ਆਈਲੈਟਸ : ਪੰਜਾਬੀਆਂ ਦੀ ਵਿਦੇਸ਼ਾਂ ਨੂੰ ਲੱਗੀ ਦੌੜ

ਆਈਲੈਟਸ : ਪੰਜਾਬੀਆਂ ਦੀ ਵਿਦੇਸ਼ਾਂ ਨੂੰ ਲੱਗੀ ਦੌੜ

ਡਾ. ਸੁਖਦੇਵ ਸਿੰਘ

ਆਈਲੈਟਸ ਪਾਸ ਕਰਕੇ ਵਿਦੇਸ਼ ਜਾ ਰਹੇ ਲੜਕੇ ਦੇ ਮਾਪਿਆਂ ਵਲੋਂ ਪਿੰਡ ਵਿੱਚ ਗੁਰਦਵਾਰੇ ਦੇ ਗ੍ਰੰਥੀ ਕੋਲੋਂ ਸ਼ੁਕਰਾਨੇ ਦੀ ਅਰਦਾਸ ਕਰਵਾਉਣਾ ਅਤੇ ਹੋਰ ਮਾਪਿਆਂ ਵਲੋਂ ਆਪਣੇ ਬੱਚਿਆਂ ਦੇ ਇਹ ਟੈਸਟ ਪਾਸ ਹੋਣ ਵਾਸਤੇ ਸੁੱਖਾਂ ਸੁੱਖਣ ਬਾਰੇ ਬੋਲੇ ਧਾਰਮਿਕ ਸ਼ਬਦ ਪੰਜਾਬ ਦੇ ਧੁਰ ਅੰਦਰ ਤਕ ਉਪਜ ਰਹੀਆਂ ਆਰਥਕ, ਸਮਾਜਕ ਤੇ ਮਨੋਵਿਗਿਆਨਕ ਤਬਦੀਲੀਆਂ ਬਾਰੇ ਇੱਕ ਪ੍ਰੱਤਖ ਇਸ਼ਾਰਾ ਲਗਿਆ। ਜਿਥੇ ਪਹਿਲਾਂ ਲੋਕ ਘਰ ਦੀ ਖੈਰ ਸੁੱਖ, ਕੰਮਾਂ ਵਿੱਚ ਵਾਧੇ ਅਤੇ ਪਰਿਵਾਰਾਂ ਦੀ ਤੰਦਰੁਸਤੀ ਦੀ ਮੰਗ ਕਰਦੇ ਸਨ, ਉਥੇ ਹੁਣ ਵਿਦੇਸ਼ ਵਾਸਤੇ ਪੇਪਰ ਪਾਸ ਜਾਂ ਬਾਹਰ ਦਾ ਕੰਮ ਬਣਨ ਦੀਆਂ ਅਰਦਾਸਾਂ? ਰੱਬ ਖੈਰ ਕਰੇ! ਅੱਜ ਪੰਜਾਬ ਦੇ ਹਰ ਵੱਡੇ ਸ਼ਹਿਰ ਤੋਂ ਲੈ ਕੇ ਛੋਟੇ ਪਿੰਡਾਂ ਤੱਕ ਹਰ ਘਰ ਵਿੱਚ ਵਿਦੇਸ਼ ਜਾਣ ਦੀਆਂ ਬਹਿਸਾਂ ਸੁਣੀਆਂ ਜਾ ਸਕਦੀਆਂ ਹਨ। ਏਸ ਦਾ ਪ੍ਰਤੱਖ ਪ੍ਰਮਾਣ ਹਨ ਥਾਂ-ਥਾਂ ਖੁੱਲ੍ਹੇ ਆਈਲੈਟਸ (ਆਇਲਜ਼) ਸੈਂਟਰਾਂ ਅਤੇ ਬਾਇਉਮੀਟਰੀ ਸੈਟਰਾਂ ’ਤੇ ਜੁੜਦੀਆਂ ਭੀੜਾਂ। ਮੋਟੇ ਤੌਰ ’ਤੇ ਇਕਲੇ ਪੰਜਾਬ ਵਿੱਚ ਹੀ 15000 ਦੇ ਕਰੀਬ ਆਇਲਜ਼ (ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ) ਸੈਂਟਰ ਆਂਕੇ ਗਏ ਹਨ, ਜਦਕਿ ਹਜ਼ਾਰਾਂ ਦੀ ਤਾਦਾਤ ਵਿੱਚ ਏਜੰਟ ਸੈਂਟਰ ਕਾਰਜਸ਼ੀਲ ਹਨ। ਕਈ ਪੰਜਾਬੀ ਪਿੰਡਾਂ ਵਿੱਚ ਤਾਂ ਨੌਜੁਆਨ ਲੜਕਿਆਂ ਦੀ ਅਣਹੋਂਦ ਦੇ ਚਰਚੇ ਹਨ। ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਤਾਂ ਕਈ ਪਿੰਡਾਂ ਵਿੱਚੋਂ ਉਮੀਦਵਾਰ ਨਾ ਮਿਲਣ ਦੀਆਂ ਖਬਰਾਂ ਵੀ ਪੜ੍ਹਨ ਨੂੰ ਮਿਲੀਆਂ। ਜਿਥੇ ਕੁਝ ਲੋਕ ਪਰਵਾਸ ਨੂੰ ਜਾਇਜ਼ ਤੇ ਸਮੇਂ ਦੀ ਜ਼ਰੂਰਤ ਮੰਨਦੇ ਹਨ, ਉਥੇ ਬਹੁਤ ਸਾਰੇ ਏਸ ਕਰਕੇ ਪੰਜਾਬ ਵਿਚਲੇ ਬਦਲਾਅ, ਖਾਲੀਪਣ ਤੇ ਆਉਣ ਵਾਲੇ ਸਮੇਂ ਵਿੱਚ ਪੈਦਾ ਹੋਣ ਵਾਲੀਆਂ ਹੋਰ ਮੁਸ਼ਕਲਾਂ ਬਾਰੇ ਗੰਭੀਰ ਹਨ।

ਪੁਰਾਣੇ ਕਬੀਲਿਆਂ ਅਤੇ ਖੇਤੀ ਅਧਾਰਤ ਸਮਾਜਿਕ ਬਣਤਰ੍ਹਾਂ ਵਿੱਚ ਵੀ ਵਪਾਰਕ ਕਾਫਲੇ ਦੂਰ-ਦੁਰੇਡੀਆਂ ਥਾਵਾਂ ’ਤੇ ਜਾਂਦੇ ਪਰ ਵਸੇਬਾ ਵਧੇਰੇ ਕਰਕੇ ਜਨਮ ਭੋਇੰ ’ਤੇ ਆਪਣੇ ਜੀਆਂ ਵਿੱਚ ਹੀ ਹੁੰਦਾ, ਜਦਕਿ ਕੁਝ ਵਿਸ਼ੇਸ਼ ਸਮਿਆਂ ਤਹਿਤ ਕਈ ਕਬੀਲੇ ਹੋਰ ਥਾਂ ਜਾ ਵਸਦੇ। ਬਰਮਾ (ਮਿਆਂਮਾਰ) ਵਿੱਚ ਜਾ ਕੇ ਕੰਮ/ਠੇਕੇਦਾਰੀ ਕਰ ਕੇ ਪੈਸਾ ਕਮਾ ਕੇ ਲਿਆਉਣਾ ਤਾਂ ਸਾਡੇ ਲੋਕ ਅਖਾਣਾਂ ਵਿੱਚ ਬਦਲ ਗਿਆ ਸੀ। ‘ਨਾ ਜਾਈਂ ਬਰਮਾ ਨੂੰ ਭਾਗ ਜਾਣਗੇ ਨਾਲ’। ਕੁਝ ਸਮਾਂ ਪਹਿਲਾਂ ਤਕ ਫੌਜਾਂ ਵਿੱਚੋਂ ਰਿਟਾਇਰਮੈਂਟ ਉਪਰੰਤ ਵਧੇਰੇ ਫੌਜੀ ਆਪਣੇ ਪਿੰਡੀਂ ਆ ਵਸਦੇ। ਏਸੇ ਤਰ੍ਹਾਂ ਖਾੜੀ ਦੇਸ਼ਾਂ ਤੋਂ ਕਮਾਈ ਕਰਕੇ ਵੀ ਬਹੁਤੇ ਲੋਕ ਘਰਾਂ ਨੂੰ ਵਾਪਸੀ ਕਰਦੇ। ਪਿਛਲੇ ਕੁਝ ਸਾਲਾਂ ਵਿੱਚ ਸਾਡੇ ਦੇਸ਼ ਤੇ ਖਾਸਕਰ ਪੰਜਾਬ ਤੋਂ ਪਰਵਾਸ ਉਪਰੰਤ ਪੱਕੇ ਵਸੇਬੇ ਦਾ ਰੁਝਾਨ ਪੈਦਾ ਹੋ ਗਿਆ ਹੈ। ਲਗਭਗ ਇੱਕ ਸਦੀ ਪਹਿਲਾਂ ਦੁਆਬੇ ਤੋਂ ਪੱਛਮੀ ਦੇਸ਼ਾਂ ਨੂੰ ਸ਼ੁਰੂ ਹੋਏ ਪਰਵਾਸ ਨੇ ਹੁਣ ਸਾਰੇ ਪੰਜਾਬ ਨੂੰ ਕਲਾਵੇ ਵਿੱਚ ਲੈ ਲਿਆ ਹੈ। ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਬਾਰੇ ਲਿਟਰੇਚਰ ਤੋਂ ਅੰਦਾਜ਼ਾ ਹੁੰਦਾ ਹੈ 25 ਲੱਖ ਦੇ ਕਰੀਬ ਪੰਜਾਬੀ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਵਸ ਰਹੇ ਹਨ। ਅਜੋਕੇ ਸਮੇਂ ਪੰਜਾਬੀ ਪਰਵਾਸੀ ਬਹੁਲਤਾ ਵਾਲੇ ਦੇਸ਼ ਹਨ: ਕੈਨੇਡਾ, ਅਮਰੀਕਾ, ਬ੍ਰਿਟੇਨ, ਸਪੇਨ, ਆਸਟਰੇਲੀਆ, ਨਿਊੁਜ਼ੀਲੈਂਡ ਆਦਿ।

ਪਰਵਾਸ ਦੇ ਅਜੋਕੇ ਰੁਝਾਨ ਦਾ ਜੇ ਤੱਥ ਅਧਾਰਤ ਵਿਸ਼ਲੇਸ਼ਣ ਕਰੀਏ ਤਾਂ ਪਤਾ ਚਲੇਗਾ ਕਿ ਆਪਣੀ ਜਨਮ ਤੇ ਕਰਮ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਵਸੇਬੇ ਕਰਨ ਦਾ ਕੋਈ ਇੱਕ ਕਾਰਨ ਨਹੀਂ ਬਲਕਿ ਆਰਥਿਕ, ਸਮਾਜਕ, ਮਨੋਵਿਗਿਆਨਕ, ਰਾਜਨੀਤਕ ਅਤੇ ਸਮਾਜ ਵਿੱਚ ਉਭਰ ਰਹੇ ਹਾਲਾਤ ਸਮੇਤ ਅਨੇਕਾਂ ਹਨ। ਭਾਰਤ ਦੇ ਹੋਰ ਇਲਾਕਿਆਂ ਵਾਂਗ ਪੰਜਾਬ ਵੀ ਖੇਤੀ ਅਧਾਰਤ ਸਮਾਜ ਸੀ ਅਤੇ ਹੁਣ ਵੀ ਹੈ। ਜ਼ਿੰਦਗੀ ਸਾਦੀ ਸੀ ਪਰ ਜੀਵਨ ਹੁਲਾਸਯੁਕਤ ਸੀ। ‘ਜੋ ਸੁਖ ਛਜੂ ਦੇ ਚੁਬਾਰੇ ਨਾ ਉਹ ਬਲਖ਼ ਨਾ ਬੁਖ਼ਾਰੇ’ ਵਰਗੀ ਭਾਵਨਾ ਦੀ ਹੋਂਦ ਸੀ। ਹੁਣ ਹਾਲਾਤ ਬਦਲ ਗਏ ਹਨ। ਖੇਤੀ ਅਧਾਰਤ ਪੇਂਡੂ ਵਸੋਂ ਵਾਸਤੇ ਰੋਟੀ ਦਾ ਮਸਲਾ ਖੜ੍ਹਾ ਹੋ ਰਿਹਾ ਹੈ। ਪੰਜਾਬ ਸਮੇਤ ਦੇਸ਼ ਦੀ ਖੇਤੀ ਗਹਿਰੇ ਸੰਕਟ ਵਿੱਚ ਹੈ। ਜ਼ਮੀਨ ਦੀ ਪੁਸ਼ਤੀ ਵੰਡ ਕਾਰਨ ਵਾਹੀਯੋਗ ਜੋਤਾਂ ਦਾ ਅਕਾਰ ਘਟਣਾ, ਖੇਤੀ ਲਾਗਤਾਂ ਵਿੱਚ ਅਥਾਹ ਵਾਧਾ, ਉਤਪਾਦਨ ਦਾ ਢੁਕਵਾਂ ਮੁੱਲ ਨਾ ਮਿਲਣਾ, ਖਾਦਾਂ ਦੀ ਕੀਮਤ (ਡੀਏਪੀ, ਯੂਰੀਆ) ਵਿਚ ਅਥਾਹ ਵਾਧਾ ਤੇ ਸਮਰਥਨ ਮੁੱਲ ਤੋਂ ਸਰਕਾਰਾਂ ਦਾ ਕਿਨਾਰਾ ਕਰਨ ਦੀ ਤਿਆਰੀ, ਨਵੇਂ ਖੇਤੀ ਕਾਨੂੰਨ, ਸਮਾਜਿਕ ਜ਼ਰੂਰਤਾਂ ਦੀ ਪੂਰਤੀ ਆਦਿ ਕਰਕੇ ਨਿਰੋਲ ਖੇਤੀ ਅਧਾਰਤ ਪਰਿਵਾਰਾਂ ਦਾ ਗੁਜ਼ਾਰਾ ਦਿਨ-ਬ-ਦਿਨ ਔਖਾ ਹੋ ਰਿਹਾ ਹੈ ਅਤੇ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ। ਖੇਤੀ ਵਿੱਚੋਂ ਮੁਨਾਫਾ ਨਾ ਹੋਣ ਕਾਰਨ ਕਿਸਾਨਾਂ ਦੀ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਕਰਜ਼ਾ ਨਾ ਮੋੜ ਸਕਣ ਦੀ ਸੂਰਤ ਵਿੱਚ ਅਤੇ ਕੁਝ ਹੋਰ ਕਾਰਨਾਂ ਕਰਕੇ ਆਤਮਹਤਿਆਵਾਂ ਹੋ ਰਹੀਆਂ ਹਨ। ਪਿਛਲੇ ਤਿੰਨ ਦਹਾਇਆਂ ਵਿੱਚ ਮੋਟੇ ਤੌਰ ’ਤੇ ਪੰਜਾਬ ਵਿੱਚ 20 ਹਜ਼ਾਰ ਦੇ ਕਰੀਬ ਕਿਸਾਨ ਅਤੇ ਖੇਤ ਮਜ਼ਦੁਰ ਖੁਦਕੁਸ਼ੀਆਂ ਕਰ ਚੁੱਕੇ ਹਨ ਜਦਕਿ ਭਾਰਤ ਵਿੱਚ ਇਹ ਅੰਕੜਾ 4 ਲੱਖ ਦੇ ਕਰੀਬ ਹੈ।

