ਪਾਵੇਲ ਕੁੱਸਾ
ਪੂੰਜੀਵਾਦ ਦਾ ਮੂਲ ਸੁਭਾਅ ਹਰ ਵਰਤਾਰੇ ਨੂੰ ਵਪਾਰਕ ਹਿੱਤਾਂ ਅਨੁਸਾਰ ਢਾਲਣ ਦਾ ਹੈ, ਖੇਡਾਂ ਵੀ ਇਸ ਤੋਂ ਅਛੂਤ ਨਹੀਂ। ਕੌਮਾਂਤਰੀ ਖੇਡ ਮੁਕਾਬਲੇ ਅਤੇ ਦੁਨੀਆ ਦੇ ਮੁਲਕਾਂ ਦੇ ਸਮੁੱਚੇ ਖੇਡ ਪ੍ਰਬੰਧ ਪੂੰਜੀਵਾਦੀ ਵਪਾਰਕ ਕਾਰੋਬਾਰੀ ਹਿਤਾਂ ਦੀ ਪੂਰਤੀ ਦਾ ਜ਼ਰੀਆ ਹਨ। ਓਲੰਪਿਕ ਖੇਡਾਂ ਸਮੇਤ ਲਗਭਗ ਸਭ ਵੰਨਗੀਆਂ ਦੇ ਖੇਡ ਮੁਕਾਬਲੇ ਸਾਮਰਾਜੀ ਬਹੁ-ਕੌਮੀ ਕੰਪਨੀਆਂ ਦੇ ਵਪਾਰਕ ਮੰਤਵਾਂ ਅਨੁਸਾਰ ਹੁੰਦੇ ਹਨ। ਸੰਸਾਰ ਅੰਦਰ ਭਾਵੇਂ ਪੂੰਜੀਵਾਦੀ ਨਿਜ਼ਾਮਾਂ ਦੇ ਨਾਲ ਹੀ ਖੇਡਾਂ ਅੰਦਰ ਵਪਾਰਕ ਹਿੱਤਾਂ ਦੀ ਘੁਸਪੈਠ ਸ਼ੁਰੂ ਹੋ ਗਈ ਸੀ ਪਰ ਟੀਵੀ ਤੇ ਇੰਟਰਨੈੱਟ ਦੀ ਖੋਜ ਮਗਰੋਂ ਇਹ ਵਰਤਾਰਾ ਹੋਰ ਡੂੰਘਾ ਹੋ ਗਿਆ ਹੈ।
ਅੱਜ ਸਮੁੱਚੇ ਸੰਸਾਰ ਦੇ ਖੇਡ ਪ੍ਰਬੰਧ ਨੂੰ ਸੰਸਾਰ ਸਰਮਾਏਦਾਰੀ ਨੇ ਆਪਣੇ ਵਪਾਰਕ ਕਾਰੋਬਾਰਾਂ ਦੀ ਜਕੜ ਵਿਚ ਲਿਆ ਹੋਇਆ ਹੈ। ਇਨ੍ਹਾਂ ਨਿਜ਼ਾਮ ਅੰਦਰ ਵੱਖ ਵੱਖ ਖੇਡਾਂ ਦੇ ਚੈਂਪੀਅਨ ਬਣ ਕੇ ਉੱਭਰੇ ਖਿਡਾਰੀਆਂ ਦੀਆਂ ਡੋਰਾਂ ਵੱਡੀਆਂ ਬਹੁ-ਕੌਮੀ ਕੰਪਨੀਆਂ ਦੇ ਹੱਥ ਫੜੀਆਂ ਦੇਖ ਕੇ ਸਵਾਲ ਉੱਠਦਾ ਹੈ, ਜਿਵੇਂ ਟੀਵੀ ਸਕਰੀਨਾਂ ’ਤੇ ਦਿਸਦੇ ਖਿਡਾਰੀਆਂ ਦੇ ਜਾਹੋ-ਜਲੌਅ ਦੇ ਇਹ ਪ੍ਰਗਟਾਵੇ ਸਾਡੇ ਲਈ ਗਾਹਕਾਂ ਵਜੋਂ ਬੁਣਿਆ ਜਾ ਰਿਹਾ ਜਾਲ ਹੋਵੇ। ਕ੍ਰਿਕਟ ਦੀ ਖੇਡ ਇਸ ਵਰਤਾਰੇ ਦਾ ਸਿਖਰਲਾ ਨਮੂਨਾ ਬਣ ਕੇ ਉੱਭਰੀ ਹੈ। ਸੱਟੇਬਾਜ਼ੀ ਤਹਿਤ ਮੈਚ ਫਿਕਸਿੰਗ ਤੋਂ ਆਈਪੀਐੱਲ ਤੱਕ ਲੰਮੀ ਕਹਾਣੀ ਹੈ ਜਿਸ ਨੇ ਰਈਸਜ਼ਾਦਿਆਂ ਦੀ ਇਸ ਖੇਡ ਨੂੰ ਵਪਾਰਕ ਹਿਤਾਂ ਨਾਲ ਘਿਉ ਖਿਚੜੀ ਕਰ ਦਿੱਤਾ ਹੈ।
ਕਿਸੇ ਖੇਡ ਦੀ ਹਰਮਨਪਿਆਰਤਾ, ਟੀਵੀ ਪ੍ਰਸਾਰਨ ਨਾਲ ਉਹਦਾ ਢੁਕਵਾਂ ਰਿਸ਼ਤਾ ਤੇ ਹੋਰ ਕਈ ਵੱਖ ਵੱਖ ਕਾਰਨ ਰਲ ਕੇ ਉਸ ਦੀ ਵਪਾਰਕ ਮੰਤਵਾਂ ਲਈ ਵਰਤੋਂ ’ਤੇ ਵੱਧ ਘੱਟ ਹੱਦ ਤੱਕ ਫ਼ਰਕ ਪਾਉਂਦੇ ਹਨ। ਉਂਝ ਬਹੁਤੇ ਖੇਡ ਮੁਕਾਬਲੇ ਬਹੁ-ਕੌਮੀ ਵਪਾਰਕ ਕੰਪਨੀਆਂ ਦੀ ਲੋੜ ਪੂਰਤੀ ਦਾ ਜ਼ਰੀਆ ਹਨ। ਖੇਡਾਂ ਤੇ ਵਪਾਰਕ ਹਿਤਾਂ ਦਾ ਆਪਸੀ ਰਿਸ਼ਤਾ ਇਸ ਹੱਦ ਤੱਕ ਗੂੜ੍ਹਾ ਹੋ ਚੁੱਕਿਆ ਹੈ ਕਿ ਕਰੋਨਾ ਦੌਰ ਦੌਰਾਨ ਜਦੋਂ ਸਾਰੀਆਂ ਜ਼ਰੂਰੀ ਪੈਦਾਵਾਰੀ ਸਰਗਰਮੀਆਂ ਤਕ ਬੰਦ ਸਨ, ਉਦੋਂ ਦਰਸ਼ਕਾਂ ਤੋਂ ਬਿਨਾ ਹੀ ਆਈਪੀਐੱਲ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਕਿਉਂਕਿ ਆਈਪੀਐੱਲ ਵਿਚ ਲੱਗਿਆ ਪੈਸਾ ਤੇ ਇਸ ਦੇ ਪ੍ਰਸਾਰਨ ਨਾਲ ਜੁੜੇ ਹਿਤ ਇਹ ਘਾਟਾ ਸਹਿਣ ਦੀ ਇਜਾਜ਼ਤ ਨਹੀਂ ਦਿੰਦੇ ਸਨ। ਹਰ ਨਾਮੀ ਖਿਡਾਰੀ ਜਲਦੀ ਹੀ ਮਸ਼ਹੂਰੀਆਂ ਲਈ ਐਕਟਰ ’ਚ ਤਬਦੀਲ ਹੋ ਜਾਂਦਾ ਹੈ।
