ਪਾਰਸਾ ਵੈਂਕਟੇਸ਼ਵਰ ਰਾਓ ਜੂਨੀਅਰ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ 23 ਅਪਰੈਲ ਨੂੰ ਵਾਸ਼ਿੰਗਟਨ ਵਿਚ ਬਲੂਮਬਰਗ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਭਾਵੇਂ ‘ਯੂਰੋਪੀਅਨ ਯੂਨੀਅਨ ਅਤੇ ਪੱਛਮ ਨਾਲ ਆਜ਼ਾਦ ਤੇ ਉਦਾਰ ਦੁਨੀਆਂ ਵਿਚ’ ਰਹਿਣਾ ਚਾਹੁੰਦਾ ਹੈ, ਤਾਂ ਵੀ ਇਹ ਪਾਕਿਸਤਾਨ ਅਤੇ ਚੀਨ ਕਾਰਨ ਰੂਸ ਨਾਲ ਖੜ੍ਹਨ ਲਈ ਮਜਬੂਰ ਹੈ। ਇਸ ਨੂੰ ਭਾਰਤ ਦੇ ਸਪੱਸ਼ਟ ਇਕਬਾਲ ਵਜੋਂ ਦੇਖਿਆ ਜਾ ਸਕਦਾ ਹੈ ਜਿਥੇ ਰਣਨੀਤਕ ਮਜਬੂਰੀਆਂ ਮੰਨੀਆਂ ਜਾਂਦੀਆਂ ਹਨ ਭਾਵੇਂ ਲੋਭ-ਲਾਲਚ ਕੁਝ ਵੀ ਹੋਵੇ। ਇਸ ਤੋਂ ਸਾਫ਼ ਇਸ਼ਾਰਾ ਮਿਲਦਾ ਹੈ ਕਿ ਭਾਰਤ ਦਾ ਦਿਲ ਤਾਂ ਪੱਛਮੀ ਜਮਹੂਰੀ ਸੰਸਾਰ ਨਾਲ ਮਿਲਣਾ ਚਾਹੁੰਦਾ ਹੈ ਪਰ ਉਹ ਇਸ ਧੜੇ ਵਿਚ ਸ਼ਾਮਲ ਹੋਣ ਦਾ ਜੋਖਿ਼ਮ ਨਹੀਂ ਉਠਾ ਸਕਦਾ।
ਸ਼ਾਇਦ ਇਹ ਭਾਰਤ ਦੀ ਦੁਚਿੱਤੀ ਪ੍ਰਗਟਾਉਣ ਦਾ ਬਿਹਤਰੀਨ ਤਰੀਕਾ ਨਹੀਂ ; ਜਾਂ ਫਿਰ ਇੰਝ ਵੀ ਹੋ ਸਕਦਾ ਹੈ ਕਿ ਇਹ ਯੂਕਰੇਨ ਉਤੇ ਰੂਸ ਦੇ ਹਮਲੇ ਤੋਂ ਬਾਅਦ ਛਿੜੀ ਜੰਗ ਵਿਚ ਭਾਰਤ ਦਾ ਆਪਣੀ ਅਸਹਿਜ ਸਥਿਤੀ ਤੋਂ ਬਾਹਰ ਨਿਕਲਣ ਦਾ ਚਾਰਾ ਹੋਵੇ। ਉਂਝ, ਇਸ ਦੇ ਨਾਲ ਹੀ ਇਸ ਤੋਂ ਹੋਰ ਸਭ ਕਾਸੇ ਦੇ ਮੁਕਾਬਲੇ ਭਾਰਤ ਦੀ ਨਾਜ਼ੁਕ ਹਾਲਤ ਦਾ ਵੀ ਪਤਾ ਲੱਗਦਾ ਹੈ ਕਿਉਂਕਿ ਇਸ ਦਾ ਮਤਲਬ ਇਹ ਹੈ ਕਿ ਭਾਰਤ ਅਜੇ ਵੀ ਆਪਣੇ ਲਈ ਵੈਰੀ ਚੀਨ ਅਤੇ ਪਾਕਿਸਤਾਨ ਵੱਲੋਂ ਇਕਮੁੱਠ ਢੰਗ ਨਾਲ ਖੜ੍ਹੀਆਂ ਕੀਤੀਆਂ ਵੰਗਾਰਾਂ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹੈ। ਨਾਲ ਹੀ ਇਸ ਦੇ ਇਹ ਮਾਇਨੇ ਵੀ ਹਨ ਕਿ ਭਾਰਤ ਅਜੇ ਵੀ ਆਪਣੇ ਗੁਆਂਢੀਆਂ ਨਾਲ ਨਜਿੱਠਣ ਲਈ ਰੂਸੀ ਹਥਿਆਰਾਂ ਦਾ ਮੁਹਤਾਜ ਹੈ।
ਯਕੀਨਨ, ਹਕੀਕਤ ਇਸ ਤੋਂ ਵੀ ਕਿਤੇ ਵੱਧ ਗੁੰਝਲਦਾਰ ਹੈ। ਕੇਂਦਰ ਸਰਕਾਰ ਭਾਰਤ ਨੂੰ ਹਥਿਆਰਾਂ ਦੇ ਨਿਰਮਾਣ ਅਤੇ ਪੈਦਾਵਾਰ ਦੇ ਮਾਮਲੇ ਵਿਚ ਆਤਮ-ਨਿਰਭਰ ਹੀ ਨਹੀਂ ਬਣਾਉਣਾ ਚਾਹੁੰਦੀ ਸਗੋਂ ਮੁਲਕ ਨੂੰ ਹਥਿਆਰਾਂ ਦਾ ਬਰਾਮਦਕਾਰ ਵੀ ਬਣਾਉਣ ਦੀ ਖ਼ਾਹਿਸ਼ਮੰਦ ਹੈ ਪਰ ਇਸ ਦੇ ਬਾਵਜੂਦ ਜਾਪਦਾ ਨਹੀਂ ਕਿ ਭਾਰਤ ਦੀ ਅਜਿਹੀ ਕੋਈ ਸਾਫ਼-ਸਪਸ਼ਟ ਤੇ ਗਿਣੀ-ਮਿਥੀ ਠੋਸ ਯੋਜਨਾ ਹੈ ਜਿਸ ਰਾਹੀਂ ਭਾਰਤ ਨੂੰ ਅਜਿਹੀ ਆਤਮ-ਨਿਰਭਰ ਫ਼ੌਜੀ ਤਾਕਤ ਬਣਾਉਣ ਦਾ ਦਾਈਆ ਸਰ ਕੀਤਾ ਜਾ ਸਕੇ ਜਦੋਂ ਇਹ ਆਪਣੀ ਰਾਖੀ ਖ਼ੁਦ ਕਰ ਸਕੇ। ਇਸ ਮੁਤੱਲਕ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਘੜੀ ਰਣਨੀਤੀ ਇਹੋ ਹੈ ਕਿ ਅਮਰੀਕਾ, ਬਰਤਾਨੀਆ, ਫਰਾਂਸ ਆਦਿ ਨੂੰ ਆਖਿਆ ਜਾਵੇ ਕਿ ਉਹ ਰੱਖਿਆ ਭਾਈਵਾਲੀਆਂ ਕਾਇਮ ਕਰਨ ਦੇ ਕਦਮ ਵਜੋਂ ਭਾਰਤ ਵਿਚ ਆਪਣੀਆਂ ਹਥਿਆਰ ਪੈਦਾਵਾਰੀ ਯੂਨਿਟਾਂ ਕਾਇਮ ਕਰਨ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੀ ਹਾਲੀਆ ਭਾਰਤ ਫੇਰੀ ਦੌਰਾਨ ਪੇਸ਼ਕਸ਼ ਕੀਤੀ ਸੀ ਕਿ ਬਰਤਾਨੀਆ ਭਾਰਤ ਦੀ ਨਵੀਂ ਤਕਨਾਲੋਜੀ ਨਾਲ ਲੈਸ ਜੰਗੀ ਜਹਾਜ਼ ਬਣਾਉਣ ਵਿਚ ਮਦਦ ਕਰੇਗਾ। ਉਨ੍ਹਾਂ ਦਾ ਅਸਿੱਧੇ ਤੌਰ ’ਤੇ ਇਹੋ ਕਹਿਣਾ ਸੀ ਕਿ ਬਰਤਾਨੀਆ ਦੀ ਜੰਗੀ ਜਹਾਜ਼ ਬਣਾਉਣ ਦੀ ਤਕਨਾਲੋਜੀ ਇਸ ਨੂੰ ਰੂਸ, ਇਥੋਂ ਤੱਕ ਕਿ ਫਰਾਂਸ ਤੋਂ ਮਿਲ ਰਹੇ ਜੰਗੀ ਜਹਾਜ਼ਾਂ ਦੀ ਤਕਨਾਲੋਜੀ ਦੇ ਮੁਕਾਬਲੇ ਬਿਹਤਰ ਹੈ। ਜ਼ਾਹਰਾ ਤੌਰ ’ਤੇ ਉਨ੍ਹਾਂ ਦਾ ਇਸ਼ਾਰਾ ਫਰਾਂਸ ਤੋਂ ਭਾਰਤ ਵੱਲੋਂ ਖ਼ਰੀਦੇ ਗਏ ਰਾਫਾਲ ਜਹਾਜ਼ਾਂ ਅਤੇ ਰੂਸੀ ਸੁਖੋਈ ਜਹਾਜ਼ਾਂ ਵੱਲ ਸੀ।
ਭਾਰਤ ਦਾ ਪੱਛਮ ਨੂੰ ਇਹ ਇਸ਼ਾਰਾ ਹੈ- ਜੇ ਉਹ ਚਾਹੁੰਦਾ ਹੈ ਕਿ ਭਾਰਤ ਉਸ ਦੀ ਧਿਰ ਵਿਚ ਖੜੋਤਾ ਹੋਵੇ ਤਾਂ ਉਸ ਨੂੰ ਪਾਕਿਸਤਾਨ ਤੇ ਚੀਨ ਦੇ ਨਾਲ ਨਾਲ ਭਾਰਤ ਦੇ ਸਰੋਕਾਰਾਂ ਦਾ ਵੀ ਖਿ਼ਆਲ ਰੱਖਣਾ ਪਵੇਗਾ। ਇਸ ਦਾ ਇਹ ਮਤਲਬ ਹੈ ਕਿ ਪੱਛਮ ਨੂੰ ਨਾ ਸਿਰਫ਼ ਪਾਕਿਸਤਾਨ ਨੂੰ ਨੱਥ ਪਾਉਣੀ ਚਾਹੀਦੀ ਹੈ ਸਗੋਂ ਇਸ ਨੂੰ ਚੀਨੀ-ਪਾਕਿਸਤਾਨੀ ਗੱਠਜੋੜ ਵੀ ਤੋੜਨਾ ਚਾਹੀਦਾ ਹੈ। ਪੱਛਮ ਦਾ ਸਾਫ਼ ਤੌਰ ’ਤੇ ਚੀਨ ਵਿਰੋਧੀ ਹਮਲਾਵਰ ਰੁਖ਼ ਹੈ ਪਰ ਇਸ ਵੱਲੋਂ ਪਾਕਿਸਤਾਨ ਖਿ਼ਲਾਫ਼ ਵੀ ਅਜਿਹਾ ਹੀ ਹਮਲਾਵਰ ਰੁਖ਼ ਅਖ਼ਤਿਆਰ ਕੀਤੇ ਜਾਣ ਦੇ ਕੋਈ ਆਸਾਰ ਨਹੀਂ। ਪੱਛਮ ਨੂੰ ਪਾਕਿਸਤਾਨ ਤੋਂ ਜੋ ਵੀ ਸਮੱਸਿਆਵਾਂ ਹੋਣ, ਤਾਂ ਵੀ ਇਹ ਭਾਰਤ ਦੀ ਖ਼ਾਤਰ ਪਾਕਿਸਤਾਨ ਨੂੰ ਨਹੀਂ ਛੱਡ ਸਕਦਾ।
