ਦੇਵੇਂਦ੍ਰ ਪਾਲ
ਗੁਰਬਾਣੀ ਦੇ ਫ਼ਰਮਾਨ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਵਿਚ ਆਸਥਾ ਰੱਖਣ ਵਾਲੇ ਪੰਜਾਬੀਆਂ ਲਈ ਵਿਗਿਆਨੀਆਂ ਨੇ ਦੋ ਸਾਲ ਪਹਿਲਾਂ ਹੀ ਇਹ ਭਵਿੱਖਵਾਣੀ ਕਰ ਦਿੱਤੀ ਸੀ ਕਿ 2025 ਤਕ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਸਰੋਤ ਸੁੱਕ ਜਾਣਗੇ ਤੇ ਆਉਣ ਵਾਲੇ ਕੁਝ ਸਾਲਾਂ ਵਿਚ ਪੰਜਾਬ ਰੇਗਿਸਤਾਨ ਵਿਚ ਤਬਦੀਲ ਹੋ ਜਾਵੇਗਾ। ਇਸ ਚਿਤਾਵਨੀ ਵੱਲ ਨਾ ਤਾਂ ਕਿਸੇ ਸ਼ਾਸਤ-ਸੰਗਤ ਨੇ ਧਿਆਨ ਦਿੱਤਾ ਤੇ ਨਾ ਹੀ ਕਿਸੇ ਸ਼ਾਸਕ-ਸਰਕਾਰ ਨੇ। ਸਮੱਸਿਆ ਵੱਲ ਜੇ ਬਹੁਤਾ ਚਿਰ ਧਿਆਨ ਨਾ ਦਿੱਤਾ ਜਾਵੇ ਤਾਂ ਉਹ ਸੰਕਟ ਦਾ ਰੂਪ ਧਾਰ ਲੈਂਦੀ ਹੈ। ਹੁਣ ਆਪ ਸਰਕਾਰ ਦੇ ਸਿਰ ਜੋ ਅਨੇਕਾਂ ਸੰਕਟ ਦੋ-ਧਾਰੀ ਤਲਵਾਰ ਬਣੀ ਲਮਕ ਰਹੇ ਨੇ, ਉਨ੍ਹਾਂ ਵਿਚੋਂ ਪਾਣੀ ਦਾ ਸੰਕਟ ਸਭ ਤੋਂ ਵੱਡੀ ਚੁਣੌਤੀ ਹੈ। ਪਾਣੀ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ ਤੇ ਪਾਣੀ ਦਾ ਕੋਈ ਬਦਲ ਨਹੀਂ ਹੈ। ਸ੍ਰਿਸ਼ਟੀ ਨੂੰ ਜੀਵਨ ਦੇਣ ਵਾਲਾ ਪਾਣੀ ਐਸਾ ਤੱਤ ਹੈ ਜਿਸ ਦੁਆਰਾ ਜੀਵ-ਜੰਤੂਆਂ, ਬਨਸਪਤੀ ਆਦਿ ਵਿਚ ਜੀਵਨ ਦੀ ਰੌਂਅ ਚੱਲਦੀ ਰਹਿੰਦੀ ਹੈ ਅਤੇ ਇਹ ਪਾਣੀ ਦੀ ਅਣਹੋਂਦ ਵਿਚ ਸੰਭਵ ਨਹੀਂ ਹੋ ਸਕਦੀ। ਮਾਨ ਸਰਕਾਰ ਇਹ ਗੱਲ ਜਿੰਨੀ ਜਲਦੀ ਸਮਝ ਲਵੇ, ਚੰਗਾ ਹੈ ਕਿ ਪਾਣੀ ਦੀ ਅਣਹੋਂਦ ਕੰਢੇ ਪਹੁੰਚ ਚੁੱਕੇ ਪੰਜਾਬ ਦੇ ਵਾਸੀਆਂ ਦਾ ਵਜੂਦ ਬਚਾਉਣ ਦਾ ਟੀਚਾ ਪਹਿਲੇ ਸਥਾਨ ਤੇ ਮਿੱਥ ਕੇ ਹੀ ਪੰਜਾਬ ਦੀ ਸ਼ਾਨ ਬਹਾਲ ਕੀਤੀ ਜਾ ਸਕਦੀ ਹੈ।
ਪੰਜਾਬ ਵਿਚ ਇਕ ਤਾਂ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ, ਦੂਜਾ ਪਲੀਤ ਹੋ ਰਿਹਾ ਹੈ। ਦਰਿਆਵਾਂ ਜਿਨ੍ਹਾਂ ਨੂੰ ਅਸੀਂ ਪਵਿੱਤਰ ਕਹਿੰਦੇ ਹਾਂ, ਦਾ ਪਾਣੀ ਵੀ ਪੀਣ ਲਾਇਕ ਨਹੀਂ ਰਿਹਾ। ਤਮਾਮ ਖੂਹਾਂ ਸਰੋਵਰਾਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ। ਪਾਣੀਆਂ ਨੂੰ ਪਲੀਤ ਕਰਨ ਲਈ ਜਿੰਨੇ ਕੁ ਜਿ਼ੰਮੇਵਾਰ ਪੰਜਾਬ ਦੇ ਕਾਰਖਾਨੇ ਹਨ, ਓਨੀਆਂ ਹੀ ਜਿ਼ੰਮੇਵਾਰ ਉਹ ਸਰਕਾਰਾਂ ਤੇ ਵਿਗਿਆਨੀ/ਵਪਾਰੀ ਹਨ ਜਿਨ੍ਹਾਂ ਨੇ ਹਰੇ ਇਨਕਲਾਬ ਦੇ ਨਾਂ ਹੇਠ ਪੰਜਾਬ ਨੂੰ ਪ੍ਰਯੋਗਸ਼ਾਲਾ ਵਾਂਗ ਵਰਤਿਆ ਤੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੇ ਚੱਕਰਵਿਊ ਵਿਚ ਫਸਾਇਆ। ਇਸ ਪ੍ਰਯੋਗ ਨੇ ਨਾ ਸਿਰਫ਼ ਧਰਤੀ ਹੇਠਲਾ ਪਾਣੀ ਪੀ ਲਿਆ ਬਲਕਿ ਦਰਿਆ, ਚੋਅ, ਵੇਂਈਆਂ, ਛੱਪੜ, ਢਾਬ, ਡਿੱਗੀਆਂ, ਖੂਹ ਅਤੇ ਹੋਰ ਤਮਾਮ ਕੁਦਰਤੀ ਸੋਮਿਆਂ ਦਾ ਵਜੂਦ ਜਾਂ ਤਾਂ ਮੇਟ ਦਿੱਤਾ ਹੈ ਜਾਂ ਉਨ੍ਹਾਂ ਵਿਚ ਜ਼ਹਿਰ ਘੋਲ ਦਿੱਤਾ ਹੈ। ਪੰਜਾਬ ਅਧੀਨ ਹਿੰਦੋਸਤਾਨ ਦਾ ਡੇਢ ਫ਼ੀਸਦ ਰਕਬਾ ਹੈ ਪਰ ਇੱਥੇ ਕੀਟਨਾਸ਼ਕਾਂ ਦੀ ਖਪਤ ਮੁਲਕ ਭਰ ਵਿਚੋਂ 18 ਫ਼ੀਸਦ ਅਤੇ ਕੈਮੀਕਲ ਵਾਲੀਆਂ ਖਾਦਾਂ ਦੀ ਵਰਤੋਂ 14 ਫ਼ੀਸਦ ਹੈ।
ਇਸ ਤੱਥ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਪੰਜਾਬ ਦੇ ਤਕਰੀਬਨ 36 ਹਜ਼ਾਰ ਹੈਕਟੇਅਰ ਖੇਤਰ ਵਿਚ 10 ਹਜ਼ਾਰ ਮੈਟ੍ਰਿਕ ਟਨ ਜ਼ਹਿਰ ਰਲਾ ਦੇਣ ਦਾ ਪ੍ਰਬੰਧ ਪੰਜਾਬ ਸਰਕਾਰ ਆਪ ਕਰਦੀ ਹੈ। ਏਜੰਸੀ, ਕੋ-ਆਪਰੇਟਿਵ ਸੁਸਾਇਟੀਆਂ ਅਤੇ ਰਜਿਸਟਰਡ ਡੀਲਰਾਂ ਨੂੰ ਕੁੱਲ ਮਿਲਾ ਕੇ 11990 ਵਿਕਰੀ ਕੇਂਦਰ ਹਨ ਜਿਨ੍ਹਾਂ ਵਿਚੋਂ 270 ਖੇਤੀਬਾੜੀ ਵਿਭਾਗ, 909 ਸਹਿਕਾਰੀ ਅਤੇ 10811 ਪ੍ਰਾਈਵੇਟ ਸੈਕਟਰ ਦੇ ਹਨ। ਅੱਜ ਇਕ ਪਾਸੇ ਤਕਰੀਬਨ 67 ਕੀਟਨਾਸ਼ਕ ਜਿਨ੍ਹਾਂ ਦੇ ਵੇਚਣ ’ਤੇ ਵੀ ਪਾਬੰਦੀ ਹੈ, ਪੰਜਾਬ ਵਿਚ ਧੜਾਧੜ ਵਿਕ ਰਹੇ ਹਨ; ਦੂਜੇ ਪਾਸੇ ‘ਮਾਤਾ ਧਰਤਿ’ ਦੀ ਛਾਤੀ ਨੂੰ ਥਾਂ ਥਾਂ ਤੇ ਵਿੰਨ੍ਹ ਕੇ 16 ਲੱਖ ਟਿਊਬਵੈੱਲ ਅਜੇ ਵੀ ਬਚਿਆ-ਖੁਚਿਆ ਪਾਣੀ ਕੱਢ ਰਹੇ ਹਨ। ਪੰਜਾਬ ਦੇ ਸ਼ਹਿਰਾਂ ਦੇ ਮਲ-ਮੂਤਰ ਸਮੇਤ ਸਾਰੀ ਗੰਦਗੀ ਦਾ ਨਿਕਾਸ ਪ੍ਰਬੰਧ ਵੀ ਅਜਿਹਾ ਹੈ ਕਿ ਸਾਰਾ ਗੰਦ ‘ਪਾਣੀ ਪਿਤਾ’ ਦੀ ਦੇਹ ’ਤੇ ਜਾ ਕੇ ਡਿੱਗਦਾ ਹੈ ਤੇ ਦਰਿਆਵਾਂ ਨੂੰ ਸ਼ਾਸਕਾਂ ਨੇ ਗੰਦ ਢੋਣ ਵਾਲੇ ਨਾਲਿਆਂ ਵਿਚ ਤਬਦੀਲ ਕਰ ਦਿੱਤਾ ਹੈ। ਜਿਸ ਸਤਲੁਜ ਦੇ ਕੰਢੇ ਦਸਮੇਸ਼ ਪਿਤਾ ਨੇ ਚਿੜੀਆਂ ਸੰਗ ਬਾਜ਼ ਲੜਾਉਣ ਦੀ ਸਹੁੰ ਖਾਧੀ ਸੀ, ਉਹ ਜਗਰਾਵਾਂ ਤਕ ਪਹੁੰਚ ਕੇ ਗਾਰੇ ਦੇ ਵਿਸ਼ਾਲ ਭੰਡਾਰ ਵਿਚ ਤਬਦੀਲ ਹੋ ਕੇ ਦਮ ਤੋੜ ਗਿਆ ਹੈ। ਪੰਜਾਬ ਦੇ ਸਾਰੇ ਦਰਿਆਵਾਂ ਨਾਲ ਲਗਭਗ ਇਕੋ ਜਿਹੀ ਤ੍ਰਾਸਦੀ ਵਾਪਰੀ ਹੈ।
ਪੰਜਾਬ ਦੇ ਸਰਕਾਰੀ ਜਾਂ ਪ੍ਰਾਈਵੇਟ ਕਾਰਖਾਨੇ ਆਪਣਾ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਦਰਿਆਵਾਂ ਵਿਚ ਸੁੱਟ ਰਹੇ ਹਨ। ਲੁਧਿਆਣਾ ਸ਼ਹਿਰ ਨੇ ਆਪਣੀ ਗੰਦਗੀ ਅਤੇ ਰੰਗਾਈ ਦੇ ਕਾਰਖਾਨਿਆਂ ਨੇ ਜ਼ਹਿਰੀਲਾ ਪਾਣੀ ਵਹਾ ਵਹਾ ਕੇ ਬੁੱਢੇ ਦਰਿਆ ਨੂੰ ਬੁੱਢੇ ਨਾਲੇ ਦੀ ਸ਼ਕਲ ਦੇ ਦਿੱਤੀ ਹੈ। ਕ੍ਰੋਮ ਪਲੇਟਿੰਗ ਕਰਨ ਵਾਲੇ ਕਾਰਖਾਨੇ ਆਪਣਾ ਸਾਰਾ ਜ਼ਹਿਰੀਲਾ ਪਾਣੀ ਕਾਰਖਾਨੇ ਅੰਦਰ ਪੁੱਟੇ ਖੂਹਾਂ ਵਿਚ ਸੁੱਟ ਦਿੰਦੇ ਹਨ। ਇਹ ਜ਼ਹਿਰ ਧਰਤੀ ਅੰਦਰਲੇ ਪਾਣੀ ਵਿਚ ਘੁਲ ਗਿਆ ਹੈ। ਆਰਸਨਿਕ, ਯੂਰੇਨੀਅਮ ਤੇ ਲੈੱਡ ਵਰਗੇ ਭਾਰੀ ਧਾਤਾਂ ਰਲਿਆ ਇਹ ਪਾਣੀ ਜਿਹਨੂੰ ਰਿਵਰਸ ਓਸਮੋਸਿਸ (RO) ਦੀ ਮਦਦ ਨਾਲ ਵੀ ਸਾਫ਼ ਨਹੀਂ ਕੀਤਾ ਜਾ ਸਕਦਾ, ਆਮ ਆਦਮੀ ਦੇ ਲਹੂ ਵਿਚ ਜ਼ਹਿਰ ਬਣ ਕੇ ਦੌੜ ਰਿਹਾ ਹੈ। ਪੰਜਾਬ ਦੇ 14 ਥਰਮਲ ਪਾਵਰ ਪਲਾਂਟਾਂ ਵਿਚੋਂ ਕੁਲ ਕੋਲੇ ਦੀ ਜਿਹੜੀ 25 ਫ਼ੀਸਦ ਯੂਰੇਨੀਅਮ ਮਿਲੀ ਸੁਆਹ ਵਾਤਾਵਰਨ ਨੂੰ ਵੱਖ ਪ੍ਰਦੂਸ਼ਤ ਕਰ ਰਹੀ ਹੈ।
ਪਾਣੀ ਤੇ ਕੋਲਡ ਡ੍ਰਿੰਕਸ ਦੀ ਸਨਅਤ ਤੇਜ਼ੀ ਨਾਲ ਵਧ ਰਹੀ ਹੈ। ਘਰ ਵਿਚ ਕੋਈ ਛੋਟਾ-ਮੋਟਾ ਫੰਕਸ਼ਨ ਹੋਵੇ, ਵਿਆਹ-ਸ਼ਾਦੀ, ਕਾਨਫਰੰਸ, ਅਖੰਡ ਪਾਠ ਦੇ ਭੋਗ ਜਾਂ ਹਰ ਕਿਸੇ ਸਿਆਸੀ ਇਕੱਠ ਵਿਚ ਪਾਣੀ ਤੇ ਠੰਢੇ ਦੀਆਂ ਬੋਤਲਾਂ ਦੇਖੀਆਂ ਜਾ ਸਕਦੀਆਂ ਹਨ। ਬੋਤਲਬੰਦ ਪਾਣੀ ’ਤੇ ਸਾਫਟ ਡਰਿੰਕ ਦੇ ਯੂਨਿਟ ਧਰਤ ਹੇਠਲਾ ਪਾਣੀ ਕਿੰਨਾ ਬਰਬਾਦ ਕਰਦੇ ਹਨ, ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਧਾ ਲਿਟਰ ਪਾਣੀ ਤਿਆਰ ਕਰਨ ਵਿਚ ਕਰੀਬ ਦੋ ਸੌ ਲੀਟਰ ਪਾਣੀ ਬਰਬਾਦ ਹੁੰਦਾ ਹੈ। ਜਿਨ੍ਹਾਂ ਇਲਾਕਿਆਂ ਵਿਚ ਸਾਫਟ ਡਰਿੰਕ ਬਣਾਉਣ ਦੇ ਪਲਾਂਟ ਹਨ, ਉੱਥੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਜਿਸ ਦਾ ਖਮਿਆਜ਼ਾ ਉਨ੍ਹਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਧੁੱਪ ਮਨੁੱਖੀ ਸਿਹਤ ਲਈ ਜਿੰਨੀ ਫਾਇਦੇਮੰਦ ਹੈ, ਓਨੀ ਹੀ ਬੋਤਲਬੰਦ ਪਾਣੀ ਲਈ ਨੁਕਸਾਨਦੇਹ ਹੈ। ਸਿੱਧੀ ਗਰਮੀ ਦੇ ਸੰਪਰਕ ਵਿਚ ਆਉਣ ’ਤੇ ਕੁਝ ਪਲਾਸਟਿਕ ਪਾਣੀ ਵਿਚ ਏਂਟੀਮਨੀ, ਬਿਸਫੇਨੋਲ-ਏ ਜਾਂ ਬੀਪੀਏ ਨਾਮਕ ਰਸਾਇਣ ਛੱਡਦੇ ਹਨ। ਇੱਕ ਗ੍ਰਾਮ ਬੀਪੀਏ ਦਾ ਇਕ ਖਰਬਵਾਂ ਹਿੱਸਾ ਵੀ ਤੁਹਾਡੇ ਸੈੱਲਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦਾ ਹੈ ਜਿਸ ਨਾਲ ਤੁਹਾਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਦਿਮਾਗ ਦੀ ਪਰਤ ਨੂੰ ਨੁਕਸਾਨ ਹੋ ਸਕਦਾ ਹੈ, ਮਰਦਾਂ ਵਿਚ ਨਿਪੁੰਸਕਤਾ ਅਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਪੰਜਾਬ ਹਿੰਦੋਸਤਾਨ ਦਾ ਇਕਲੌਤਾ ਸੂਬਾ ਹੈ ਜਿੱਥੇ ਕਿਸੇ ਗੱਡੀ ਦਾ ਨਾਂ ਹੀ ਲੋਕਾਂ ਨੇ ਕੈਂਸਰ ਟਰੇਨ ਰੱਖ ਦਿੱਤਾ ਹੈ ਕਿਉਂਕਿ ਪੰਜਾਬ ਵਿਚ ਹੀ ਮਾੜੀ ਮੁਸਤਫ਼ਾ ਵਰਗੇ ਅਨੇਕਾਂ ਪਿੰਡ ਹਨ ਜਿੱਥੇ ਹਰ ਤੀਜਾ ਬੰਦਾ ਕੈਂਸਰ ਨਾਲ ਜੂਝ ਰਿਹਾ ਹੈ ਤੇ ਕਈ ਇਲਾਕੇ ਅਜਿਹੇ ਨੇ ਜਿਸ ਵਿਚ ਹਰ ਪੰਜਵਾਂ ਬੰਦਾ ਕਾਲੇ ਪੀਲੀਆ ਦਾ ਮਰੀਜ਼ ਹੈ। ਦੇਹਾਂ ਵਿਚ ਜ਼ਹਿਰ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਜੋ ਵੀ ਮਾਤਾ ਆਪਣੇ ਬੱਚੇ ਨੂੰ ਦੁੱਧ ਪਿਆ ਰਹੀ ਹੈ, ਉਹ ਦਰਅਸਲ ਦੁੱਧ ਨਹੀਂ ਜ਼ਹਿਰ (ਇੰਡੋਸਲਫਾਨ ਤੇ ਕਲੋਰੋਪਾਈਰੋਫੌਸ) ਹੈ। ਮਾਂ ਦੇ ਦੁੱਧ ਵਿਚ ਇਹ ਜ਼ਹਿਰ ਉਨ੍ਹਾਂ ਫ਼ਲ-ਸਬਜ਼ੀਆਂ, ਚੌਲ-ਆਟੇ ਤੇ ਪਾਣੀ-ਦੁੱਧ ਰਾਹੀਂ ਘੁਲ ਰਿਹਾ ਹੈ ਜੋ ਉਹ ਖਾ ਰਹੀ ਹੈ। ਕੀਟਨਾਸ਼ਕਾਂ ਦੇ ਪ੍ਰਭਾਵ ਨਾਲ ਦਮਾ, ਓਟੀਜਮ, ਡਾਇਬੀਟੀਜ਼, ਪਾਰਕਿੰਸਨ, ਅਲਜ਼ਾਇਮਰ, ਪ੍ਰਜਣਨ ਸਬੰਧੀ ਕਮਜ਼ੋਰੀ ਅਤੇ ਕਈ ਤਰ੍ਹਾਂ ਦੇ ਕੈਂਸਰ ਲੋਕਾਂ ਵਿਚ ਤੇਜ਼ੀ ਨਾਲ ਫੈਲ ਰਹੇ ਹਨ। ਵੱਡੀ ਗਿਣਤੀ ਵਿਚ ਸਰੀਰਕ ਤੇ ਦਿਮਾਗੀ ਤੌਰ ’ਤੇ ਵੀ ਅਪੰਗ ਬੱਚਿਆਂ ਦਾ ਜਨਮ ਹੋ ਰਿਹਾ ਹੈ। ਬੱਚੇ ਨਾ ਹੋਣ ਦੀ ਸਮੱਸਿਆ ਵਧ ਰਹੀ ਹੈ। ਗ਼ੈਰ ਕੁਦਰਤੀ ਤੌਰ ’ਤੇ ਬੱਚੇ ਪੈਦਾ ਕਰਨ ਲਈ ਆਈਵੀਐੱਫ ਕੇਂਦਰਾਂ ਦੀ ਗਿਣਤੀ ਧੜਾਧੜ ਵਧ ਰਹੀ ਹੈ। ਜਾਣਕਾਰਾਂ ਮੁਤਾਬਿਕ 2050 ਤੱਕ ਪੰਜਾਬ ਕੁਦਰਤੀ ਤੌਰ ’ਤੇ ਬੱਚੇ ਪੈਦਾ ਕਰਨ ਦੇ ਲਾਇਕ ਨਹੀਂ ਰਹੇਗਾ।