ਬਹੁਤ ਛੋਟੀਆਂ ਜੋਤਾਂ ਕਰਕੇ ਭਾਰਤ ਵਿੱਚ ਲੱਖਾਂ ਕਿਸਾਨ ਪਿਛਲੇ ਤਿੰਨ ਦਹਾਕਿਆਂ ਦੌਰਾਨ ਖੇਤੀ ਛੱਡ ਚੁੱਕੇ ਹਨ ਅਤੇ ਛੱਡ ਰਹੇ ਹਨ। ਪੰਜਾਬ ਵਿੱਚ ਵੀ ਏਹ ਪ੍ਰਕਿਰਆ ਤੇਜ਼ੀ ਫੜ ਰਹੀ ਹੈ। ਏਸ ਲਈ ਵਧੇਰੇ ਲੋਕ ਭਵਿੱਖ ਤੋਂ ਚਿੰਤਤ ਹੋ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਖੇਤੀ ਤੋਂ ਬਾਹਰ ਜੇ ਰੁਜ਼ਗਾਰ ਦੇ ਮੌਕੇ ਦੇਖੀਏ ਤਾਂ ਕਿਤੇ ਵੀ ਆਸ ਦੀ ਕਿਰਨ ਨਹੀਂ ਦਿੱਖਦੀ। ਪ੍ਰਾਈਵੇਟ ਸੈਕਟਰ ਵਿੱਚ ਰੁਜ਼ਗਾਰ ਦੀ ਖੜੋਤ ਅਤੇ ਪਬਲਿਕ ਸੈਕਟਰ ਵਿੱਚ ਅਸਲੋਂ ਹਨੇਰਾ ਤੇ ਵਧੇਰੇ ਬੱਚਿਆਂ ਦਾ ਖੇਤੀ ਵੱਲ ਝੁਕਾਅ ਨਾ ਹੋਣ ਕਰਕੇ ਵਿਦੇਸ਼ਾਂ ਨੂੰ ਵਹੀਰਾਂ ਤੇਜ਼ ਹੋ ਰਹੀਆਂ ਹਨ। ਅੱਜ 70-80% ਦੇ ਕਰੀਬ +2 ਪਾਸ ਪਾੜ੍ਹੇ ਆਈਲੈਟਸ ਕਰ ਕੇ ਵਿਦੇਸ਼ਾਂ ਵਿੱਚ ਵੱਖ ਵੱਖ ਕੋਰਸਾਂ ਲਈ ਕਾਲਜਾਂ-ਯੂਨੀਵਰਸਿਟੀਆਂ ਦੀਆਂ ਮੋਟੀਆਂ ਫੀਸਾਂ ਭਰ ਕੇ ਜਾਣ ਨੂੰ ਤੱਤਪਰ ਹਨ ਜਦਕਿ ਲੱਖਾਂ ਹੀ ਹੋਰ ਜਾਇਜ਼/ਨਜਾਇਜ਼ ਵਿਆਹਾਂ ਦੇ ਜ਼ਰੀਏ, ਏਜੰਟਾਂ ਜਾਂ ਗੈਰ-ਕਾਨੂੰਨੀ ਢੰਗਾਂ ਰਾਹੀਂ ਬਾਹਰਲੇ ਮੁਲਕਾਂ ਵਿੱਚ ਦਾਖ਼ਲ ਹੁੰਦੇ ਜਾਂ ਯਤਨ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਲੱਖਾਂ ਰੁਪਏ ਲਾ ਬਾਹਰ ਜਾਣ ਵਿੱਚ ਕਾਮਯਾਬ ਹੁੰਦੇ ਹਨ ਜਦਕਿ ਹਜ਼ਾਰਾਂ ਹੋਰ ਜਾਇਦਾਦਾਂ ਵੇਚ ਕੇ ਵੀ ਨਹੀਂ ਜਾ ਸਕਦੇ ਅਤੇ ਅਨੇਕਾਂ ਨਾਜਾਇਜ਼ ਢੰਗਾਂ ਰਾਹੀਂ ਜਾਂਦੇ ਮੌਤ ਦੇ ਮੂੰਹ ਜਾ ਡਿਗਦੇ ਹਨ ਜਾਂ ਜੇਲ੍ਹਾਂ ਦੀ ਹਵਾ ਖਾਂਦੇ ਹਨ।

