ਸ਼ਿਵ ਵਿਸ਼ਵਨਾਥਨ
ਭਾਸ਼ਾ ਅਤੇ ਵਕਤ ਕੋਲ ਸਿਆਸਤ ਅਤੇ ਸਿਆਸਤਦਾਨਾਂ ਨੂੰ ਹੈਰਾਨੀਜਨਕ ਢੰਗ ਨਾਲ ਬਦਲ ਦੇਣ ਦਾ ਤਰੀਕਾ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਲੈ ਲਓ। ਉਨ੍ਹਾਂ ਦੀ ਅੱਠ ਸਾਲ ਦੀ ਹਕੂਮਤ ਨੇ ਉਨ੍ਹਾਂ ਨੂੰ ਗੌਰਵ ਦੀ ਭਾਵਨਾ ਦਿੱਤੀ। ਉਨ੍ਹਾਂ ਆਰਐੱਸਐੱਸ ਦੇ ਪ੍ਰਚਾਰਕ ਤੋਂ ਸ਼ੁਰੂ ਕਰ ਕੇ ਭਾਜਪਾ ਦੇ ਪ੍ਰਧਾਨ ਮੰਤਰੀ ਦਾ ਵੱਡਾ ਰੁਤਬਾ ਹਾਸਲ ਕੀਤਾ ਹੈ। ਵਕਤ ਨੇ ਮੋਦੀ ਨੂੰ ਇਕ ਨਵੇਂ ਰਾਜਨੀਤੀਵੇਤਾ ਦੇ ਨਮੂਨੇ ਵਜੋਂ ਪੇਸ਼ ਕੀਤਾ ਹੈ; ਅਜਿਹਾ ਆਗੂ ਜਿਹੜਾ ਲੋਕਾਂ ਦੀ ਅਚੇਤਨਾ ਵਿਚ ਦਸਤਕ ਦਿੰਦਿਆਂ ਨਵੇਂ ਪੜਾਅ ਸਿਰਜਦਾ ਹੈ।
ਉਨ੍ਹਾਂ ਦੇ ਦੁਆਲੇ ਤਲਿੱਸਮੀ-ਜਾਦੂਈ ਭਾਵਨਾ ਕਾਇਮ ਹੈ। ਇਥੋਂ ਤੱਕ ਕਿ ਉਨ੍ਹਾਂ ਦੀ ਸਾਧਾਰਨਤਾ ਦੀ ਭਾਵਨਾ ਚਾਹਵਾਲੇ ਦੇ ਵਿਚਾਰ ਨੂੰ ਉਜਾਗਰ ਕਰਦੀ ਹੈ। ਇਸ ਤੋਂ ਬਾਅਦ ਪ੍ਰੈੱਸ ਰਾਹੁਲ ਗਾਂਧੀ ਦੀ ਸਾਧਾਰਨਤਾ ਵੱਲ ਨਿਗ੍ਹਾ ਮਾਰਦੀ ਹੈ ਅਤੇ ਇਸ ਨੂੰ ਸਾਧਾਰਨਤਾ (mediocrity) ਹੀ ਦਿਖਾਈ ਦਿੰਦੀ ਹੈ। ਮੋਦੀ ਅਜਿਹਾ ਆਗੂ ਹੈ ਜੋ ਆਲਮੀ ਆਗੂਆਂ ਦਰਮਿਆਨ ਸਿਰ ਕੱਢ ਕੇ ਖਲੋਤਾ ਦਿਖਾਈ ਦਿੰਦਾ ਹੈ ਅਤੇ ਇਸ ਤਰ੍ਹਾਂ ਭਾਰਤ ਦੇ ਗੌਰਵ ਤੇ ਸਵੈ-ਮਾਣ ਦੀ ਕਥਿਤ ਤਾਂਘ ਦਾ ਝੱਸ ਪੂਰਾ ਕਰਦਾ ਹੈ। ਵਕਤ ਦਾ ਸੁਨੇਹਾ ਇਹੋ ਹੈ ਕਿ ਉਹ ਅਜੇ ਇਸੇ ਰੁਤਬੇ ਉਤੇ ਟਿਕਿਆ ਰਹੇਗਾ ਤੇ ਭਾਜਪਾ ਹੀ ਅਗਲੇ ਦਹਾਕੇ ਦੀ ਸਿਆਸੀ ਵਿਚਾਰਧਾਰਾ ਨੂੰ ਆਕਾਰ ਦੇਵੇਗੀ। ਸਾਨੂੰ ਇਹ ਜਾਣਕਾਰੀ ਦੇਣ ਲਈ ਕਿਸੇ ਪ੍ਰਸ਼ਾਂਤ ਕਿਸ਼ੋਰ ਦੀ ਲੋੜ ਨਹੀਂ ਹੈ।
ਕਾਂਗਰਸ ਜੋ ਤਸਵੀਰ ਪੇਸ਼ ਕਰਦੀ ਹੈ, ਉਹ ਬਿਲਕੁਲ ਵੱਖਰੀ ਹੈ; ਉਸ ਵਕਤ ਤਾਂ ਬੀਤੇ ਦੀਆਂ ਯਾਦਾਂ ਵੀ ਗ਼ਾਇਬ ਹੋ ਜਾਂਦੀਆਂ ਹਨ ਕਿਉਂਕਿ ਰਾਹੁਲ ਗਾਂਧੀ ਹਾਸ ਭਰਪੂਰ ਤੇ ਲਾਚਾਰ ਦਿਖਾਈ ਦੇਣ ਲੱਗਦਾ ਹੈ। ਉਸ ਦੀ ਕਾਰਗੁਜ਼ਾਰੀ ਹਾਸੋਹੀਣੀ ਜਾਪਦੀ ਹੈ, ਜਦੋਂਕਿ ਮੋਦੀ ਉਮੀਦ ਮੁਤਾਬਕ ਠੀਕ ਦਿਖਾਈ ਦਿੰਦਾ ਹੈ। ਮੀਡੀਆ ਲਈ ਮੋਦੀ ਨਵੀਂ ਵਿਰਾਟਤਾ ਉਭਾਰਦਾ ਹੈ, ਜਦੋਂਕਿ ਰਾਹੁਲ ਗਾਂਧੀ ਵੱਧ ਤੋਂ ਵੱਧ ਮੀਡੀਆ ਲਈ ਹਾਸਰਸ ਹੀ ਪੈਦਾ ਕਰ ਸਕਦਾ ਹੈ।
ਕਾਂਗਰਸ ਦੀਆਂ ਮਿੱਥਾਂ ’ਤੇ ਉਭਰਿਆ ਅਤੇ ਬਹੁਲਤਾਵਾਦ ਨੂੰ ਸਮਰਪਿਤ ਇਕ ਲੇਖਕ ਅਜਿਹੇ ਹਾਲਾਤ ਦਾ ਸਾਹਮਣਾ ਚਿੰਤਾ ਤੇ ਫਿ਼ਕਰ ਵਾਲੀ ਭਾਵਨਾ ਨਾਲ ਕਰਦਾ ਹੈ। ਇਸ ਦੇ ਬਾਵਜੂਦ ਉਹ ਮਹਿਸੂਸ ਕਰ ਸਕਦਾ ਹੈ ਕਿ ਇਹ ਜਿਹੜਾ ਮਹਾਨ ਜਸ਼ਨ ਵਰਗਾ ਦਿਖਾਈ ਦਿੰਦਾ ਹੈ, ਇਹ ਕੋਈ ਇਕ-ਭਾਸ਼ੀ ਰਾਗ ਹੀ ਹੈ ਜੋ ਅਸਲ ਵਿਚ ਹੌਲੀ ਹੌਲੀ ਵਧਦਾ ਹੋਇਆ ਨਰਮ ਤਾਨਾਸ਼ਾਹੀ ਦਾ ਵਿਖਿਆਨ ਹੈ। ਸਵਾਲਾਂ ਦਾ ਸਵਾਲ ਇਹ ਹੈ ਕਿ ਇਹੋ ਜਿਹੇ ਦੌਰ ਵਿਚ ਕੋਈ ਕਿਵੇਂ ਕਾਂਗਰਸ ਨੂੰ ਮੁੜ ਪੈਰਾਂ ਸਿਰ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਗੱਲ ਸਾਫ਼ ਹੈ ਕਿ ਕੋਈ ਵੀ ਪਰਿਵਾਰ ਨੂੰ ਮੁੜ ਸੁਰਜੀਤ ਕਰਨ ਦਾ ਰਾਹ ਨਹੀਂ ਫੜ ਸਕਦਾ।
ਕਿਸੇ ਨੂੰ ਜਾਪਦਾ ਹੈ ਕਿ ਉਸ ਨੂੰ ਕਿਸੇ ਨਵੇਂ ਵਿਖਿਆਨ ਅਤੇ ਵੱਖਰੀ ਤਰ੍ਹਾਂ ਨਾਲ ਆਪਣੀ ਗੱਲ ਕਹਿਣ ਦੀ ਲੋੜ ਹੈ। ਕਾਂਗਰਸ ਨੂੰ ਸਭ ਕਾਸੇ ਬਾਬਤ ਆਪਣੀ ਸੋਚ ਅਤੇ ਸੁਪਨੇ ਮੁੜ ਤੋਂ ਘੜਨੇ ਪੈਣਗੇ। ਇਸ ਨੂੰ ਭਾਰਤ ਦੇ ਬਹੁਲਤਾਵਾਦ ਅਤੇ ਇਸ ਦੀ ਸਭਨਾਂ ਨੂੰ ਨਾਲ ਲੈ ਕੇ ਚੱਲਣ ਦੀ ਸਹਿਹੋਂਦ ਵਾਲੀ ਭਾਵਨਾ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ, ਖ਼ਾਸਕਰ ਉਦੋਂ ਜਦੋਂ ਸਾਡੀ ਦੇਸ਼ ਭਗਤੀ ਦੀ ਭਾਵਨਾ ਇਕ-ਭਾਸ਼ੀ ਜਿਰ੍ਹਾ ਦਾ ਰੂਪ ਧਾਰ ਰਹੀ ਹੈ। ਏਕੇ ਰਾਮਾਨੁਜਨ ਦੇ ਕੀਤੇ 300 ਰਾਮਾਇਣਾਂ ਦੇ ਚਿਤਰਨ ਤੋਂ ਬਾਅਦ ਹੁਣ ਸਾਨੂੰ ਕਾਂਗਰਸ ਦੇ 300 ਬਿਰਤਾਂਤਾਂ ਦੀ ਕਾਢ ਕੱਢਣੀ ਪਵੇਗੀ ਜਿਹੜੇ ਅਮੀਰ ਸਮੁੱਚਤਾ ਸਿਰਜਣ ਵੱਲ ਅੱਗੇ ਵਧਣ।
ਇਸ ਨੂੰ ਭਾਜਪਾ ਦੇ ਵਿਸ਼ਵਵਾਦ ਨੂੰ ਟੱਕਰ ਦੇਣੀ ਹੋਵੇਗੀ ਤੇ ਨਾਲ ਹੀ ਸੌੜੇਪਣ ਨੂੰ ਇਕ ਤਰ੍ਹਾਂ ਦੀ ਸੱਭਿਅਕ ਵਿਸ਼ਵ-ਵਿਆਪਕਤਾ ਨਾਲ ਖ਼ਤਮ ਕਰਨਾ ਹੋਵੇਗਾ। ਰਾਹੁਲ ਗਾਂਧੀ ਦੇ ਆਈਐੱਫਐੱਸ (ਭਾਰਤੀ ਵਿਦੇਸ਼ ਸੇਵਾ) ਉਤੇ ਕੀਤੇ ਹਮਲੇ ਅਤੇ ਘੜੀ-ਮੜਿੀ ਹੈਂਕੜ ਵਾਲੇ ਬਿਆਨਾਂ ਨਾਲ ਕੁਝ ਨਹੀਂ ਹੋਵੇਗਾ। ਕਾਂਗਰਸ ਨੂੰ ਇਹ ਦਿਖਾਉਣਾ ਪਵੇਗਾ ਕਿ ਭਾਜਪਾ ਆਪਣੀ ਬਹਿਰੂਨੀ ਅਤੇ ਅੰਦਰੂਨੀ, ਦੋਵੇਂ ਤਰ੍ਹਾਂ ਦੀ ਸਿਆਸਤ ਵਿਚ ਤੰਗ ਤੇ ਸੌੜਾ ਭਾਰਤ ਉਸਾਰ ਰਹੀ ਹੈ, ਤੇ ਇਹ ਮੂਲ ਵਿਚਾਰਾਂ ਦਾ ਦੋਗਲਾਪਣ ਹੈ ਜਿਸ ਵਿਚ ਨਹਿਰੂਵਾਦੀ ਦੌਰ ਵਾਲੀ ਮਾਸੂਮੀਅਤ ਅਤੇ ਉਦਾਰਤਾ ਦੀ ਕਮੀ ਹੈ। ਇਸ ਨੂੰ ਦਿਖਾਉਣਾ ਪਵੇਗਾ ਕਿ ਨਹਿਰੂਵਾਦ ਕਿਵੇਂ ਆਲਮੀ ਸਿਆਸਤ ਨੂੰ ਮਸਲਿਆਂ ਦੇ ਹੱਲ ਲਈ ਗੁਰ-ਮੰਤਰ ਮੁਹੱਈਆ ਕਰਦਾ ਹੈ।
ਇਹ ਕੁਝ ਕਰਨ ਲਈ ਕਾਂਗਰਸ ਨੂੰ ਅਤੀਤ ਦੀ ਸ਼ਬਦਾਵਲੀ ਦੀ ਮੁੜ ਸਿਰਜਣਾ ਕਰਨੀ ਪਵੇਗੀ। ਸਾਇੰਸਦਾਨ ਸੀਵੀ ਸ਼ੇਸ਼ਾਧਰੀ ਨੇ ਮਜ਼ਾਕੀਆ ਢੰਗ ਨਾਲ ਦਾਅਵਾ ਕੀਤਾ ਕਿ ਇਸ ਦੌਰ ਦੇ ਭਾਰਤ ਨੂੰ ਅਜਿਹੇ ਸ਼ਬਦਕੋਸ਼ ਦੀ ਜ਼ਰੂਰਤ ਹੈ ਜਿਸ ਉਤੇ ਲਿਖਿਆ ਹੋਵੇ- ‘ਮੇਰੀ ਵਰਤੋਂ ਨਾ ਕਰੋ’। ਇਹ ਨੀਤੀ ਦੇ ਸ਼ਬਦਾਂ ਜਿਵੇਂ ਵਿਕਾਸ, ਗ਼ਰੀਬੀ, ਸੁਰੱਖਿਆ, ਸੀਮਾ ਦਾ ਸਾਰ ਸੀ। ਸ਼ੇਸ਼ਾਧਰੀ ਨੇ ਦਲੀਲ ਦਿੱਤੀ ਕਿ ਸਾਰੇ ਸ਼ਬਦਾਂ ਨੂੰ ਮੁੜ ਵਰਤਣ ਤੋਂ ਪਹਿਲਾਂ ਸੁਧਾਰਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਸ਼ਾ ਵੀ ਨੈਤਿਕ ਸੁਧਾਰ ਦਾ ਬਹੁਤ ਜ਼ਰੂਰੀ ਹਿੱਸਾ ਹੈ।
