ਨਾ ਝੰਗ ਛੁੱਟਿਆ ਨਾ ਕੰਨ ਪਾਟੇ...

ਨਾ ਝੰਗ ਛੁੱਟਿਆ ਨਾ ਕੰਨ ਪਾਟੇ...

ਜਤਿੰਦਰ ਸਿੰਘ

ਅਮਰੀਕਾ ਵਿਚ 25 ਮਈ 2020 ਨੂੰ ਗੋਰੇ ਪੁਲੀਸ ਵਾਲੇ ਨੇ ਸਿਆਹਫਾਮ ਜੌਰਜ ਫਲਾਇਡ ਦੀ ਧੌਣ ਉੱਤੇ ਗੋਡਾ ਰੱਖ ਕੇ ਉਸ ਦਾ ਕਤਲ ਕਰ ਦਿੱਤਾ। ਰੋਹ ਵਿਚ ਆਏ ਇਨਸਾਫ-ਪਸੰਦ ਅਮਰੀਕੀਆਂ ਨੇ ਮੁਜ਼ਾਹਰਿਆਂ ਦੀਆਂ ਝੜੀਆਂ ਲਾ ਦਿੱਤੀਆਂ। ਉਸ ਤਾਰੀਕ ਤੋਂ ਬਾਅਦ ਅਮਰੀਕਾ ਦਾ ਨਿਊ ਯਾਰਕ ਸ਼ਹਿਰ ਕਰੋਨਾ ਮਹਾਮਾਰੀ ਦੇ ਆਲਮੀ ਕੇਂਦਰ ਤੋਂ ਮੁਜ਼ਾਹਰਿਆਂ ਦੇ ਗੜ੍ਹ ਵਿਚ ਤਬਦੀਲ ਹੋ ਗਿਆ ਸੀ। ਕੁੱਲ ਆਲਮ ਦੀ ਇਨਸਾਫ-ਪਸੰਦ ਅਵਾਮ ਨੇ ਇਸ ਲੋਕ-ਸੰਗਰਾਮ ਨੂੰ ਬੜੀ ਨੀਝ ਨਾਲ ਵਾਚਿਆ। ਭਾਰਤੀ ਉਪ-ਮਹਾਂਦੀਪ ਵਿਚ ਸਮਾਜਿਕ ਬਰਾਬਰੀ ਦੀ ਬਾਤ ਪਾਉਣ ਵਾਲੇ ਵੀ ਉਨ੍ਹਾਂ ਪਲਾਂ ਦੀ ਉਡੀਕ ਕਰ ਰਹੇ ਹਨ ਜਦੋਂ ਅਵਾਮ ਨਿਜ਼ਾਮ ਦਾ ਸਾਹ ਲੈਣਾ ਔਖਾ ਕਰ ਦੇਵੇਗੀ ਪਰ ਸਮੁੱਚਾ ਭਾਰਤੀ ਸਮਾਜ ਅਜੇ ਉਨ੍ਹਾਂ ਪਲਾਂ ਨੂੰ ਜੀਣ ਲਈ ਤਿਆਰ ਨਹੀਂ ਹੋਇਆ ਜਾਪਦਾ।

ਲੱਖਾਂ ਮਜ਼ਦੂਰਾਂ ਦਾ ਸ਼ਹਿਰਾਂ ਨੂੰ ਅਲਵਿਦਾ ਆਖ ਸੈਂਕੜੇ ਕਿਲੋਮੀਟਰ ਦੂਰ ਪਿੰਡਾਂ ਵਿਚ ਵੱਸਦੇ ਆਪਣੇ ਘਰਾਂ ਵੱਲ ਕੂਚ ਕਰ ਜਾਣ ਦਾ ਮੰਜ਼ਰ ਅਸੀਂ ਸਾਰਿਆਂ ਨੇ ਦੇਖਿਆ। ਮੱਧ-ਵਰਗੀ ਚੇਤਨਾ ਦੇ ਮਹੀਨ ਹਿੱਸੇ ਨੇ ਧਰਾਤਲ ਤੇ ਸਰਗਰਮ ਹੋ ਆਪਣੀ ਸਮਰੱਥਾ ਤੋਂ ਵੱਧ ਤਰੱਦਦ ਕੀਤਾ ਕਿ ਕਿਰਤੀ ਲੋਕ ਘਰਾਂ ਤੱਕ ਸਾਬਤ-ਸਬੂਤ ਪਹੁੰਚ ਜਾਣ। ਕਈਆਂ ਨੇ ਲੇਖ ਲਿਖ ਕੇ ਮਜ਼ਦੂਰਾਂ ਦੀ ਵਿਥਿਆ ਬਿਆਨ ਕੀਤੀ ਪਰ ਕੁੱਝ ਸਵਾਲ ਅਜੇ ਵੀ ਗਹਿਰੇ ਚਿੰਤਨ ਦੀ ਮੰਗ ਕਰ ਰਹੇ ਹਨ। ਮਜ਼ਦੂਰਾਂ ਨੇ ਘਰੋਂ ਕੱਢਣ ਤੇ ਇਕੱਠੇ ਹੋ ਮਕਾਨ ਮਾਲਕਾਂ ਨੂੰ ਕਿਉਂ ਨਹੀਂ ਵੰਗਾਰਿਆ? ਮਕਾਨ ਮਾਲਕਾਂ ਖ਼ਿਲਾਫ ਥਾਣਿਆਂ ਵਿਚ ਸ਼ਿਕਾਇਤਾਂ ਦਰਜ ਕਰਾਉਣ ਕਿਉਂ ਨਹੀਂ ਗਏ? ਉਨ੍ਹਾਂ ਨੇ ਅੰਨ-ਭੰਡਾਰਾਂ ਵੱਲ ਵਹੀਰਾਂ ਕਿਉਂ ਨਹੀਂ ਘੱਤੀਆਂ? ਬਕੌਲ ਕੇਂਦਰੀ ਮੰਤਰੀ ਨਿਤਿਨ ਗਡਕਰੀ, ਇਨ੍ਹਾਂ ਅੰਨ-ਭੰਡਾਰਾਂ ਵਿਚ ਕਣਕ ਤੇ ਚੌਲਾਂ ਦਾ ਅਗਲੇ ਤਿੰਨ ਸਾਲਾਂ ਦਾ ਭੰਡਾਰ ਜਮ੍ਹਾਂ ਹੈ।