ਦੂਜੇ ਪਾਸੇ ਰੂਸ ਨੇ ਚੀਨ ਨਾਲ ਕਰੀਬੀ ਰਿਸ਼ਤਿਆਂ ਤੋਂ ਇਲਾਵਾ ਪਾਕਿਸਤਾਨ ਲਈ ਵੀ ਆਪਣੇ ਬੂਹੇ ਖੁੱਲ੍ਹੇ ਰੱਖੇ ਹੋਏ ਹਨ। ਇਸੇ ਤਰ੍ਹਾਂ ਜਿਥੇ ਭਾਰਤ ਰੂਸ ਨਾਲ ਆਪਣੇ ਕਰੀਬੀ ਰਿਸ਼ਤੇ ਤੋੜਨ ਲਈ ਤਿਆਰ ਨਹੀਂ, ਉਸੇ ਤਰ੍ਹਾਂ ਪਾਕਿਸਤਾਨ ਵੀ ਚੀਨ ਤੋਂ ਲਾਂਭੇ ਹੋਣ ਲਈ ਤਿਆਰ ਨਹੀਂ ਹੋਵੇਗਾ; ਨਾਲ ਹੀ ਉਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਰੂਸ ਤੋਂ ਜੋ ਲਾਹਾ ਲੈ ਸਕਦਾ ਹੈ, ਲੈ ਲਵੇ। ਇਕ-ਦੂਜੇ ਦੇ ਵਿਰੋਧੀ ਹਿੱਤਾਂ ਵਿਚ ਤਵਾਜ਼ਨ ਦੀ ਖੇਡ ਹੀ ਇਸ ਬਹੁ-ਧੁਰੀ ਆਲਮੀ ਸਿਆਸਤ ਦਾ ਆਧਾਰ ਹੈ।
ਇਉਂ ਸਾਫ਼ ਹੈ ਕਿ ਭਾਰਤ ਮਜਬੂਰੀਆਂ ਦੇ ਬੰਧਨ ਵਿਚ ਬੰਨ੍ਹਿਆ ਗਿਆ ਹੈ। ਆਖਿਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਵੀ ਆਪਣੇ ਤੋਂ ਪਹਿਲੀਆਂ ਸਰਕਾਰਾਂ ਵਾਂਗ ਹੀ ਰਣਨੀਤਕ ਮਜਬੂਰੀਆਂ ਦੇ ਘੇਰੇ ਦਰਮਿਆਨ ਆਪਣੇ ਬਦਲਾਂ ਦਾ ਇਸਤੇਮਾਲ ਕਰ ਰਹੀ ਹੈ। ਇਸ ਸੂਰਤ ਵਿਚ ਭਾਰਤ ਲਈ ਆਦਰਸ਼ਾਂ ਅਤੇ ਸਿਧਾਂਤਾਂ ਦੀ ਗੱਲ ਕਰਨੀ ਸੰਭਵ ਨਹੀਂ ਹੋਵੇਗੀ, ਜਦੋਂਕਿ ਭਾਰਤ ਅਤੇ ਭਾਰਤੀਆਂ ਤੋਂ ਇਸ ਦੀ ਤਵੱਕੋ ਕੀਤੀ ਜਾਂਦੀ ਹੈ। ਰਣਨੀਤਕ ਆਜ਼ਾਦੀ ਦੇ ਮੁਕਾਬਲਤਨ ਮੋਕਲੇ ਮਾਹੌਲ ਤੱਕ ਪੁੱਜਣ ਲਈ ਕੋਈ ਰਾਹ ਤਲਾਸ਼ਿਆ ਜਾਣਾ ਲਾਜ਼ਮੀ ਹੈ ਜਿਹੜਾ ਉਸ ਰਣਨੀਤਕ ਖ਼ੁਦਮੁਖ਼ਤਾਰੀ ਤੋਂ ਬਹੁਤ ਜਿ਼ਆਦਾ ਵੱਖਰਾ ਹੈ ਜਿਸ ਦਾ ਇਸਤੇਮਾਲ ਭਾਰਤ ਇਸ ਵਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਣਨੀਤਕ ਆਜ਼ਾਦੀ ਉਦੋਂ ਹੀ ਮੁਮਕਿਨ ਹੋਵੇਗੀ ਜਦੋਂ ਭਾਰਤ ਸਾਇੰਸ ਅਤੇ ਤਕਨਾਲੋਜੀ ਪੱਖੋਂ ਆਪਣੇ ਪੈਰਾਂ ’ਤੇ ਖੜ੍ਹਾ ਹੋਵੇਗਾ ਕਿਉਂਕਿ ਇਸ ਨਾਲ ਹੀ ਮਾਲੀ ਅਤੇ ਫ਼ੌਜੀ ਲਾਹਾ ਮਿਲ ਸਕੇਗਾ। ਯੂਕਰੇਨ ਜੰਗ ਵਿਚ ਰੂਸ ਦੀ ਧਾਰ ਖੁੰਢੀ ਹੋ ਰਹੀ ਹੈ, ਇਹ ਸ਼ਾਇਦ ਮਾਲੀ ਮੋਰਚੇ ਉਤੇ ਜਿ਼ਆਦਾ ਸਮਾਂ ਨਾ ਟਿਕ ਸਕੇ। ਸੋਵੀਅਤ ਸੰਘ ਦੇ ਟੁੱਟਣ ਦਾ ਵੀ ਇਹੋ ਮੁੱਖ ਕਾਰਨ ਸੀ।
ਰੂਸ ਕੋਲ ਜੋ ਚੀਜ਼ ਨਹੀਂ ਹੈ ਅਤੇ ਜੋ ਕੁਝ ਸੋਵੀਅਤ ਸੰਘ ਕੋਲ ਵੀ ਨਹੀਂ ਸੀ, ਉਹ ਹੈ ਆਜ਼ਾਦੀ ਜਦੋਂਕਿ ਆਜ਼ਾਦੀ ਇਨਸਾਨੀ ਰਚਨਾਤਮਕਤਾ ਦੀ ਬੁਨਿਆਦ ਹੈ। ਆਪਣੇ ਤਮਾਮ ਨੁਕਸਾਂ ਅਤੇ ਕਮੀਆਂ ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਬਹੁਤ ਹੀ ਨਿੰਦਣਯੋਗ ਵੀ ਸਨ, ਦੇ ਬਾਵਜੂਦ ਪੱਛਮ ਸਮੇਤ ਪੁਰਾਣੀ ਯੂਰੋਪੀਅਨ ਦੁਨੀਆ ਅਤੇ ਨਵੀਂ ਅਮਰੀਕੀ ਦੁਨੀਆ ਨੇ ਧਰਮ, ਫਿਲਾਸਫੀ, ਕਲਾ ਅਤੇ ਸਾਇੰਸ ਵਿਚ ਪੂਰਨਤਾ ਤੇ ਉੱਤਮਤਾ ਦੇ ਆਦਰਸ਼ ਲਈ ਕੋਸ਼ਿਸ਼ਾਂ ਕੀਤੀਆਂ ਹਨ। ਆਜ਼ਾਦੀ ਵਿਚ ਇਕਮੁੱਠਤਾ ਦੀ ਕਮੀ ਤਾਂ ਰੜਕਦੀ ਹੈ ਪਰ ਇਹੀ ਤਾਂ ਉਹ ਸ਼ਕਤੀ ਹੈ ਜਿਹੜੀ ਇਨਸਾਨੀ ਤਹਿਜ਼ੀਬ ਤੇ ਸੱਭਿਅਤਾ ਨੂੰ ਅੱਗੇ ਵਧਣ ਲਈ ਹੁਲਾਰਾ ਦਿੰਦੀ ਹੈ। ਆਪਣੇ ਸਭ ਫ਼ਰੇਬਾਂ ਦੇ ਬਾਵਜੂਦ ਪੱਛਮ ਨੇ ਜੇ ਆਜ਼ਾਦੀ ਦੇ ਆਦਰਸ਼ ਦਾ ਪੱਲਾ ਨਾ ਛੱਡਿਆ ਤਾਂ ਇਹ ਜਿੱਤ ਜਾਵੇਗਾ; ਇਸੇ ਆਜ਼ਾਦੀ ਲਈ ਤਾਂ ਪੱਛਮ ਜੂਝ ਰਿਹਾ ਹੈ।
