ਡਾ. ਗੁਰਵਿੰਦਰ ਸਿੰਘ*/ਡਾ. ਅਮਰੀਕ ਸਿੰਘ**
ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ। ਸਾਲ 2017-18 ਦੌਰਾਨ ਤਕਰੀਬਨ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਬੀਜੀ ਗਈ ਸੀ ਤੇ ਕੁੱਲ 163 ਲੱਖ ਮੀਟਰਿਕ ਟਨ ਪੈਦਾਵਾਰ ਹੋਈ ਸੀ। ਚਾਲੂ ਹਾੜ੍ਹੀ ਸੀਜ਼ਨ ਦੌਰਾਨ 171 ਲੱਖ ਮੀਟਰਿਕ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਚਾਲੂ ਹਾੜ੍ਹੀ ਸੀਜ਼ਨ ਦੌਰਾਨ ਮੰਡੀਆਂ ਵਿਚ ਕਣਕ ਦੀ ਰਿਕਾਰਡ ਤੋੜ ਆਮਦ ਦੀ ਸੰਭਾਵਨਾ ਹੈ।
ਜੇ ਇਨ੍ਹਾਂ ਦਿਨਾਂ ਦੌਰਾਨ ਕੁਝ ਗੱਲਾਂ ਦਾ ਖਿ਼ਆਲ ਰੱਖਿਆ ਜਾਵੇ ਤਾਂ ਕਣਕ ਦੀ ਵਾਢੀ ਅਤੇ ਮੰਡੀਆਂ ਵਿਚ ਕਣਕ ਦੇ ਮੰਡੀਕਰਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕਦਾ ਹੈ। ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਕਣਕ ਦੀ ਵਾਢੀ ਸਮੇਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਬਿਜਲੀ ਦੇ ਟਰਾਂਸਫਾਰਮਰ ਤੋਂ ਨਿਕਲੇ ਚੰਗਿਆੜਿਆਂ ਕਾਰਨ, ਮਜ਼ਦੂਰਾਂ ਦੁਆਰਾ ਸੁੱਟੀ ਸੁਲਗਦੀ ਬੀੜੀ ਜਾਂ ਸਿਗਰਟ ਕਾਰਨ ਜਾਂ ਕਿਸੇ ਹੋਰ ਅਣਗਹਿਲੀ ਕਾਰਨ ਕਣਕ ਦੀ ਫ਼ਸਲ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ। ਇਸ ਨਾਲ ਫ਼ਸਲ ਦੇ ਨੁਕਸਾਨ ਹੋਣ ਦੇ ਨਾਲ ਨਾਲ ਖੇਤੀ ਮਸ਼ੀਨਰੀ, ਪਸ਼ੂਆਂ ਅਤੇ ਮਨੁੱਖਾਂ ਤਕ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਖੇਤਾਂ ਵਿਚ ਬਿਜਲੀ ਦੀਆਂ ਤਾਰਾਂ ਦੀ ਉੱਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਕਣਕ ਦੀ ਵਾਢੀ ਸਮੇਂ ਕੰਬਾਈਨ ਹਾਰਵੈਸਟਰ ਛੱਤਰੀ ਸਣੇ ਆਸਾਨੀ ਨਾਲ ਨਿਕਲ ਸਕੇ। ਕੰਬਾਈਨ ਹਾਰਵੈਸਟਰ ਚਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਮਿਸਤਰੀ ਤੋਂ ਚੈੱਕ ਕਰਵਾ ਲਈ ਜਾਵੇ ਤਾਂ ਜੋ ਕੰਬਾਈਨ ਹਾਰਵੈਸਟਰ ਦੇ ਪੁਰਜਿ਼ਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਕੰਬਾਈਨ ਹਾਰਵੈਸਟਰ ਨੂੰ ਖੰਬਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਟਕਰਾਉਣ ਤੋਂ ਬਚਾਇਆ ਜਾਣਾ ਚਾਹੀਦਾ ਹੈ। ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਾਰਮਰ/ ਜੀਓ ਸਵਿਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ ਦੇ ਦੋ ਵ੍ਹੱਟਸਐਪ ਨੰਬਰ (96461-06835 ਤੇ 96461-06836) ਜਾਰੀ ਕੀਤੇ ਗਏ ਹਨ। ਇਸ ’ਤੇ ਕੋਈ ਵੀ ਕਿਸਾਨ ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਾਰਮਰ/ਜੀਓ ਸਵਿਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੰਭਾਵਨਾ ਵਾਲੇ ਸਥਾਨਾਂ ਦੀ ਫੋਟੋ, ਪੂੂਰਾ ਪਤਾ ਅਤੇ ਜੀਪੀਐੱਸ ਲੋਕੇਸ਼ਨ ਭੇਜ ਸਕਦਾ ਹੈ। ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਵਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅੱਗ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਦੂਜਾ ਕੰਮ ਜੋ ਇਸ ਵੇਲੇ ਕਰਨ ਵਾਲਾ ਹੈ, ਉਹ ਹੈ ਖੇਤਾਂ ਵਿਚ ਮੌਜੂਦ ਟਰਾਂਸਫਾਰਮਰਾਂ ਦੇ ਆਲੇ-ਦੁਆਲਿਓਂ ਤਕਰੀਬਨ ਇੱਕ ਮਰਲੇ ਦੇ ਰਕਬੇ ਵਿਚੋਂ ਕਣਕ ਦੀ ਵਾਢੀ ਕਰ ਕੇ ਵੱਖਰੀ ਰੱਖ ਲੈਣੀ ਚਾਹੀਦੀ ਹੈ। ਆਮ ਦੇਖਿਆ ਗਿਆ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਟਰਾਂਸਫਾਰਮਰ/ਜੀਓ ਸਵਿਚ ਦੀ ਸਪਾਰਕਿੰਗ ਕਾਰਨ ਨਿੱਕਲੇ ਚੰਗਿਆੜਿਆਂ ਨਾਲ ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਂਦੀ ਹੈ। ਇਸ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਸ ਵਕਤ ਕਣਕ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਟਰਾਂਸਫਾਰਮਰ ਦੇ ਆਲੇ-ਦੁਆਲਿਓਂ ਤਕਰੀਬਨ ਇੱਕ ਮਰਲੇ ਰਕਬੇ ਵਿਚੋਂ ਕਣਕ ਦੀ ਕਟਾਈ ਹੱਥ ਨਾਲ ਕਰ ਕੇ ਵੱਖਰੀ ਸਾਂਭ ਲਈ ਜਾਵੇ। ਇਸ ਕੱਟੀ ਹੋਈ ਫ਼ਸਲ ਨੂੰ ਕੰਬਾਈਨ ਨਾਲ ਕਟਾਈ ਸਮੇਂ ਮਸ਼ੀਨ ਦੇ ਅੱਗੇ ਰੱਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕਿਸੇ ਵੀ ਟਰਾਂਸਫਾਰਮਰ ਤੋਂ ਨਿੱਕਲੇ ਚੰਗਿਆੜਿਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਜੇ ਸੰਭਵ ਹੋਵੇ ਤਾਂ ਟਰਾਂਸਫਾਰਮਰ ਦਾ ਸਵਿਚ ਵੀ ਕੱਟਿਆ ਜਾ ਸਕਦਾ ਹੈ। ਟਰਾਂਸਫਾਰਮਰ ਦੇ ਆਲੇ-ਦੁਆਲਿਓਂ ਕਟਾਈ ਕੀਤੇ ਥਾਂ ਨੂੰ ਗਿੱਲਾ ਕਰ ਦੇਣਾ ਚਾਹੀਦਾ ਹੈ। ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਛੇੜਣਾ ਨਹੀਂ ਚਾਹੀਦਾ। ਕਣਕ ਦੀ ਫ਼ਸਲ ਨੇੜੇ ਕਿਸੇ ਵਿਅਕਤੀ ਨੂੰ ਸਿਗਰਟ ਜਾਂ ਬੀੜੀ ਨਾ ਪੀਣ ਦਿੱਤੀ ਜਾਵੇ। ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਕਰ ਕੇ ਰੱਖਿਆ ਜਾਵੇ ਤਾਂ ਜੋ ਜੇ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ। ਖੇਤਾਂ ਵਿਚ ਬਣੀਆਂ ਰਸੋਈਆਂ ਜਾਂ ਆਰਜ਼ੀ ਚੁੱਲ੍ਹਿਆਂ ’ਤੇ ਚਾਹ, ਰੋਟੀ ਆਦਿ ਬਣਾਉਣ ਤੋਂ ਬਾਅਦ ਅੱਗ ਨੂੰ ਪਾਣੀ ਪਾ ਕੇ ਤੁਰੰਤ ਬੁਝਾ ਦੇਣਾ ਚਾਹੀਦਾ ਹੈ।
ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੋਣ ਤੱਕ ਤੂੜੀ ਬਣਾਉਣ ਲਈ ਰੀਪਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਹਵਾ ਵਿਚ ਨਮੀ ਅਤੇ ਤਰੇਲ ਹੋਣ ਕਾਰਨ ਕਣਕ ਦੇ ਦਾਣਿਆਂ ਅਤੇ ਨਾੜ ਵਿਚ ਕੁਝ ਨਮੀ ਰਹਿ ਸਕਦੀ ਹੈ। ਨਮੀ ਵਾਲੇ ਨਾੜ ਨੂੰ ਰੀਪਰ ਨਾਲ ਤੂੜੀ ਬਣਾਉਣ ਸਮੇਂ ਕਈ ਵਾਰ ਅੱਗ ਲੱਗ ਜਾਂਦੀ ਹੈ। ਇਸ ਨਾਲ ਮਸ਼ੀਨਰੀ ਦੇ ਨਾਲ ਨਾਲ ਕਣਕ ਦੇ ਨਾੜ ਅਤੇ ਕਣਕ ਦੀ ਫ਼ਸਲ ਨੂੰ ਵੀ ਅੱਗ ਲੱਗ ਜਾਂਦੀ ਹੈ। ਇਸ ਲਈ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਣਾਉਣ ਲਈ ਰੀਪਰ ਦੀ ਵਰਤੋਂ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਵੀ ਪਹਿਲੀ ਮਈ ਤੋਂ ਪਹਿਲਾਂ ਤੂੜੀ ਬਣਾਉਣ ਲਈ ਰੀਪਰ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਰੀਪਰ ਮਸ਼ੀਨ ਚੱਲਣ ਨਾਲ ਧੂੜ ਅਤੇ ਮਿੱਟੀ ਉੱਡਦੀ ਹੈ ਜਿਸ ਨਾਲ ਵਾਤਾਵਰਨ ਪ੍ਰਦੂਸਿ਼ਤ ਹੁੰਦਾ ਹੈ। ਵਾਤਾਵਰਨ ਪ੍ਰਦੂਸਿ਼ਤ ਹੋਣ ਨਾਲ ਕਰੋਨਾ, ਸਾਹ ਤੇ ਦਮੇ ਦੀ ਬਿਮਾਰੀ ਤੋਂ ਪੀੜਤਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਟਿਊਬਵੈੱਲ ਦੇ ਚੁਬੱਚਿਆਂ ਵਿਚ ਪਾਣੀ ਭਰ ਕੇ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਸੰਕਟਕਾਲੀਨ ਹਾਲਤ ਵਿਚ ਪਾਣੀ ਦੀ ਵਰਤੋਂ ਕੀਤੀ ਜਾ ਸਕੇ। ਹਰ ਕਿਸਾਨ ਨੂੰ ਅੱਗ ਬੁਝਾਊ ਮਹਿਕਮੇ ਦਾ ਨੰਬਰ ਕੋਲ ਰੱਖਣਾ ਚਾਹੀਦਾ ਤਾਂ ਜੋ ਜ਼ਰੂਰਤ ਪੈਣ ’ਤੇ ਤੁਰੰਤ ਮਹਿਕਮੇ ਰਾਬਤਾ ਕਾਇਮ ਕੀਤਾ ਜਾ ਸਕੇ।
ਕਣਕ ਦੀ ਵਾਢੀ ਫ਼ਸਲ ਦੇ ਪੂਰੀ ਤਰ੍ਹਾਂ ਪੱਕਣ ’ਤੇ ਹੀ ਕਰਨੀ ਚਾਹੀਦੀ ਹੈ ਕਿਉਂਕਿ ਜੇ ਫ਼ਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਦਾਣਿਆਂ ਵਿਚ ਨਮੀ ਜਿ਼ਆਦਾ ਰਹਿਣ ਕਾਰਨ ਉਪਜ ਦੀ ਗੁਣਵੱਤਾ ’ਤੇ ਮਾੜਾ ਅਸਰ ਪੈਂਦਾ ਹੈ। ਜੇ ਦਾਣੇ ਦੰਦਾਂ ਨਾਲ ਦਬਾਉਣ ’ਤੇ ਕੜੱਕ ਕਰ ਕੇ ਟੁੱਟਣ ਤਾਂ ਸਮਝੋ ਨਮੀ ਦੀ ਮਾਤਰਾ ਪੂਰੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ। ਇਸ ਲਈ ਜ਼ਰੂਰੀ ਹੈ ਫ਼ਸਲ ਚੰਗੀ ਤਰ੍ਹਾਂ ਪੱਕਣ ’ਤੇ ਹੀ ਕੱਟੀ ਜਾਵੇ।
ਕੰਬਾਈਨ ਚਲਾਉਣ ਦਾ ਸਮਾਂ ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਹੋਵੇਗਾ।
*ਨਿਰਦੇਸ਼ਕ, ਖੇਤੀਬਾੜੀ ਵਿਭਾਗ।
**ਖੇਤੀਬਾੜੀ ਅਫ਼ਸਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ।
ਸੰਪਰਕ: 94630-71919