ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਹੁਣ ਪੂਰੇ ਦੇਸ਼ ਦੇ ਅੰਦੋਲਨ ਵਿਚ ਬਦਲਦਾ ਦਿਖਾਈ ਦੇ ਰਿਹਾ ਹੈ। ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰ ਰਾਜਾਂ ਵਿਚੋਂ ਵੀ ਕਿਸਾਨ ਹੁਣ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਰਹੇ ਹਨ। ਅਜਿਹਾ ਹੋਣਾ ਕੁਦਰਤੀ ਵੀ ਹੈ ਕਿਉਂਕਿ ਜਦੋਂ ਰੌਲਾ ਕਿਸੇ ਵਰਗ ਦੇ ਤਬਕਾਤੀ ਹਿੱਤਾਂ ਦਾ ਹੋਵੇ ਤਾਂ ਹਰ ਦੇਸ਼ ਜਾਂ ਪ੍ਰਦੇਸ਼ ਵਿਚ ਵਸਦੇ ਉਸ ਤਬਕੇ ਨਾਲ ਸੰਬੰਧਤ ਲੋਕ ਆਪਣੇ ਆਰਥਿਕ ਹਿੱਤਾਂ ਲਈ ਇਕਮੁੱਠ ਹੋਣ ਲਗਦੇ ਹਨ।
ਇਥੇ ਇਹ ਤੱਥ ਵੀ ਧਿਆਨ ਵਿਚ ਰੱਖਣ ਵਾਲਾ ਹੈ ਕਿ ਪੱਛਮੀ ਮੁਲਕਾਂ, ਖਾਸ ਕਰ ਜਿੱਥੇ ਜਿੱਥੇ ਪੰਜਾਬ ਦੇ ਲੋਕ ਵੱਸੇ ਹੋਏ ਹਨ, ਵਿਚ ਵੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾਣ ਲੱਗੀ ਹੈ। ਕੁਝ ਮੁਲਕਾਂ ਦੇ ਜੱਦੀ ਕਿਸਾਨਾਂ ਨੇ ਵੀ ਇਸ ਅੰਦੋਲਨ ਦੇ ਹੱਕ ਵਿਚ ਆਵਾਜ਼ ਉਠਾਈ ਹੈ। ਕਾਰਨ ਇਸ ਦਾ ਇਹ ਹੈ ਕਿ ਇਕ ਪਾਸੇ ਤਾਂ ਇਨ੍ਹਾਂ ਲੋਕਾਂ ਦਾ ਕਿੱਤਾ ਸਾਂਝਾ ਹੈ; ਦੂਜੇ ਪਾਸੇ ਇਨ੍ਹਾਂ ਦੇ ਕਿੱਤੇ ਨੂੰ ਖਤਮ ਕਰਨ ਅਤੇ ਜ਼ਮੀਨਾਂ ਆਪਣੇ ਹੱਥ ਹੇਠ ਕਰਨ ਦੀਆਂ ਗੋਂਦਾਂ ਗੁੰਦ ਰਹੀਆਂ ਦੁਸ਼ਮਣ ਤਾਕਤਾਂ ਵੀ ਸਾਂਝੀਆਂ ਹਨ। ਬੀਤੇ ਇਕ ਸਾਲ ਦੌਰਾਨ ਇਹ ਤੱਥ ਤਾਂ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ (ਜਿਵੇਂ ਕਰੋਨਾ ਨੇ ਦਿਖਾਇਆ ਹੈ) ਕਿ ਸੰਸਾਰ ਗੂੜ੍ਹੀ ਤਰ੍ਹਾਂ ਜੁੜ ਗਿਆ ਹੈ। ਸੰਸਾਰ ਦੇ ਇਕ ਕੋਨੇ ਵਿਚ ਵਾਪਰਨ ਵਾਲੀ ਛੋਟੀ ਜਿਹੀ ਘਟਨਾ ਵੀ ਹੁਣ ਸੰਸਾਰ ਦੇ ਬਿਲਕੁਲ ਦੂਜੇ ਕੋਨੇ ਵਿਚ ਵੱਸਣ ਵਾਲੇ ਲੋਕਾਂ ਨੂੰ ਤੁਰੰਤ ਪ੍ਰਭਾਵਿਤ ਕਰਦੀ ਹੈ। ਸੂਖਮ ਰੂਪ ਵਿਚ ਤਾਂ ਕਾਇਨਾਤ ਪਹਿਲਾਂ ਹੀ ਜੁੜੀ ਹੋਈ ਹੈ ਪਰ ਹੁਣ ਸੰਸਾਰ ਤਕਨੀਕੀ, ਫਿਜ਼ੀਕਲ ਅਤੇ ਪ੍ਰਤੱਖ ਰੂਪ ਵਿਚ ਵੀ ਜੁੜ ਗਿਆ ਹੈ। ਇੰਜ ਚੀਜ਼ਾਂ ਦੇ ਪ੍ਰਸੰਗ ਇਕੋ ਸਮੇਂ ਕੌਮੀ ਤੋਂ ਉੱਪਰ ਉੱਠ ਕੇ ਕਾਇਨਾਤੀ, ਸੰਸਾਰ ਵਿਆਪੀ, ਸਥਾਨਕ ਅਤੇ ਵਿਅਕਤੀਗਤ ਹੋ ਗਏ ਹਨ। ਸਥਾਨਕ ਤੋਂ ਮਤਲਬ ਇਹ ਹੈ ਕਿ ਵਿਅਕਤੀ ਦੇ ਸਭ ਤੋਂ ਨਜ਼ਦੀਕ ਵਾਪਰਨ ਵਾਲੇ ਵਰਤਾਰੇ ਵੀ ਪ੍ਰਕਾਸ਼ ਵਿਚ ਆਉਣ ਲੱਗੇ ਹਨ। ਇੰਜ ਸਿਆਸੀ ਰੂਪ ਵਿਚ ‘ਕੌਮੀ ਰਾਜਾਂ’ ਵਿਚ ਵੰਡਿਆ ਸੰਸਾਰ ਇਸ ਦੇ ਸਾਰਪਾਰ ਜੁੜਿਆ ਦਿਖਾਈ ਦੇਣ ਲੱਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਰਾਜਾਂ ਵਿਚ ਚਿਰਾਂ ਤੋਂ ਦਬਾਏ ਸੱਭਿਆਚਾਰ ਅਤੇ ਭਾਈਚਾਰੇ ਵੀ ਨਜ਼ਰ ਆਉਣ ਲੱਗੇ ਹਨ। ਇੰਜ ਸੰਸਾਰ ਇਕ ਪਾਸੇ ਜੁੜ ਰਿਹਾ ਹੈ ਅਤੇ ਦੂਜੇ ਪਾਸੇ ਨਵੇਂ ਸੱਭਿਆਚਾਰਾਂ ਦਾ ਖੇੜਾ ਸਾਹਮਣੇ ਆ ਰਿਹਾ ਹੈ। ਸੰਸਾਰ ਦਾ ਇਹ ਜੁੜਾਓ-ਖਿੜਾਓ, ਇਕੋ ਸਮੇਂ ਵਾਪਰ ਰਿਹਾ ਹੈ।
ਇਨ੍ਹਾਂ ਹਾਲਾਤ ਦਾ ਇਕ ਹੋਰ ਪਹਿਲੂ ਵੀ ਹੈ ਕਿ ਸੰਸਾਰ ਦੇ ਜੁੜਨ ਤੇ ਖਿੜਨ ਦੇ ਇਸ ਅਮਲ ’ਚ ਇਸ ਉੱਤੇ ਕਬਜ਼ਾ ਕਰਨ ਵਾਲੀਆਂ ਧਿਰਾਂ ਵੀ ਪਹਿਲਾਂ ਨਾਲੋਂ ਵਧੇਰੇ ਵਹਿਸ਼ੀ ਹੋ ਗਈਆਂ ਹਨ। ਸੰਸਾਰ ਦੇ ਕੁੱਲ ਕੁਦਰਤੀ, ਮਨੁੱਖੀ ਤੇ ਸਮਾਜਿਕ ਸੋਮਿਆਂ ਉੱਪਰ ਕਬਜ਼ੇ ਦੀ ਹੋੜ/ਹਬਸ ਤੇਜ਼ ਹੋ ਗਈ ਹੈ। ਇਸ ਮਕਸਦ ਲਈ ਵਰਤੇ ਜਾਣ ਵਾਲੇ ਹਥਿਆਰ ਅਤਿ ਸੂਖਮ ਹੋ ਗਏ ਹਨ। ਟੈਲੀ ਅਤੇ ਵਾਇਰਲੈੱਸ ਕਮਿਊਨੀਕੇਸ਼ਨ ਨੇ ਡਿਜੀਟਲ ਗੁਲਾਮੀ ਦੇ ਖਤਰਨਾਕ ਵਰਤਾਰੇ ਨੂੰ ਪੈਦਾ ਕਰ ਦਿੱਤਾ ਹੈ। ਸਰਵੀਲੈਂਸ ਇੰਪੀਰੀਅਲਿਜ਼ਮ ਮਨੁੱਖ ਦੀ ਨਿੱਜੀ, ਸੱਭਿਆਚਾਰਕ ਤੇ ਰਾਜਸੀ ਆਜ਼ਾਦੀ ਲਈ ਵੱਡੀ ਚਣੌਤੀ ਬਣ ਗਿਆ ਹੈ। ਗੁਲਾਮੀ ਦੇ ਇਨ੍ਹਾਂ ਨਵੇਂ ਹਥਿਆਰਾਂ ਖਿਲਾਫ ਅਮਨਪੂਰਬਕ ਅਤੇ ਵੱਡੇ ਜਨਤਕ ਉਭਾਰ ਹੀ ਕਾਰਗਰ ਹੋ ਸਕਦੇ ਹਨ। ਇਹੋ ਸਾਨੂੰ ਪੰਜਾਬ ਤੋਂ ਸ਼ੁਰੂ ਹੋਏ ਕਿਸਾਨੀ ਅੰਦੋਲਨ ਨੇ ਸਮਝਾਇਆ ਹੈ। ਨਵੇਂ ਕਬਜ਼ਾਕਾਰਾਂ ਵਿਰੁਧ ਉੱਠ ਰਿਹਾ ਕਿਸਾਨ ਵਿਰੋਧ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਨੂੰ ਆਪਣੇ ਵਿਰੋਧ ਦਾ ਆਧਾਰ ਬਣਾ ਰਿਹਾ ਹੈ। ਜਿੱਥੋਂ ਤੱਕ ਪੰਜਾਬ ਦੇ ਸੰਘਰਸ਼ ਦਾ ਸੰਬੰਧ ਹੈ, ਸਿੱਖ ਰਵਾਇਤਾਂ ਇਸ ਸੰਘਰਸ਼ ਦਾ ਸਮਾਜਿਕ ਤੇ ਸਭਿਆਚਾਰਕ ਆਧਾਰ ਬਣ ਗਈਆਂ ਹਨ। ਅਗਵਾਈ ਵਿਚ ਖੱਬਾ ਪੱਖ ਭਾਰੂ ਦਿਖਾਈ ਦਿੰਦਾ ਹੈ। ਇੰਜ ਅਸੀਂ ਕਹਿ ਸਕਦੇ ਹਾਂ ਕਿ ‘ਸਿੱਖ ਲੈਫਟ’ ਨਾਂ ਦੀ ਸਿਆਸੀ ਧਿਰ ਵੀ ਪੰਜਾਬ ਵਿਚ ਉਭਰ ਆਈ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੀ ਕਿਸਾਨੀ ਮੂਲ ਰੂਪ ਵਿਚ ਸਿੱਖ ਕਿਸਾਨੀ ਹੈ। ਇਸ ਹਕੀਕਤ ਨੂੰ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਖੱਬੇ ਪੱਖੀ ਆਗੂਆਂ ਨੇ ਵੀ ਵੱਡੀ ਹੱਦ ਤੱਕ ਸਮਝ ਲਿਆ ਹੈ। ਇਥੇ ਇਹ ਵੀ ਯਾਦ ਰੱਖਣ ਵਾਲਾ ਪੱਖ ਹੈ ਕਿ ਪੇਂਡੂ ਕਿਸਾਨ ਅਤੇ ਬੇਜ਼ਮੀਨੇ ਪੇਂਡੂ ਲੋਕ ਹੀ ਹਨ ਜਿਹੜੇ ਪੰਜਾਬੀ ਭਾਸ਼ਾ ਨੂੰ ਇਸ ਦੇ ਠੇਠ ਰੂਪ ਵਿਚ ਅਜੇ ਤੱਕ ਅਪਣਾਈ ਬੈਠੇ ਹਨ। ਇਹੋ ਲੋਕ ਅਸਲ ਵਿਚ ਪੰਜਾਬੀ ਸਭਿਆਚਾਰ/ਕੌਮੀਅਤ ਦੀ ਧੁਰੀ ਬਣ ਗਏ ਹਨ। ਇੰਜ ਇਹ ਸੰਘਰਸ਼ ਇਕ ਪਾਸੇ ਪੰਜਾਬੀ ਕਿਸਾਨੀ ਦੇ ਤਬਕਾਤੀ ਹਿੱਤਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬੀ ਸੱਭਿਆਚਾਰਕ ਸਮੂਹ/ਕੌਮੀਅਤ ਦੀਆਂ ਭਾਵਨਾਵਾਂ ਨੂੰ ਵੀ ਤੁਣਕਾ ਮਾਰ ਰਿਹਾ ਹੈ।
ਪੰਜਾਬੀ ਸੱਭਿਆਚਾਰਕ ਇਕਾਈ/ਕੌਮੀਅਤ ਕੀ ਹੈ, ਇਸ ਦਾ ਸਭ ਤੋਂ ਉੱਤਮ ਅਤੇ ਸੰਘਣਾ ਨਮੂਨਾ ਦਿੱਲੀ ਦੇ ਬਾਰਡਰਾਂ ਤੇ ਵਿਚਰ ਰਹੇ ਕਿਸਾਨ ਸੰਘਰਸ਼ ਵਿਚੋਂ ਦੇਖਣ ਨੂੰ ਮਿਲ ਰਿਹਾ ਹੈ। ਕਿਸੇ ਵੀ ਕੌਮ/ਕੌਮੀਅਤ ਦੇ ਅਸਲ ਜਣਨਹਾਰੇ ਜ਼ਮੀਨ ਨਾਲ ਜੁੜੇ ਲੋਕ ਹੀ ਹੁੰਦੇ ਹਨ। ਇਸੇ ਲਈ ਹਰ ਕੌਮੀਅਤ/ਸਭਿਆਚਾਰ ਦੀ ਉਸਾਰੀ ਵਿਚ ਕਿਰਸਾਨੀ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। ਇਸੇ ਲਈ ਸਭਿਆਚਾਰ, ਕਾਇਨਾਤ, ਕੁਦਰਤ, ਜੀਵ ਸੰਸਾਰ ਅਤੇ ਮਨੁੱਖੀ ਜੀਵਨ ਪ੍ਰਤੀ ਸਰੋਕਾਰਾਂ ਤੋਂ ਹੀਣੇ ਵਿੱਤੀ/ਆਰਥਿਕ ਸੰਸਾਰੀਕਰਨ ਦਾ ਅੱਜ ਸੱਭ ਤੋਂ ਵੱਡਾ ਦੁਸ਼ਮਣ ਜ਼ਮੀਨ ਨਾਲ ਜੁੜਿਆ ਹੋਇਆ ਮਨੁੱਖ ਹੀ ਹੈ। ਵਹਿਸ਼ੀ ਵਿੱਤੀ ਸਰਮਾਏ ਦੀ ਧੱਕ ਵਾਲਾ ਆਰਥਿਕ ਸੰਸਾਰੀਕਰਨ ਪਹਿਲਾਂ ਮਨੁੱਖ ਨੂੰ ਆਪਣੀਆਂ ਜੜ੍ਹਾਂ ਤੋਂ ਉਖਾੜ ਦਿੰਦਾ ਹੈ, ਫਿਰ ਉਸ ਨੂੰ ਨਿਰਜਿੰਦ ਵਸਤ ਵਾਂਗੂ ਆਪਣੀ ਆਰਥਿਕ ਮਸ਼ੀਨ ਦੇ ਪੁਰਜੇ ਵਿਚ ਫਿੱਟ ਕਰ ਲੈਂਦਾ ਹੈ। ਇਹ ਮਨੁੱਖ ਦੇ ਅਮਾਨਵੀਕਰਨ ਦੀ ਸਿਖਰ ਹੈ। ਇਹ ਮਾਨਵੀ ਆਤਮ ਨੂੰ ਤਹਿਸ ਨਹਿਸ ਕਰ ਦਿੰਦਾ ਹੈ। ਇਸ ਦ੍ਰਿਸ਼ਟੀ ਤੋਂ ਸਥਾਨਕ ਸੱਭਿਆਚਾਰਕ ਜੜ੍ਹਾਂ ਨਾਲ ਜੁੜੀ ਕਿਰਸਾਨੀ ਅਤੇ ਹੋਰ ਕਿਰਤੀ ਲੋਕ, ਕੌਮੀਅਤਾਂ ਹੀ ਕਥਿਤ ਹਾਈਟੈਕ, ਨਿਰਜਿੰਦ ਸੰਸਾਰੀਕਰਨ ਨੂੰ ਉਲਟਬਾਜ਼ੀਆਂ ਲਗਵਾ ਸਕਦੇ ਹਨ।
