ਪ੍ਰੀਤਮ ਸਿੰਘ, ਰਾਜਕੁਮਾਰ ਹੰਸ
12 ਅਕਤੂਬਰ 1920 ਵਾਲੀ ਘਟਨਾ ਦੀ ਸ਼ਤਾਬਦੀ ’ਤੇ ਵਿਸ਼ੇਸ਼
ਇਸ ਘ੍ਰਿਣਾਯੋਗ ਪ੍ਰਥਾ ਦੀਆਂ ਜੜ੍ਹਾਂ ਅਠਾਰਵੀਂ ਸਦੀ ਦੇ ਕੁਝ ਖਾਸ ਹਾਲਾਤ ਵਿਚ ਫਰੋਲੀਆਂ ਜਾ ਸਕਦੀਆਂ ਹਨ, ਜਦੋਂ ਸਿੱਖ ਭਾਈਚਾਰੇ ਨੂੰ ਤਾਕਤਵਰ ਮੁਗ਼ਲ ਸਲਤਨਤ ਖ਼ਿਲਾਫ਼ ਹਥਿਆਰਬੰਦ ਜੱਦੋਜਹਿਦ ਵਿਚ ਜੂਝਣਾ ਪੈ ਰਿਹਾ ਸੀ।… ਦਰਬਾਰ ਸਾਹਿਬ ਅਤੇ ਗੁਰੂ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਸਣੇ ਗੁਰਦੁਆਰੇ ਮਹੰਤਾਂ ਅਤੇ ਪੁਜਾਰੀਆਂ ਦੇ ਕਬਜ਼ੇ ਹੇਠ ਆ ਗਏ।… ਅੰਗਰੇਜ਼ ਹਾਕਮਾਂ ਨੇ ਵੀ ਆਪਣੇ ਬਸਤੀਵਾਦੀ ਸ਼ਾਸਨ ਨੂੰ ਪੱਕੇ ਪੈਰੀਂ ਕਰਨ ਲਈ ਉਚ ਜਾਤੀ ਸਿੱਖ ਕੁਲੀਨਾਂ ਦੀ ਪੁਸ਼ਤਪਨਾਹੀ ਜਾਰੀ ਰੱਖੀ। ਹੌਲੀ ਹੌਲੀ ਇਹ ਰੁਝਾਨ ਜ਼ੋਰ ਫੜਦਾ ਗਿਆ ਅਤੇ ਅਖੀਰ ਗੁਰਦੁਆਰਿਆਂ ਦੇ ਦਰ ਦਲਿਤ ਸਿੱਖਾਂ ਲਈ ਬੰਦ ਹੁੰਦੇ ਚਲੇ ਗਏ।
ਇਸ ਸਾਲ ਜਦੋਂ ਅਸੀਂ ਪੰਜਾਬ ਵਿਚ ਪੰਦਰਵੀਂ ਅਤੇ ਸੋਲ੍ਹਵੀਂ ਸਦੀ ਦੌਰਾਨ ਰੂਹਾਨੀ ਅਤੇ ਸਮਾਜਿਕ ਬਰਾਬਰੀ ਦੇ ਸਭ ਤੋਂ ਵੱਡੇ ਇਨਕਲਾਬ ਦੇ ਰਹਬਿਰ ਗੁਰੂ ਨਾਨਕ ਦੇ 550 ਸਾਲਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਤਾਂ ਸਾਨੂੰ ਸੌ ਸਾਲ ਪਹਿਲਾਂ ਵਾਪਰੀ ਇਕ ਅਜ਼ੀਮ ਘਟਨਾ ਨੂੰ ਤਾਜ਼ਾ ਕਰਨ ਦੀ ਲੋੜ ਹੈ ਜਿਸ ਨੇ ਗੁਰੂ ਨਾਨਕ ਦੀਆ ਸਿਖਿਆਵਾਂ ਵਿਚ ਨਵੀਂ ਤਾਜ਼ਗੀ ਭਰੀ ਸੀ। ਇਹ ਘਟਨਾ 12 ਅਕਤੂਬਰ, 1920 ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵਾਪਰੀ ਸੀ। ਹਾਲਾਂਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਕਿ ਇਹ ਪ੍ਰਥਾ ਕਿਵੇਂ ਸ਼ੁਰੂ ਹੋਈ ਸੀ ਪਰ ਕਿਵੇਂ ਨਾ ਕਿਵੇਂ ਇਹ ਸਥਾਪਤ ਹੋ ਗਈ ਕਿ ਨੀਵੀਆਂ ਜਾਤੀਆਂ ਦੇ ਲੋਕਾਂ ਜਿਨ੍ਹਾਂ ਨੂੰ ਅੱਜ ਅਸੀਂ ਦਲਿਤ ਆਖਦੇ ਹਾਂ, ਨੂੰ ਦਰਬਾਰ ਸਾਹਿਬ ਵਿਚ ਕੜਾਹ ਪ੍ਰਸ਼ਾਦ ਦੀ ਦੇਗ਼ ਲੈ ਕੇ ਮੱਥਾ ਟੇਕਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਅੱਜ ਇਸ ਗੱਲ ਤੇ ਯਕੀਨ ਨਹੀ ਆਉਂਦਾ ਪਰ ਇਹ ਪ੍ਰਥਾ ਕਈ ਦਹਾਕਿਆਂ ਤੱਕ ਜਾਰੀ ਰਹੀ। ਉਸ ਦਿਨ ਜੋ ਇਨਕਲਾਬ ਵਾਪਰਿਆ, ਉਹ ਬੇਮਿਸਾਲ ਸੀ ਜਿਸ ਨੇ ਨਾ ਕੇਵਲ ਸਿੱਖ ਭਾਈਚਾਰੇ ਦੇ ਇਤਿਹਾਸਕ ਉਭਾਰ ਦੇ ਪ੍ਰੇਸ਼ਾਨਕੁਨ ਸਵਾਲ ਖੜ੍ਹੇ ਕੀਤੇ ਸਗੋਂ ਸਿੱਖ ਭਾਈਚਾਰੇ ਦੀਆਂ ਸੰਸਥਾਵਾਂ, ਧਾਰਮਿਕ ਰਹੁ-ਰੀਤਾਂ ਅਤੇ ਸਿਆਸੀ ਅੰਦੋਲਨਾਂ ਉੱਤੇ ਵੀ ਅਮਿੱਟ ਛਾਪ ਛੱਡੀ।
ਉਸ ਦਿਨ ਅੰਮ੍ਰਿਤਧਾਰੀ ਦਲਿਤ ਸਿੱਖਾਂ ਦੇ ਇਕ ਜਥੇ ਜਿਸ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਕੁਝ ਜਾਗਰੂਕ ਵਿਦਿਆਰਥੀ ਤੇ ਬਾਵਾ ਹਰਕ੍ਰਿਸ਼ਨ ਸਿੰਘ ਤੇ ਤੇਜਾ ਸਿੰਘ (ਜੋ ਬਾਅਦ ਵਿਚ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਬਣੇ) ਜਿਹੇ ਪ੍ਰੋਫੈਸਰ ਸ਼ਾਮਲ ਸਨ, ਨੇ ਖ਼ਾਲਸਾ ਬਰਾਦਰੀ ਦੇ ਬੈਨਰ ਹੇਠ ਕੜਾਹ ਪ੍ਰਸ਼ਾਦ ਸਹਿਤ ਜੱਲ੍ਹਿਆਂਵਾਲਾ ਬਾਗ਼ ਤੋਂ ਦਰਬਾਰ ਸਾਹਿਬ ਤੱਕ ਮਾਰਚ ਕੀਤਾ। ਦਰਬਾਰ ਸਾਹਿਬ ਕੰਪਲੈਕਸ ਵਿਚ ਇਸ ਘਟਨਾ ਦੀ ਖ਼ਬਰ ਅੱਗ ਵਾਂਗ ਫੈਲ ਗਈ ਜਿਸ ਕਰ ਕੇ ਉੱਥੇ ਤਣਾਅ ਪੈਦਾ ਹੋ ਗਿਆ ਅਤੇ ਉੱਥੋਂ ਦੇ ਪੁਜਾਰੀ/ਗ੍ਰੰਥੀ ਘਬਰਾ ਕੇ ਅੜੀ ‘ਤੇ ਉੱਤਰ ਆਏ। ਜਦੋਂ ਖ਼ਾਲਸਾ ਬਰਾਦਰੀ ਦੇ ਦੋ ਪ੍ਰੋਫੈਸਰਾਂ ਨੇ ਪੁਜਾਰੀਆਂ ਨੂੰ ਕੜਾਹ ਪ੍ਰਸ਼ਾਦ ਸਵੀਕਾਰ ਨਾ ਕਰਨ ਤੇ ਸਿੱਖ ਧਰਮ ਦੇ ਅਸੂਲਾਂ ਦੀ ਖ਼ਿਲਾਫ਼ਵਰਜ਼ੀ ਕਰਾਰ ਦਿੱਤਾ ਤਾਂ ਪੁਜਾਰੀ ਪ੍ਰੋਫੈਸਰਾਂ ਦੇ ਸਿੱਖ ਭਾਈਚਾਰੇ ਅੰਦਰ ਪੈਂਠ ਨੂੰ ਦੇਖਦਿਆਂ ਢਿੱਲੇ ਪੈ ਗਏ ਅਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲੈਣ ਦੀ ਗੱਲ ਤੇ ਸਹਿਮਤ ਹੋ ਗਏ। ਜਦੋਂ ਵਾਕ ਆਇਆ ਤਾਂ ਇਹ ਤੀਜੇ ਗੁਰੂ ਅਮਰ ਦਾਸ ਜੀ ਦਾ ਬਹੁਤ ਸੁੰਦਰ ਸ਼ਬਦ ਸੀ ਜਿਸ ਵਿਚ ਰੱਬ ਨੂੰ ਅਰਜੋਈ ਕੀਤੀ ਗਈ ਹੈ ਕਿ ਉਹ ਪਾਪੀਆਂ ਤੇ ਨਿਮਾਣਿਆਂ ਨੂੰ ਬਖਸ਼ ਲਵੇ ਅਤੇ ਆਪਣੀ ਸੇਵਾ ਲਈ ਪ੍ਰਵਾਨ ਕਰ ਲਵੇ। ਸ਼ਬਦ ਸੁਣ ਕੇ ਉੱਥੇ ਮੌਜੂਦ ਹਰ ਸ਼ਖ਼ਸ ਦੀਆਂ ਅੱਖਾਂ ਨਮ ਹੋ ਗਈਆਂ। ਗ੍ਰੰਥੀ ਵੀ ਭਾਵੁਕ ਹੋ ਗਏ ਤੇ ਉਨ੍ਹਾਂ ਅਰਦਾਸ ਕੀਤੀ ਅਤੇ ਕੜਾਹ ਪ੍ਰਸ਼ਾਦ ਲੈ ਕੇ ਸੰਗਤ ਵਿਚ ਵਰਤਾਇਆ। ਇਹ ਅਜਿਹਾ ਪਲ ਸੀ ਜਦੋਂ ਦਹਾਕੇ ਸੁੰਗੜ ਜਾਂਦੇ ਹਨ ਅਤੇ ਇਤਿਹਾਸ ਨਵਾਂ ਮੋੜ ਅਖ਼ਤਿਆਰ ਕਰ ਲੈਂਦਾ ਹੈ। ਦਰਬਾਰ ਸਾਹਿਬ ਦੇ ਦਰ ਇਕ ਵਾਰ ਫਿਰ ਹੋਰ ਲੋਕਾਈ ਵਾਂਗ ਹਮੇਸ਼ਾ ਲਈ ਦਲਿਤਾਂ ਵਾਸਤੇ ਖੁੱਲ੍ਹ ਜਾਂਦੇ ਹਨ।