ਅੱਜ ਸਾਡੇ ਦੇਸ਼ ਦੀ ਰਾਜਨੀਤਕ ਦੀ ਦਸ਼ਾ ਅਤੇ ਦਿਸ਼ਾ ਕਿਸੇ ਤੋਂ ਛੁਪੀ ਨਹੀਂ। ਤਰੱਕੀ ਦਾ ਜ਼ਰੂਰੀ ਪੱਖ ਹੁੰਦਾ ਹੈ ਦੇਸ਼ ਵਾਸੀਆਂ ਦਾ ਸ਼ਕਤੀਕਰਨ ਤੇ ਰਾਜਨੀਤੀ ਵਿੱਚ ਭਾਗੀਦਾਰੀ। ਆਜ਼ਾਦੀ ਦੀ ਪੌਣੀ ਸਦੀ ਬਾਅਦ ਵੀ ਲਗਦਾ ਹੈ ਆਮ ਲੋਕ ਬੇਸਹਾਰਾ ਹੀ ਮਹਿਸੂਸ ਕਰ ਰਹੇ ਹਨ। ਜੇ ਕਿਸੇ ਦਾ ਕੋਈ ਜੁਗਾੜ ਨਹੀਂ ਤਾਂ ਆਪਣੇ ਨਾਗਰਿਕ ਹੱਕਾਂ ਦੇ ਬਲਬੂਤੇ ਕਿਸੇ ਸਰਕਾਰੇ-ਦਰਬਾਰੇ, ਵੱਖ ਵੱਖ ਸੰਸਥਾਵਾਂ ਤੇ ਹੁਣ ਅਦਾਲਤਾਂ ਵਿੱਚ ਕੋਈ ਪੁਛ-ਪ੍ਰਤੀਤ ਨਹੀਂ। ਨਾਗਰਿਕਾਂ ਦੀ ਭਲਾਈ ਅਤੇ ਜੀਵਨ ਵਿੱਚ ਤਰੱਕੀ ਹਿੱਤ ਉਸਾਰੇ ਦੇਸ਼ ਦੇ ਪਬਲਿਕ ਢਾਂਚਿਆਂ ਤੇ ਆਮ ਨਾਗਰਿਕ ਵਿੱਚ ਖਾਈ ਬਹੁਤ ਡੂੰਘੀ ਹੋ ਰਹੀ। ਪੂੰਜੀਵਾਦੀ ਨਿਜ਼ਾਮ ਦੇ ਗਲਬੇ ਕਾਰਨ ਜਿਥੇ ਪਬਲਿਕ ਸੈਕਟਰ ਦਾ ਖਾਤਮਾ ਹੋ ਰਿਹਾ ਹੈ, ਉਥੇ ਰਾਜ ਕਰਨ ਵਾਲੇ ਤੇ ਪੂੰਜੀਪਤੀਆਂ ਵਿੱਚ ਆਰਥਿਕ ਨਾਬਰਾਬਰੀ ਏਨੀ ਵਧ ਗਈ ਹੈ ਕਿ ਆਮ ਨਾਗਰਿਕ ਹੀਆ ਨਹੀਂ ਕਰ ਸਕਦਾ। ਅੰਮ੍ਰਿਤਾ ਪ੍ਰੀਤਮ ਦਾ ਕਥਨ ‘ਕੈਦੋ ਸਮੇਂ ਦੇ ਹੋਰ ਵੀ ਡਾਢੇ ਤੇ ਚਾਕ ਸਮੇਂ ਦੇ ਹੋਰ ਮਜਬੂਰ ਹੋਗੇ’ ਅੱਜ ਵੀ ਬਿਲਕੁਲ ਢੁਕਵਾਂ ਮਹਿਸੂਸ ਹੁੰਦਾ ਹੈ। ਰਾਜਨੀਤੀ ਦਾ ਗਲਬਾ ਹਰੇਕ ਸੰਸਥਾ ’ਤੇ ਭਾਰੂ ਹੈ। 1991-92 ਤੋਂ ਲਾਗੂ ਨਵੀਆਂ ਆਰਥਿਕ ਨੀਤੀਆਂ ਕਰਕੇ ਵੱਖ ਵੱਖ ਪੱਖ ਖਾਸਕਰ ਸਿਖਿਆ ਤੇ ਸਿਹਤ ਦੇ ਪ੍ਰਾਈਵੇਟ ਸੈਕਟਰ ਅਧੀਨ ਆਉਣ ਕਾਰਨ ਖਰਚੇ ਹੱਦੋਂ ਵਧ ਰਹੇ ਹਨ ਤੇ ਲੋਕ +2 ਦੀ ਪੜ੍ਹਾਈ ਕਰਾ ਕੈ ਔਖੇ-ਸੌਖੇ ਬੱਚਿਆਂ ਨੂੰ ਬਾਹਰ ਭੇਜਣ ਵਿਚ ਬਿਹਤਰੀ ਸਮਝ ਰਹੇ ਹਨ।

ਸਮਾਜ ਵਿੱਚ ਵਧ ਰਿਹਾ ਹਿੰਸਕ ਵਰਤਾਰਾ, ਆਮ ਨਾਗਰਿਕਾਂ ਦੇ ਬਣਦੇ ਹੱਕਾਂ ਤੇ ਸਨਮਾਨ ਦੀ ਅਣਦੇਖੀ, ਵੱਖ ਵੱਖ ਤਰ੍ਹਾਂ ਦੇ ਜੁਰਮ, ਚੋਰੀਆਂ, ਕਤਲ, ਲੜਕੀਆਂ ਨਾਲ ਛੇੜਖਾਨੀ, ਬਲਾਤਕਾਰ, ਲਾਕਾਨੂੰਨੀ, ਨਸ਼ਿਆਂ ਕਰਕੇ ਮੌਤਾਂ ਬਾਰੇ ਛਪਦੀਆਂ ਖਬਰਾਂ, ਧਰਮਾਂ ਦੇ ਨਾਮ ’ਤੇ ਉਲਝਣਾਂ, ਆਮ ਲੋਕਾਂ ਨੂੰ ਮਾਨਸਿਕ ਪੱਖੋਂ ਚਿੰਤਤ ਕਰ ਰਹੀਆਂ ਹਨ, ਜਿਸ ਕਰਕੇ ਬਹੁਤ ਸਾਰੇ ਲੋਕਾਂ ਦੀ ਜ਼ਬਾਨ ’ਤੇ ਹੈ ਕਿ ‘ਹੁਣ ਏਥੇ ਕੁਝ ਨਹੀਂ ਰਿਹਾ ਬੱਚਿਆਂ ਨੂੰ ਬਾਹਰ ਭੇਜਣਾ ਬਿਹਤਰ ਹੈ’। ਲੇਖਕ ਦੇ ਇਕ ਵਿਦਿਆਰਥੀ ਵੱਲੋਂ ਇਕ ਖੋਜ ਕਾਰਜ ਵਿੱਚੋਂ ਸਿਟਾ ਨਿਕਲਿਆ ਕਿ 90% ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਦੇ ਧੰਦੇ ਵਿੱਚ ਨਾ ਪਾ ਨੌਕਰੀ ’ਚ ਜਾਂ ਵਿਦੇਸ਼ ਭੇਜਣਾ ਚਾਹੁੰਦੇ ਹਨ। ਹਰੇ ਇਨਕਲਾਬ ਦੇ ਚੰਗੇ ਮਾੜੇ ਨਤੀਜਿਆਂ ਨੇ ਜਿਥੇ ਪੰਜਾਬ ਦਾ ਕੁਦਰਤੀਪਣ ਖੋਹਿਆ ਹੈ ਉਥੇ ਹੁਣ ਮਨੱਖੀ ਸ਼ਕਤੀ ਵੀ ਖੋਹ ਰਹੀ ਹੈ। ਉਂਝ ਵੀ ਵਧੇਰੇ ਮਾਪੇ ਵੀ ਬੱਚਿਆਂ ਨੂੰ ਬਾਹਰ ਤੋਰ ਆਪਣੀ ਜ਼ਿੰਮੇਦਾਰੀ ਤੋਂ ਫਾਰਗ ਹੋਣਾ ਚਾਹੁੰਦੇ ਹਨ। ਨਵੀਂ ਪੰਜਾਬੀ ਪਨੀਰੀ ਏਥੇ ਸੰਘਰਸ਼ ਦੇ ਰਾਹ ਤੋਂ ਵੀ ਕਿਨਾਰਾ ਕਰਦੀ ਦਿਸਦੀ ਹੈ। ਪੰਜਾਬ ਵਿੱਚ ਵਧੇਰੇ ਕੰਮ ਬਾਹਰਲੇ ਰਾਜਾਂ ਵਿੱਚੋਂ ਆਏ ਲੋਕ ਕਰ ਰਹੇ ਹਨ।