ਮਜ਼ਦੂਰ ਜ਼ਿਆਦਾਤਰ ਇਸ ਮੰਗ ਨੂੰ ਲੈ ਕੇ ਸੜਕਾਂ ’ਤੇ ਆਇਆ, ਕਈ ਜਗ੍ਹਾ ਪੁਲੀਸ ਨਾਲ ਝੜਪ ਵੀ ਹੋਈ ਕਿ ਸਰਕਾਰ ਉਨ੍ਹਾਂ ਨੂੰ ਤੁਰੰਤ ਤੇ ਸਹੀ-ਸਲਾਮਤ ਘਰ ਪਹੁੰਚਾਉਣ ਦਾ ਇੰਤਜ਼ਾਮ ਕਰੇ। ਜਿਵੇਂ ਮਨ ਪਰਦੇਸੀ ਹੋ ਗਿਆ ਹੋਵੇ। ਬਾਬਾ ਨਾਨਕ ਸੱਚ ਫਰਮਾਉਂਦੇ ਹਨ: ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ। ਪਰਦੇਸੀ ਮਨ ਆਪਣੇ ਘਰ ਜਾਣਾ ਲੋਚਦਾ ਸੀ। ਇਹ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲਾ ਸੱਚ ਹੈ ਕਿ ਸਟੇਟ ਨੂੰ ਬਿਨਾਂ ਵਖ਼ਤ ਪਾਇਆਂ ਲੱਖਾਂ ਦੀ ਸੰਖਿਆ ਵਾਲਾ ਮਜ਼ਦੂਰ ਆਪਣੀ ਗਠੜੀ ਚੁੱਕ, ਸੈਂਕੜੇ ਕਿਲੋਮੀਟਰਾਂ ਦੇ ਕਸ਼ਟਪੂਰਨ ਸਫਰ ਤੇ ਨਿਕਲ ਪਿਆ। ਅਹਿਮ ਸਵਾਲ ਇਹ ਨਹੀਂ ਕਿ ਕੀ ਵਾਪਰਿਆ ਅਤੇ ਕਿੰਝ ਵਾਪਰਿਆ! ਸਭ ਤੋਂ ਜ਼ਰੂਰੀ ਸਵਾਲ ਇਹ ਹੈ ਕਿ ਇਹ ਮਜ਼ਦੂਰ ਦੀ ਕਿਹੋ ਜਿਹੀ ਮਨਾਸਿਕਤਾ ਬਣੀ ਜਿਸ ਵਿਚੋਂ ਉਹ ਪਿੰਡ ਵਸਦੇ ਘਰ ਜਾਣ ਦੀ ਜ਼ਿੱਦ ਕਰੀ ਬੈਠਾ ਸੀ?

ਸ਼ਹਿਰ ਨੇ ਬੇਗਾਨਗੀ ਵਾਲਾ ਸਲੂਕ ਕਿਉਂ ਕੀਤਾ? ਅਹਿਮ ਸਵਾਲ ਤਾਂ ਹੈ ਪਰ ਇਹ ਸਮਝਣਾ ਹੋਰ ਵੀ ਜ਼ਰੂਰੀ ਹੈ ਕਿ ਮਜ਼ਦੂਰਾਂ ਨੇ ਸ਼ਹਿਰ ਉੱਤੇ ਆਪਣਾ ਦਾਅਵਾ ਕਿਉਂ ਨਹੀਂ ਠੋਕਿਆ? ਸ਼ਹਿਰ ਉੱਤੇ ਆਪਣੀ ਹੱਕ ਜਤਾਈ ਕਿਉਂ ਨਹੀਂ ਕੀਤੀ? ਜੰਗ ਤਾਂ ਦਾਅਵਿਆਂ ਦੇ ਸਿਰ ਉੱਤੇ ਹੀ ਲੜੀ ਜਾਂਦੀ ਹੈ। ਹਾਰ ਹੋਵੇ ਭਾਵੇਂ ਜਿੱਤ। ਦਾਅਵਾ ਨਹੀਂ ਤਾਂ ਜੰਗ ਨਹੀਂ। ਇਸ ਘੋਰ ਸੰਕਟ ਸਮੇਂ ਵੀ ਸ਼ਹਿਰਾਂ ਵਿਚ ਕੁਝ ਉਸਰਦਾ ਨਜ਼ਰ ਨਹੀਂ ਆ ਰਿਹਾ ਹੈ। ਭਾਰਤੀ ਉਪ-ਮਹਾਂਦੀਪ ਦੀ ਰਾਜਨੀਤਕ-ਆਰਥਿਕਤਾ ਦਾ ਇਹ ਕਿਹੋ-ਜਿਹਾ ਤਾਣਾ-ਬਾਣਾ ਹੈ ਜਿਸ ਨੇ ਅਜਿਹੀ ਮਾਨਸਿਕਤਾ ਨੂੰ ਘੜਿਆ ਹੈ? ਇਹ ਸਵਾਲ ਇਸ ਲੇਖ ਦਾ ਮਜ਼ਮੂਨ ਹੈ।

