ਨਾਰਾਇਣੀ ਗਣੇਸ਼
ਮਹਾਸਾਗਰਾਂ-ਸਮੁੰਦਰਾਂ ਨੇ ਸਾਡੀਆਂ ਭੇਟਾਵਾਂ ਕਦੇ ਵੀ ਅਪ੍ਰਵਾਨ ਨਹੀਂ ਕੀਤੀਆਂ, ਭਾਵੇਂ ਇਹ ਚਿੱਕੜ/ਗਾਰਾ ਹੋਵੇ, ਭਾਵੇਂ ਸੀਵਰੇਜ, ਜ਼ਹਿਰੀਲੇ ਮਾਦੇ ਹੋਣ, ਸਨਅਤੀ ਰਹਿੰਦ-ਖੂਹੰਦ, ਪਲਾਸਟਿਕ ਹੋਵੇ ਜਾਂ ਹੋਰ ਕੂੜਾ-ਕਰਕਟ। ਹਾਲਾਤ ਉਦੋਂ ਬਹੁਤ ਨਾਜ਼ੁਕ ਹੋ ਗਏ ਜਦੋਂ ਇਹ ਜ਼ਹਿਰੀਲਾ ਮਾਦਾ ਸਮੁੰਦਰੀ ਜੀਵਨ-ਚੱਕਰ ਵਿਚ ਦਾਖ਼ਲ ਹੋ ਕੇ ਉਥੋਂ ਸਮੁੰਦਰੀ ਖ਼ੁਰਾਕ ਰਾਹੀਂ ਸਾਡੇ ਭੋਜਨ ਦੀਆਂ ਥਾਲੀਆਂ ਤੱਕ ਪੁੱਜ ਗਿਆ। ਇਨਸਾਨ ਹੁਣ ਤੱਕ ਦਰਿਆਵਾਂ, ਝੀਲਾਂ, ਤਲਾਬਾਂ, ਸਮੁੰਦਰਾਂ ਅਤੇ ਮਹਾਸਾਗਰਾਂ ਨੂੰ ਅਥਾਹ ਨੁਕਸਾਨ ਪਹੁੰਚਾ ਚੁੱਕਾ ਹੈ, ਇਹ ਜਾਣਦੇ ਹੋਣ ਦੇ ਬਾਵਜੂਦ ਕਿ ਧਰਤੀ ਉਤੇ ਅੱਧੀ ਆਕਸੀਜਨ ਦੀ ਹੋਂਦ ਸਮੁੰਦਰਾਂ ਕਾਰਨ ਹੀ ਹੈ। ਇਸ ਦੇ ਬਾਵਜੂਦ ਅਸੀਂ ਕਿਉਂ ਆਪਣਾ ਹੀ ਸਾਹ ਘੁੱਟ ਰਹੇ ਹਾਂ?
