੀ ਸਦਰ ਦੀਆਂ ਚੋਣਾਂ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਵਿਚੋਂ ਅਮਰੀਕੀ ਫ਼ੌਜਾਂ ਨੂੰ ਕੱਢ ਲੈਣਗੇ, ਲਈ ਵੀ ਇਮਰਾਨ ਖ਼ਾਨ ਦੀ ਥਾਂ ਬਾਜਵਾ ਹੀ ਕੋਸ਼ਿਸ਼ਾਂ ਕਰਦੇ ਦਿਖਾਈ ਦਿੱਤੇ। ਅਮਰੀਕਾ ਵੱਲੋਂ ਆਪਣੀ ਮਾੜੀ ਯੋਜਨਾਬੰਦੀ ਦੇ ਆਧਾਰ ਤੇ ਅਫ਼ਗ਼ਾਨਿਸਤਾਨ ਤੋਂ ਹਟਣ ਪਿੱਛੋਂ ਉਥੇ ਕੀ ਵਾਪਰਦਾ ਹੈ, ਇਸ ਦੀ ਟਰੰਪ ਨੂੰ ਬਹੁਤੀ ਪ੍ਰਵਾਹ ਨਹੀਂ, ਜਦੋਂਕਿ ਇਸ ਕਾਰਨ ਅਫ਼ਗ਼ਾਨਿਸਤਾਨ ਵਿਚ ਮੁੜ ਖ਼ਾਨਾਜੰਗੀ ਵੀ ਸ਼ੁਰੂ ਹੋ ਸਕਦੀ ਹੈ, ਕਿਉਂਕਿ ਤਾਲਿਬਾਨ ਕਿਸੇ ਵੀ ਤਰ੍ਹਾਂ ਦੂਜਿਆਂ ਨਾਲ ਸੱਤਾ ਵੰਡਾਉਣ ਵਾਸਤੇ ਤਿਆਰ ਨਹੀਂ ਹੋਣਗੇ। ਦੂਜਾ ਅਫ਼ਗ਼ਾਨਿਸਤਾਨ ਦੀ ਗ਼ੈਰ-ਪਖ਼ਤੂਨ ਵੱਸੋਂ ਨੂੰ ਤਾਲਿਬਾਨ ਉਤੇ ਭਰੋਸਾ ਨਹੀਂ ਹੈ।

ਇਹ ਗੱਲ ਹੁਣ ਸਪਸ਼ਟ ਹੈ ਕਿ ਫ਼ੌਜ ਸਾਫ਼ ਤੌਰ ਤੇ ਅਯੋਗ ਆਗੂ ਇਮਰਾਨ ਖ਼ਾਨ ਨੂੰ ਉਸ ਦੀ ਅਸਲੀ ਥਾਂ ਦਿਖਾਉਣ ਦੀ ਦ੍ਰਿੜ੍ਹ ਹੈ। ਫ਼ੌਜ ਦੇ ਸਾਬਕਾ ਬੜੇ ਚਰਚਿਤ ਤਰਜਮਾਨ ਲੈਫ਼ਟੀਨੈਂਟ ਜਨਰਲ ਆਸਿਮ ਸਲੀਮ ਬਾਜਵਾ ਨੂੰ ਹੁਣ ਇਮਰਾਨ ਦਾ ਸੂਚਨਾ ਤੇ ਪ੍ਰਸਾਰਨ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ ਗਿਆ ਹੈ, ਇਸ ਤਰ੍ਹਾਂ ਉਹ ਹੁਣ ਇਮਰਾਨ ਦੇ ਅਸਲੀ ਤਰਜਮਾਨ ਵਜੋਂ ਕੰਮ ਕਰੇਗਾ। ਨਾਲ ਹੀ ਲੈਫ਼ਟੀਨੈਂਟ ਬਾਜਵਾ ਨੂੰ ਨਵੀਂ ਕਾਇਮ ਕੀਤੀ ਗਈ ਚਾਈਨਾ-ਪਾਕਿਸਤਾਨ ਇਕਨੌਮਿਕ ਕੋਰੀਡੋਰ (ਸੀਪੀਈਸੀ) ਅਥਾਰਿਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸੰਖੇਪ ਵਿਚ ਆਖਿਆ ਜਾਵੇ ਤਾਂ ਉਹ ਨਾ ਸਿਰਫ਼ ਸਰਕਾਰ ਦੀ ਤਰਫ਼ੋਂ ਗੱਲ ਰੱਖੇਗਾ, ਸਗੋਂ ਸੀਪੀਈਸੀ ਵਿਚ ਆਉਣ ਵਾਲੇ ਭਾਰੀ ਵੰਡਾਂ ਨੂੰ ਵੀ ਕੰਟਰੋਲ ਕਰੇਗਾ। ਕਿਹਾ ਜਾਂਦਾ ਹੈ ਕਿ ਬਾਜਵਾ ਨੂੰ ਇਸ ਕਾਰਨ ਸੀਪੀਈਸੀ ਦਾ ਚੇਅਰਮੈਨ ਲਾਇਆ ਗਿਆ ਹੈ, ਕਿਉਂਕਿ ਚੀਨੀ ਸਦਰ ਸ਼ੀ ਜਿਨਪਿੰਗ ਨੇ ਸੰਕੇਤ ਦਿੱਤਾ ਸੀ ਕਿ ਸੀਪੀਈਸੀ ਵਿਚ ਪਾਕਿਸਤਾਨ ਵੱਲੋਂ ਫ਼ੈਸਲੇ ਕੀਤੇ ਜਾਣ ਦੇ ਅਮਲ ਤੋਂ ਉਹ ਖ਼ੁਸ਼ ਨਹੀਂ ਹੈ।

ਇਮਰਾਨ ਖ਼ਾਨ ਅਤੇ ਉਸ ਦੀ ਸਿਵਲੀਅਨ ਸਰਕਾਰ ਨੂੰ ਹਾਸ਼ੀਏ ਤੇ ਧੱਕਿਆ ਜਾਣਾ ਹੋਰ ਖੇਤਰਾਂ ਵਿਚ ਵੀ ਜ਼ਾਹਰ ਹੋ ਰਿਹਾ ਹੈ। ਫੈਡਰਲ ਯੋਜਨਾ ਮੰਤਰੀ ਦੀ ਅਗਵਾਈ ਹੇਠ ਚੱਲਣ ਵਾਲੇ ਨੈਸ਼ਨਲ ਕਮਾਂਡ ਐਂਡ ਅਪਰੇਸ਼ਨਜ਼ ਸੈਂਟਰ ਵਿਚ ਵੀ ਹੁਣ ਫ਼ੌਜ ਹੀ ਫ਼ੈਸਲਾਕੁਨ ਭੂਮਿਕਾ ਵਿਚ ਹੈ। ਕਮਾਂਡ ਸੈਂਟਰ ਦਾ ਕਾਰਜਕਾਰੀ ਮੁਖੀ ਲੈਫ਼ਟੀਨੈਂਟ ਜਨਰਲ ਹਮੂਦ ਉਜ਼ ਜ਼ਮਾਨ ਖ਼ਾਨ ਹੈ, ਜੋ ਇਕ ਏਅਰ ਡਿਫੈਂਸ ਅਫ਼ਸਰ ਹੈ। ਇਸੇ ਤਰ੍ਹਾਂ ਨੈਸ਼ਨਲ ਟਿੱਡੀ ਦਲ ਕੰਟਰੋਲ ਸੈਂਟਰ ਵੀ ਹੋਰ ਲੈਫ਼ਟੀਨੈਂਟ ਜਨਰਲ ਦੇ ਕੰਟਰੋਲ ਹੇਠ ਹੈ। ਇਸ ਸਾਰੇ ਹਾਲਾਤ ਤੋਂ ਜ਼ਾਹਰ ਹੈ ਕਿ ਲੰਬੇ ਸਮੇਂ ਤੋਂ ਪਾਕਿਸਤਾਨੀ ਫ਼ੌਜ ਦੇ ਸਹਾਰੇ ਚੱਲਣ ਵਾਲਾ ਇਮਰਾਨ ਖ਼ਾਨ ਹੁਣ ਫ਼ੌਜ ਦਾ ਵਫ਼ਾਦਾਰ ਹੱਥਠੋਕਾ ਬਣ ਚੁੱਕਾ ਹੈ। ਜਦੋਂ ਫ਼ੌਜ ਨੇ ਚਾਹਿਆ ਉਸ ਨੂੰ ਲਾਂਭੇ ਕਰ ਦਿੱਤਾ ਜਾਵੇਗਾ। ਚੀਨੀਆਂ ਨੂੰ ਵੀ ਇਸ ਦਾ ਚੰਗੀ ਤਰ੍ਹਾਂ ਇਲਮ ਹੈ, ਉਹ ਸਮਝ ਚੁੱਕੇ ਹਨ ਕਿ ਪਾਕਿਸਤਾਨ ਦੇ ਇਮਰਾਨ ਖ਼ਾਨ ਵਰਗੇ ਸਿਵਲੀਅਨ ਆਗੂ ਕਿਸੇ ਕੰਮ ਦੇ ਨਹੀਂ।

ਭਾਰਤ ਵੱਲੋਂ ਇਮਰਾਨ ਖ਼ਾਨ ਨਾਲ ਰਸਮੀ ਗੱਲਬਾਤ ਲਈ ਕਾਹਲ ਨਾ ਕਰਨਾ ਸਹੀ ਹੈ। ਉਹ ਨਾ ਸਿਰਫ਼ ਕੱਟੜ ਭਾਰਤ ਵਿਰੋਧੀ ਹੈ ਸਗੋਂ ਉਂਝ ਵੀ ਮਹਿਜ਼ ਪਾਕਿਸਤਾਨ ਫ਼ੌਜ ਦਾ ਚਿਹਰਾ ਹੈ। ਇਸ ਹਾਲਤ ਵਿਚ ਪਾਕਿਸਤਾਨੀ ਫ਼ੌਜ ਨਾਲ ਕੋਈ ਅਣਐਲਾਨਿਆ ਤੇ ਢੁਕਵਾਂ ਸੰਚਾਰ ਚੈਨਲ ਖੋਲ੍ਹਣਾ ਜ਼ਿਆਦਾ ਚੰਗਾ ਰਹੇਗਾ। ਹਾਲਾਂਕਿ ਖ਼ਾਸਕਰ ਕਸ਼ਮੀਰ ਵਾਦੀ ਤੇ ਲੱਦਾਖ਼ ਵਿਚ ਜਾਰੀ ਤਣਾਅ ਦੇ ਮੱਦੇਨਜ਼ਰ ਅਜਿਹੇ ਲੁਕਵੇਂ ਰਾਬਤੇ ਤੋਂ ਵੀ ਕੁਝ ਖ਼ਾਸ ਨਿਕਲ ਕੇ ਆਉਣ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ ਪਰ ਰਾਬਤੇ ਜਾਂ ਗੱਲਬਾਤ ਲਈ ਅਜਿਹੇ ‘ਲੁਕਵੇਂ ਚੈਨਲਾਂ’ ਦੀ ਆਪਣੀ ਅਹਿਮੀਅਤ ਹੁੰਦੀ ਹੈ, ਇਥੋਂ ਤੱਕ ਕਿ ਔਖੇ ਵੇਲ਼ਿਆਂ ਵਿਚ ਵੀ ਤੇ ਖ਼ਾਸਕਰ ਤਣਾਅ ਵਾਲੇ ਮਾਹੌਲ ਦੌਰਾਨ।

*ਲੇਖਕ ਪਾਕਿਸਤਾਨ ਵਿਚ ਭਾਰਤ ਦਾ
ਹਾਈ ਕਮਿਸ਼ਨਰ ਰਹਿ ਚੁੱਕਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All