ਕੋਵਿਡ-19 ਮਹਾਮਾਰੀ ਹੁਣ ਤੱਕ ਦੁਨੀਆ ਭਰ ਵਿਚ 9.10 ਕਰੋੜ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਹੈ। ਇਸ ਨਾਮੁਰਾਦ ਵਾਇਰਸ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 20 ਲੱਖ ਤੱਕ ਪੁੱਜ ਚੁੱਕੀ ਹੈ। ਹੁਣ ਇਹ ਗੱਲ ਕੌਮਾਂਤਰੀ ਪੱਧਰ ਤੇ ਤਸਲੀਮ ਕਰ ਲਈ ਗਈ ਹੈ ਕਿ ਇਸ ਮਹਾਮਾਰੀ ਨਾਲ ਨਾ ਸਿਰਫ਼ ਭਾਰਤ ਵਿਚ ਜਿ਼ੰਮੇਵਾਰੀ, ਸਿਆਣਪ ਤੇ ਸਮਝਦਾਰੀ ਨਾਲ ਸਿੱਝਿਆ ਗਿਆ ਸਗੋਂ ਸੰਸਾਰ ਦੇ ਹੋਰ ਬਹੁਤ ਸਾਰੇ ਮੁਲਕਾਂ ਵਿਚ ਵੀ। ਇਸ ਤੋਂ ਪਿਛਲੀ ਵਾਰ ਇਨਸਾਨ ਨੂੰ ਜਿਸ ਆਲਮੀ ਮਹਾਮਾਰੀ ਦਾ ਸਾਹਮਣਾ ਕਰਨਾ ਪਿਆ ਸੀ, ਉਹ ਕਰੀਬ ਇਕ ਸਦੀ ਪਹਿਲਾਂ ਆਈ ਸੀ ਤੇ ਇਸ ‘ਨਿਊਮੋਨਿਕ’ ਮਹਾਮਾਰੀ ਕਾਰਨ ਦੁਨੀਆ ਭਰ ਵਿਚ ਅੰਦਾਜ਼ਨ ਪੰਜ ਤੋਂ ਦਸ ਕਰੋੜ ਇਨਸਾਨੀ ਜਾਨਾਂ ਜਾਂਦੀਆਂ ਰਹੀਆਂ ਸਨ। ਉਸ ਮਹਾਮਾਰੀ ਨੇ ਸੰਸਾਰ ਉਤੇ ਉਦੋਂ ਹੱਲਾ ਬੋਲਿਆ ਜਦੋਂ 1918 ਵਿਚ ਪਹਿਲੀ ਸੰਸਾਰ ਜੰਗ ਮੁੱਕਣ ਹੀ ਵਾਲੀ ਸੀ। ਇਸ ਭਿਆਨਕ ਫਲੂ ਦੇ ਸੰਸਾਰ ਵਿਚ ਫੈਲਣ ਦੇ ਸਿੱਟੇ ਵਜੋਂ ਭਾਰਤ ਵਿਚ ਹੀ 1.70 ਤੋਂ 1.80 ਕਰੋੜ ਦੇ ਕਰੀਬ ਲੋਕ ਮਾਰੇ ਗਏ ਸਨ। ਇਸ ਵਾਰ ਅਪਰੈਲ 2020 ਤੋਂ ਹੀ ਕੋਵਿਡ-19 ਮਹਾਮਾਰੀ ਵੱਲੋਂ ਦਰਪੇਸ਼ ਚੁਣੌਤੀਆਂ ਦਾ ਸਾਂਝੇ ਤੌਰ ਤੇ ਅਤੇ ਮਿਲ ਕੇ ਟਾਕਰਾ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ। ਇਸ ਦੇ ਨਾਲ ਹੀ ਇਸ ਗੱਲ ਤੇ ਵੀ ਵਿਆਪਕ ਵਿਸ਼ਵਾਸ ਹੈ ਕਿ ਕੋਵਿਡ-19 ਵਾਇਰਸ ਚੀਨ ਦੇ ਵੂਹਾਨ ਸੂਬੇ ਦੇ ਮੱਛੀ ਬਾਜ਼ਾਰ ਤੋਂ ਪੈਦਾ ਹੋਇਆ ਸੀ।
