ਤੋਸ਼ ਗਰਗ/ਮਹੇਸ਼ ਕੁਮਾਰ/ਐੱਸਕੇ ਸੰਧੂ
ਬੇਬੀ ਕੌਰਨ ਦੀ ਕਾਸ਼ਤ ਫ਼ਸਲੀ ਵੰਨ-ਸਵੰਨਤਾ, ਮੱਕੀ ਦੇ ਵਧੇਰੇ ਮੁੱਲ ਅਤੇ ਫੂਡ ਪ੍ਰਾਸੈਸਿੰਗ ਉਦਯੋਗ ਦੇ ਵਿਕਾਸ ਲਈ ਬਦਲ ਹੈ। ਅੱਜ ਕੱਲ੍ਹ ਸਿਹਤ ਬਾਰੇ ਜਾਗਰੂਕਤਾ ਕਾਰਨ ਲੋਕਾਂ ਦਾ ਰੁਝਾਨ ਗੁਣਵੱਤਾ ਵਾਲੇ ਭੋਜਨ ਵੱਲ ਵਧ ਰਿਹਾ ਹੈ। ਬੇਬੀ ਕੌਰਨ ਮੱਕੀ ਦੀਆਂ ਬਹੁਤ ਛੋਟੀਆਂ ਛੱਲੀਆਂ ਨੂੰ ਕਹਿੰਦੇ ਹਨ। ਛੋਟੀਆਂ, ਤਾਜ਼ੀਆਂ ਬੇਬੀ ਕੌਰਨ ਨੂੰ ਫਰਟੀਲਾਈਜ਼ੇਸ਼ਨ ਤੋਂ ਠੀਕ ਪਹਿਲਾਂ ਸੂਤ ਦੇ ਉਭਾਰ ਤੇ ਤੁੜਾਈ ਕੀਤੀ ਜਾਂਦੀ ਹੈ। ਇਸ ਨੂੰ ਸਲਾਦ ਅਤੇ ਸੂਪ, ਮੰਚੂਰੀਅਨ (ਚੀਨੀ ਪਕਵਾਨ), ਮਿਸ਼ਰਤ ਸਬਜ਼ੀਆਂ, ਅਚਾਰ ਪਕੌੜੇ ਆਦਿ ਵਿਚ ਵਰਤਿਆ ਜਾਂਦਾ ਹੈ। ਇਸ ਦੀ ਨਜ਼ਾਕਤ, ਮਿਠਾਸ ਅਤੇ ਖਸਤਾ (ਭੁਰਭੁਰਾ) ਸੁਭਾਅ ਬਹੁਤ ਭਾਉਂਦੇ ਹਨ। ਹੋਟਲਾਂ ਅਤੇ ਫਾਸਟਫੂਡ ਕੇਂਦਰਾਂ ਵਿਚ ਇਸ ਦੀ ਭਾਰੀ ਮੰਗ ਹੈ। ਪੱਛਮੀ ਦੇਸ਼ਾਂ ਵਿਚ ਇਸ ਦੀ ਵਧੇਰੇ ਖਪਤ ਹੋਣ ਕਰਕੇ ਇਸ ਦੇ ਬਰਾਮਦ ਦੀ ਵੱਡੀ ਸੰਭਾਵਨਾ ਹੈ।
ਵੰਨ-ਸਵੰਨਤਾ: ਜੇ ਚੌਲਾਂ ਹੇਠ ਕੁਝ ਰਕਬਾ ਘਟਾ ਕੇ ਮੱਕੀ ਹੇਠ ਲਿਆਂਦਾ ਜਾਵੇ ਤਾਂ ਇਸ ਨਾਲ ਮਿੱਟੀ ਅਤੇ ਆਮ ਵਾਤਾਵਰਨ ਦੀਆਂ ਭੌਤਿਕ ਹਾਲਤਾਂ ਸੁਧਾਰਨ ਵਿਚ ਮਦਦ ਮਿਲੇਗੀ। ਮੱਕੀ ਨੂੰ ਚੌਲਾਂ ਦੇ ਮੁਕਾਬਲੇ ਘੱਟ ਪਾਣੀ ਦੀ ਲੋੜ ਹੁੰਦੀ ਹੈ ਜਿਸ ਨਾਲ ਇਸ ਕੀਮਤੀ ਕੁਦਰਤੀ ਸਰੋਤ ਦੀ ਬੱਚਤ ਹੋ ਸਕਦੀ ਹੈ। ਬੇਬੀ ਕੌਰਨ ਦੀ ਕਾਸ਼ਤ ਫਸਲੀ ਚੱਕਰ ਨੂੰ ਵੰਨ-ਸਵੰਨਾ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਫਸਲੀ ਉਤਪਾਦ ਦੇ ਉੱਚ ਆਰਥਿਕ ਮੁੱਲ ਅਤੇ ਫਸਲਾਂ ਦੀ ਤੀਬਰਤਾ ਵਿਚ ਵਾਧੇ ਕਾਰਨ ਪ੍ਰਤੀ ਯੂਨਿਟ ਪ੍ਰਤੀ ਸਾਲ ਆਰਥਿਕ ਕਮਾਈ ਵਧੇਗੀ। ਬੇਬੀ ਕੌਰਨ ਦੀ ਫ਼ਸਲ ਲਗਭਗ 60-65 ਦਿਨਾਂ ਵਿਚ ਖਤਮ ਹੋ ਜਾਂਦੀ ਹੈ। ਕਿਸਾਨ ਉਸੇ ਖੇਤ ਨੂੰ ਬੇਬੀ ਕੌਰਨ ਦੀ ਦੂਸਰੀ ਫ਼ਸਲ ਜਾਂ ਕਿਸੇ ਹੋਰ ਫ਼ਸਲ ਲਈ ਵਰਤ ਸਕਦੇ ਹਨ। ਇਉਂ ਇਸ ਦੀ ਕਾਸ਼ਤ ਕਿਸਾਨਾਂ ਨੂੰ ਉਨ੍ਹਾਂ ਦੀ ਆਮਦਨ ਵਿਚ ਵਾਧੇ ਲਈ ਮਦਦਗਾਰ ਸਿੱਧ ਹੋ ਸਕਦੀ ਹੈ। ਬਾਜ਼ਾਰ ਦੀ ਮੰਗ ਪੂਰੀ ਕਰਨ ਲਈ ਬੇਬੀ ਕੌਰਨ ਦੀ ਬਿਜਾਈ ਕੁਝ ਅੰਤਰਾਲ ਤੇ ਕਰਨੀ ਚਾਹੀਦੀ ਹੈ। ਬੇਬੀ ਕੌਰਨ ਦੀ ਮੱਕੀ ਦੀ ਬਾਜ਼ਾਰੀ ਕੀਮਤ ਗੁਣਵੱਤਾ ਅਤੇ ਮੰਗ ਦੇ ਆਧਾਰ ’ਤੇ ਤੈਅ ਹੁੰਦੀ ਹੈ। ਬੇਬੀ ਕੌਰਨ ਦੀ ਖੇਤੀ,
ਮੰਡੀਕਰਨ, ਪ੍ਰਾਸੈਸਿੰਗ ਅਤੇ ਬਰਾਮਦ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ। ਆਮ ਤੌਰ ’ਤੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਤੋਂ ਹੋਣ ਵਾਲੀ ਆਮਦਨ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਇਹ ਥੋੜ੍ਹੇ ਸਮੇਂ ਦੀ ਫਸਲ ਹੋਣ ਕਰਕੇ ਕਿਸਾਨ ਥੋੜ੍ਹੇ ਸਮੇਂ ਵਿਚ ਪੈਸਾ ਕਮਾ ਸਕਦੇ ਹਨ।
ਉਦਯੋਗਿਕ ਵਰਤੋਂ: ਬੇਬੀ ਕੌਰਨ ਦੀ ਕਾਸ਼ਤ ਦੇ ਨਤੀਜੇ ਵਜੋਂ ਹੁਨਰਮੰਦ ਅਤੇ ਗੈਰ-ਹੁਨਰਮੰਦ ਕਾਮਿਆਂ, ਦੋਵਾਂ ਲਈ ਰੁਜ਼ਗਾਰ ਪੈਦਾ ਹੁੰਦਾ ਹੈ। ਬੇਬੀ ਕੌਰਨ ਦੀ ਉਪਜ ਦੀ ਕਟਾਈ ਅਤੇ ਉਸ ਤੋਂ ਬਾਅਦ ਸਾਂਭ-ਸੰਭਾਲ ਲਈ ਜ਼ਿਆਦਾ ਕਾਮਿਆਂ ਦੀ ਲੋੜ ਹੁੰਦੀ ਹੈ। ਬੇਬੀ ਕੌਰਨ ਦੀ ਕਾਸ਼ਤ ਨਾਲ ਬਹੁਤ ਸੰਭਾਵਨਾਵਾਂ ਹਨ ਕਿਉਂਕਿ ਇਸ ਨਾਲ ਡੱਬਾਬੰਦ ਉਤਪਾਦ ਅਤੇ ਪੈਕਿੰਗ, ਕੈਨਿੰਗ, ਪ੍ਰਾਸੈਸਿੰਗ, ਟ੍ਰਾਂਸਪੋਰਟੇਸ਼ਨ ਅਤੇ ਸਟੋਰੇਜ ਲਈ ਉਦਯੋਗ ਵੀ ਵਿਕਸਤ ਹੋਣਗੇ।