ਸਾਨੂੰ ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਜਦੋਂ ਕੋਈ ਬਹਿਸ-ਮੁਬਾਹਿਸੇ ਨੂੰ ਮੁੜ ਸੁਰਜੀਤ ਕਰਦਾ ਹੈ ਤਾਂ ਉਹ ਇਕ ਤਰ੍ਹਾਂ ਜਮਹੂਰੀਅਤ ਦੇ ਢਾਂਚੇ ਨੂੰ ਮੁੜ ਸੁਰਜੀਤ ਕਰਦਾ ਹੈ। ਅੱਜ ਕੋਈ ਵੀ ਚੁਣਾਵੀ ਜਮਹੂਰੀਅਤ ਦੇ ਪੁਰਾਣੇ ਢਾਂਚੇ ਉਤੇ ਭਰੋਸਾ ਨਹੀਂ ਕਰ ਸਕਦਾ ਜਿਹੜਾ ਜਮਹੂਰੀ ਢਾਂਚਾ ਗਿਣਤੀ ਅਤੇ ਨੁਮਾਇੰਦਗੀ ਵਾਲੇ ਰੂੜੀਵਾਦੀ ਸਿਧਾਂਤਾਂ ਉਤੇ ਆਧਾਰਿਤ ਹੈ। ਕਾਂਗਰਸ ਨੂੰ ਸਿੱਧੀ ਜਮਹੂਰੀਅਤ ਦੀ ਫ਼ੌਰੀ ਜ਼ਰੂਰਤ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ, ਜਿਵੇਂ ਦੁਨੀਆ ਭਰ ਵਿਚ ‘ਅਕਿਊਪਾਈ’ ਅੰਦੋਲਨ ਤਹਿਤ ਕੀਤਾ ਸੀ।
ਗਿਣਤੀ ਆਧਾਰਿਤ ਚੋਣਾਂ ਦਾ ਸਿੱਟਾ ਬਹੁਗਿਣਤੀਵਾਦੀ ਜ਼ੁਲਮਾਂ ਦੇ ਰੂਪ ਵਿਚ ਨਿਕਲਦਾ ਹੈ ਅਤੇ ਇਸ ਦੌਰਾਨ ਬਹੁਗਿਣਤੀ ਵੱਲੋਂ ਦੇਸ਼ ਭਗਤੀ ਦੇ ਨਾਂ ਉਤੇ ਘੱਟਗਿਣਤੀਆਂ ਨੂੰ ਦਬਾਇਆ ਜਾਂਦਾ ਹੈ। ਘੱਟਗਿਣਤੀਆਂ ਦੀ ਰਾਜਨੀਤੀ ਵਿਚ ਖੜੋਤ ਦਾ ਇਹ ਵਿਚਾਰ ਇਕ ਵਿਦਵਾਨ ਨੇ ਹਾਲ ਹੀ ਵਿਚ ਇਕ ਸੈਮੀਨਾਰ ਦੌਰਾਨ ਢੁਕਵੇਂ ਰੂਪ ਵਿਚ ਪੇਸ਼ ਕੀਤਾ। ਉਨ੍ਹਾਂ ਕਿਹਾ, “ਮੈਂ ਕੋਈ ਘੱਟਗਿਣਤੀ ਨਹੀਂ ਬਣਨਾ ਚਾਹੁੰਦਾ ਜਿਸ ਨੂੰ ਚੰਗੇ ਵਤੀਰੇ ਲਈ ਦਬਾਇਆ ਜਾਵੇ। ਮੈਂ ਤਾਂ ਨਾਗਰਿਕ ਬਣਨਾ ਚਾਹੁੰਦਾ ਹਾਂ ਤਾਂ ਕਿ ਮੈਂ ਭਾਰਤ ਦਾ ਸਮੁੱਚਤਾ ਵਿਚ ਜਸ਼ਨ ਮਨਾ ਸਕਾਂ।”