ਮਨੁੱਖ ਨੇ ਜਿੰਨੇ ਵੀ ਸੰਕਟ ਆਪ ਖੜ੍ਹੇ ਕੀਤੇ ਹਨ, ਉਨ੍ਹਾਂ ਦਾ ਹੱਲ ਮਨੁੱਖ ਦੇ ਹੀ ਹੱਥ ਹੈ ਪਰ ਇਹ ਸਰਕਾਰਾਂ ਦੀ ਨੇਕ ਨੀਅਤੀ ਤੋਂ ਬਿਨਾਂ ਸੰਭਵ ਨਹੀਂ। ਇਸ ਲਈ ਬਿਨਾਂ ਇਕ ਦਿਨ ਵੀ ਗੁਆਏ ਜੰਗੀ ਪੱਧਰ ’ਤੇ ਉਪਰਾਲੇ ਕਰਨ ਦੀ ਲੋੜ ਹੈ। ਭਾਰਤ ਵਿਚ ਸਿਆਣੇ ਤੇ ਹਿੰਮਤੀ ਬੰਦਿਆਂ ਦੀ ਕੋਈ ਘਾਟ ਨਹੀਂ। 2001 ਵਿਚ ਜਦੋਂ ਤਾਮਿਲਨਾਡੂ ਦੇ ਚੇਨਈ ਸ਼ਹਿਰ ਵਿਚ ਪਾਣੀ ਦੀ ਆਖਿ਼ਰੀ ਬੂੰਦ ਵੀ ਖਤਮ ਹੋ ਗਈ ਸੀ, ਉਦੋਂ ਆਈਏਐੱਸ ਅਫਸਰ ਸ਼ਾਂਤਾ ਸ਼ੀਲਾ ਨਾਇਰ ਨੇ ਤਤਕਾਲੀ ਮੁੱਖ ਮੰਤਰੀ ਜੈਲਲਿਤਾ ਦੀ ਮਦਦ ਨਾਲ ਕੁਝ ਹੀ ਦਿਨਾਂ ਵਿਚ ਜੋ ਚਮਤਕਾਰ ਕੀਤਾ, ਉਸ ਤੋਂ ਸਬਕ ਲਿਆ ਜਾ ਸਕਦਾ ਹੈ। ਰਾਜਸਥਾਨ ਵਿਚੋਂ ਅਰਾਵਰੀ ਨਦੀ ਗਾਇਬ ਹੋ ਗਈ ਸੀ, ਵਾਤਾਵਰਨ ਕਾਰਕੁਨ ਰਾਜਿੰਦਰ ਸਿੰਘ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਆਪ ਇਸ ਨਦੀ ਨੂੰ ਮੁੜ ਸੁਰਜੀਤ ਕੀਤਾ। ਇਸ ਮੁਲਕ ਵਿਚ 45 ਦਿਨਾਂ ਵਿਚ ਕਿਸੇ ‘ਡਾਰਕ ਜ਼ੋਨ’ ਨੂੰ ਪਾਣੀ ਨਾਲ ਨੱਕੋ-ਨੱਕ ਭਰ ਦੇਣ ਦੀਆਂ ਮਿਸਾਲਾਂ ਵੀ ਹਨ। ਸਿੱਕਿਮ 100 ਫ਼ੀਸਦੀ ਜੈਵਿਕ ਸੂਬਾ ਕਿਵੇਂ ਬਣਿਆ, ਇਸ ਤੋਂ ਵੀ ਸਬਕ ਲੈਣ ਦੀ ਲੋੜ ਹੈ। ਮੀਂਹ ਦਾ ਪਾਣੀ ਸੰਭਾਲਣ (ਰੇਨਵਾਟਰ ਹਾਰਵੈਸਟਿੰਗ) ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਕੇ ਸਭ ਕੁਝ ਸੰਭਵ ਹੈ।
ਪੰਜਾਬ ਦੇ ਲੋਕ ਭਗਵੰਤ ਮਾਨ ਤੋਂ ਆਸ ਕਰਦੇ ਨੇ ਕਿ ਉਹ ਕੁਝ ਜ਼ਰੂਰ ਕਰੇਗਾ। ਉਹ ਤਾਂ ਹਰ ਥਾਈਂ ‘ਕਾਰਸੇਵਾ’ ਲਈ ਵੀ ਤਿਆਰ ਹੋ ਜਾਣਗੇ ਪਰ ਪਹਿਲਾ ਕਦਮ ਤਾਂ ਮੁੱਖ ਮੰਤਰੀ ਨੂੰ ਹੀ ਚੁੱਕਣਾ ਪੈਣਾ ਹੈ।
ਸੰਪਰਕ: 95305-14520