ਬੀਤੇ ਨੌਂ ਮਹੀਨੇ ਇਸ ਮਾਰੂ ਵਾਇਰਸ ਵੱਲੋਂ ਖੜ੍ਹੀਆਂ ਕੀਤੀਆਂ ਵੰਗਾਰਾਂ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਤੇ ਇਸ ਖਿ਼ਲਾਫ਼ ਉਨ੍ਹਾਂ ਦੀ ਲਾਮਬੰਦੀ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਨਾਲ ਭਰਪੂਰ ਸਨ, ਜਿਸ ਤਹਿਤ ਉਨ੍ਹਾਂ ਨੂੰ ਵਾਰ ਵਾਰ ਹੱਥ ਧੋਣ ਅਤੇ ਮਾਸਕ ਪਹਿਨਣ ਵਰਗੇ ਨਿਜੀ ਢੰਗ-ਤਰੀਕੇ ਅਪਣਾਉਣ ਲਈ ਪ੍ਰੇਰਿਆ ਗਿਆ। ਇਸ ਦੇ ਨਾਲ ਹੀ ਲੱਖਾਂ ਲੋਕਾਂ ਦੇ ਕੋਵਿਡ-19 ਟੈਸਟ ਕਰਨ ਦਾ ਤਰੀਕਾ ਅਪਣਾਇਆ ਗਿਆ ਤਾਂ ਕਿ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਣ ਵਾਲਿਆਂ ਦਾ ਨਾਲ ਦੀ ਨਾਲ ਪਤਾ ਲੱਗ ਸਕੇ। ਇਸ ਦੌਰਾਨ ਮਹਾਮਾਰੀ ਦੇ ਟਾਕਰੇ ਲਈ ਵੈਕਸੀਨਾਂ ਦੀ ਲਗਾਤਾਰ ਵਧ ਰਹੀ ਪੈਦਾਵਾਰ ਤੋਂ ਭਰੋਸਾ ਬੱਝਿਆ ਹੈ ਕਿ ਭਾਵੇਂ ਇਸ ਸਾਰੇ ਘਟਨਾਚੱਕਰ ਨੇ ਸੰਸਾਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਪਰ ਹੁਣ ਇਸ ਦੀਆਂ ਵਧੀਆ ਸੰਭਾਵਨਾਵਾਂ ਬਣੀਆਂ ਹਨ ਕਿ ਕਰੋਨਾ ਵਾਇਰਸ ਦੇ ਖ਼ਤਰੇ ਨੂੰ ਕਾਬੂ ਪਾਉਣ ਪਿੱਛੋਂ ਅਖ਼ੀਰ ਖ਼ਤਮ ਕਰ ਦਿੱਤਾ ਜਾਵੇਗਾ। ਇਹ ਉਮੀਦ ਇਸ ਤੱਥ ਸਦਕਾ ਪੈਦਾ ਹੁੰਦੀ ਹੈ ਕਿ ਦੁਨੀਆ ਭਰ ਦੇ ਸਾਇਸਦਾਨਾਂ ਨੇ ਵੈਕਸੀਨ ਵਿਕਸਤ ਕਰਨ ਲਈ ਅਣਥੱਕ ਮਿਹਨਤ ਕੀਤੀ, ਤਾਂ ਕਿ ਕਰੋਨਾ ਵਾਇਰਸ ਵੱਲੋਂ ਇਨਸਾਨੀਅਤ ਲਈ ਪੈਦਾ ਕੀਤੀਆਂ ਮਾਰੂ ਚੁਣੌਤੀਆਂ ਦਾ ਟਾਕਰਾ ਕੀਤਾ ਜਾ ਸਕੇ ਪਰ ਇਸ ਪ੍ਰਕਿਰਿਆ ਦੌਰਾਨ ਸਾਨੂੰ ਵਕਤ ਗੁਜ਼ਰਨ ਦੇ ਨਾਲ ਨਾਲ ਵਾਇਰਸ ਦੇ ਪੈਦਾ ਹੋਣ ਵਾਲੇ ਨਵੇਂ ਰੂਪਾਂ ਦੇ ਟਾਕਰੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇਸ ਸਭ ਕਾਸੇ ਦੌਰਾਨ ਇਹ ਤੱਥ ਵੀ ਦੁਖਦਾਈ ਢੰਗ ਨਾਲ ਤਸਲੀਮ ਕਰਨਾ ਪੈਂਦਾ ਹੈ ਕਿ ਅਮੀਰ ਤੇ ਵਿਕਸਤ ਮੁਲਕਾਂ ਨੇ ਇਸ ਮਹਾਮਾਰੀ ਵੱਲੋਂ ਪੇਸ਼ ਕੀਤੀਆਂ ਚੁਣੌਤੀਆਂ ਦੇ ਟਾਕਰੇ ਵਾਸਤੇ ਵਿਕਾਸਸ਼ੀਲ ਮੁਲਕਾਂ ਦੀ ਮਦਦ ਕਰਨ ਲਈ ਕੁਝ ਖ਼ਾਸ ਨਹੀਂ ਕੀਤਾ।
ਕੋਵਿਡ-19 ਮਹਾਮਾਰੀ ਇਸ ਵੇਲੇ ਅਜਿਹੇ ਪੱਧਰ ਤੇ ਹੈ, ਜਿਥੇ ਇਸ ਦੇ ਸਭ ਤੋਂ ਵੱਧ ਕੇਸ ਤੇ ਸਭ ਤੋਂ ਵੱਧ ਮੌਤਾਂ ਸੰਸਾਰ ਦੇ ਕੁਝ ਬਹੁਤ ਹੀ ਵਿਕਸਤ ਮੁਲਕਾਂ ਵਿਚ ਸਾਹਮਣੇ ਆਈਆਂ ਹਨ। ਇਸ ਮਹਾਮਾਰੀ ਦੀ ਸਭ ਤੋਂ ਵੱਡੀ ਮਾਰ ਅਮਰੀਕਾ ਨੂੰ ਪਈ, ਜਿਥੇ ਇਸ ਕਾਰਨ 2.30 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਅਤੇ 3.60 ਲੱਖ ਤੋਂ ਵੱਧ ਮੌਤਾਂ ਹੋਈਆਂ। ਯੂਰੋਪੀਅਨ ਮੁਲਕਾਂ ਵਿਚ ਵੀ ਬਹੁਤ ਵੱਡੇ ਪੱਧਰ ਤੇ ਜਾਨੀ ਨੁਕਸਾਨ ਹੋਇਆ। ਦੂਜੇ ਪਾਸੇ ਜਪਾਨ, ਚੀਨ ਅਤੇ ਵੀਅਤਨਾਮ ਵਰਗੇ ਮੁਲਕਾਂ ਨੇ ਇਸ ਚੁਣੌਤੀ ਦਾ ਸਭ ਤੋਂ ਵੱਧ ਕਾਮਯਾਬੀ ਨਾਲ ਟਾਕਰਾ ਕੀਤਾ। ਨਵਾਂ ਸਾਲ ਇਸ ਪੱਖੋਂ ਰਾਹਤ ਤੇ ਨਵੀਆਂ ਉਮੀਦਾਂ ਲੈ ਕੇ ਆਇਆ ਹੈ। ਭਾਰਤ ਵਿਚ ਇਕ ਪਾਸੇ ਜਿਥੇ ਕੋਵਿਡ-19 ਤੋਂ ਠੀਕ ਹੋਣ ਵਾਲਿਆਂ ਦੀ ਦਰ ਵਧ ਰਹੀ ਹੈ ਉਥੇ ਨਵੇਂ ਕੇਸ ਸਾਹਮਣੇ ਆਉਣ ਦੀ ਦਰ ਘਟ ਰਹੀ ਹੈ। ਹੁਣ ਸਾਨੂੰ ਉਮੀਦ ਹੀ ਨਹੀਂ ਸਗੋਂ ਭਰੋਸਾ ਹੈ ਕਿ ਇਹ ਰੁਝਾਨ ਖ਼ਾਸਕਰ ਏਸ਼ੀਆ ਵਿਚ ਜਾਰੀ ਰਹੇਗਾ। ਇੰਨਾ ਹੀ ਨਹੀਂ, ਸਾਡੇ ਵੱਲੋਂ ਅਪਣਾਏ ਗਏ ਕੁਝ ਨਵੇਂ ਢੰਗ-ਤਰੀਕਿਆਂ ਸਦਕਾ ਚਾਲੂ ਮਾਲੀ ਸਾਲ ਦੌਰਾਨ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਵਿਚ ਗਿਰਾਵਟ 7.4 ਫ਼ੀਸਦੀ ਹੀ ਰਹਿਣ ਦਾ ਅੰਦਾਜ਼ਾ ਹੈ ਜੋ ਰਾਹਤ ਵਾਲੀ ਗੱਲ ਹੈ ਪਰ ਅਸੀਂ ਆਗਾਮੀ ਸਾਲਾਂ ਦੌਰਾਨ ਕੀ ਰੁਝਾਨ ਦੇਖ ਸਕਦੇ ਹਾਂ? ਅਸੀਂ ਉਮੀਦ ਕਰ ਸਕਦੇ ਹਾਂ ਕਿ ਭਾਵੇਂ ਇਸ ਦੌਰਾਨ ਕੁਝ ਉਤਰਾਅ-ਚੜ੍ਹਾਅ ਆਉਂਦੇ ਰਹਿਣਗੇ ਤਾਂ ਵੀ ਆਗਾਮੀ ਮਹੀਨਿਆਂ ਦੌਰਾਨ ਸਾਡੇ ਅਰਥਚਾਰੇ ਦੀ ਇੰਨੀ ਕੁ ਰਫ਼ਤਾਰ ਬਣੀ ਰਹੇਗੀ ਕਿ ਅਗਲੇ ਮਾਲੀ ਸਾਲ ਦੌਰਾਨ 7.6 ਫ਼ੀਸਦੀ ਵਿਕਾਸ ਦਰ ਦਾ ਟੀਚਾ ਹਾਸਲ ਕੀਤਾ ਜਾ ਸਕੇ। ਹਾਲਾਂਕਿ ਮਹਾਮਾਰੀ ਨੇ ਸਾਡੇ ਰਹਿਣ-ਸਹਿਣ ਦੇ ਅੰਦਾਜ਼ ਤੇ ਕੰਮ-ਕਾਜੀ ਢੰਗ-ਤਰੀਕਿਆਂ ਵਿਚ ਭਾਰੀ ਤਬਦੀਲੀਆਂ ਲਿਆਂਦੀਆਂ ਹਨ ਜਿਹੜੀਆਂ ਪਹਿਲਾਂ ਦੇ ਮੁਕਾਬਲੇ ਬਿਲਕੁਲ ਹੀ ਵੱਖਰੀਆਂ ਹੋਣਗੀਆਂ ਜਿਸ ਦਾ ਕਾਰਨ ਹਨ ਮਹਾਮਾਰੀ ਦੇ ਸਿਖਰਲੇ ਦੌਰ ਦੌਰਾਨ ਅਪਣਾਏ ਗਏ ਨਵੇਂ ਢੰਗ-ਤਰੀਕੇ।