ਗ਼ੈਰ-ਰਸਮੀ ਅਰਥਚਾਰੇ ਵਿਚ ਬੇਸਹਾਰਾ ਤੇ ਹਾਸ਼ੀਆਗਤ ਹੋਣ ਦਾ ਵਿਚਾਰ ਜਿਸ ਨੂੰ ਕਾਂਗਰਸ ਨੇ ਵੋਟ ਬੈਂਕ ਵਜੋਂ ਕਾਇਮ ਕੀਤਾ ਸੀ, ਉਤੇ ਬੁਨਿਆਦੀ ਰੂਪ ਵਿਚ ਮੁੜ ਤੋਂ ਕੰਮ ਕਰਨਾ ਪਵੇਗਾ। ਹਾਸ਼ੀਆਗਤ ਲੋਕਾਂ ਨੂੰ ਰਚਨਾਤਮਕ ਬਹੁਲਤਾ ਦੇ ਹਿੱਸੇ ਵਜੋਂ ਦੇਖਣਾ ਪਵੇਗਾ ਜਿਸ ਤਰ੍ਹਾਂ ਲਾਤੀਨੀ ਅਮਰੀਕਾ ਦੇ ਮੂਲਵਾਸੀ ਅੰਦੋਲਨ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਆਰਥਿਕ ਯੋਜਨਾਬੰਦੀ ਦੇ ਇਕ-ਭਾਸ਼ੀਵਾਦ ਨੂੰ ਚੁਣੌਤੀ ਦੇਣ ਵਾਲੀ ਬਦਲਵੀਂ ਸੋਚ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਅਜਿਹੇ ਅਰਥਚਾਰੇ ਲਈ ਅਹੁਲਣਾ ਪਵੇਗਾ ਜੋ ਗ਼ਰੀਬਾਂ ਨੂੰ ਗ਼ਰੀਬੀ ਤੋਂ ਛੁਟਕਾਰਾ ਦਿਵਾਏ।
ਇਸੇ ਤਰ੍ਹਾਂ ਕਬਾਇਲੀ ਭਾਈਚਾਰਿਆਂ ਨੂੰ ਜੰਗਲਾਂ ਦੇ ਸੰਵਿਧਾਨਕ ਟਰਸਟੀਆਂ ਵਜੋਂ ਵੰਨ-ਸਵੰਨਤਾ ਦੇ ਮਾਹਿਰਾਂ ਦੇ ਰੂਪ ਵਿਚ ਦੇਖਣਾ ਪਵੇਗਾ ਜਿਥੇ ਉਹ ਰੁੱਖਾਂ ਤੇ ਪੱਤਿਆਂ ਨੂੰ ਨਵੇਂ ਸੰਵਿਧਾਨਵਾਦ ਦੇ ਹਿੱਸੇ ਵਜੋਂ ਮੁੜ ਚਿਤਵ ਸਕਣ। ਇਸੇ ਤਰ੍ਹਾਂ ਦਲਿਤ ਦੇ ਵਿਚਾਰ ਨੂੰ ਦਲਿਤ ਦੇ ਵਿਗਿਆਨ ਬਾਰੇ ਵਿਚਾਰ, ਰਹਿੰਦ-ਖੂੰਹਦ ਬਾਰੇ ਵਿਚਾਰ ਅਤੇ ਪ੍ਰਦੂਸ਼ਣ ਬਾਰੇ ਵਿਚਾਰ ਵਜੋਂ ਲਿਆ ਜਾਣਾ ਚਾਹੀਦਾ ਹੈ। ਸਵੱਛਤਾ ਅਤੇ ਨਿਆਂ ਦਾ ਨਵਾਂ ਸੁਮੇਲ ਬਣਾਉਣ ਲਈ ਸਾਨੂੰ ਪ੍ਰਦੂਸ਼ਣ ਤੋਂ ਅਗਾਂਹ ਜਾਣਾ ਪਵੇਗਾ।