ਕਿਰਤੀਆਂ ਦੀ ਹਿਜਰਤ ਤੇ ਸ਼ਹਿਰੀਕਰਨ ਦੇ ਸਰੂਪ

ਸੰਨ 1947 ਤੋਂ ਅਜੋਕੇ ਸਮੇਂ ਤੱਕ ਸ਼ਹਿਰੀਕਰਨ ਦੇ ਸਰੂਪ ਨੂੰ ਦੋ ਹਿੱਸਿਆਂ ’ਚ ਵੰਡ ਕੇ ਦੇਖਿਆ ਜਾ ਸਕਦਾ ਹੈ। 1950 ਤੋਂ 1990 ਦੇ ਚਾਰ ਦਹਾਕੇ ਭਾਰਤੀ ਉਪ-ਮਹਾਂਦੀਪ ’ਚ ਉਦਯੋਗ ਆਧਾਰਿਤ ਸ਼ਹਿਰਾਂ ਦੇ ਵਿਗਸਣ ਦੀ ਰਫਤਾਰ ਮੱਧਮ ਰਹੀ। ਇਸ ਦੌਰਾਨ ਨਾ ਹੀ ਸੇਵਾਵਾਂ ਖੇਤਰ ਵਿਕਸਿਤ ਹੋਇਆ ਸੀ ਜਿਸ ਕਾਰਨ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਪੇਂਡੂ ਕਿਰਤੀ ਨੂੰ ਸ਼ਹਿਰੀ ਖੇਤਰ ਵੱਲ ਖਿੱਚ ਨਹੀਂ ਕਰ ਸਕੀ। ਬਸਤੀਵਾਦੀ ਦੌਰ ਦੇ ਉਦਯੋਗ ਆਧਾਰਿਤ ਸ਼ਹਿਰਾਂ ਦੀ ਮਹੱਤਤਾ ਸੰਨ ਸੰਤਾਲੀ ਦੀ ਸੱਤਾ-ਤਬਦੀਲੀ ਤੋਂ ਬਾਅਦ ਵੀ ਬਰਕਰਾਰ ਰਹੀ। ਜਿਨ੍ਹਾਂ ਸ਼ਹਿਰਾਂ ਨੂੰ ਆਧੁਨਿਕਤਾ ਦਾ ਮੁਜੱਸਮਾ ਕਿਹਾ ਗਿਆ (ਮਸਲਨ ਚੰਡੀਗੜ੍ਹ), ਉਹ ਉਦਯੋਗਿਕ ਨਹੀਂ ਬਲਕਿ ਪ੍ਰਸ਼ਾਸਨਿਕ ਤੇ ਸਿਆਸੀ ਸਰਗਰਮੀਆਂ ਦੇ ਕੇਂਦਰ ਦੇ ਰੂਪ ਵਿਚ ਵਿਕਸਿਤ ਹੋਏ। ਇਨ੍ਹਾਂ ਦਹਾਕਿਆਂ ਵਿਚਕਾਰ ਜਾਤ ਆਧਾਰਿਤ ਪੁਸ਼ਤੈਨੀ ਕੰਮ ਵਿਚ ਲੱਗੇ ਰਹਿਣ ਅਤੇ ਖੇਤੀ ਵਿਚ ਪੈਦਾਵਾਰ ਵਧਾਉਣ ਦੀ ਸੋਚ ਨਾਲ ਕੀਤੇ ਸਰਕਾਰੀ ਨਿਵੇਸ਼ ਵਜੋਂ ਰੁਜ਼ਗਾਰ ਦੇ ਵਧੇ ਮੌਕਿਆਂ ਕਾਰਨ ਪੇਂਡੂ ਕਿਰਤੀ ਜਾਂ ਕਿਰਤ ਸ਼ਕਤੀ ਦੀ ਪਿੰਡ ਪੱਧਰ ਉੱਤੇ ਖਪਤ ਹੁੰਦੀ ਰਹੀ। ਇਨ੍ਹਾਂ ਸਮਿਆਂ ਵਿਚ ‘ਹਰੀ ਕ੍ਰਾਂਤੀ’ ਵਾਲੇ ਸੂਬਿਆਂ ਦਾ ਪੇਂਡੂ ਖੇਤਰ ਹਿਜਰਤੀ ਕਿਰਤ ਦਾ ਮੁੱਖ ਗੜ੍ਹ ਰਿਹਾ। ਖੇਤੀ ਨੂੰ ਤਾਂ ਵਕਤੀ ਹਿਜਰਤੀ ਕਿਰਤ ਦੀ ਹੀ ਲੋੜ ਰਹੀ ਹੈ। ਲੁਆਈ ਜਾਂ ਕਟਾਈ ਮੌਕੇ ਜ਼ਿਆਦਾ ਕਿਰਤੀਆਂ ਦੀ ਜ਼ਰੂਰਤ ਹੁੰਦੀ ਹੈ। ਖੇਤੀ ਦਾ ਕੰਮ ਪੂਰਾ ਹੋਣ ਤੇ ਕਿਰਤ ਸ਼ਕਤੀ ਘਰਾਂ ਨੂੰ ਵਾਪਸ ਹੋ ਜਾਂਦੀ ਹੈ।

1991-92 ਦੀਆਂ ਨਵ-ਉਦਾਰਵਾਦੀਆਂ ਨੀਤੀਆਂ ਕਾਰਨ ਸ਼ਹਿਰ ਨਿਰਮਾਣ ਤੇ ਸੇਵਾਵਾਂ ਖੇਤਰ ਲਈ ਖੁੱਲ੍ਹਣਾ ਸ਼ੁਰੂ ਹੋਏ। ਭਾਰਤੀ ਉਪ-ਮਹਾਂਦੀਪ ਉਦਯੋਗਿਕ ਕ੍ਰਾਂਤੀ ਰੂਪੀ ਚੌਕ ’ਚੋਂ ਗੁਜ਼ਰਨ ਦੀ ਥਾਂ, ਬਾਈਪਾਸ ਲੈ ਨਿਰਮਾਣ ਤੇ ਸੇਵਾਵਾਂ ਖੇਤਰ ’ਚ ਦਾਖਲ ਹੋਇਆ। ਫਿਰ ਇਨ੍ਹਾਂ ਖੇਤਰਾਂ ਦਾ ਫੈਲਾਅ ਹੋਇਆ, ਪੇਂਡੂ ਖੇਤਰ ਨਾਲੋਂ ਕੰਮ (ਭਾਵੇਂ ਆਰਜ਼ੀ ਹੀ ਸਹੀ) ਦੇ ਮੌਕਿਆਂ ਤੇ ਕਮਾਈ ’ਚ ਵਾਧਾ ਹੋਇਆ। ਸੂਬੇ ਦੇ ਆਪਣੇ ਤੇ ਬਾਹਰਲੇ ਸੂਬਿਆਂ ਤੋਂ ਪੇਂਡੂ ਕਿਰਤੀ ਨੇ ਸ਼ਹਿਰਾਂ ਵੱਲ ਵੱਡੀ ਸੰਖਿਆ ਵਿਚ ਹਿਜਰਤ ਕੀਤੀ। ਜਾਤ ਆਧਾਰਿਤ ਪੁਸ਼ਤੈਨੀ ਕੰਮਾਂ ਦੇ ਉਜਾੜੇ, ਖੇਤੀ ’ਚ ਖੜੋਤ ਤੇ ਮਸ਼ੀਨੀਕਰਨ ਨੇ ਕਿਰਤੀਆਂ ਨੂੰ ਖੇਤੀ ਖੇਤਰ ’ਚੋਂ ਵੱਡੇ ਪੱਧਰ ’ਤੇ ਬਾਹਰ ਧੱਕ ਦਿੱਤਾ।

ਪੇਂਡੂ ਕਿਰਤੀਆਂ ਦੀ ਸ਼ਹਿਰਾਂ ਵੱਲ ਹਿਜਰਤ ਅਮੂਮਨ ਦੋ ਕਿਸਮ ਦੀ ਹੈ: ਪਹਿਲੀ, ਦੂਰ-ਦੁਰਾਡੇ ਪਿੰਡਾਂ ਤੋਂ ਚੱਲ ਕੇ ਨਗਰਾਂ ਤੇ ਮਹਾਂਨਗਰਾਂ ਵਿਚ ਕਿਰਤ ਕਰਨ ਅਤੇ ਅਣਮਨੁੱਖੀ ਹਾਲਾਤ ਵਿਚ ਗੁਜ਼ਰ-ਬਸਰ ਕਰਨ ਵਾਲਿਆਂ ਦੀ ਹੈ। ਇਸੀ ਕਿਰਤ ਸ਼ਕਤੀ ਨੇ ਪਿੰਡਾਂ ਵੱਲ ਚਾਲੇ ਪਾਏ। ਦੂਜੀ, ਨੇੜਲੇ ਪਿੰਡਾਂ ਤੋਂ ਕਸਬਿਆਂ, ਸ਼ਹਿਰਾਂ ਆਦਿ ਵੱਲ ਸਵਖਤੇ ਕਿਰਤ ਕਰਨ ਜਾਂ ਭਾਲ ਵਿਚ ਆਉਣ ਤੇ ਸੂਰਜ ਢਲਦੇ ਘਰੀਂ ਮੁੜ ਜਾਣ ਵਾਲਿਆਂ ਦੀ ਹੈ। ਕਿਰਤ ਸਥਾਨ ਸ਼ਹਿਰ ਤੇ ਕਸਬੇ, ਆਰਾਮ ਸਥਾਨ ਪਿੰਡ ਵਿਚਲਾ ਘਰ। ਇਨ੍ਹਾਂ ਕਿਰਤੀਆਂ ਵਿਚ ਬਹੁਤਾਤ ਪਿੰਡ ਦਾ ਦਲਿਤ ਤਬਕਾ ਸ਼ਹਿਰਾਂ ਵੱਲ ਸੇਧਿਤ ਹੋਇਆ। ਤਾਲਾਬੰਦੀ ਦੌਰਾਨ ਸ਼ਹਿਰ ਠੱਪ ਹੋਣ ਕਾਰਨ ਪਿੰਡਾਂ ਵਿਚ ਖੇਤੀ ਆਧਾਰਿਤ ਕੰਮਾਂ ਅਤੇ ਮਗਨਰੇਗਾ ਵੱਲ ਮੁੜਿਆ। ਕੋਈ ਹਲਚਲ ਨਹੀਂ ਕੀਤੀ। ਮੌਜੂਦਾ ਦੌਰ ਵਿਚ ਪੰਜਾਬ ਦੇ ਪਿੰਡਾਂ ਦਾ ਦਲਿਤ ਕਿਰਤੀ ਸ਼ਾਮਲਾਤ ਜ਼ਮੀਨ ਨੂੰ ਠੇਕੇ ਉੱਤੇ ਲੈਣ ਦੀ ਲੜਾਈ ਲੜ ਰਿਹਾ ਹੈ ਜੋ ਕਰੋਨਾ ਦੌਰ ਤੋਂ ਪਹਿਲਾਂ ਦਾ ਵਰਤਾਰਾ ਹੈ। ਇਨ੍ਹਾਂ ਅੰਦੋਲਨਾਂ ਨੂੰ ਦੇਖ ਲੱਗਦਾ ਹੀ ਨਹੀਂ ਕਿ ਅਸੀਂ ਕਰੋਨਾ ਮਹਾਮਾਰੀ ਦੇ ਸਮੇਂ ਵਿਚ ਵਿਚਰ ਰਹੇ ਹਾਂ। ਸਰਕਾਰੀ ਤੰਤਰ ਆਪਣੀਆਂ ਮਨ-ਆਈਆਂ ਕਰ ਰਿਹਾ ਤੇ ਪੇਂਡੂ ਦਲਿਤ ਸਮਾਜ ਜ਼ਮੀਨ ਲਈ ਸੰਘਰਸ਼। ਬਾਕੀ ਸੂਬਿਆਂ ਦੇ ਪਿੰਡ ਕੀ ਕਰ ਰਹੇ ਹਨ, ਘੋਖਣ ਦਾ ਵਿਸ਼ਾ ਹੈ।

ਮਰਦ ਤੇ ਜਾਤੀ ਪ੍ਰਧਾਨ ਅਸਥਾਈ ਹਿਜਰਤੀ ਕਿਰਤ

ਉਦਯੋਗਿਕ ਕ੍ਰਾਂਤੀ ਦੀ ਗੈਰ-ਹਾਜ਼ਰੀ ਵਿਚ ਵਿਗਸੀ ਰਾਜਨੀਤਕ-ਆਰਥਿਕਤਾ ਵਿਚੋਂ ਉਪਜੀ ਹਿਜਰਤੀ ਕਿਰਤ ਦੇ ਸਰੂਪ ਦੀਆਂ ਮੁੱਖ ਤਿੰਨ ਖ਼ਾਸੀਅਤਾਂ ਹਨ: ਪਹਿਲੀ, ਮਰਦ ਪ੍ਰਧਾਨ ਹੋਣਾ; ਦੂਜੀ, ਜਾਤੀ ਸਮੂਹਾਂ ਵਿਚ ਹਿਜਰਤ ਕਰਨਾ; ਤੀਜੀ, ਚਿਰਸਥਾਈ ਸ਼ਹਿਰੀ ਹੋਣ ਦੀ ਸਮਰੱਥਾ ਨਾ ਹੋਣਾ।

ਕੰਮ ਦੀ ਭਾਲ ਵਿਚ ਹਿਜਰਤ ਘਰਾਂ ਦੇ ਮੱਸ-ਫੁੱਟ ਮੁੰਡੇ ਕਰਦੇ ਹਨ। ਔਰਤਾਂ ਘਰਾਂ, ਪਿੰਡਾਂ ਤੇ ਆਸ-ਪਾਸ ਦੇ ਕਸਬਿਆਂ-ਸ਼ਹਿਰਾਂ ਤੱਕ ਸੀਮਤ ਹਨ। ਜਾਤੀ ਸਮੂਹ ਸ਼ਹਿਰਾਂ ਵਿਚ ਕੰਮ ਲੱਭਣ ਤੇ ਸਿਰ ਢਕਣ ਲਈ ਛੱਤ ਦਾ ਪ੍ਰਬੰਧ ਕਰਵਾਉਣ ਵਿਚ ਸਹਾਈ ਹੁੰਦੇ ਹਨ। ਘਰਦਿਆਂ ਲਈ ਕਮਾਊ ਮੁੰਡਾ ਆਪਣੀ ਜਾਤ-ਬਿਰਾਦਰੀ ਦੇ ਮਰਦ ਕਿਰਤੀ ਨਾਲ ਬੇਗਾਨੇ ਦੇਸ ਤੋਰ ਦੇਣਾ ਘੱਟ ਪੀੜਾਦਾਇਕ ਹੁੰਦਾ ਹੈ। ਬੇਗਾਨੀ ਧਰਤੀ ਤੇ ਆਈ ਕਿਰਤ ਸ਼ਕਤੀ ਲਈ ਕੋਈ ਆਪਣਾ ਕਹਿਣ ਤੇ ਦੁੱਖ-ਸੁੱਖ ਸਾਂਝੇ ਕਰਨ ਨੂੰ ਮਿਲ ਜਾਂਦਾ ਹੈ।

ਕਿਰਤੀ ਨੇ ਪਰਿਵਾਰ ਸਮੇਤ ਸ਼ਹਿਰਾਂ ਵੱਲ ਹਿਜਰਤ ਨਹੀਂ ਕੀਤੀ। ਵਿਆਹ ਕਰਵਾ ਜੇ ਆਪਣੀ ਘਰਵਾਲੀ ਤੇ ਬੱਚਿਆਂ ਨੂੰ (ਜੋ ਪਰਿਵਾਰ ਬਣ ਜਾਂਦਾ ਹੈ) ਬੁਲਾ ਵੀ ਲੈਂਦਾ ਹੈ ਤਾਂ ਸਮੁੱਚੇ ਪਰਿਵਾਰ ਦੇ ਬਾਕੀ ਮੈਂਬਰ ਪਿੰਡ ਰਹਿ ਕੇ ਹੀ ਗੁਜ਼ਾਰਾ ਕਰਦੇ ਹਨ। ਸ਼ਹਿਰਾਂ ਵਿਚ ਕਿਰਤ ਸ਼ਕਤੀ ਵੇਚਣ ਵਾਲਾ ਕਿਰਤੀ ਸ਼ਹਿਰ ਦਾ ਚਿਰਸਥਾਈ ਵਾਸੀ ਨਹੀਂ ਬਣ ਸਕਿਆ। ਸਮੇਂ ਦਾ ਪਹੀਆ ਘੁੰਮਦਾ ਰਹਿੰਦਾ ਹੈ। ਪੁਰਾਣੀ ਜਾਂ ਕਮਜ਼ੋਰ ਕਿਰਤ ਸ਼ਕਤੀ ਵਾਪਸ ਪਿੰਡਾਂ ਵਿਚ ਆਖ਼ੀਰੀ ਸਾਹ ਲੈਣ ਮੁੜ ਜਾਂਦੀ ਹੈ ਅਤੇ ਨਵੀਂ ਕਿਰਤ ਸ਼ਕਤੀ ਉਸ ਦੀ ਥਾਂ ਮੱਲ ਲੈਂਦੀ ਹੈ। ਕਿਰਤੀ ਭਾਵੇਂ ਲਾਗਲੇ ਸ਼ਹਿਰਾਂ ਵਿਚ ਕੰਮ ਲਈ ਜਾਂਦਾ ਹੋਵੇ, ਖੇਤੀ ਦੇ ਵਕਤੀ ਕੰਮਾਂ ਜਾਂ ਸ਼ਹਿਰੀ ਖੇਤਰ ਦੇ ਉਦਯੋਗਾਂ ਤੇ ਸੇਵਾਵਾਂ ਖੇਤਰ ਵਿਚ ਕਿਰਤ ਲਈ ਹਿਜਰਤ ਕਰਦਾ ਹੋਵੇ, ਉਹ ਹਮੇਸ਼ਾਂ ਚਲੋ-ਚਲ ਵਾਲੀ ਅਵਸਥਾ ਤੇ ਮਨੋਦਿਸ਼ਾ ਵਿਚ ਰਹਿੰਦਾ ਹੈ। ਪਿੰਡ ਦੇ ਸਮਾਜਿਕ (ਜਾਤੀ ਵਿਤਕਰੇ) ਤੇ ਆਰਥਿਕ ਸੰਕਟ ਨੇ ਸ਼ਹਿਰਾਂ ਵੱਲ ਧੱਕ ਦਿੱਤਾ। ਸ਼ਹਿਰੀ ਸੰਕਟ ਨੇ ਕਿਰਤੀ ਦੀ ਮੁਹਾਰ ਵਾਪਸ ਪਿੰਡਾਂ ਵੱਲ ਮੋੜ ਦਿੱਤੀ। ਪਿੰਡਾਂ ਤੇ ਸ਼ਹਿਰਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਾਲਾ ਕਿਰਤੀ ਨਾ ਪਿੰਡ ਦਾ ਰਿਹਾ, ਨਾ ਸ਼ਹਿਰੀ ਹੋ ਸਕਿਆ। ਕਿਰਤੀ ਪਿੰਡ ਤੇ ਸ਼ਹਿਰ ਵਿਚਲੀ ਵਿੱਥ ਵਿਚ ਪੈਂਡੂਲਮ ਵਾਂਗ ਝੂਲਦਾ ਰਹਿੰਦਾ ਹੈ।

