ਅੰਜੂਜੀਤ ਪੰਜਾਬਣ
ਮੈਂ ਉਸ ਵੱਲ ਸਰਸਰੀ ਦੇਖਿਆ ਤੇ ਫਿਰ ਬਿਨਾ ਕੋਈ ਜਵਾਬ ਦਿੱਤਿਆਂ ਰਸੋਈ ਵਿਚ ਚਲੇ ਗਈ। ਉਹ ਗੁੱਸੇ ਨਾਲ ਸੋਫੇ ਤੋਂ ਉੱਠੀ ਤੇ ਆਪਣੇ ਕਮਰੇ ਵਿਚ ਚਲੇ ਗਈ। ਉਸ ਦੇ ਸਵਾਲ ਤੇ ਭਾਵੇਂ ਮੈਨੂੰ ਨਾ ਹੈਰਾਨੀ ਹੋਈ ਸੀ ਤੇ ਨਾ ਹੀ ਗੁੱਸਾ ਆਇਆ ਸੀ ਪਰ ਮੈਂ ਇਸ ਜਵਾਬ ਸੋਚ ਸਮਝ ਕੇ ਦੇਣਾ ਚਾਹੁੰਦੀ ਸੀ।
ਇਥੇ ਦੇ ਜੰਮਪਲ ਬੱਚੇ ਭੋਲੇ ਤੇ ਇਮਨਦਾਰ ਹਨ। ਕੋਈ ਵਲ-ਵਲੇਵਾਂ ਨਹੀਂ, ਤੇ ਅਜਿਹੇ ਸਵਾਲ ਪੰਜਾਬੀ ਬੱਚੇ ਆਮ ਕਰਦੇ ਹਨ ਕਿ ਪਿਆਰ ਕਰਨਾ ਮਨ੍ਹਾ ਕਿਉਂ ਹੈ? ਲੜਕੇ ਜਾਂ ਲੜਕੀਆਂ ਦੋਸਤ ਕਿਉਂ ਨਹੀਂ ਹੋ ਸਕਦੇ? …। ਸਾਨੂੰ ਮਾਪਿਆਂ ਨੂੰ ਜਿ਼ਹਨੀ ਤੌਰ ਤੇ ਤਿਆਰ ਹੋਣਾ ਚਾਹੀਦਾ। ਬੱਚਿਆਂ ਨਾਲ ਠਰੰਮੇ ਨਾਲ ਪੇਸ਼ ਆਉਣ ਚਾਹੀਦਾ ਹੈ। ਬੱਚੇ ਤੁਹਾਡੇ ਕੋਲੋਂ ਦੋਸਤੀ ਦੀ ਉਮੀਦ ਰੱਖਦੇ ਹਨ ਤੇ ਤੁਸੀਂ ਉਨ੍ਹਾਂ ਤੋਂ ਵਿਸ਼ਵਾਸ ਦੀ, ਉਹ ਵਿਸ਼ਵਾਸ ਜਿਹੜਾ ਉਮਰ ਭਰ ਲਈ ਬਣਦਾ ਹੈ।
ਇਹ ਗੱਲ ਉਸ ਸਮੇਂ ਦੀ ਹੈ ਜਦ ਮੇਰੀ ਧੀ ਅੱਠਵੀਂ ਵਿਚ ਪੜ੍ਹਦੀ ਸੀ। ਉਂਜ, ਕਿੰਨਾ ਔਖਾ ਹੈ ਇਕਲੌਤੀ ਔਲਾਦ ਨੂੰ ਪਾਲਣਾ; ਖਾਸਕਰ ਦੋਹਰੇ ਸੱਭਿਆਚਾਰ ਵਾਲੇ ਮੁਲਕ ਵਿਚ ਜਿਥੇ ਤੁਸੀਂ ਆਪਣੀ ਪਛਾਣ, ਸੰਸਕਾਰ, ਰੀਤੀ ਰਿਵਾਜ ਬਾਰੇ ਬੱਚੇ ਨੂੰ ਦੱਸਣਾ ਤੇ ਸਮਝਾਉਣਾ ਹੁੰਦਾ ਹੈ।