ਜੇ ਕਾਂਗਰਸ ਸਿਰਫ਼ ਕਮਜ਼ੋਰੀਆਂ ਦੀਆਂ ਬੋਲੀਆਂ ਦੀ ਸਮਝ ਹਾਸਲ ਕਰ ਲੈਂਦੀ ਹੈ, ਤਾਂ ਕੀ ਇਹ ਨਾ-ਬਰਾਬਰੀ ਦੇ ਵਿਚਾਰ ਅਤੇ ਇਸ ਦਾ ਟਾਕਰਾ ਕਰਨ ਦੇ ਤਰੀਕੇ ਦੀ ਭਾਵਨਾ ਮੁੜ ਹਾਸਲ ਕਰ ਸਕਦੀ ਹੈ। ਇਸ ਨੂੰ ਲਾਜ਼ਮੀ ਤੌਰ ’ਤੇ ਵਿਗਿਆਨਕ ਸੋਚ ਦਾ ਵਿਚਾਰ ਛੱਡਣਾ ਹੋਵੇਗਾ ਅਤੇ ਇਸ ਦੀ ਥਾਂ ਗਿਆਨ ਤੇ ਲੋਕਤੰਤਰ ਦਰਮਿਆਨ ਬਹੁਲਤਾਵਾਦੀ ਸਬੰਧਾਂ ਨੂੰ ਲਿਆਉਣਾ ਹੋਵੇਗਾ। ਇਸ ਨੂੰ ਐਂਥਰੋਪੋਸੀਨ (ਸਮੇਂ ਦਾ ਉਹ ਦੌਰ ਜਦੋਂ ਤੋਂ ਇਨਸਾਨੀ ਸਰਗਰਮੀਆਂ ਦਾ ਧਰਤੀ ਉਤੇ ਵਾਤਾਵਰਨ ਪੱਖੋਂ ਪ੍ਰਭਾਵ ਪੈਣ ਲੱਗਾ) ਦੀ ਵਿਸ਼ਵਵਿਆਪੀ ਮੂਲ-ਸਿਧਾਂਤਾਂ ਦੀ ਲੋੜ ਹੈ ਅਤੇ ਨਾਲ ਹੀ ਇਸ ਨੂੰ ਵਿਕਾਸ ਦਾ ਮੌਜੂਦਾ ਵਿਚਾਰ ਤਿਆਗਣਾ ਹੋਵੇਗਾ ਜਿਹੜਾ ਨਾਗਰਿਕਾਂ ਨੂੰ ਸ਼ਰਨਾਰਥੀ ਬਣਾ ਦਿੰਦਾ ਹੈ। ਡੈਮ ਤੇ ਪ੍ਰਯੋਗਸ਼ਾਲਾਵਾਂ ਤਾਂ ਹੀ ਮੰਦਰ ਬਣ ਸਕਦੀਆਂ ਹਨ, ਜੇ ਇਨ੍ਹਾਂ ਵੱਲੋਂ ਭਾਜਪਾ ਦੇ ਰਾਸ਼ਟਰਵਾਦ ਤੇ ਵਿਕਾਸ ਦੇ ਇਕ-ਭਾਸ਼ੀਵਾਦ ਦੀ ਥਾਂ ਹੰਢਣਸਾਰਤਾ ਦਾ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਵਿਗਿਆਨ ਸਿਰਜਿਆ ਜਾਂਦਾ ਹੈ।
ਅਜਿਹਾ ਕਰਨ ਲਈ ਯੂਨੀਵਰਸਿਟੀਆਂ ਨੂੰ ਵੋਟ ਬੈਂਕ ਵਜੋਂ ਵਰਤਣ ਵਾਲੀ ਕਾਂਗਰਸ ਨੂੰ ਬਦਲਵੀਂ ਯੂਨੀਵਰਸਿਟੀ ਦਾ ਵਿਚਾਰ ਮੁੜ ਸੁਰਜੀਤ ਕਰਨਾ ਹੋਵੇਗਾ। ਇਸ ਨੂੰ ਵਿਚਾਰਾਂ ਦੀ ਅਜਿਹੀ ਯੂਨੀਵਰਸਿਟੀ ਦਾ ਤਸੱਵੁਰ ਕਰਨਾ ਹੋਵੇਗਾ ਜਿਹੜੀ ਸੰਵਾਦਮੁਖੀ ਹੋਵੇ, ਨਾ ਕਿ ਵਿਕਾਸਮੁਖੀ ਜਿਥੇ ਅਸਹਿਮਤੀ ਕਾਰਨ ਕਿਸੇ ਸ਼ਾਨਦਾਰ ਕਰੀਅਰ ਨੂੰ ਸੂਲ਼ੀ ਉਤੇ ਨਾ ਚਾੜ੍ਹਿਆ ਜਾਵੇ। ਕਾਂਗਰਸ ਨੂੰ ਆਪਣੇ ਆਪ ਦਾ ਸੁਧਾਰ ਕਰਦੇ ਸਮੇਂ ਨਾਲ ਹੀ ਆਮ ਲੋਕਾਂ ਲਈ ਨਵੇਂ ਵਿਚਾਰ ਉਤੇ ਸੋਚਦਿਆਂ ਮੂਲ-ਸਾਰ ਅਤੇ ਸੰਵਿਧਾਨ ਉਤੇ ਵੀ ਨਵੇਂ ਸਿਰਿਉਂ ਕੰਮ ਕਰਨਾ ਹੋਵੇਗਾ।
ਜਿਥੇ ਭਾਜਪਾ ਆਪਣੇ ਆਪ ਨੂੰ ਨੇਸ਼ਨ ਸਟੇਟ ਦੇ ਆਲੇ-ਦੁਆਲੇ ਉਸਾਰਦੀ ਹੈ, ਉਥੇ ਕਾਂਗਰਸ ਨੂੰ ਲਾਜ਼ਮੀ ਤੌਰ ’ਤੇ ਵਿਆਪਕ ਸੱਭਿਅਤਾ ਵਾਲੇ ਢਾਂਚੇ ਦੀ ਭਾਲ ਕਰਨੀ ਚਾਹੀਦੀ ਹੈ। ਇਸ ਨੂੰ ਵਿਚਾਰ ਹਾਸਲ ਕਰਨ ਲਈ ਹਰ ਹਾਲ ਸਿਵਿਲ ਸੁਸਾਇਟੀ ਵੱਲ ਮੁੜਨਾ ਚਾਹੀਦਾ ਹੈ, ਅਜਿਹੀਆਂ ਗਿਆਨਵਾਨ ਪੰਚਾਇਤਾਂ ਬਣਾਉਣੀਆਂ ਚਾਹੀਦੀਆਂ ਹਨ ਜਿਹੜੀਆਂ ਵਿਸ਼ਵਾਸ ਤੇ ਜਿ਼ੰਦਾਦਿਲੀ ਦੀ ਸਿਆਸਤ ਦੀ ਸਿਰਜਣਾ ਕਰਨ। ਇਸ ਨੂੰ ਅਜਿਹੇ ਵਾਤਾਵਰਨ ਦੀ ਲੋੜ ਹੈ ਜਿਥੇ ਕੁਦਰਤ ਸੰਵਿਧਾਨ ਦਾ ਹਿੱਸਾ ਹੋਵੇ, ਜਿਥੇ ਤਕਨਾਲੋਜੀ ਨੈਤਿਕਤਾ ਨਾਲ ਲਬਰੇਜ਼ ਹੋਵੇ। ਸਿਆਸਤ ਨੂੰ ਜਿ਼ੰਦਗੀ ਦੇਣ ਵਾਲੀ ਕਾਰਵਾਈ ਵਿਚ ਬਦਲ ਕੇ ਹੀ ਕਾਂਗਰਸ ਆਪਣੇ ਆਪ ਨੂੰ ਨਵੀਂ ਜਮਹੂਰੀ ਕਲਪਨਾ ਦੇ ਭਵਿੱਖ ਵਜੋਂ ਕਾਇਮ ਕਰ ਸਕਦੀ ਹੈ। ਇਸ ਟੀਚੇ ਨੂੰ ਕੋਈ ਜੀ-23 ਸਰ ਨਹੀਂ ਕਰ ਸਕਦਾ।
*ਲੇਖਕ ਸਮਾਜ ਸ਼ਾਸਤਰੀ ਹੈ।