ਭਾਰਤ ਅਤੇ ਭਾਰਤੀਆਂ ਨੂੰ ਲਾਜ਼ਮੀ ਤੌਰ ’ਤੇ ਆਜ਼ਾਦੀ ਦੇ ਵਿਚਾਰ ਵਿਚ ਭਰੋਸਾ ਰੱਖਣਾ ਚਾਹੀਦਾ ਹੈ ਜੋ ਰਾਸ਼ਟਰਵਾਦ ਦੀਆਂ ਹੱਦਾਂ ਤੋਂ ਅਗਾਂਹ ਦੀ ਗੱਲ ਹੈ। ਇਹ ਇਸ ਗੱਲ ਦਾ ਵਿਸ਼ਵਾਸ ਹੈ ਕਿ ਹਰ ਇਨਸਾਨ ਆਜ਼ਾਦ ਪੈਦਾ ਹੋਇਆ ਹੈ, ਭਾਵੇਂ ਉਹ ਕਿਸੇ ਵੀ ਨਸਲ ਜਾਂ ਮੁਲਕ ਨਾਲ ਸਬੰਧ ਰੱਖਦਾ ਹੋਵੇ। ਵਲਾਦੀਮੀਰ ਪੂਤਿਨ ਦੇ ਤਹਿਤ ਰੂਸ ਅਤੇ ਸਮਾਜਵਾਦ ਦੇ ਤਹਿਤ ਚੀਨ ਦੀ ਆਜ਼ਾਦੀ ਪ੍ਰਤੀ ਇਹ ਵਚਨਬੱਧਤਾ ਨਹੀਂ ਹੈ। ਯੂਕਰੇਨ ਜੰਗ ਬਾਰੇ ਭਾਰਤ ਦਾ ਰੁਖ਼ ਹਕੀਕੀ ਅਤੇ ਸਮਝਦਾਰੀ ਵਾਲਾ ਹੈ ਪਰ ਇਸ ਵਿਚ ਆਦਰਸ਼ਵਾਦ ਵਾਲੀ ਚਿਣਗ ਦੀ ਕਮੀ ਹੈ।
ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਮਹਾਤਮਾ ਗਾਂਧੀ ਦਾ ਯੋਗਦਾਨ ਭਾਰਤ ਲਈ ਸਿਆਸੀ ਆਜ਼ਾਦੀ ਹਾਸਲ ਕਰਨ ਤੱਕ ਹੀ ਮਹਿਦੂਦ ਨਹੀਂ ਸੀ। ਉਹ ਆਪਣੇ ਤਰੀਕੇ ਨਾਲ ਆਜ਼ਾਦੀ ਦੇ ਪੱਖ ਵਿਚ ਇਸ ਦੀ ਅਸਲੀ ਭਾਵਨਾ ਮੁਤਾਬਕ ਖੜ੍ਹੇ ਹੋਏ। ਗਾਂਧੀ ਲਈ ਆਜ਼ਾਦੀ ਨੈਤਿਕ ਜ਼ਰੂਰਤ ਸੀ। ਆਜ਼ਾਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਕਾਂਗਰਸ ਨੇ ਜੰਗ ਵਿਰੋਧੀ ਹੋਣ ਦੇ ਆਪਣੇ ਬੇਅਸਰ ਬੰਧਨਾਂ ਦੇ ਬਾਵਜੂਦ ਇਸ ਆਦਰਸ਼ ਨੂੰ ਥੋੜ੍ਹਾ ਜਿਹਾ ਅੱਗੇ ਵਧਾਇਆ। ਅੱਜ ਸਾਨੂੰ ਜਿਸ ਚੀਜ਼ ਨੂੰ ਮੁੜ ਹਾਸਲ ਕਰਨ ਦੀ ਲੋੜ ਹੈ, ਉਹ ਹੈ ਆਜ਼ਾਦੀ ਦਾ ਨੈਤਿਕ ਜੋਸ਼ ਜਿਸ ਦੇ ਪ੍ਰਤੀਕ ਨੂੰ ਗਾਂਧੀ ਨੇ ਜ਼ੋਰਦਾਰ ਢੰਗ ਨਾਲ ਉਭਾਰਿਆ।
*ਲੇਖਕ ਸੀਨੀਅਰ ਪੱਤਰਕਾਰ ਹੈ।