ਇਸ ਇਤਿਹਾਸਕ ਘਟਨਾ ਨੇ ਕਈ ਹੋਰ ਦੂਰਗਾਮੀ ਘਟਨਾਵਾਂ ਨੂੰ ਜਨਮ ਦਿੱਤਾ। ਸੁਧਾਰਵਾਦੀ ਬੁੱਧੀਜੀਵੀਆਂ ਅਤੇ ਖ਼ਾਲਸਾ ਬਰਾਦਰੀ ਦਾ ਜਥਾ ਦਰਬਾਰ ਸਾਹਿਬ ਤੋਂ ਅਕਾਲ ਤਖ਼ਤ ਤੇ ਅਰਦਾਸ ਕਰਨ ਲਈ ਵਧਿਆ। ਅਕਾਲ ਤਖ਼ਤ ਦੇ ਪੁਜਾਰੀਆਂ ਨੇ ਜਦੋਂ ਕੋਈ ਵਾਹ ਨਾ ਲਗਦੀ ਦੇਖੀ ਤਾਂ ਉਹ ਉੱਥੋਂ ਦੌੜ ਗਏ। ਇਕ ਮੋਹਰੀ ਸਿੱਖ ਕਾਰਕੁਨ ਕਰਤਾਰ ਸਿੰਘ ਝੱਬਰ ਨੇ ਆਖਿਆ ਕਿ ਅਕਾਲ ਤਖ਼ਤ ਨੂੰ ਸੁੰਨਾ ਨਹੀਂ ਛੱਡਿਆ ਜਾ ਸਕਦਾ ਤੇ ਉਨ੍ਹਾਂ ਤਖ਼ਤ ਦੀ ਸੇਵਾ ਸੰਭਾਲ ਲਈ 25 ਵਾਲੰਟੀਅਰਾਂ ਦੀ ਮੰਗ ਕੀਤੀ। ਇਸ ਤੇ 17 ਵਾਲੰਟੀਅਰ ਅੱਗੇ ਆਏ ਜਿਨ੍ਹਾਂ ਵਿਚੋਂ 10 ਦਲਿਤ ਸਨ ਤੇ ਇਨ੍ਹਾਂ ਨੇ ਹੀ ਅਗਲੇ ਮਹੀਨੇ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਕਲ ਅਖ਼ਤਿਆਰ ਕੀਤੀ। ਇਸ ਤਰ੍ਹਾਂ ਇਤਿਹਾਸਕ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਵਿਚੋਂ ਮੁਕਤ ਕਰਾਉਣ ਦੀ ਸੁਧਾਰ ਲਹਿਰ ਦਾ ਮੁੱਢ ਬੱਝ ਗਿਆ ਜਿਸ ਨੇ ਅੱਗੇ ਚੱਲ ਕੇ ਅਕਾਲੀ ਦਲ ਦੀ ਨੀਂਹ ਰੱਖੀ।
12 ਅਕਤੂਬਰ, 1920 ਦੇ ਉਸ ਇਤਿਹਾਸਕ ਪਲ ਦੀ ਯਾਦ ਤਾਜ਼ਾ ਕਰਦਿਆਂ ਕਈ ਸਵਾਲ ਪੈਦਾ ਹੁੰਦੇ ਹਨ। ਪਹਿਲਾ ਇਹ ਕਿ ਮੁੱਢ ਤੋਂ ਹੀ ਹਰ ਵਰਣ ਅਤੇ ਫਿਰਕੇ ਦੇ ਲੋਕਾਂ ਲਈ ਖੁੱਲ੍ਹੇ ਇਸ ਅਸਥਾਨ ਤੇ ਦਲਿਤਾਂ ਦੇ ਦਾਖ਼ਲੇ ਉੱਤੇ ਪਾਬੰਦੀ ਕਦੋਂ ਲਗਾਈ ਗਈ ਸੀ? ਦੂਜਾ, ਇਹ ਪਾਬੰਦੀ ਕਿਉਂ ਲਗਾਈ ਗਈ ਅਤੇ ਕਿਸ ਨੇ ਲਗਾਈ ਸੀ?