ਡੇਅਰੀ ਫਾਰਮਿੰਗ ਨੂੰ ਹੁਲਾਰਾ: ਬੇਬੀ ਕੌਰਨ ਦੀ ਕਾਸ਼ਤ ਦਾ ਲਾਭ ਡੇਅਰੀ ਫਾਰਮਿੰਗ ਨੂੰ ਉਤਸ਼ਾਹਤ ਕਰਨ ਵਿਚ ਵੀ ਮਦਦ ਕਰੇਗਾ। ਬੇਬੀ ਕੌਰਨ ਤੋੜਨ ਤੋਂ ਬਾਅਦ ਕਿਸਾਨਾਂ ਨੂੰ ਪਸ਼ੂਆਂ ਲਈ ਤਾਜ਼ਾ ਹਰਾ ਅਤੇ ਪੌਸ਼ਟਿਕ ਚਾਰਾ ਵੀ ਮਿਲੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਿਆਰੀ ਬੇਬੀ ਕੌਰਨ ਦੀ ਪੈਦਾਵਾਰ ਲਈ ਸਿਫ਼ਾਰਸ਼ਾਂ ਕੀਤੀਆਂ ਹਨ; ਜਿਵੇਂ:
ਕਿਸਮਾਂ ਦੀ ਚੋਣ: ਬੇਬੀ ਕੋਰਨ ਦੀ ਕਾਸ਼ਤ ਲਈ ਜਲਦੀ ਪੱਕਣ ਵਾਲੀ ਨਵੀਂ ਦੋਗਲੀ ਕਿਸਮ ਪੰਜਾਬ ਬੇਬੀ ਕੌਰਨ 1 ਅਤੇ ਪ੍ਰਕਾਸ਼ ਦੀ ਸਿਫਾਰਸ਼ ਕੀਤੀ ਗਈ ਹੈ। ਦੋਗਲੀ ਕਿਸਮਾਂ ਢੁਕਵੀਆਂ ਹਨ, ਇਹ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਦਿੰਦੀਆਂ ਹਨ। ਇਨ੍ਹਾਂ ਦੇ ਬੇਬੀ ਕੌਰਨ ਇਕਸਾਰ ਆਕਾਰ ਦੇ ਹੁੰਦੇ ਹਨ। ਪੰਜਾਬ ਬੇਬੀ ਕੌਰਨ 1 ਦਾ ਝਾੜ 8.4 ਅਤੇ ਪ੍ਰਕਾਸ਼ ਦਾ ਝਾੜ ਤਕਰੀਬਨ 7 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ ਦਾ ਸਮਾਂ: ਬੇਬੀ ਕੌਰਨ ਦੀ ਫ਼ਸਲ ਦੀ ਬਿਜਾਈ ਅਪਰੈਲ ਤੋਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਸੁਝਾਅ ਇਹ ਹੈ ਕਿ ਮੰਗ ਦੇ ਆਧਾਰ ’ਤੇ ਲਗਾਤਾਰ ਸਪਲਾਈ ਬਣਾਈ ਰੱਖਣ ਲਈ ਬਿਜਾਈ ਮਿੱਥੇ ਵਕਫ਼ੇ ’ਤੇ ਕੀਤੀ ਜਾਵੇ।
ਬੀਜਾਂ ਦੀ ਮਾਤਰਾ ਅਤੇ ਬੂਟਿਆਂ ਦੀ ਗਿਣਤੀ: ਬੇਬੀ ਕੌਰਨ ਦੀ ਫ਼ਸਲ ਲਈ ਬੀਜ ਦੀ ਸਿਫ਼ਾਰਸ਼ 20 ਕਿਲੋ ਪ੍ਰਤੀ ਏਕੜ ਹੈ। ਇਸ ਦੀ ਵਰਤੋਂ 66,000 ਪੌਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਬਿਜਾਈ ਲਈ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ।
ਖਾਦਾਂ: ਫ਼ਸਲ ਦੇ ਥੋੜ੍ਹੇ ਸਮੇਂ ਕਰਕੇ ਬੇਬੀ ਕੌਰਨ ਲਈ ਨਾਈਟ੍ਰੋਜਨ ਦੀ ਘੱਟ ਲੋੜ ਹੁੁੰਦੀ ਹੈ। ਚੰਗਾ ਝਾੜ ਲੈਣ ਲਈ 52 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਜਾਂ 27 ਕਿਲੋ ਡੀਏਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੀ ਵਰਤੋਂ ਕਰੋ। ਜੇ ਖੇਤ ਵਿਚ ਜ਼ਿੰਕ ਦੀ ਪਹਿਲਾਂ ਕਮੀ ਨਜ਼ਰ ਆਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਜੇ ਡੀਏਪੀ 27 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਹੋਵੇ ਤਾਂ ਯੂਰੀਆਂ 10 ਕਿਲੋ ਪ੍ਰਤੀ ਏਕੜ ਘਟਾ ਦਿਉ। ਅੱਧਾ ਯੂਰੀਆ ਬਿਜਾਈ ਮੌਕੇ ਅਤੇ ਬਾਕੀ ਜਦੋਂ ਫ਼ਸਲ ਗੋਡੇ ਗੋਡੇ ਹੋ ਜਾਵੇ, ਉਸ ਸਮੇਂ ਪਾਉ। ਬਾਕੀ ਖਾਦਾਂ ਬਿਜਾਈ ਸਮੇਂ ਹੀ ਪਾਉ।
ਤੁੜਾਈ: ਬੇਬੀ ਕੌਰਨ ਦੀ ਤੁੜਾਈ ਦਾ ਸਭ ਤੋਂ ਢੁਕਵਾਂ ਸਮਾਂ ਸੂਤ ਕੱਤਣ ਦੀ ਸ਼ੁਰੂਆਤ ਤੋਂ ਤੁਰੰਤ ਬਾਅਦ ਪਰ ਫਰਟੀਲਾਈਜ਼ੇਸ਼ਨ ਤੋਂ ਠੀਕ ਪਹਿਲਾਂ ਹੁੰਦਾ ਹੈ। ਪਰਾਗ ਕਣ ਝੜਨ ਤੋਂ ਪਹਿਲਾਂ ਬਾਬੂ ਝੰਡੇ ਕੱਢਣਾ, ਬੇਬੀ ਕੌਰਨ ਦੀ ਗੁਣਵੱਤਾ ਬਣਾਈ ਰੱਖਣ ਵਿਚ ਵੀ ਮਦਦਗਾਰੀ ਹੁੰਦਾ ਹੈ ਪਰ ਪੰਜਾਬ ਬੇਬੀ ਕੌਰਨ 1 ਬੂਰ ਰਹਿਤ ਕਿਸਮ ਹੈ ਜਿਸ ਵਿਚ ਬਾਬੂ ਝੰਡੇ ਕੱਢਣ ਦੀ ਲੋੜ ਨਹੀਂ ਪੈਂਦੀ। ਦੇਰ ਨਾਲ ਤੋੜੀ ਬੇਬੀ ਕੌਰਨ ਸਖਤ ਅਤੇ ਘੱਟ ਖਸਤਾ ਹੋ ਜਾਂਦੀ ਹੈ ਅਤੇ ਸਲਾਦ ਜਾਂ ਸਬਜ਼ੀ ਦੇ ਰੂਪ ਵਿਚ ਖਪਤ ਲਈ ਢੁਕਵੀ ਨਹੀਂ ਹੁੰਦੀ। ਉੱਪਰਲਾ ਬੇਬੀ ਕੌਰਨ ਪਹਿਲੀ ਤੁੜਾਈ ਲਈ ਤਿਆਰ ਹੁੰਦਾ ਹੈ ਅਤੇ ਹੇਠਲੇ ਬੇਬੀ ਕੌਰਨ ਕੁਝ ਦਿਨਾਂ ਬਾਅਦ। ਆਮ ਤੌਰ ’ਤੇ ਹਰ ਪੌਦੇ ਵਿਚੋਂ ਦੋ ਜਾਂ ਤਿੰਨ ਤੁੜਾਈਆਂ ਕਰਨੀਆਂ ਚਾਹੀਦੀਆਂ ਹਨ। ਤਿੰਨ ਤੁੜਾਈਆਂ ਬਾਅਦ ਬੇਬੀ ਕੌਰਨ ਦੀ ਕੁਆਲਿਟੀ ਜ਼ਿਆਦਾ ਵਧੀਆ ਨਹੀਂ ਹੁੰਦੀ।
ਪਰਦਿਆਂ ਤੋ ਕੱਢਣਾ: ਬੇਬੀ ਕੌਰਨ ਤੋੜ ਕੇ ਇੱਕ ਥਾਂ ’ਤੇ ਇਕੱਠੀਆਂ ਕਰ ਕੇ ਘੱਟ ਤਾਪਮਾਨ ਤੇ ਸਟੋਰ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਨਮੀ ਘਟਣ ਅਤੇ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਮੰਡੀਕਰਨ ਲਈ ਨਰਮ ਪੋਲੀਥੀਨ ਬੈਗਾਂ ਵਿਚ ਪੈਕ ਕਰਨ ਤੋਂ ਪਹਿਲਾਂ ਬੇਬੀ ਕੌਰਨ ਨੂੰ ਪਰਦਿਆਂ ਵਿਚੋਂ ਬਾਹਰ ਕੱਢ ਲੈਣਾ ਚਾਹੀਦਾ ਹੈ। ਇਸ ਦੀ ਬਣਤਰ ਅਤੇ ਤਾਜ਼ਗੀ ਬਣਾਈ ਰੱਖਣ ਲਈ ਆਮ ਤੌਰ ’ਤੇ ਪਰਦੇ ਦੀ ਇੱਕ ਪਰਤ ਨਾਲ ਕੈਨਿੰਗ ਇਕਾਈਆਂ ਵਿਚ ਲਿਜਾਇਆ ਜਾਂਦਾ ਹੈ।
ਪੌਸ਼ਟਿਕਤਾ: ਬੇਬੀ ਕੌਰਨ ਹੋਰ ਸਬਜ਼ੀਆਂ ਵਾਂਗ ਹੀ ਹੁੰਦੀ ਹੈ ਅਤੇ ਪੋਸ਼ਣ ਦੇ ਦ੍ਰਿਸ਼ਟੀਕੋਣ ਤੋਂ ਇਸ ਦੀ ਤੁਲਨਾ ਗੋਭੀ, ਪੱਤਾਗੋਭੀ, ਟਮਾਟਰ ਅਤੇ ਖੀਰੇ ਨਾਲ ਕੀਤੀ ਜਾਂਦੀ ਹੈ। ਇਸ ਵਿਚ 1.5% ਪ੍ਰੋਟੀਨ, 8.2% ਕਾਰਬੋਹਾਈਡਰੇਟ ਅਤੇ 89% ਪਾਣੀ ਹੁੰਦਾ ਹੈ। ਇਸ ਵਿਚ ਵਿਟਾਮਿਨ ਏ ਅਤੇ ਸੀ ਦੀ ਕਾਫ਼ੀ ਮਾਤਰਾ ਹੁੰਦੀ ਹੈ। ਸਬਜ਼ੀ ਦੇ ਰੂਪ ਵਿਚ ਬੇਬੀ ਕੌਰਨ ਬਾਰੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਇਹ ਕਿਸੇ ਵੀ ਕਿਸਮ ਦੇ ਕੀਟਨਾਸ਼ਕ/ਵਾਤਾਵਰਨ ਪ੍ਰਦੂਸ਼ਣ ਤੋਂ ਮੁਕਤ ਹੈ।
*ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ (ਮੱਕੀ ਸੈਕਸ਼ਨ), ਪੀਏਯੂ ਲੁਧਿਆਣਾ।