ਆਲਮੀ ਪੱਧਰ ਤੇ ਇਸ ਮਹਾਮਾਰੀ ਦਾ ਟਾਕਰਾ ਤੇ ਇਲਾਜ ਕੇਂਦਰੀ ਮੁੱਦਾ ਬਣੇ ਰਹਿਣ ਦੌਰਾਨ, ਇਸ ਪੱਖੋਂ ਦੁਨੀਆ ਭਰ ਦਾ ਧਿਆਨ ਭਾਰਤ ਵੱਲ ਲੱਗਾ ਹੋਇਆ ਹੈ। ਅਮੀਰ ਸਰਦਾ-ਪੁੱਜਦਾ ਪੱਛਮੀ ਸੰਸਾਰ ਖ਼ਾਸਕਰ ਅਮਰੀਕਾ ਤੇ ਯੂਰੋਪੀਅਨ ਮੁਲਕਾਂ ਦਾ ਧਿਆਨ ਮੁੱਖ ਤੌਰ ’ਤੇ ਆਪਣੇ ਹੀ ਮਸਲਿਆਂ ਵੱਲ ਹੈ। ਉਨ੍ਹਾਂ ਦਾ ਇਸ ਮੁਤੱਲਕ ਵਿਕਾਸਸ਼ੀਲ ਮੁਲਕਾਂ ਦੀ ਮਦਦ ਕਰਨ ਦਾ ਬਹੁਤਾ ਇਰਾਦਾ ਜਾਂ ਚਾਹਤ ਦਿਖਾਈ ਨਹੀਂ ਦਿੰਦੀ, ਜਦੋਂਕਿ ਵਿਕਾਸਸ਼ੀਲ ਮੁਲਕਾਂ ਲਈ ਆਪਣੀ ਜਨਤਾ ਵਾਸਤੇ ਅਮਰੀਕੀ ਤੇ ਯੂਰੋਪੀਅਨ ਵੈਕਸੀਨ ਖ਼ਰੀਦਣੇ ਸੌਖੇ ਵੀ ਨਹੀਂ ਹੋਣਗੇ। ਇਸ ਸੂਰਤ ਵਿਚ ਵਿਕਾਸਸ਼ੀਲ ਮੁਲਕਾਂ ਲਈ ਭਾਰਤ ਹੀ ਅਜਿਹਾ ਮੁਲਕ ਹੈ ਜਿਸ ਵੱਲ ਉਨ੍ਹਾਂ ਦਾ ਆਪਣੀਆਂ ਵੈਕਸੀਨ ਦੀਆਂ ਫ਼ੌਰੀ ਲੋੜਾਂ ਪੂਰੀਆਂ ਕਰਨ ਲਈ ਧਿਆਨ ਜਾ ਰਿਹਾ ਹੈ, ਕਿਉਂਕਿ ਭਾਰਤ ਉਂਝ ਵੀ ਦੁਨੀਆ ਦਾ ਸਭ ਤੋਂ ਵੱਧ ਵੈਕਸੀਨ ਉਤਪਾਦਨ ਕਰਨ ਵਾਲਾ ਮੁਲਕ ਹੈ। ਭਾਰਤ ਨੇ ਖ਼ੁਦ ਵੀ ਪਹਿਲੇ ਗੇੜ ਵਿਚ ਜੁਲਾਈ ਤੱਕ ਆਪਣੀ 30 ਕਰੋੜ ਆਬਾਦੀ ਨੂੰ ਐਸਟਰਾ-ਜ਼ੇਨੇਕਾ ਤੇ ਭਾਰਤ ਬਾਇਓਟੈੱਕ ਇੰਡਸਟਰੀਜ਼ ਦੇ ਇਹ ਵੈਕਸੀਨ ਦੇਣ ਦਾ ਟੀਚਾ ਮਿਥਿਆ ਹੈ। ਇਸ ਸਬੰਧ ਵਿਚ ਜਿਥੇ ਬੰਗਲਾਦੇਸ਼, ਸਾਊਦੀ ਅਰਬ ਅਤੇ ਮੋਰੱਕੋ ਨੂੰ ਵੈਕਸੀਨ ਦੀ ਬਰਾਮਦ ਪਹਿਲਾਂ ਹੀ ਤੈਅ ਹੋ ਚੁੱਕੀ ਹੈ, ਉਥੇ ਭਾਰਤ ਦੇ ਗੁਆਂਢੀ ਸਾਰਕ ਮੁਲਕਾਂ ਜਿਵੇਂ ਮਾਲਦੀਵ, ਸ੍ਰੀਲੰਕਾ, ਮਿਆਂਮਾਰ, ਭੂਟਾਨ ਤੇ ਨੇਪਾਲ ਨਾਲ ਵੀ ਵੱਡੇ ਪੱਧਰ ਤੇ ਵੈਕਸੀਨ ਸਪਲਾਈ ਦੇ ਵਾਅਦੇ ਕੀਤੇ ਗਏ ਹਨ। ਇਹ ਸੱਚਮੁੱਚ ਭਾਰਤ ਲਈ ਆਪਣੇ ਬਿਲਕੁਲ ਕਰੀਬੀ ਗੁਆਂਢੀਆਂ ਨਾਲ ਲੰਮੇ ਸਮੇਂ ਲਈ ਸਦਭਾਵਨਾ ਕਾਇਮ ਕਰਨ ਦਾ ਵਧੀਆ ਮੌਕਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਸਾਰੀ ਪ੍ਰਕਿਰਿਆ ਵਧੀਆ ਤਰੀਕੇ ਨਾਲ ਅਮਲ ਵਿਚ ਲਿਆਂਦੀ ਜਾਵੇਗੀ, ਤਾਂ ਕਿ ਇਸ ਰਾਹੀਂ ਭਾਰਤ ਦੇ ਕਰੀਬੀ ਗੁਆਂਢੀ ਮੁਲਕਾਂ ਨਾਲ ਹੀ ਨਹੀਂ ਸਗੋਂ ਪੂਰੇ ਹਿੰਦ ਮਹਾਂਸਾਗਰ ਖਿੱਤੇ ਦੇ ਸਾਡੇ ਗੁਆਂਢੀਆਂ ਨਾਲ ਰਿਸ਼ਤੇ ਮਜ਼ਬੂਤ ਹੋ ਸਕਣ। ਚੰਗਾ ਹੋਵੇਗਾ ਜੇ ਇਨ੍ਹਾਂ ਮੁਲਕਾਂ ਨੂੰ ਵੈਕਸੀਨ ਦੀ ਸਪਲਾਈ ਦੇ ਖ਼ਰਚੇ ਵੀ ਭਾਰਤ ਵੱਲੋਂ ਆਪਣੇ ਸਹਾਇਤਾ ਪ੍ਰੋਗਰਾਮਾਂ ਰਾਹੀਂ ਅਦਾ ਕੀਤੇ ਜਾਣ, ਕਿਉਂਕਿ ਬੇਹੱਦ ਮਾਲੀ ਤੰਗੀ ਦਾ ਸ਼ਿਕਾਰ ਇਨ੍ਹਾਂ ਮੁਲਕਾਂ ਨੂੰ ਇਸ ਇਮਦਾਦ ਦੀ ਸਖ਼ਤ ਲੋੜ ਹੈ।
ਇਥੇ ਜਿ਼ਕਰ ਕੀਤੇ ਜਾਣ ਦਾ ਹੱਕਦਾਰ ਬੀਤੇ ਸਾਲ ਦਾ ਇਕ ਹੋਰ ਪੱਖ ਹੈ ਭਾਰਤ ਵੱਲੋਂ ਇਸ ਖ਼ਤਰਨਾਕ ਮਹਾਮਾਰੀ ਦੌਰਾਨ ਚੀਨ ਨੂੰ ਉਸ ਦੇ ਲੱਦਾਖ਼ ਵਿਚ ਹਮਲੇ ਦਾ ਏਕਤਾ ਤੇ ਦ੍ਰਿੜ੍ਹ ਇਰਾਦੇ ਨਾਲ ਦਿੱਤਾ ਗਿਆ ਜਵਾਬ। ਅਸਲ ਕੰਟਰੋਲ ਲਕੀਰ (ਐੱਲਏਸੀ) ਉਤੇ ਚੀਨੀ ਫ਼ੌਜੀ ਦਸਤਿਆਂ ਦੀ ਹਿੱਲਜੁੱਲ ਤਾਂ ਲਗਭਗ ਉਦੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਚੀਨ ਨੇ ਵੂਹਾਨ ਤੋਂ ਨਿਕਲੇ ਇਸ ਵਾਇਰਸ ਤੇ ਥੋੜ੍ਹਾ ਜਿਹਾ ਕੰਟਰੋਲ ਕੀਤਾ। ਭਾਰਤ ਉਦੋਂ ਇਸ ਸਿਹਤ ਖ਼ਤਰੇ ਦੇ ਟਾਕਰੇ ਦੀਆਂ ਤਿਆਰੀਆਂ ਕਰ ਰਿਹਾ ਸੀ। ਚੀਨੀ ਹਮਲੇ ਦਾ ਰਣਨੀਤਕ ਟੀਚਾ ਕਾਫ਼ੀ ਸਾਫ਼ ਸੀ। ਇਸ ਦਾ ਮਕਸਦ ਅਹਿਮ ਰਣਨੀਤਕ ਹਵਾਈ ਅੱਡੇ ਦੌਲਤ ਬੇਗ ਓਲਡੀ ਨੂੰ ਜਾਂਦੀਆਂ ਸੰਚਾਰ ਲਾਈਨਾਂ ਲਈ ਖ਼ਤਰਾ ਖੜ੍ਹਾ ਕਰਨਾ ਅਤੇ ਫਿਰ ਕਰਾਕੁਰਮ ਦੱਰੇ ਵੱਲ ਵਧਣਾ ਸੀ। ਪਰ ਭਾਰਤ ਵੱਲੋਂ ਦਿੱਤੇ ਗਏ ਠੋਕਵੇਂ ਜਵਾਬ ਨੇ ਇਹ ਯੋਜਨਾ ਨਾਕਾਮ ਕਰ ਦਿੱਤੀ। ਇੰਨਾ ਹੀ ਨਹੀਂ, ਇਸ ਸਬੰਧੀ ਗੋਲੀਬੰਦੀ ਦੇ ਅਮਲ ਵਿਚ ਆਉਣ ਤੋਂ ਐਨ ਪਹਿਲਾਂ ਹੀ ਭਾਰਤ ਨੇ ਪੈਗੌਂਗ ਝੀਲ ਦੇ ਦੱਖਣੀ ਕੰਢੇ ਵਾਲੀਆਂ ਰਣਨੀਤਕ ਪੱਖੋਂ ਅਹਿਮ ਪਹਾੜੀ ਚੋਟੀਆਂ ਦਾ ਕੰਟਰੋਲ ਆਪਣੇ ਹੱਥ ਲੈ ਲਿਆ ਸੀ। ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਾਲ 2021 ਵਿਚ ਫ਼ੌਜੀ ਮੁਖੀ ਜਨਰਲ ਨਰਵਾਣੇ ਦੇ ਕਹਿਣ ਮੁਤਾਬਕ ‘ਆਪਸੀ ਅਤੇ ਬਰਾਬਰੀ ਵਾਲੀ ਸੁਰੱਖਿਆ’ ਕਾਇਮ ਹੋਣ ਨਾਲ ਸਾਨੂੰ ਆਪਣੀਆਂ ਸਰਹੱਦਾਂ ਉਤੇ ਤਣਾਅ ਵਿਚ ਕਮੀ ਆਉਂਦੀ ਦਿਖਾਈ ਦੇਵੇਗੀ।
ਪਿੱਛੇ ਮੁੜ ਦੇ ਦੇਖੀਏ ਤਾਂ ਦੇਸ਼ ਵਿਚ ਮਹਾਮਾਰੀ ਕਾਰਨ ਹੋਏ ਜਾਨੀ ਨੁਕਸਾਨ ਦੇ ਬਾਵਜੂਦ ਅਸੀਂ ਬੀਤੇ ਸਾਲ ਦੌਰਾਨ ਕਾਫ਼ੀ ਤਸੱਲੀਬਖ਼ਸ਼ ਪ੍ਰਾਪਤੀਆਂ ਤੇ ਕਾਮਯਾਬੀਆਂ ਹਾਸਲ ਕੀਤੀਆਂ ਹਨ। ਬੀਤੇ ਵਾਂਗ ਹੀ, ਭਾਰਤ ਨੇ ਜਿਵੇਂ ਇਸ ਮਹਾਮਾਰੀ ਪ੍ਰਤੀ ਹੁੰਗਾਰਾ ਭਰਿਆ, ਉਹ ਕਮਾਲ ਸੀ। ਇਸ ਕਾਰਨ ਉਨ੍ਹਾਂ ਕਾਮਿਆਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ, ਜਿਹੜੇ ਵੱਡੇ ਸ਼ਹਿਰਾਂ ਤੋਂ ਉੱਜੜ ਕੇ ਆਪਣੇ ਜੱਦੀ ਘਰੀਂ ਪਰਤਣ ਲਈ ਮਜਬੂਰ ਹੋਏ। ਇਸ ਦਾ ਪਹਿਲਾਂ ਅੰਦਾਜ਼ਾ ਲਾ ਕੇ ਉਸ ਮੁਤਾਬਕ ਹੱਲ ਕੀਤਾ ਜਾਣਾ ਚਾਹੀਦਾ ਸੀ। ਵੱਡੀ ਗਿਣਤੀ ਕਾਮੇ ਹੁਣ ਆਪਣੇ ਕੰਮ ਵਾਲੀਆਂ ਥਾਵਾਂ ਉਤੇ ਵਾਪਸ ਆ ਗਏ ਹਨ। ਇਸ ਹਿਜਰਤ ਦੌਰਾਨ ਉੱਜੜੇ ਹੋਏ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਜਿਸ ਮਜ਼ਬੂਤ ਇਰਾਦੇ ਤੇ ਸਹਿਣ ਸ਼ਕਤੀ ਦਾ ਮੁਜ਼ਾਹਰਾ ਕੀਤਾ, ਉਸ ਦੀ ਦਸਤਾਵੇਜ਼ੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਮਿਲ ਸਕੇ। ਭਾਰਤ ਲਈ ਇਹ ਗੱਲ ਵੀ ਮਾਣ ਵਾਲੀ ਹੈ ਕਿ ਬ੍ਰਾਜ਼ੀਲ ਤੋਂ ਲੈ ਕੇ ਬੰਗਲਾਦੇਸ਼ੀ ਤੱਕ ਵਰਗੇ ਮੁਲਕ ਕਿਵੇਂ ਵੈਕਸੀਨ ਲਈ ਉਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।
ਆਲਮੀ ਪੱਧਰ ’ਤੇ ਇਸ ਮਹਾਮਾਰੀ ਦਾ ਟਾਕਰਾ ਅਤੇ ਇਲਾਜ ਕੇਂਦਰੀ ਮੁੱਦਾ ਬਣੇ ਰਹਿਣ ਦੌਰਾਨ, ਇਸ ਪੱਖੋਂ ਦੁਨੀਆ ਭਰ ਦਾ ਧਿਆਨ ਭਾਰਤ ਵੱਲ ਲੱਗਾ ਹੋਇਆ ਹੈ। ਅਮੀਰ ਸਰਦਾ-ਪੁੱਜਦਾ ਪੱਛਮੀ ਸੰਸਾਰ ਖ਼ਾਸਕਰ ਅਮਰੀਕਾ ਤੇ ਯੂਰੋਪੀਅਨ ਮੁਲਕਾਂ ਦਾ ਧਿਆਨ ਮੁੱਖ ਤੌਰ ’ਤੇ ਆਪਣੇ ਹੀ ਮਸਲਿਆਂ ਵੱਲ ਹੈ। ਉਨ੍ਹਾਂ ਦਾ ਇਸ ਮੁਤੱਲਕ ਵਿਕਾਸਸ਼ੀਲ ਮੁਲਕਾਂ ਦੀ ਮਦਦ ਕਰਨ ਦਾ ਬਹੁਤਾ ਇਰਾਦਾ ਜਾਂ ਚਾਹਤ ਦਿਖਾਈ ਨਹੀਂ ਦਿੰਦੀ, ਜਦੋਂਕਿ ਵਿਕਾਸਸ਼ੀਲ ਮੁਲਕਾਂ ਲਈ ਆਪਣੀ ਜਨਤਾ ਵਾਸਤੇ ਅਮਰੀਕੀ ਤੇ ਯੂਰੋਪੀਅਨ ਵੈਕਸੀਨ ਖ਼ਰੀਦਣੇ ਸੌਖੇ ਵੀ ਨਹੀਂ ਹੋਣਗੇ।