ਪੁਰਤਗਾਲ ਵਿਚ 27 ਜੂਨ ਤੋਂ ਪਹਿਲੀ ਜੁਲਾਈ ਤੱਕ ਹੋਈ ਸੰਯੁਕਤ ਰਾਸ਼ਟਰ ਮਹਾਸਾਗਰ ਕਾਨਫਰੰਸ ਵਿਚ ਇਨ੍ਹਾਂ ਅਤੇ ਹੋਰ ਬਹੁਤ ਸਾਰੀਆਂ ਵੰਗਾਰਾਂ ਉਤੇ ਰੌਸ਼ਨੀ ਪਾਈ ਗਈ ਤੇ ਸਮੱਸਿਆ ਦੇ ਹੱਲ ਲਈ ਆਲਮੀ ਪੱਧਰ ’ਤੇ ਚੁੱਕੇ ਜਾਣ ਵਾਲੇ ਕਦਮਾਂ ਬਾਬਤ ਵਿਚਾਰਾਂ ਕੀਤੀਆਂ ਗਈਆਂ। ਨਾਲ ਹੀ ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਕਿ ਦੁਨੀਆ ਭਰ ਵਿਚ ਕਿਤੇ ਵੀ ਸਥਿਤ ਜਲ ਸਰੋਤਾਂ/ਭੰਡਾਰਾਂ ਦੀ ਪਵਿੱਤਰਤਾ ਬਣਾਈ ਰੱਖਣ ਦੀ ਲੋੜ ਬਾਰੇ ਜਾਗਰੂਕਤਾ ਜ਼ਰੂਰੀ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਨੇ ਸਮੁੰਦਰਾਂ ਦੀ ਬਦਇੰਤਜ਼ਾਮੀ ਕਾਰਨ ਹੋਏ ਸਮਾਜਿਕ ਤੇ ਮਾਲੀ ਨੁਕਸਾਨਾਂ ਬਦਲੇ ਸਾਲਾਨਾ ਇਕ ਖਰਬ ਡਾਲਰ ਦੀ ਵਸੂਲੀ ਵਿਚ ਸਹਿਯੋਗ ਦੇਣ ਲਈ ‘ਮਹਾਸਾਗਰ ਵਾਅਦਾ’ (Ocean Promise) ਕੀਤਾ ਹੈ।
ਕਾਨਫਰੰਸ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ, “ਜਦੋਂ ਅਸੀਂ ਧਰਤੀ ਨੂੰ ਅਸਮਾਨ ਵਿਚੋਂ ਦੇਖਦੇ ਹਾਂ ਤਾਂ ਖ਼ੁਸ਼ ਹੁੰਦੇ ਹਾਂ ਕਿ ਅਸੀਂ ਸੱਚਮੁੱਚ ਨੀਲੇ ਗ੍ਰਹਿ ਉਤੇ ਰਹਿ ਰਹੇ ਹਾਂ। ਸਮੁੰਦਰ ਸਾਨੂੰ ਜੋੜਦੇ ਹਨ ਪਰ ਅਫ਼ਸੋਸ, ਅਸੀਂ ਸਮੁੰਦਰਾਂ ਨੂੰ ਹਲਕੇ ਢੰਗ ਨਾਲ ਲਿਆ ਹੈ ਅਤੇ ਅੱਜ ਅਸੀਂ ਜਿਸ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ, ਉਸ ਨੂੰ ਮੈਂ ‘ਸਮੁੰਦਰੀ ਹੰਗਾਮੀ ਹਾਲਤ’ (Ocean Emergency) ਹੀ ਕਹਾਂਗਾ।”
ਯੂਐੱਨ ਦਾ ਦਿਲ-ਕੰਬਾਊੁ ਦ੍ਰਿਸ਼ ਇਹ ਹੈ ਕਿ ਆਲਮੀ ਤਪਸ਼ ਸਮੁੰਦਰਾਂ ਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਰਿਕਾਰਡ ਪੱਧਰ ’ਤੇ ਵਧਾ ਰਹੀ ਹੈ ਜਿਸ ਕਾਰਨ ਵਾਰ ਵਾਰ ਅਤੇ ਭਿਆਨਕ ਤੂਫ਼ਾਨ ਆ ਰਹੇ ਹਨ। ਸਮੁੰਦਰਾਂ ਦਾ ਤਲ ਉੱਚਾ ਹੋ ਰਿਹਾ ਹੈ। ਨੀਵੇਂ ਟਾਪੂ-ਮੁਲਕਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹੋ ਹਾਲਾਤ ਸੰਸਾਰ ਦੇ ਅਹਿਮ ਸਾਹਿਲੀ ਸ਼ਹਿਰਾਂ ਨੂੰ ਦਰਪੇਸ਼ ਹਨ। ਵਾਤਾਵਰਨ ਸਬੰਧੀ ਸੰਕਟ ਸਮੁੰਦਰਾਂ ਨੂੰ ਜਿ਼ਆਦਾ ਤੇਜ਼ਾਬੀ ਬਣਾ ਰਹੇ ਹਨ ਜਿਸ ਨਾਲ ਸਮੁੰਦਰੀ ਖ਼ੁਰਾਕ ਲੜੀ ਵਿਚ ਵਿਘਨ ਪੈ ਰਿਹਾ ਹੈ। ਕਿਤੇ ਜਿ਼ਆਦਾ ਤੇਜ਼ੀ ਨਾਲ ਮੂੰਗੇ ਦੀਆਂ ਚੱਟਾਨਾਂ ਦਾ ਰੰਗ ਉਡ ਰਿਹਾ ਹੈ ਤੇ ਉਹ ਮਰ ਰਹੀਆਂ ਹਨ। ਸਮੁੰਦਰੀ ਕੰਢਿਆਂ ਦਾ ਜੈਵਿਕ ਢਾਂਚਾ ਜਿਵੇਂ ਜਵਾਰੀ ਬੇਲੇ, ਸਮੁੰਦਰੀ ਘਾਹ ਅਤੇ ਛੰਭਾਂ-ਜਲਗਾਹਾਂ ਦੀ ਤਬਾਹੀ ਹੋ ਰਹੀ ਹੈ। ਜ਼ਮੀਨੀ ਪ੍ਰਦੂਸ਼ਣ ਕਾਰਨ ਵਿਆਪਕ ਇਲਾਕਿਆਂ ਵਿਚ ਸਾਹਿਲੀ ਨਿਰਜਿੰਦ ਖਿੱਤੇ (coastal dead zones) ਪੈਦਾ ਹੋ ਰਹੇ ਹਨ। ਕਰੀਬ 80 ਫ਼ੀਸਦੀ ਗੰਦਾ ਪਾਣੀ ਬਿਨਾ ਸੁਧਾਈ ਦੇ ਸਿੱਧਾ ਸਮੁੰਦਰ ਵਿਚ ਵਹਾ ਦਿੱਤਾ ਜਾਂਦਾ ਹੈ। ਇਉਂ ਹਰ ਸਾਲ ਕਰੀਬ 80 ਲੱਖ ਟਨ ਪਲਾਸਟਿਕ ਕੂੜਾ ਸਮੁੰਦਰਾਂ ਵਿਚ ਆਣ ਡਿੱਗਦਾ ਹੈ। ਜੇ ਇਸ ਨੂੰ ਰੋਕਣ ਲਈ ਕਾਰਗਰ ਕਦਮ ਨਾ ਚੁੱਕੇ ਤਾਂ 2050 ਤੱਕ ਸਮੁੰਦਰਾਂ ਵਿਚ ਵਜ਼ਨ ਪੱਖੋਂ ਮੱਛੀਆਂ ਨਾਲੋਂ ਪਲਾਸਟਿਕ ਜਿ਼ਆਦਾ ਹੋ ਜਾਵੇਗੀ।