ਪੰਜਾਬ ਅੰਦਰ ਕਬੱਡੀ ਦਾ ਹਸ਼ਰ ਵੀ ਅਜਿਹੇ ਵਪਾਰੀਕਰਨ ਦੀ ਵੱਖਰੀ ਕਿਸਮ ਦੀ ਮਿਸਾਲ ਹੈ। ਪੇਂਡੂ ਨੌਜਵਾਨਾਂ ਦੀ ਰਵਾਇਤੀ ਜ਼ਿੰਦਗੀ ’ਚੋਂ ਨਿਕਲ ਕੇ ਜਦੋਂ ਕਬੱਡੀ ਕੈਨੇਡਾ ਅਮਰੀਕਾ ਦੇ ਮੈਦਾਨਾਂ ਵਿਚ ਜਾ ਕੇ ਪਈ ਤਾਂ ਕਈ ਕਬੱਡੀ ਪ੍ਰੇਮੀਆਂ ਅੰਦਰ ਇਹ ਭਰਮ ਪੈਦਾ ਹੋਇਆ ਕਿ ਹੁਣ ਤਾਂ ਕੱਬਡੀ ’ਤੇ ਡਾਲਰਾਂ ਦਾ ਮੀਂਹ ਵਰ੍ਹਨ ਲੱਗਾ ਹੈ ਤੇ ਇਹ ਖੇਡ ਦੇ ਅਗਲੇ ਵਿਕਾਸ ਦਾ ਦੌਰ ਬਣੇਗਾ ਪਰ ਵਪਾਰੀਕਰਨ ਦੀ ਪਿਓਂਦ ਵਾਲੀਆਂ ਸਪਾਂਸਰਸ਼ਿਪਾਂ, ਵਿਦੇਸ਼ ਪਹੁੰਚਣ ਦਾ ਜ਼ਰੀਆ ਅਤੇ ਹੋਰ ਕਈ ਤਰ੍ਹਾਂ ਦੇ ਨਾਂਹ-ਪੱਖੀ ਮੰਤਵਾਂ ਨਾਲ ਜੁੜੇ ਕਬੱਡੀ ਕੱਪ ਆਖਿ਼ਰ ਕਬੱਡੀ ਅਤੇ ਖਿਡਾਰੀਆਂ ਨੂੰ ਕਿੱਥੇ ਲੈ ਪਹੁੰਚੇ, ਇਹ ਹਰ ਪੰਜਾਬੀ ਜਾਣਦਾ ਹੈ।
ਬਾਜ਼ਾਰ ਦੀ ਇਸ ਪਹੁੰਚ ਨੇ ਖੇਡਾਂ ਨੂੰ ਮਨੁੱਖੀ ਸਮਾਜ ਅੰਦਰ ਉਸ ਦੇ ਮੂਲ ਮੰਤਵ ਤੋਂ ਬਹੁਤ ਦੂਰ ਕਰ ਦਿੱਤਾ ਹੈ। ਪੁਰਾਤਨ ਸਮਿਆਂ ਅੰਦਰ ਵੱਖ ਵੱਖ ਵੰਨਗੀਆਂ ਦੀਆਂ ਖੇਡਾਂ ਕਿਰਤ ਅਮਲ ਵਿਚ ਲੱਗੇ ਮਨੁੱਖਾਂ ਦੇ ਮਨੋਰੰਜਨ ਦੇ ਜ਼ਰੀਏ ਵਜੋਂ ਉਪਜੀਆਂ ਸਨ। ਮਨੁੱਖ ਦੀ ਪੈਦਾਵਾਰੀ ਸਰਗਰਮੀ ਨਾਲ ਇਨ੍ਹਾਂ ਦਾ ਗੂੜ੍ਹਾ ਰਿਸ਼ਤਾ ਸੀ। ਜੰਗਲਾਂ ਅੰਦਰ ਸ਼ਿਕਾਰ ਕਰਨਾ, ਖੇਤੀ ਦੇ ਕੰਮਾਂ ਤੇ ਹੋਰ ਜੂਨ ਗੁਜ਼ਾਰੇ ਲਈ ਲੋੜੀਂਦੀਆਂ ਗਤੀਵਿਧੀਆਂ ਵਿਚ ਮਨੁੱਖੀ ਸਮਰੱਥਾ ਦਾ ਮੁਜ਼ਾਹਰਾ ਹੀ ਖੇਡਾਂ ਦਾ ਆਧਾਰ ਬਣਿਆ। ਭਾਰ ਚੁੱਕਣ, ਨੇਜ਼ਾ ਸੁੱਟਣ, ਦੌੜਨ, ਉੱਚੀਆਂ ਲੰਮੀਆਂ ਛਾਲਾਂ ਮਾਰਨ ਵਰਗੀਆਂ ਖੇਡਾਂ ਤਾਂ ਸਿੱਧੇ ਤੌਰ ’ਤੇ ਹੀ ਮਨੁੱਖੀ ਸਮਾਜ ਅੰਦਰ ਕੀਤੀ ਜਾਂਦੀ ਰੋਜ਼ਾਨਾ ਪੈਦਾਵਾਰੀ ਸਰਗਰਮੀ ਵਿਚੋਂ ਉਪਜੀਆਂ ਹੋਣ ਦਾ ਸਬੂਤ ਦਿੰਦੀਆਂ ਹਨ। ਖੇਡਾਂ ਪੁਰਾਤਨ ਸਮਿਆਂ ਵਿਚ ਕਿਰਤ ਅਮਲ ’ਚ ਲੱਗੇ ਲੋਕਾਂ ਦਾ ਮਾਨਸਿਕ ਸਰੀਰਕ ਥਕੇਵਾਂ ਲਾਹੁਣ ਦਾ ਜ਼ਰੀਆ ਬਣਦੀਆਂ ਸਨ ਪਰ ਮਸ਼ੀਨੀਕਰਨ ਦੇ ਯੁੱਗ ਅੰਦਰ ਮਨੁੱਖ ਦੀ ਅਜਿਹੀ ਸਰਗਰਮੀ ਸੀਮਤ ਹੁੰਦੀ ਗਈ, ਖ਼ਾਸਕਰ ਵਿਕਸਤ ਪੂੰਜੀਵਾਦੀ ਸਮਾਜਾਂ ਅੰਦਰ ਤਾਂ ਇਹ ਬਹੁਤ ਹੱਦ ਤਕ ਰੂਪ ਬਦਲ ਚੁੱਕੀ ਹੈ। ਪੇਸ਼ਾਵਰ ਖਿਡਾਰੀ ਪੈਦਾ ਕਰਨ ਦੀ ਪਹੁੰਚ ਇੱਥੋਂ ਤਕ ਪੁੱਜ ਗਈ ਹੈ ਕਿ ਹੁਣ ਪੈਦਾਵਾਰੀ ਕਿਰਤ ਸਰਗਰਮੀ ਨਾਲੋਂ ਖੇਡਾਂ ਦਾ ਮੁਕੰਮਲ ਤੋੜ ਵਿਛੋੜਾ ਕਰ ਦਿੱਤਾ ਗਿਆ ਹੈ।
ਬੱਚਿਆਂ ਨੂੰ ਸਿਰਫ਼ ਪੇਸ਼ਾਵਰ ਖਿਡਾਰੀਆਂ ਵਜੋਂ ਤਿਆਰ ਕਰਨ ਦੀ ਪਹੁੰਚ ਸਵਾਲ ਅਧੀਨ ਹੈ ਕਿ ਸਿਰਫ਼ ਖੇਡਣਾ ਹੀ ਕਿੰਨੀ ਕੁ ਸਾਰਥਕ ਜੀਵਨ ਸਰਗਰਮੀ ਹੈ। ਖੇਤਾਂ, ਫੈਕਟਰੀਆਂ, ਖਾਣਾਂ ਤੇ ਜੰਗਲਾਂ ਵਿਚ ਕੰਮ ਕਰਦੇ ਕਰੋੜਾਂ ਮਜ਼ਦੂਰਾਂ ਕਿਸਾਨਾਂ ਤੇ ਉਨ੍ਹਾਂ ਦੇ ਬੱਚਿਆਂ ਦਾ ਇਨ੍ਹਾਂ ਖੇਡਾਂ ਨਾਲ ਹੁਣ ਕੀ ਰਿਸ਼ਤਾ ਬਚਿਆ ਹੈ। ਖੇਡਾਂ ਨੂੰ ਕੈਰੀਅਰ ਬਣਾਉਣ ਦੇ ਅਜਿਹੇ ਜ਼ਰੀਏ ਵਜੋਂ ਲਿਆ ਜਾ ਰਿਹਾ ਹੈ ਜਿਸ ਅੰਦਰ ਕੁਝ ਵਰ੍ਹਿਆਂ ਦੇ ਸਫ਼ਰ ਨਾਲ ਕਰੋੜਾਂ ਅਰਬਾਂ ਕਮਾ ਲਏ ਜਾਣਗੇ ਤੇ ਫਿਰ ਉਮਰ ਭਰ ਬਿਨਾ ਕੁਝ ਕੀਤੇ ਐਸ਼ ਵਾਲੀ ਜ਼ਿੰਦਗੀ ਗੁਜ਼ਾਰੀ ਜਾ ਸਕੇਗੀ। ਖਿਡਾਰੀ ਦੀ ਹਾਲਤ ਵੀ ਇਹ ਹੁੰਦੀ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕੁਝ ਵੀ ਸਿੱਖਣ ਦੇ ਬਿਹਤਰ ਸਾਲ ਖੇਡ ਦੇ ਲੇਖੇ ਲਾਏ ਹੁੰਦੇ ਹਨ ਤੇ ਉਸ ਮਗਰੋਂ ਉਹ ਹੋਰ ਕੋਈ ਕਿੱਤਾ ਕਰਨ ਦੀ ਹਾਲਤ ਵਿਚ ਨਹੀਂ ਹੁੰਦਾ। ਖੇਡ ਮੁਕਾਬਲਿਆਂ ਦੀ ਇਹ ਪਹੁੰਚ ਖੇਡਾਂ ਦੇ ਮੰਤਵ ਨੂੰ ਹੀ ਸਿਰ ਪਰਨੇ ਖੜ੍ਹੇ ਕਰਦੀ ਹੈ। ਜਮਾਤੀ ਵੰਡਾਂ ਵਾਲੇ ਸਮਾਜ ਅੰਦਰ ਲੋਕ ਦੋਖੀ ਨਿਜ਼ਾਮ ਅਧੀਨ ਅਜਿਹਾ ਕੁਝ ਹੀ ਵਾਪਰ ਸਕਦਾ ਹੈ। ਕੋਈ ਵੀ ਵਿਕਸਤ ਮਨੁੱਖੀ ਸਮਾਜ ਅਜਿਹੇ ਖੇਡ ਜਗਤ ਦੀ ਉਸਾਰੀ ਕਿਉਂ ਕਰੇਗਾ ਜਿੱਥੇ ਕੁਝ ਲੋਕਾਂ ਨੇ ਸਿਰਫ਼ ਤੇ ਸਿਰਫ਼ ਖੇਡਣਾ ਹੈ ਤੇ ਬਾਕੀ ਦੇ ਸਮਾਜ ਨੇ ਦਰਸ਼ਕਾਂ ਵਜੋਂ ਸਕ੍ਰੀਨ ’ਤੇ ਉਸ ਨੂੰ ਦੇਖਣਾ ਹੈ। ਇਹ ਰਾਜਿਆਂ ਮਹਾਰਾਜਿਆਂ ਦੇ ਵੇਲਿਆਂ ’ਚ ਤਾਂ ਸੰਭਵ ਸੀ ਜਦੋਂ ਖਿਡਾਰੀ ਰਾਜਿਆਂ ਦੇ ਮਨੋਰੰਜਨ ਲਈ ਹੀ ਪਾਲੇ ਜਾਂਦੇ ਸਨ।
ਸਮਾਜਿਕ ਵਿਕਾਸ ਦੇ ਮੌਜੂਦਾ ਪੱਧਰ ’ਤੇ ਪਹੁੰਚ ਕੇ ਖੇਡਾਂ ਇਸ ਸਮਾਜ ਅੰਦਰ ਸਿਹਤਮੰਦ ਤੇ ਉਸਾਰੂ ਰੁਚੀਆਂ ਦੇ ਸੰਚਾਰ ਦਾ ਜ਼ਰੀਆ ਤਾਂ ਹੀ ਬਣ ਸਕਦੀਆਂ ਹਨ, ਜੇ ਉਹ ਗੂੜ੍ਹੀ ਤਰ੍ਹਾਂ ਕਿਰਤੀ ਜਨ ਸਮੂਹਾਂ ਦੇ ਪੈਦਾਵਾਰੀ ਕਿਰਤ ਅਮਲ ਨਾਲ ਗੁੰਦੀਆਂ ਹੋਈਆਂ ਹੋਣ। ਕਿਰਤ ਅਮਲ ਦੌਰਾਨ ਹਕੀਕੀ ਤੌਰ ’ਤੇ ਉਨ੍ਹਾਂ ਪ੍ਰਕਿਰਿਆਵਾਂ ਵਿਚੋਂ ਗੁਜ਼ਰਦੇ ਲੋਕਾਂ ਅੰਦਰ ਮੌਜੂਦ ਪ੍ਰਤਿਭਾ ਨੂੰ ਖਿੜਨ ਦਾ ਮੌਕਾ ਮਿਲੇ। ਉਨ੍ਹਾਂ ਕਰੋੜਾਂ ਲੋਕਾਂ ਨੂੰ ਆਪਣੇ ਕਿਰਤ ਅਮਲ ਵਿਚੋਂ ਖੇਡ ਸਰਗਰਮੀ ਲਈ ਸਮਾਂ ਮੁਹੱਈਆ ਹੋਵੇ ਜਿਹੜਾ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਥਕੇਵਾਂ ਲਾਹੁਣ ਤੇ ਮਾਨਸਿਕ ਪੱਖੋਂ ਤ੍ਰਿਪਤ ਕਰਨ ਦਾ ਜ਼ਰੀਆ ਬਣੇ। ਉਹ ਸਿਰਫ਼ ਟੀਵੀ ਵਾਲੇ ਖੇਡ ਦਰਸ਼ਕ ਹੀ ਨਾ ਹੋਣ ਸਗੋਂ ਖੇਡਾਂ ਅੰਦਰ ਹਿੱਸੇਦਾਰ ਹੋਣ, ਸਥਾਨਕ ਪੱਧਰਾਂ ਤੇ ਪਿੰਡਾਂ ਕਸਬਿਆਂ ਦੇ ਪੱਧਰਾਂ ’ਤੇ ਲੋਕਾਂ ਦੀ ਸ਼ਮੂਲੀਅਤ ਵਾਲੇ ਖੇਡ ਮੁਕਾਬਲੇ ਹੀ ਮਨੁੱਖੀ ਸਮਾਜ ਅੰਦਰ ਖੇਡਾਂ ਦੀ ਸਾਰਥਕ ਵਰਤੋਂ ਦਾ ਜ਼ਰੀਆ ਹੋ ਸਕਦੇ ਹਨ। ਇੱਕ ਦੂਜੇ ਨਾਲ ਕਿੱਤਿਆਂ ਦੀ ਸਾਂਝ ਵਾਲੇ ਭਾਈਚਾਰਕ ਸਮਾਜਿਕ ਸਮੂਹਾਂ ’ਚ ਬੱਝੇ ਲੋਕਾਂ ਦੇ ਆਪਸੀ ਖੇਡ ਮੁਕਾਬਲੇ ਲੋਕਾਂ ਅੰਦਰ ਕਿਤੇ ਵਧੇਰੇ ਜਿਊਂਦਾ ਜਾਗਦਾ ਅਹਿਸਾਸ ਛੱਡਦੇ ਹਨ। ਕਿਸੇ ਕੌਮ/ਸਮਾਜ ਦੇ ਸਮੂਹ ਕਿਰਤੀ ਲੋਕਾਂ ਦੇ ਖੇਡਾਂ ਤੋਂ ਵਿਰਵੇ ਹੋਣ ਦੀ ਕੀਮਤ ’ਤੇ ਕੌਮਾਂਤਰੀ ਮੁਕਾਬਲਿਆਂ ਅੰਦਰ ਕੀਤਾ ਕਿਸੇ ਪੇਸ਼ਾਵਰ ਖਿਡਾਰੀ ਵੱਲੋਂ ਕੀਤਾ ਸ਼ਾਨਦਾਰ ਪ੍ਰਦਰਸ਼ਨ ਵੀ ਮਨੁੱਖੀ ਜੀਵਨ ਅੰਦਰ ਖੇਡਾਂ ਦੀ ਸਾਰਥਕਤਾ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਰਹੇਗਾ।
ਇਹ ਸਵਾਲ ਗ਼ੈਰ ਵਾਜਬ ਨਹੀਂ ਕਿ ਕਿਸੇ ਮੁਲਕ ਨੇ ਜੇਕਰ ਸਮੁੱਚੀ ਕਿਰਤੀ ਲੋਕਾਈ ਨੂੰ ਖੇਡਾਂ ਰਾਹੀਂ ਵਧੇਰੇ ਉਸਾਰੂ ਮਾਹੌਲ ਮੁਹੱਈਆ ਕਰਵਾਉਣਾ ਹੈ ਤਾਂ ਲਾਜ਼ਮੀ ਨਹੀਂ ਕਿ ਉੱਥੋਂ ਉਹੋ ਜਿਹੇ ਵਿਕਸਤ ਪੇਸ਼ਾਵਰ ਖਿਡਾਰੀ ਪੈਦਾ ਕੀਤੇ ਜਾ ਸਕਣ, ਜਿਹੋ ਜਿਹੇ ਕਿਸੇ ਪੂੰਜੀਵਾਦੀ ਨਿਜ਼ਾਮ ਅਧੀਨ ਬਾਕੀ ਲੋਕਾਂ ਦੀ ਕੀਮਤ ’ਤੇ ਵਿਕਸਤ ਹੋਏ ਪੇਸ਼ਾਵਰ ਖਿਡਾਰੀ ਹੋ ਸਕਦੇ ਹਨ। ਕਿਸੇ ਵਿਕਸਿਤ ਸਮਾਜ ਅੰਦਰ ਖੇਡ ਸਰਗਰਮੀ ਦੀ ਸਾਰਥਕਤਾ ਦਾ ਪੈਮਾਨਾ ਦੇਸ਼ ਦੇ ਸਮੁੱਚੇ ਜਨਜੀਵਨ ਅੰਦਰ ਲੋਕਾਂ ਨੂੰ ਖੇਡਾਂ ਲਈ ਹਾਸਲ ਹੁੰਦੇ ਸਮੇਂ ਅਤੇ ਖੇਡ ਗਤੀਵਿਧੀ ਰਾਹੀਂ ਕਿਰਤੀ ਵਸੋਂ ਦੀ ਊਰਜਾ ਨੂੰ ਨਵਿਆਉਣ ਵਿਚ ਨਿਭਾਈ ਜਾ ਰਹੀ ਭੂਮਿਕਾ ਦੇ ਨਜ਼ਰੀਏ ਨਾਲ ਬਣਾਉਣਾ ਹੋਵੇਗਾ। ਕੌਮਾਂਤਰੀ ਪੱਧਰ ’ਤੇ ਜਿੱਤੀਆਂ ਜਾਣ ਵਾਲੀਆਂ ਜਿੱਤਾਂ ਵੀ ਇਸੇ ਸਾਰਥਿਕਤਾ ਦਾ ਹਕੀਕੀ ਪਰਤੌ ਹੋਣਗੀਆਂ। ਡਾਲਰਾਂ ਪੌਂਡਾਂ ’ਚ ਤੁਲਦੇ ਖਿਡਾਰੀ ਕਿਸੇ ਮੁਲਕ ਦੇ ਸਮਾਜਿਕ ਜੀਵਨ ਅੰਦਰ ਖੇਡਾਂ ਦੀ ਸਾਰਥਿਕ ਭੂਮਿਕਾ ਦੀ ਗਵਾਹੀ ਨਹੀਂ ਦਿੰਦੇ, ਇਹ ਤਾਂ ਮਨੁੱਖੀ ਸਮਾਜਿਕ ਜਿ਼ੰਦਗੀ ’ਚ ਖੇਡਾਂ ਦੀ ਲਾਹੇਵੰਦ ਵਰਤੋਂ ਨਾ ਕਰ ਸਕਣ ਦਾ ਸਬੂਤ ਹਨ। ਖੇਡ ਗਤੀਵਿਧੀ ਨੂੰ ਸਮਾਜ ਖ਼ਾਤਰ ਸਹੀ ਅਰਥਾਂ ’ਚ ਲਾਹੇਵੰਦ ਬਣਾਉਣ ਲਈ ਅਜੇ ਬਹੁਤ ਕੁਝ ਸੋਚਣਾ ਅਤੇ ਕਰਨਾ ਬਾਕੀ ਹੈ।
ਸੰਪਰਕ: pavelnbs11@gmail.com