ਮਨੁੱਖੀ ਜੀਵਨ ਵਿੱਚ ਤਕਨਾਲੋਜੀ ਦੀ ਆਮਦ ਤੇ ਬਾਹਰਲੇ ਦੇਸ਼ਾਂ ਦੇ ਸਿਸਟਮ ਅਤੇ ਤਲਿਸਮੀ ਖਿੱਚ ਆਦਿ ਕਰਕੇ ਵੀ ਲੋਕ ਵਿਦੇਸ਼ਾਂ ਨੂੰ ਤਰਜੀਹ ਦੇਣ ਲਗ ਪਏ ਹਨ। ਚੰਗੇਰੇ ਭੱਵਿਖ ਦੀ ਆਸ ਲਈ ਮਾਪਿਆਂ ਵਲੋਂ ਬੱਚਿਆਂ ਨੂੰ ਹਰ ਹੀਲੇ ਬਾਹਰ ਸੈਟ ਕਰਵਾਉਣ ਦੀ ਪ੍ਰਕਿਰਿਆ ਕਰਕੇ ਦੇਸ਼ ਅਤੇ ਵਿਦੇਸ਼ ਦੀਆਂ ਗੁੰਝਲਦਾਰ ਸਮਸਿਆਵਾਂ, ਆਪਣਿਆਂ/ਬਗਾਨਿਆਂ ਵਲੋਂ ਏਥੇ ਉਥੇ ਆਰਥਿਕ, ਮਾਨਸਿਕ ਤੇ ਜਿਸਮਾਨੀ ਸ਼ੋਸ਼ਣ ਅਤੇ ਮਾਨਵੀ ਰਿਸ਼ਤਿਆਂ ਦੀ ਟੁਟ ਭੱਜ ਵਿੱਚੋਂ ਉਪਜ ਰਹੀ ਗਹਿਰੀ ਮਾਨਸਿਕ ਪੀੜਾ ਹੁਣ ਸਾਹਿਤਕ ਲਿਖਤਾਂ ਦਾ ਵਿਸ਼ਾ ਬਣ ਰਹੀ ਹੈ। ਪਰਵਾਸ ਦਾ ਪ੍ਰਸ਼ਨ ਬਹੁਤ ਗੁੰਝਲਦਾਰ ਹੈ, ਜਿਸਦਾ ਦਾ ਕੋਈ ਸੌਖਾ ਜਵਾਬ ਨਹੀਂ ਪਰ ਸਮਾਜ ਦੇ ਭਵਿਖ ਲਈ ਖੁੱਲ੍ਹੀ ਸੋਚ ਨਾਲ ਵਿਚਾਰਨ ਦੀ ਲੋੜ ਹੈ। ਜੇ ਪਰਵਾਸ ਨੂੰ ਠੱਲ੍ਹ ਪਾਉਣੀ ਹੈ ਤਾਂ ਆਰਥਿਕ ਵਸੀਲਿਆਂ ਨੂੰ ਉਪਜਾਉਣ ਦੇ ਨਾਲ ਨਾਲ ਲੋਕਾਂ ਨੂੰ ਆਪਣੀ ਧਰਤੀ ਨਾਲ ਜੁੜੇ ਰੱਖਣ ਹਿੱਤ, ਉਪਰੋਕਤ ਅਨੇਕਾਂ ਉਪਰਾਲਿਆਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਗੁਰੂਆਂ, ਭਗਤਾਂ, ਪੀਰਾਂ, ਫਕੀਰਾਂ, ਸੂਫੀਆਂ, ਸੰਤਾਂ, ਨਾਥਾਂ, ਯੋਗੀਆਂ ਦੀ ਏਸ ਧਰਤੀ ਨੂੰ ਮੌਲਦਾ ਰੱਖਣ ਲਈ ਵਾਰਸਾਂ ਦੀ ਲੜੀ ਦੀ ਜ਼ਰੂਰਤ ਹੈ।
*ਸਾਬਕਾ ਪ੍ਰੋਫੈਸਰ, ਸਮਾਜ ਵਿਗਿਆਨ, ਪੀਏਯੂ ਲੁਧਿਆਣਾ।
ਸੰਪਰਕ: 94177-15730

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All