ਸਿਹਤਮੰਦ ਅਤੇ ਉਤਪਾਦਕ ਸਮੁੰਦਰ ਸਾਡੇ ਸਾਰਿਆਂ ਦੇ ਭਵਿੱਖ ਲਈ ਬਹੁਤ ਜ਼ਰੂਰੀ ਹੈ। ਸਮੁੰਦਰਾਂ ਦੇ ਕਾਨੂੰਨ ਸਬੰਧੀ ਯੂਐੱਨ ਕਨਵੈਨਸ਼ਨ ਨੂੰ ਲਾਗੂ ਹੋਇਆਂ 40 ਸਾਲ ਬੀਤ ਚੁੱਕੇ ਹਨ। ਹੁਣ ਵੱਡੇ ਸਮੁੰਦਰਾਂ ਬਾਰੇ ਨਵੇਂ ਸਮਝੌਤੇ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਆਲਮੀ ਪਲਾਸਟਿਕ ਸੰਕਟ ਦਾ ਹੱਲ ਕੀਤਾ ਜਾ ਸਕੇ ਕਿਉਂਕਿ ਇਸ ਕਾਰਨ ਸਾਡੇ ਸਮੁੰਦਰਾਂ ਦਾ ਦਮ ਘੁਟ ਰਿਹਾ ਹੈ। ਕਾਨਫਰੰਸਾਂ ਅਤੇ ਸੰਧੀਆਂ ਦੇ ਬਾਵਜੂਦ ਸਮੁੰਦਰਾਂ ਪ੍ਰਤੀ ਸਾਡੀ ਬੇਹੁਰਮਤੀ ਵਾਲੀ ਕਾਰਵਾਈ ਦਹਾਕਿਆਂ ਤੋਂ ਬੇਰੋਕ ਜਾਰੀ ਹੈ ਜਿਥੇ ਅਸੀਂ ਪਾਣੀਆਂ ਨੂੰ ਕਿਨਾਰੇ ਉਤੇ ਧੱਕ ਦਿੱਤਾ ਹੈ। ਕਾਰਨ ਇਹ ਕਿ ਇਹ ਸਮੁੰਦਰ ਜੋ ਧਰਤੀ ਉਤੇ ਸਭ ਤੋਂ ਵੱਡਾ ਬੇਨੇਮ ਖਿੱਤਾ ਕਰਾਰ ਦਿੱਤੇ ਜਾਂਦੇ ਹਨ (ਕਿਉਂਕਿ ਇਹ ਧਰਤੀ ਦੀ 70 ਫ਼ੀਸਦੀ ਸਤਹਿ ਉਤੇ ਫੈਲੇ ਹੋਏ ਹਨ) ਸਬੰਧੀ ਕਾਰਵਾਈਆਂ ਨੂੰ ਨੇਮਬੰਦ ਕਰਨ ਲਈ ਕੋਈ ਵੀ ਵਿਆਪਕ ਕਾਨੂੰਨੀ ਢਾਂਚਾ ਮੌਜੂਦ ਨਹੀਂ ਹੈ।
ਸੰਯੁਕਤ ਰਾਸ਼ਟਰ ਦੀ ਮਹਾਸਾਗਰ ਕਾਨਫਰੰਸ ਨੇ ਸਮੁੰਦਰਾਂ ਨੂੰ ਬਚਾਉਣ ਲਈ ਚਾਰ ਸਿਫ਼ਾਰਸ਼ਾਂ ਕੀਤੀਆਂ ਹਨ ਅਤੇ ਅਜਿਹਾ ਕਰ ਕੇ ਅਸੀਂ ਆਪਣੇ ਆਪ ਨੂੰ ਹੀ ਬਚਾ ਰਹੇ ਹੋਵਾਂਗੇ। ਇਹ ਸਮੁੰਦਰ ਹੀ ਹੈ ਜਿਸ ਨੂੰ ਧਰਤੀ ਉਤੇ ਪਨਪੇ ਹਰ ਤਰ੍ਹਾਂ ਦੇ ਜੀਵਨ ਦਾ ਜ਼ਰੀਆ ਮੰਨਿਆ ਜਾਂਦਾ ਹੈ ਅਤੇ ਇਹ ਵੀ ਸਮੁੰਦਰ ਹੀ ਹੈ ਜਿਹੜਾ ਦਹਿਸਦੀਆਂ ਤੋਂ ਸਾਨੂੰ ਸਾਹ ਲੈਣ ਅਤੇ ਧਰਤੀ ਉਤੇ ਜਿ਼ੰਦਾ ਰਹਿਣ ਵਿਚ ਮਦਦ ਕਰ ਰਿਹਾ ਹੈ।