ਕਿਰਤ ਦਾ ਇਹ ਸਰੂਪ ਮਾਲਕਾਂ ਦੀ ਮੁਨਾਫਾਖ਼ੋਰੀ ਲਈ ਬੜਾ ਜ਼ਰੂਰੀ ਹੈ। ਮਾਲਕ ਨੂੰ ਆਪਣੇ ਮੁਨਾਫੇ ਲਈ ਸਭ ਤੋਂ ਸਸਤੀ ਕਿਰਤ ਸ਼ਕਤੀ ਚਾਹੀਦੀ ਹੈ। ਕਿਰਤੀ ਦੀ ਘੱਟ ਤੋਂ ਘੱਟ ਉਜਰਤ ਦਾ ਮਾਲਕ ਦੇ ਵੱਧ ਤੋਂ ਵੱਧ ਮੁਨਾਫੇ ਨਾਲ ਗਹਿਰਾ ਤੇ ਸਿੱਧਾ ਰਿਸ਼ਤਾ ਹੈ। ਕਿਰਤੀ ਪਰਿਵਾਰ ਸਮੇਤ ਸ਼ਹਿਰ ਵੱਸਣ ਲਈ ਖਰਚਾ ਝੱਲਣ ਜੋਗੀ ਕਮਾਈ ਨਹੀਂ ਹੁੰਦੀ ਪਰ ਪੇਂਡੂ ਖੇਤਰ ਸ਼ਹਿਰਾਂ ਨਾਲੋਂ ਘੱਟ ਖ਼ਰਚੀਲਾ ਤੇ ਘੱਟ ਆਮਦਨੀ ਵਾਲਾ ਹੋਣ ਕਾਰਨ ਕਮਾਊ ਪੁੱਤ ਦੀ ਨਿਗੂਣੀ ਉਜਰਤ ਵਿਚੋਂ ਆਉਂਦਾ ਵੱਡਾ ਹਿੱਸਾ ਗਰੀਬ ਘਰਾਂ ਲਈ ਵਰਦਾਨ ਬਰਾਬਰ ਹੈ।

ਪੈਂਡੂਲਮ ਵਾਂਗ ਝੂਲਦੇ ਚੇਤਨ ਵਿਦਿਆਰਥੀ

ਇੱਕ ਅਹਿਮ ਸਵਾਲ ਹੋਰ! ਮਹਾਮਾਰੀ ਦੇ ਇਸ ਦੌਰ ਵਿਚ ਕਿਰਤੀਆਂ ਦੀ ਅਗਵਾਈ ਵਿਚ ਇਨਕਲਾਬ ਲਿਆਉਣ ਦਾ ਵਾਅਦਾ ਕਰਨ ਵਾਲੇ ਚੇਤਨ ਸਮੂਹਾਂ ਦਾ ਕੀ ਬਣਿਆ? ਖਾਸ ਤੌਰ ਤੇ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀ ਤਬਕੇ ਦੇ ਉਹ ਸਮੂਹ ਜੋ ਅਨੇਕਾਂ ਜਥੇਬੰਦੀਆਂ ਦੇ ਕਾਰਕੁਨ ਬਣ ਸਰਗਰਮ ਸਿਆਸਤ ਦਾ ਹਿੱਸਾ ਰਹੇ ਹਨ। ਇਨ੍ਹਾਂ ਸਮੂਹਾਂ ਦਾ ਵੱਡਾ ਪੂਰ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੈ।

ਤਾਲਾਬੰਦੀ ਦੌਰਾਨ ਤਕਰੀਬਨ ਇਨ੍ਹਾਂ ਸਾਰਿਆਂ ਨੇ ਘਰ-ਵਾਪਸੀ ਕੀਤੀ। ਵਿਦਿਅਕ ਅਦਾਰੇ ਬੰਦ ਕਰ ਦਿੱਤੇ ਤੇ ਹੋਸਟਲ ਖ਼ਾਲੀ ਕਰਵਾ ਲਏ ਗਏ। ਬਾਹਰ ਕਮਰਾ ਕਿਰਾਏ ’ਤੇ ਲੈ ਕੇ ਰਹਿਣ ਵਾਲਿਆਂ ਨੂੰ ਤਾਲਾਬੰਦੀ ਲੰਮਾ ਸਮਾਂ ਚੱਲਣ ਦਾ ਅਹਿਸਾਸ ਹੋ ਗਿਆ ਸੀ ਪਰ ਇਨ੍ਹਾਂ ਦਾ ਜਾਣਾ ਸੁਰਖ਼ੀਆਂ ਨਹੀਂ ਬਣਿਆ। ਘਰ ਪਹੁੰਚਣ ਲਈ ਨਿੱਜੀ ਸਮਰੱਥਾ ਰੱਖਣ ਵਾਲਾ ਇਹ ਸਮੂਹ ਤਾਲਾਬੰਦੀ ਦੇ ਸ਼ੁਰੂਆਤੀ ਦੌਰ ’ਚ ਹੀ ਸੁਰੱਖਿਅਤ ਆਪਣੇ ਪਰਿਵਾਰਾਂ ਕੋਲ ਪਹੁੰਚ ਗਿਆ। ਬੈਗ ਵਿਚ ਕੁਝ ਕੱਪੜੇ ਤੇ ਕਿਤਾਬਾਂ ਨਾਲ ਆਪਣੀ ਸਿਆਸਤ ਨੂੰ ਸਮੇਟ ਪਿੰਡ ਵੱਸਦੇ ਘਰਾਂ ਵੱਲ ਕੂਚ ਕਰ ਗਿਆ। ਕਿਰਤੀ ਜਦੋਂ ਸੜਕਾਂ ਤੇ ਆਇਆ, ਇਸ ਸਮੂਹ ਦਾ ਵੱਡਾ ਹਿੱਸਾ ਆਪਣੇ ਘਰਾਂ ਦੇ ਟੀਵੀ ਸਕਰੀਨ ਜਾਂ ਮੋਬਾਇਲ ਫੋਨਾਂ ਉੱਤੇ ਇਸ ਤਰਾਸਦੀ ਦਾ ਮੰਜ਼ਰ ਦੇਖ ਝੂਰ ਰਿਹਾ ਸੀ। ਇਨ੍ਹਾਂ ਦਾ ਚਲੇ ਜਾਣਾ ਕਿਸੇ ਦਵੰਦ ਦੀ ਉਪਜ ਹੈ। ਇਨ੍ਹਾਂ ਦੀ ਸਿਆਸਤ ਦਾ ਮੁਹਾਵਰਾ ਪੇਂਡੂ ਪਰ ਸਰਗਰਮੀਆਂ ਦਾ ਖੇਤਰ ਸ਼ਹਿਰ ਰਹਿੰਦਾ ਹੈ। ਫਿਕਰ ਪੇਂਡੂ ਸਮਾਜ ਦੀ ਪਰ ਜਥੇਬੰਦ ਵਿਦਿਆਰਥੀ ਜਾਂ ਸ਼ਹਿਰੀ ਤਬਕਿਆਂ ਨੂੰ ਕਰਨਾ ਹੈ। ਜਿਨ੍ਹਾਂ ਨੇ ਤਬਦੀਲੀ ਲਿਆਉਣੀ ਹੈ ਤੇ ਜਿਨ੍ਹਾਂ ਨੇ ਜਥੇਬੰਦ ਕਰ ਸੁਪਨਾ ਪੂਰਾ ਕਰਨ ਵਿਚ ਸਹਾਈ ਹੋਣਾ ਹੈ, ਮਨੋਦਸ਼ਾ ਦੋਨਾਂ ਦੀ ਇੱਕੋ-ਜਿੱਕੀ ਹੈ। ਦਰਅਸਲ ਇਹੀ ਦਵੰਦ ਸਮੁੱਚੀ ਨੌਜਵਾਨ ਪੀੜ੍ਹੀ ਦਾ ਹੈ। ਭਵਿੱਖ ਦਾ ਧੁੰਦਲਕਾ ਪਿਛੋਕੜ ਦੀ ‘ਸਥਿਰਤਾ’ ਦਾ ਪੱਲਾ ਛੱਡਣ ਨਹੀਂ ਦੇ ਰਿਹਾ।