ਉਪਲਬਧ ਇਤਿਹਾਸਕ ਦਸਤਾਵੇਜ਼ ਤੋਂ ਪਤਾ ਚਲਦਾ ਹੈ ਕਿ ਇਸ ਘ੍ਰਿਣਾਯੋਗ ਪ੍ਰਥਾ ਦੀਆਂ ਜੜ੍ਹਾਂ ਅਠਾਰਵੀਂ ਸਦੀ ਦੇ ਕੁਝ ਖਾਸ ਹਾਲਾਤ ਵਿਚ ਫਰੋਲੀਆਂ ਜਾ ਸਕਦੀਆਂ ਹਨ, ਜਦੋਂ ਸਿੱਖ ਭਾਈਚਾਰੇ ਨੂੰ ਤਾਕਤਵਰ ਮੁਗ਼ਲ ਸਲਤਨਤ ਖ਼ਿਲਾਫ਼ ਹਥਿਆਰਬੰਦ ਜੱਦੋਜਹਿਦ ਵਿਚ ਜੂਝਣਾ ਪੈ ਰਿਹਾ ਸੀ। ਸਿੱਖ ਲੜਾਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਸਨ, ਨਾਲ ਹੀ ਡਾਢੇ ਮੁਗ਼ਲ ਪੂਰੇ ਸਿੱਖ ਭਾਈਚਾਰੇ ਦੇ ਦੁਸ਼ਮਣ ਹੋ ਗਏ ਸਨ, ਭਾਈਚਾਰੇ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ ਸੀ ਅਤੇ ਨਾਲ ਹੀ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦਰਬਾਰ ਸਾਹਿਬ ਅਤੇ ਗੁਰੂ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਸਣੇ ਗੁਰਦੁਆਰੇ ਮਹੰਤਾਂ ਅਤੇ ਪੁਜਾਰੀਆਂ ਦੇ ਕਬਜ਼ੇ ਹੇਠ ਆ ਗਏ। ਮੁਗ਼ਲਾਂ ਦੀ ਤਾਕਤ ਕਮਜ਼ੋਰ ਪੈਣ ਤੇ ਉਨ੍ਹਾਂ ਨੇ ਵੀ ਲੜਾਕੇ ਸਿੱਖਾਂ ਨੂੰ ਡੱਕਣ ਲਈ ਗੁਰਦੁਆਰਿਆਂ ’ਤੇ ਕਾਬਜ਼ ਮਹੰਤਾਂ, ਪੁਜਾਰੀਆਂ ਅਤੇ ਸੰਨਿਆਸੀਆਂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ। ਮੌਕਾ ਪਾ ਕੇ ਮਹੰਤਾਂ ਨੇ ਗੁਰੁਦਆਰਿਆਂ ਅੰਦਰ ਜਾਤੀ ਪ੍ਰਥਾ ਵਰਗੀਆਂ ਆਪਣੀਆਂ ਕਈ ਬ੍ਰਾਹਮਣਵਾਦੀ ਰਹੁ-ਰੀਤਾਂ ਦਾ ਚਲਨ ਸ਼ੁਰੂ ਕਰਵਾ ਦਿੱਤਾ। ਅਠਾਰਵੀਂ ਸਦੀ ਦੇ ਅਖੀਰਲੇ ਅੱਧ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਸਿੱਖ ਸਮਾਜ ਅੰਦਰ ਉਭਰੇ ਕੁਲੀਨ ਵਰਗ ਨੇ ਵੀ ਉਚ ਜਾਤੀ ਪੁਜਾਰੀ ਵਰਗ ਨੂੰ ਸ਼ਹਿ ਦਿੱਤੀ ਜਿਸ ਦੀਆਂ ਸੇਵਾਵਾਂ ਉਹ ਅਖੌਤੀ ਨੀਵੀਆਂ ਜਾਤਾਂ ਦੇ ਸਿੱਖਾਂ ਨੂੰ ਦਬਾ ਕੇ ਰੱਖਣ ਵਿਚ ਲੈਂਦੇ ਸਨ।
ਅੰਗਰੇਜ਼ ਹਾਕਮਾਂ ਨੇ ਵੀ ਆਪਣੇ ਬਸਤੀਵਾਦੀ ਸ਼ਾਸਨ ਨੂੰ ਪੱਕੇ ਪੈਰੀਂ ਕਰਨ ਲਈ ਉਚ ਜਾਤੀ ਸਿੱਖ ਕੁਲੀਨਾਂ ਦੀ ਪੁਸ਼ਤਪਨਾਹੀ ਜਾਰੀ ਰੱਖੀ। ਹੌਲੀ ਹੌਲੀ ਇਹ ਰੁਝਾਨ ਜ਼ੋਰ ਫੜਦਾ ਗਿਆ ਅਤੇ ਅਖੀਰ ਗੁਰਦੁਆਰਿਆਂ ਦੇ ਦਰ ਦਲਿਤ ਸਿੱਖਾਂ ਲਈ ਬੰਦ ਹੁੰਦੇ ਚਲੇ ਗਏ। ਇਹ ਅਮਲ ਸਿੱਖ ਗੁਰੂਆਂ ਦੇ ਮਨੁੱਖੀ ਬਰਾਬਰੀ ਦੇ ਦਿੱਤੇ ਸੰਦੇਸ਼ ਦੀ ਸਿੱਧੀ ਖਿਲਾਫ਼ਵਰਜ਼ੀ ਸੀ। ਇਹ ਉਹੀ ਪਿਛੋਕੜ ਹੈ ਜਿਸ ਵਿਚ 12 ਅਕਤੂਬਰ, 1920 ਦੀ ਉਸ ਘਟਨਾ ਦੀ ਅਹਿਮੀਅਤ ਬਣਦੀ ਹੈ ਜਿਸ ਨੂੰ ਸਿੱਖੀ ਦੀਆਂ ਸਮਾਨਤਵਾਦੀ ਕਦਰਾਂ ਅਤੇ ਰਵਾਇਤਾਂ ਦੇ ਪ੍ਰਸੰਗ ਵਿਚ ਸਿੱਖ ਇਤਿਹਾਸ ਦੀ ਮੁੜ ਸਿਰਜਣਾ ਦੇ ਵਡੇਰੇ ਪ੍ਰਾਜੈਕਟ ਵਜੋਂ ਪ੍ਰਵਾਨਤ ਕਰਨ ਦੀ ਲੋੜ ਹੈ।
*ਪ੍ਰੀਤਮ ਸਿੰਘ ਔਕਸਫੋਰਡ ਯੂਨੀਵਰਸਿਟੀ (ਯੂਕੇ) ਦੇ ਵੁਲਫ਼ਸਨ ਕਾਲਜ ਦੇ ਵਿਜ਼ਿਟਿੰਗ ਪ੍ਰੋਫੈਸਰ ਹਨ।
ਸੰਪਰਕ: +44792257957
*ਰਾਜਕੁਮਾਰ ਹੰਸ ਬੜੌਦਾ (ਗੁਜਰਾਤ) ਐੱਮਐੱਸ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਹਨ।
ਸੰਪਰਕ: 73833-52176