ਪਹਿਲਾ, ਸਾਨੂੰ “ਖ਼ੁਰਾਕ, ਨਵਿਆਉਣਯੋਗ ਊਰਜਾ ਅਤੇ ਰੋਜ਼ੀ-ਰੋਟੀ ਲਈ ਟਿਕਾਊ ਸਮੁੰਦਰੀ ਅਰਥਚਾਰਿਆਂ ਵਿਚ ਨਿਵੇਸ਼ ਕਰਨ ਦੀ ਲੋੜ ਹੈ। ਇਸ ਲਈ ਸਮੁੰਦਰੀ ਭੋਜਨ ਸਬੰਧੀ ਟਿਕਾਊ ਢੰਗ-ਤਰੀਕਿਆਂ ਨੂੰ ਹੱਲਾਸ਼ੇਰੀ ਦੇਣ ਲਈ ਲੰਬੀ ਮਿਆਦ ਵਾਸਤੇ ਫੰਡ ਮੁਹੱਈਆ ਕਰਾਉਣ ਤੇ ਵਚਨਬੱਧਤਾ ਨਿਭਾਉਣ ਦੀ ਜ਼ਰੂਰਤ ਹੋਵੇਗੀ।”
ਦੂਜਾ, “ਸਮੁੰਦਰ ਨੂੰ ਲਾਜ਼ਮੀ ਤੌਰ ’ਤੇ ਇਸ ਗੱਲ ਲਈ ਮਾਡਲ ਬਣਾਇਆ ਜਾਣਾ ਚਾਹੀਦਾ ਹੈ ਕਿ ਅਸੀਂ ਆਪਣੀ ਵਡੇਰੀ ਭਲਾਈ ਲਈ ਆਪਣੇ ਸਾਂਝੇ ਆਲਮੀ ਸਰੋਕਾਰਾਂ ਨੂੰ ਕਿਵੇਂ ਪ੍ਰਬੰਧਤ ਕਰ ਸਕਦੇ ਹਾਂ।” ਇਸ ਲਈ ਬਹੁਤ ਜ਼ਰੂਰੀ ਹੈ ਕਿ ਹਰ ਤਰ੍ਹਾਂ ਦੇ ਸਮੁੰਦਰੀ ਪ੍ਰਦੂਸ਼ਣ ਨੂੰ ਰੋਕਿਆ ਤੇ ਘਟਾਇਆ ਜਾਵੇ ਅਤੇ ਨਾਲ ਹੀ ਪਾਣੀਆਂ ਦੀ ਸੰਭਾਲ ਤੇ ਵਧੀਆ ਸਾਹਿਲੀ ਪ੍ਰਬੰਧਨ ਨੂੰ ਅਮਲ ਵਿਚ ਲਿਆਉਣ ਲਈ ਕਦਮ ਚੁੱਕੇ ਜਾਣ।
ਤੀਜਾ, “ਸਾਨੂੰ ਸਮੁੰਦਰਾਂ ਅਤੇ ਉਨ੍ਹਾਂ ਲੋਕਾਂ ਜਿਨ੍ਹਾਂ ਦੀ ਰੋਜ਼ੀ ਸਮੁੰਦਰਾਂ ਉਤੇ ਨਿਰਭਰ ਹੈ, ਦੀ ਵਾਤਾਵਰਨ ਤਬਦੀਲੀ ਦੇ ਅਸਰਾਂ ਤੋਂ ਸੁਰੱਖਿਆ ਯਕੀਨੀ ਬਣਾਉਣੀ ਹੋਵੇਗੀ। ਇਸ ਤੋਂ ਅਗਾਂਹ ਸਾਨੂੰ ਸਮੁੰਦਰੀ ਜੈਵਿਕ ਪ੍ਰਬੰਧ ਨੂੰ ਸੁਰੱਖਿਅਤ ਕਰਨ ਪਵੇਗਾ ਜਿਸ ਵਿਚ ਜਵਾਰੀ ਬੇਲੇ, ਜਲਗਾਹਾਂ ਤੇ ਮੂੰਗੇ ਦੀਆਂ ਚੱਟਾਨਾਂ ਵੀ ਸ਼ਾਮਲ ਹਨ ਅਤੇ ਨਾਲ ਹੀ ਜਹਾਜ਼ਰਾਨੀ (ਸਮੁੰਦਰੀ ਆਵਾਜਾਈ) ਨੂੰ ਵੀ ਹੁਣ ਨਾਲੋਂ ਜਿ਼ਆਦਾ ਹਰਿਆਲੀ (ਵਾਤਾਵਰਨ ਪੱਖੀ) ਬਣਾਉਣਾ ਹੋਵੇਗਾ। ਸਮੁੰਦਰ ਵਿਚ ਤੇਲ ਦੇ ਰਿਸਾਅ ਦੀਆਂ ਘਟਨਾਵਾਂ ਨੂੰ ਰੋਕਣਾ ਹੋਵੇਗਾ, ਇਸ ਦਾ ਸਮੁੰਦਰੀ ਜੀਵਾਂ ਉਤੇ ਬਹੁਤ ਮਾਰੂ ਅਸਰ ਪੈਂਦਾ ਹੈ। ਸਾਹਿਲੀ ਇਲਾਕਿਆਂ ਵਿਚ ਅਗਾਊਂ ਚਿਤਾਵਨੀ ਪ੍ਰਣਾਲੀ ਉਥੇ ਰਹਿਣ ਵਾਲੇ ਭਾਈਚਾਰਿਆਂ ਨੂੰ ਕਿਸੇ ਵੀ ਹਾਲਾਤ ਲਈ ਪਹਿਲਾਂ ਚੇਤੰਨ ਤੇ ਉਸ ਦੇ ਟਾਕਰੇ ਲਈ ਤਿਆਰ ਕਰੇਗੀ। ਚੌਥਾ, ਯੂਐੱਨ ਵਿਗਿਆਨ ਤੇ ਨਵੀਆਂ ਕਾਢਾਂ ਨੂੰ ਵਧੇਰੇ ਤਵੱਜੋ ਦੇਣ ਦੀ ਸਲਾਹ ਦਿੰਦਾ ਹੈ ਤਾਂ ਕਿ ਇਹ ਸਾਨੂੰ ਆਲਮੀ ਸਮੁੰਦਰੀ ਕਾਰਵਾਈ ਲਈ ਇਕ ਨਵੇਂ ਅਧਿਆਏ ਲਈ ਸੇਧ ਦੇ ਸਕਣ।”
ਜਿਥੋਂ ਤੱਕ ਭਾਰਤ ਦਾ ਸਵਾਲ ਹੈ, ਇਸ ਦਾ 7500 ਕਿਲੋਮੀਟਰ ਲੰਮਾ ਸਾਹਿਲ ਇਸ ਨੂੰ ਅਹਿਮ ਸੁਰੱਖਿਆ ਮੁੱਦਾ ਬਣਾਉਂਦਾ ਹੈ। ਸਮੁੰਦਰੀ ਸੁਰੱਖਿਆ ਨੂੰ ਤਰਜੀਹ ਦੇਣੀ ਲਾਜ਼ਮੀ ਹੈ ਪਰ ਨਾਲ ਹੀ ਸਮੁੰਦਰ ਨੂੰ ਟਿਕਾਊਪਣ ਅਤੇ ਰੋਜ਼ੀ-ਰੋਟੀ ਦੇ ਅਹਿਮ ਵਸੀਲੇ ਵਜੋਂ ਸੰਭਾਲਣਾ ਵੀ ਬਹੁਤ ਅਹਿਮੀਅਤ ਰੱਖਦਾ ਹੈ। ਤਿੰਨ ਦਹਾਕਿਆਂ ਤੋਂ ਵੀ ਪਹਿਲਾਂ ਡੂੰਘੇ ਸਮੁੰਦਰਾਂ ਨੂੰ ਘੋਖਣ ਵਾਲੇ ਫਰਾਂਸੀਸੀ ਮਾਹਿਰ ਤੇ ਫੋਟੋਗ੍ਰਾਫਰ ਯਾਕ ਕੌਸਟੋ ਜਿਸ ਨੇ ਸਕੂਬਾ ਗ਼ੋਤਾਖ਼ੋਰਾਂ ਲਈ ਐਕੁਆ ਲੰਗ ਦੀ ਕਾਢ ਕੱਢੀ ਸੀ, ਨੇ ਸਾਨੂੰ ਹਿੰਦ ਮਹਾਸਾਗਰ ਵਿਚ ਫੈਲ ਰਹੇ ਪ੍ਰਦੂਸ਼ਣ ਬਾਰੇ ਖ਼ਬਰਦਾਰ ਕੀਤਾ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਸਮੁੰਦਰ ਨੂੰ ਪਲੀਤੀ ਤੋਂ ਬਚਾਉਣ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ। ਅੱਜ ਉਸ ਦੇ ਪੋਤਰੇ ਫਿਲਿਪ ਕੌਸਟੋ ਜੋ ਵਾਤਾਵਰਨ ਪ੍ਰੇਮੀ ਤੇ ਸਮੁੰਦਰੀ ਮਾਹਿਰ ਹੈ, ਦਾ ਕਹਿਣਾ ਹੈ ਕਿ ਅਜੇ ਵੀ ਵੇਲਾ ਹੈ, ਸਮੁੰਦਰਾਂ ਨੂੰ ਬਚਾਇਆ ਜਾ ਸਕਦਾ ਹੈ, ਅਜੇ ਬਹੁਤੀ ਦੇਰ ਨਹੀਂ ਹੋਈ, ਬਸ਼ਰਤੇ ਅਸੀਂ ਹਾਂਦਰੂ ਕਦਮ ਉਠਾਈਏ ਅਤੇ ਵਚਨਬੱਧਤਾ ਤੇ ਠੋਸ ਇਰਾਦੇ ਦਾ ਮੁਜ਼ਾਹਰਾ ਕਰੀਏ। ਉਸ ਨੇ ਇਕ ਇੰਟਰਵਿਊ ਵਿਚ ਕਿਹਾ, “ਅਸੀਂ ਜਾਣਦੇ ਹਾਂ ਕਿ ਸਮੁੰਦਰ ਦੇ 30 ਫ਼ੀਸਦੀ ਹਿੱਸੇ ਨੂੰ ਬਚਾਉਣ ਲਈ ਕਰੀਬ 255 ਅਰਬ ਡਾਲਰ ਦੀ ਲਾਗਤ ਆਵੇਗੀ। ਆਲਮੀ ਅਰਥਚਾਰੇ ਨੇ ਕਰੋਨਾ ਵਾਇਰਸ ਦੇ ਟਾਕਰੇ ਲਈ ਜੋ ਸਰਮਾਇਆ ਖ਼ਰਚਿਆ ਹੈ, ਇਹ ਉਸ ਦਾ ਇਕ ਅੰਸ਼ ਹੀ ਹੈ। ਇਸ ਲਈ ਪੈਸੇ ਦੀ ਘਾਟ ਨਹੀਂ ਹੈ… ਸਾਨੂੰ ਬੱਸ ਸਿਆਸੀ ਠੋਸ ਇਰਾਦੇ ਦੀ ਲੋੜ ਹੈ… ਤਾਂ ਕਿ ਇਸ ਨੂੰ ਸਾਕਾਰ ਕੀਤਾ ਜਾ ਸਕੇ…।”
ਸਮੁੰਦਰਾਂ ਨੂੰ ਬਚਾਉਣ ਲਈ ਸਿਆਸੀ ਠੋਸ ਇਰਾਦਾ ਅਤੇ ਫੰਡਿੰਗ ਬਹੁਤ ਅਹਿਮ ਹੋ ਸਕਦੀ ਹੈ ਪਰ ਨਾਲ ਹੀ ਇਸ ਮਕਸਦ ਲਈ ਜਨਤਕ ਸਹਿਯੋਗ ਤੇ ਸਮਰਥਨ ਹਾਸਲ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਦੁਨੀਆ ਭਰ ਦੇ ਸਮੁੰਦਰਾਂ ਦੀ ਮੌਜੂਦਾ ਨਾਜ਼ੁਕ ਹਾਲਤ ਅਤੇ ਇਹ ਹਾਲਤ ਕਿਵੇਂ ਸਾਡੀ ਜਿ਼ੰਦਗੀ ਉਤੇ ਗੰਭੀਰ ਮਾਰੂ ਅਸਰ ਪਾ ਸਕਦੀ ਹੈ, ਬਾਰੇ ਵੱਡੇ ਪੱਧਰ ’ਤੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਪਲਾਸਟਿਕ ਕੂੜਾ ਅੱਜ ਬਿਲਕੁਲ ਦੂਰ-ਦੂਰਾਡੇ ਅਤੇ ਡੂੰਘੇ ਤੋਂ ਡੂੰਘੇ ਸਮੁੰਦਰਾਂ ਵਿਚ ਵੀ ਮਿਲ ਰਿਹਾ ਹੈ। ਇਹ ਸਮੁੰਦਰੀ ਜੀਵਾਂ ਲਈ ਮਾਰੂ ਸਾਬਤ ਹੁੰਦਾ ਹੈ ਅਤੇ ਨਾਲ ਹੀ ਉਨ੍ਹਾਂ ਭਾਈਚਾਰਿਆਂ ਲਈ ਵੀ ਮਾਰੂ ਹੈ ਜਿਨ੍ਹਾਂ ਦੀ ਰੋਜ਼ੀ-ਰੋਟੀ ਮੱਛੀਆਂ ਫੜਨ ਤੇ ਸੈਰ-ਸਪਾਟੇ ਉਤੇ ਨਿਰਭਰ ਹੈ।
ਵਾਤਾਵਰਨ ਤਬਦੀਲੀ ਬਾਰੇ ਬਹੁ-ਮੁਲਕੀ ਪੈਨਲ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਦੇ ਸੰਕਟ ਤੋਂ ਇਲਾਵਾ ਆਲਮੀ ਤਪਸ਼ ਦਾ ਵੀ ਵੱਡਾ ਖ਼ਤਰਾ ਹੈ ਜਿਸ ਕਾਰਨ ਸਮੁੰਦਰਾਂ ਦੇ ਪਾਣੀ ਗਰਮ ਹੋ ਰਹੇ ਹਨ। ਪਾਣੀ ਗਰਮ ਹੋਣ ਨਾਲ ਇਸ ਵਿਚ ਆਕਸੀਜਨ ਦੀ ਕਮੀ ਹੋ ਰਹੀ ਹੈ ਜਿਸ ਨਾਲ ਸਮੁੰਦਰੀ ਜੀਵਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਮਰ ਰਹੀਆਂ ਹਨ; ਜਾਂ ਫਿਰ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਪ੍ਰਜਾਤੀਆਂ ਧਰੁਵਾਂ ਵੱਲ ਜਾ ਰਹੀਆਂ ਹਨ ਜਿਥੇ ਪਾਣੀ ਮੁਕਾਬਲਤਨ ਠੰਢਾ ਹੁੰਦਾ ਹੈ। ਇਹ ਸੱਚਮੁੱਚ ਸਮੁੰਦਰੀ ਐਮਰਜੈਂਸੀ ਵਾਲੇ ਹਾਲਾਤ ਹਨ। ਸਮੁੰਦਰਾਂ ਨੇ ਸਾਨੂੰ ਜਿ਼ੰਦਗੀ ਦਿੱਤੀ ਹੈ; ਹੁਣ ਸਾਡੀ ਵਾਰੀ ਹੈ ਕਿ ਅਸੀਂ ਸਮੁੰਦਰਾਂ ਨੂੰ ਜਿ਼ੰਦਗੀ ਦੇਈਏ।
*ਲੇਖਕਾ ਸੀਨੀਅਰ ਪੱਤਰਕਾਰ ਹੈ।