ਹਾਲਾਤ ਦੇ ਬਦਲਾਓ ਲਈ ਸਮੁੰਦਰ ਮੰਥਨ ਦਰਕਾਰ ਹੈ। ਜੇ ਸਿਰਫ ਅੰਮ੍ਰਿਤ ਨਿਕਲਦਾ ਹੋਵੇ ਤਾਂ ਉਹ ਵੀ ਕਰ ਲਈਏ ਪਰ ਇਸ ਪ੍ਰਕਿਰਿਆ ਵਿਚੋਂ ਤਾਂ ਜ਼ਹਿਰ ਵੀ ਨਿਕਲਦਾ ਹੈ। ਸਾਨੂੰ ਡਰ ਸਤਾ ਰਿਹਾ ਕਿ ਸਾਡੇ ਪੱਲੇ ਜ਼ਹਿਰ ਹੀ ਪੈਣੀ ਹੈ। ਸੋ ਮਰਨਾ ਕਾਸ ਲਈ, ਸ਼ੁਕਰ ਕਰੋ ਜੀਅ ਤਾਂ ਰਹੇ ਹਾਂ। ਇਤਿਹਾਸ ਰੂਪੀ ਨਾੜੂਆ ਕੱਟਿਆ ਨਹੀਂ ਜਾ ਰਿਹਾ ਤੇ ਨਵਾਂ ਭਵਿੱਖ ਬੁਣਿਆ ਨਹੀਂ ਜਾ ਰਿਹਾ। ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਇਸੇ ਦਵੰਦ ਨੂੰ ਬਿਆਨਦਿਆਂ ਬਾਤ ਪਾਈ: ਨਾ ਝੰਗ ਛੁੱਟਿਆ ਨਾ ਕੰਨ ਪਾਟੇ। ਮਜ਼ਦੂਰ ਵਰਗ ਤੇ ਵਿਦਿਆਰਥੀ ਤਬਕੇ ਵਿਚ ਇਸ ਦਵੰਦ ਵਿਚੋਂ ਉਪਜੀ ਮਾਨਸਿਕਤਾ ਘੋਰ ਨਿਰਾਸ਼ਾ ਤੇ ਮਨ ਦੀ ਸੁੰਨ-ਸਰਾਂ ਸਿਰਜਦੀ ਹੈ। ਅਸੀਂ ਅਮਿਤੋਜ ਦੇ ਖ਼ਾਲੀ ਤਰਕਸ਼ ਵਾਂਗ ਹਾਂ। ਬਾਗੀ ਪਲਾਂ ਦੇ ਸੁਪਨੇ ਨੂੰ ਬੂਰ ਪੈਣ ਲਈ ਇਸ ਦਵੰਦ ਨਾਲ ਨਜਿੱਠਣਾ ਜ਼ਰੂਰੀ ਹੈ।
*ਰਾਜਨੀਤੀ ਸ਼ਾਸਤਰ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 97795-30032

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All