ਮੈਂ ਆਪਣੀ ਧੀ ਨੂੰ ਕਿਸੇ ਵੀ ਤਰ੍ਹਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਪਰ ਮੈਂ ਬਹੁਤ ਸਖਤ ਮਾਂ ਹਾਂ। ਮੇਰੇ ਇਸ ਰਵੱਈਏ ਤੋਂ ਕਦੇ ਕਦੇ ਧੀ ਤੰਗ ਆ ਕੇ ਆਖ ਦਿੰਦੀ ਹੈ, “ਮਾਂ ਤੂੰ ਕਦੇ ਕਦੇ ਪੰਜਾਬੀ ਮਾਂ ਜਿਹੀ ਬਣ ਜਾਂਦੀ ਆਂ ਜਿਹੜੀ ਸੋਚਦੀ ਆ ਕਿ ਕੁੜੀਆਂ ਨੂੰ ਆਹ ਨ੍ਹੀਂ ਕਰਨਾ ਚਾਹੀਦਾ, ਅਹੁ ਨਹੀਂ ਕਰਨਾ ਚਾਹੀਦਾ।”
ਜਦ ਉਹ ਜਰਮਨ ਮਿਸ਼ਰਨ ਵਾਲੀ ਪੰਜਾਬੀ ਵਿਚ ਮੇਰੀ ਆਲੋਚਨਾ ਕਰਦੀ ਹੈ ਤਾਂ ਮੇਰਾ ਹਾਸਾ ਨਿੱਕਲ ਜਾਂਦਾ ਪਰ ਅੱਜ ਧੀ ਦੇ ਤੇਵਰ ਹੋਰ ਸਨ। ਉਹ ਸ਼ਾਇਦ ਕਿਸੇ ਲੜਕੇ ਨੂੰ ਪਸੰਦ ਕਰਦੀ ਸੀ ਅਤੇ ਮੇਰੇ ਕੋਲੋਂ ਸ਼ਾਇਦ ਪਿਆਰ ਦੀ ਇਜਾਜ਼ਤ ਮੰਗ ਰਹੀ ਸੀ।… ਮੈਂ ਖਾਣਾ ਤਿਆਰ ਕੀਤਾ, ਅਸੀਂ ਦੋਹਾਂ ਨੇ ਖਾਧਾ ਪਰ ਉਹ ਅਜੇ ਵੀ ਚੁੱਪ ਸੀ ਜਿਵੇਂ ਮੈਥੋਂ ਜਵਾਬ ਉਡੀਕਦੀ ਹੋਵੇ।
“ਦੱਸੋ … ਮੈਂ ਕਦੋਂ ਕੋਈ ਲੜਕਾ ਆਪਣਾ ਦੋਸਤ ਬਣਾ ਸਕਦੀ ਹਾਂ?” ਹੁਣ ਉਹਦੇ ਤਰੀਕੇ ਵਿਚ ਨਿਮਰਤਾ ਭਾਵੇਂ ਸੀ ਪਰ ਜਿ਼ੱਦ ਸਾਫ ਝਲਕ ਰਹੀ ਸੀ। ਮੈਂ ਉਹਦੇ ਲੰਮੇ ਵਾਲਾਂ ਵਾਲੀ ਗੁੱਤ ਪਿਛਾਂਹ ਕੀਤੀ, “ਸੋਹਣੋ, ਤੈਨੂੰ ਮੈਂ ਕਦ ਕਿਹਾ ਕਿ ਕੋਈ ਲੜਕਾ ਤੇਰਾ ਦੋਸਤ ਨਹੀਂ ਬਣ ਸਕਦਾ?”
ਉਹਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ, “ਸੱਚੀਂ ਮਾਂ, ਮੈਂ ਕਿਸੇ ਲੜਕੇ ਨੂੰ ਦੋਸਤ ਬਣਾ ਸਕਦੀ ਆਂ?”
“ਬਿਲਕੁਲ ਬਣਾ ਸਕਦੀ ਏਂ।” ਉਹਦੀਆਂ ਮਾਸੂਮ ਜਿਹੀਆਂ ਅੱਖਾਂ ਵਿਚਲੀ ਚਮਕ ਹੋਰ ਚਮਕ ਪਈ। ਮੈਂ ਮਾਂ ਦੇ ਦਿਲ ਦੇ ਡਰ ਵਾਲੀ ਗੱਲ ਪੁੱਛੀ, “ਤੂੰ ਉਸ ਦੋਸਤ ਨਾਲ ਕਿੱਦਾਂ ਦੀ ਦੋਸਤੀ ਰੱਖਣਾ ਚਾਹੁੰਦੀ ਆਂ?” ਉਹ ਮਾਸੂਮੀਅਤ ਦਾ ਮੁਜੱਸਮਾ ਬਣੀ ਹੋਈ ਸੀ, “ਮੈਂ ਕਦੇ ਕਦੇ ਉਹਦੇ ਹੱਥਾਂ ਵਿਚ ਹੱਥ ਪਾ ਕੇ ਸੈਰ ਕਰਨਾ ਚਾਹੁੰਨੀ ਆਂ, ਉਹਦੇ ਨਾਲ ਫਿਲਮ ਦੇਖਣ ਜਾਣਾ ਚਾਹੁੰਨੀ ਆਂ, ਸਕੂਲ ਦੀ ਪੜ੍ਹਾਈ ਉਹਦੇ ਨਾਲ ਕਰਨਾ ਚਾਹੁੰਨੀ ਆਂ, ਉਹਦੇ ਨਾਲ ਦੇਰ ਤੱਕ ਨਹਿਰ ਵੱਲ ਸਾਇਕਲ ਚਲਾ ਕੇ ਅਨੰਦ ਲੈਣਾ ਚਾਹੁੰਦੀ ਆਂ, ਛੁੱਟੀ ਵਾਲੇ ਦਿਨ ਉਸ ਨਾਲ ਪਿਕਨਿਕ ਮਨਾਉਣਾ ਚਾਹੁੰਦੀ ਤੇ ਰੰਗ ਬਰੰਗੀਆਂ ਤਿਤਲੀਆਂ ਫੜਨਾ ਚਾਹੁੰਦੀ ਆਂ, ਤੇ ਉਹਨੂੰ ਇਹ ਵੀ ਦੱਸਣਾ ਚਾਹੁੰਦੀ ਆਂ ਕਿ ਮੇਰੀ ਪਸੰਦ ਦਾ ਕਿਹੜਾ ਰੰਗ ਆ!”
ਇਹ ਕਹਿ ਕੇ ਉਹ ਹੱਸ ਪਈ। ਮੈਂ ਉਹਦੀਆਂ ਅੱਖਾਂ ਵਿਚ ਬਹੁਤ ਖੂਬਸੂਰਤ ਤੇ ਪਿਆਰਾ ਜਿਹਾ ਭੋਲਾ ਸੰਸਾਰ ਦੇਖਿਆ ਜਿਹੜਾ ਜਿਸਮਾਂ ਦੀ ਭੁੱਖ ਅਤੇ ਹੋਂਠਾਂ ਦੇ ਚੁੰਮਣ ਤੋਂ ਕਿਧਰੇ ਦੂਰ ਸੀ। ਫਿਰ ਵੀ ਤਸੱਲੀ ਲਈ ਤਰੀਕੇ ਜਿਹੇ ਨਾਲ ਪੁੱਛਿਆ, “ਹੋਰ ਤੂੰ ਉਸ ਦੋਸਤ ਨਾਲ ਕੀ ਕਰਨਾ ਚਾਹੁੰਨੀ ਆਂ?” ਨਾਲ ਹੀ ਚੋਰ ਨਜ਼ਰ ਨਾਲ ਉਸ ਵੱਲ ਦੇਖਿਆ।
ਉਹ ਹੈਰਾਨ ਹੋਈ ਮੇਰੇ ਵੱਲ ਝਾਕੀ, “ਹੋਰ ਦਾ ਕੀ ਮਤਲਬ?” ਉਹ ਸ਼ਾਇਦ ਅਜੇ ਵੀ ਮੇਰਾ ਇਸ਼ਾਰਾ ਸਮਝੀ ਨਹੀਂ ਸੀ। ਮੈਂ ਗੱਲ ਸਪਸ਼ਟ ਕੀਤੀ, “ਓਹ ਕੁੜੀ ਲੌਰਾ ਆ ਜਿਹੜੀ, ਉਹਦਾ ਦੋਸਤ ਜਰਮਨ ਮੁੰਡਾ ਆ ਨਾ”, ਕਹਿ ਕੇ ਮੈਂ ਚੁੱਪ ਹੋ ਗਈ।
“ਹਾਂ… ਫਿਰ!” ਧੀ ਦੇ ਬੋਲਾਂ ਵਿਚ ਗੁੱਸਾ ਰਲ ਗਿਆ ਸੀ, ਜਿਵੇਂ ਮੇਰਾ ਇਸ਼ਾਰਾ ਸਮਝ ਗਈ ਹੋਵੇ।
“ਉਹਦੀ ਉਮਰ 16-17 ਸਾਲ ਦੀ ਆ, ਪੜ੍ਹਾਈ ਛੱਡ ਕੇ ਉਸ ਮੁੰਡੇ ਨਾਲ ਰਹਿ ਰਹੀ ਆ, ਸ਼ਾਇਦ ਉਹਦੇ ਬੱਚਾ ਵੀ ਹੋਣ ਵਾਲਾ।” ਮੈਂ ਇੱਕੋ ਸਾਹ ਦਿਲ ਦਾ ਡਰ ਧੀ ਅੱਗੇ ਖੋਲ੍ਹ ਦਿੱਤਾ।
ਉਹਨੇ ਕੁਰਸੀ ਮੇਰੇ ਲਾਗੇ ਖਿੱਚੀ, ਤੇ ਮੇਰੇ ਹੱਥ ਤੇ ਹੱਥ ਰੱਖ ਕੇ ਆਖਣ ਲੱਗੀ, “ਮਾਂ ਤੂੰ ਅੱਜ ਤੱਕ ਮੇਰੀ ਮਾਂ ਨਹੀਂ, ਸਹੇਲੀ ਬਣ ਕੇ ਮੇਰੇ ਨਾਲ ਨਾਲ ਤੁਰੀ ਆਂ।”
“ਮੇਰੇ ਅੰਦਰ ਤੇਰੇ ਲਈ ਮਾਂ ਵਾਲਾ ਡਰ ਨਹੀਂ, ਸਹੇਲੀ ਵਾਲਾ ਵਿਸ਼ਵਾਸ ਆ। ਤੂੰ ਮੇਰੇ ’ਤੇ ਯਕੀਨ ਕਰੇਂਗੀ, ਮੈਨੂੰ ਸਮਝੇਂਗੀ ਵੀ।”
“ਮੈਂ ਵਾਅਦਾ ਕਰਦੀ ਆਂ, ਕਦੇ ਕੋਈ ਐਸਾ ਕੰਮ ਨਹੀਂ ਕਰੂੰਗੀ ਕਿ ਤੇਰੇ ਤੇ ਬਾਪ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਨਾ ਦੇਖ ਸਕਾਂ।” ਉਹਨੇ ਮੇਰਾ ਹੱਥ ਚੁੰਮ ਲਿਆ। ਮੈਂ ਉਹਦੀਆਂ ਅੱਖਾਂ ’ਚ ਅੱਖਾਂ ਪਾਈਆਂ, ਅਰਦਾਸ ਕੀਤੀ- ‘ਬਾਬਾ ਜੀ ਇੱਦਾਂ ਹੀ ਕਰਨ’।
ਉਸ ਦਿਨ ਮਗਰੋਂ ਜਰਮਨ ਮੂਲ ਦਾ ਖੂਬਸੂਰਤ ਲੜਕਾ ਜਾਹਨਸ ਦੋ ਚਾਰ ਵਾਰ ਮੈਂ ਘਰ ਆਇਆ ਦੇਖਿਆ। ਮਾਰੀਨ, ਈਜ਼ਾ ਪਾਉਲਾ ਵੀ ਕਦੇ ਕਦੇ ਕਮਰੇ ’ਚ ਹੁੰਦੀਆਂ ਸਨ। ਘਰ ’ਚ ਰੌਣਕ ਲਗਦੀ। ਕਦੇ ਗਰਮੀ ਰੁੱਤੇ ਘਰ ਮੂਹਰਲੀ ਸੜਕ ’ਤੇ ਸਾਇਕਲਾਂ ਦੀਆਂ ਟੱਲੀਆਂ ਵਜਾ ਵਜਾ ਜਾਹਨਸ, ਯਹਿਗੋ, ਸਟੀਫ ਤੇ ਹੋਰ ਕੁੜੀਆਂ ਉੱਚੀ ਉੱਚੀ ਹੱਸਦੇ ਹੁੰਦੇ। ਮੇਰੀ ਧੀ ਦਾ ਹਾਸਾ ਸਭ ਤੋਂ ਉੱਚਾ ਹੁੰਦਾ। ਉਹ ਸਾਇਕਲ ਚਲਾਉਂਦੀ ਕਦੇ ਹੱਥ ਛੱਡਦੀ, ਕਦੇ ਡਰ ਨਾਲ ਜ਼ੋਰ ਦੀ ਚੀਕ ਮਾਰਦੀ। ਜਾਹਨਸ ਉਹਦੇ ਮਗਰ ਮਗਰ ਦੌੜਦਾ। ਕਦੇ ਉਹ ਸਾਹਮਣੇ ਪਾਰਕ ’ਚ ਕਈ ਕਈ ਘੰਟੇ ਬੈਠੇ ਰਹਿੰਦੇ, ਕਦੇ ਗਾਣੇ ਲਾ ਕੇ ਡਾਂਸ ਕਰਦੇ।
ਅੱਜ ਜਾਹਨਸ ਜਰਮਨ ਪੁਲੀਸ ’ਚ ਹੈ ਤੇ ਉਹਦੀ ਸ਼ਾਦੀ ਉਸ ਦੇ ਮਹਿਕਮੇ ਵਿਚ ਅਮਰੀਕਨ ਮੂਲ ਦੀ ਕੁੜੀ ਨਾਲ ਹੋ ਚੁੱਕੀ ਹੈ। ਮੇਰੀ ਧੀ ਇਸ ਵਕਤ ਮੈਡੀਕਲ ਕਰ ਰਹੀ ਹੈ। ਮਾਰੀਨ ਸਾਡੇ ਹੀ ਸ਼ਹਿਰ ਵਿਚ ਪੁਲੀਸ ਮਹਿਕਮੇ ਵਿਚ ਹੈ, ਈਜ਼ਾ ਵਕਾਲਤ ਕਰ ਰਹੀ ਹੈ ਤੇ ਯਹਿਗੋ ਇੰਜਨੀਅਰਿੰਗ ਕਰ ਰਿਹਾ ਹੈ।
ਕਦੇ ਕਦੇ ਜਾਹਨਸ ਆਪਣੀ ਘਰਵਾਲੀ ਨਾਲ ਮੇਰੀ ਧੀ ਅਤੇ ਮੈਨੂੰ ਮਿਲਣ ਆਵੇਗਾ, ਤੇ ਕਹੇਗਾ, “ਸੱਚੀਂ, ਉਹ ਦਿਨ ਬਹੁਤ ਸੋਹਣੇ ਸੀ।” ਮੇਰੀ ਧੀ ਹੱਸ ਕੇ ਮੈਨੂੰ ਕਹੇਗੀ, “ਮਾਂ ਇਹ ਜਾਹਨਸ ਸੀ ਜਿਸ ਦੇ ਹੱਥਾਂ ਵਿਚ ਮੈਂ ਦੋਸਤੀ ਵਾਲਾ ਹੱਥ ਫੜ ਕੇ ਸੈਰ ਕਰਨਾ ਚਾਹੁੰਦੀ ਸੀ।” ਫਿਰ ਅਸੀਂ ਸਾਰੇ ਹੱਸ ਪੈਂਦੇ।
ਮੇਰੀ ਧੀ ਬਹੁਤ ਪਿਆਰ ਨਾਲ ਮੇਰੇ ਵਾਲ ਸਿੱਧੇ ਕਰਦੀ ਕਹੇਗੀ, “ਸ਼ੁਕਰੀਆ, ਤੂੰ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਮੇਰੀ ਉਮਰ ਦੇ ਰੰਗ ਤੇ ਚਾਅ ਤੇ ਮੇਰੀ ਪਸੰਦ ਦੇ ਦੋਸਤਾਂ ਦਾ ਸੰਗ ਸਮਾਂ ਹੰਢਾਉਣ ਨੂੰ ਦਿੱਤਾ। ਮੈਨੂੰ ਤੇਰੇ ਕੋਲੋਂ ਲੁਕ ਲੁਕ ਕੇ ਕੁਝ ਨਹੀਂ ਕਰਨਾ ਪਿਆ। ਮੈਂ ਖੁਸ਼ਨਸੀਬ ਆਂ ਕਿ ਤੂੰ ਮੇਰੀ ਮਾਂ ਘੱਟ, ਸਹੇਲੀ ਜਿ਼ਆਦਾ ਆਂ।”
ਜਦ ਵੀ ਛੁੱਟੀ ਵਾਲੇ ਦਿਨ ਧੀ ਘਰ ਆਉਂਦੀ ਹੈ ਤਾਂ ਮੈਂ ਉਸ ਤੋਂ ਪੁੱਛਾਂਗੀ, “ਅੱਛਾ ਚੱਲ ਸੁਣਾ ਹੁਣ ਕਿਸੇ ਡਾਕਟਰ ਦਾ ਕੋਈ ਸ਼ੋਸ਼ਾ।” ਉਹ ਸ਼ੋਸ਼ਾ ਸ਼ਬਦ ਸੁਣ ਕੇ ਬਹੁਤ ਹੱਸੇਗੀ।
ਕਦੇ ਅਸੀਂ ਦੋਵੇਂ ਡੂੰਘੀ ਰਾਤ ਤੱਕ ਜਾਗਦੀਆਂ ਰਹਿੰਦੀਆਂ, ਹੱਸਦੀਆਂ ਗੱਲਾਂ ਕਰਦੀਆਂ, ਜਿਵੇਂ ਸਹੇਲੀਆਂ ਸਹੇਲੀਆਂ ਮਜ਼ਾਕ ਕਰਦੀ ਹੋਵਣ।
ਸੰਪਰਕ: 0049-1516-5113297