ਇਸੇ ਨੁਕਤੇ ਤੋਂ ਕਿਰਸਾਨੀ ਬਹੁਤ ਸ਼ਕਤੀਸ਼ਾਲੀ ਕਿੱਤਾ ਹੈ। ਇਸ ਦਾ ਇਕ ਸਿਰਾ ਕੁਦਰਤ/ਕਾਇਨਾਤ ਨਾਲ ਜੁੜਿਆ ਹੁੰਦਾ ਹੈ; ਦੂਜਾ ਆਪਣੀ ਸਮਾਜਿਕ ਸੱਭਿਆਚਾਰਕ ਬਣਤਰ ਨਾਲ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਮਗਰਲੇ ਦੌਰ ਵਿਚ ਇਸੇ ਕਰ ਕੇ ਕਿਰਸਾਨੀ ਅਪਣਾਈ। ਪੱਛਮੀ ਮੁਲਕਾਂ ਦੀ ਅਫੀਮ ਨਾਲ ਨਿਸੱਤੇ ਹੋ ਚੁੱਕੇ ਚੀਨ ਵਿਚ ਮਾਓ-ਜ਼ੇ-ਤੁੰਗ ਨੇ ਇਸੇ ਲਈ ਕਿਰਸਾਨੀ ਨੂੰ ਇਨਕਲਾਬ ਦੇ ਧੁਰੇ ਵਜੋਂ ਚੁਣਿਆ।
ਕਥਿਤ ਆਧੁਨਿਕਤਾ ਹਾਈਟੈਕ ਵਿਕਾਸ ਨਾਲ ਜੁੜੇ ਕਿੱਤੇ ਮਨੁੱਖ ਨੂੰ ਕੁਦਰਤ/ਕਾਇਨਾਤ ਤੋਂ ਦੂਰ ਖਿੱਚ ਰਹੇ ਹਨ ਜਦਕਿ ਕਿਰਸਾਨੀ ਇਸ ਕਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਕੁਦਰਤ ਨਾਲ ਜੋੜੀ ਰੱਖਦੀ ਹੈ। ਇਸੇ ਕਰ ਕੇ ਕਿਸਾਨ ਕੁਦਰਤ ਵੱਲੋਂ ਹੋਣ ਵਾਲੀ ਹਰ ਹਰਦੀ ਜਰਦੀ, ਝੱਖੜ ਝਾਂਜਿਆਂ ਨੂੰ ਵੱਡੇ ਜਿਗਰੇ ਨਾਲ ਬਰਦਾਸ਼ਤ ਕਰਦਾ ਹੈ। ਇਸ ਨਾਲ ਉਸ ਦੀ ਬਰਦਾਸ਼ਤ ਕਰਨ ਅਤੇ ਖਤਰੇ ਮੁੱਲ ਲੈਣ ਦੀ ਸ਼ਕਤੀ ਅਸੀਮ ਹੋ ਜਾਂਦੀ ਹੈ। ਇਸ ਕਿਸਮ ਦੀ ਜੀਵਨ ਜਾਚ ਅਕਸਰ ਹੀ ਗਿਣਤੀਆਂ ਮਿਣਤੀਆਂ ਦੀ ਮੁਥਾਜ ਬਿਰਤੀ ਤੋਂ ਬਾਹਰ ਹੋ ਜਾਂਦੀ ਹੈ। ਇਹੀ ਨਹੀਂ, ਇਹ ਆਪਣੇ ਆਪ ਵਿਚ ਵਚਿੱਤਰ ਜੀਵਨ ਜਾਚ ਬਣ ਜਾਂਦੀ ਹੈ। ਇਸ ਨੁਕਤੇ ਤੋਂ ਹੀ ਕਿਰਸਾਨੀ ਦਾ ਦੁਨੀਆ ਦੇ ਸਿਖਰਲੇ ਕਾਰੋਬਾਰੀਆਂ ਨਾਲ ਸਿੱਧਾ ਟਕਰਾਅ ਪੈਦਾ ਹੋ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੇ ਇਸ ਟਕਰਾਅ ਨੂੰ ਸੰਸਾਰ ਦੇ ਸਿਆਸੀ ਦ੍ਰਿਸ਼ ਤੇ ਲੈ ਆਂਦਾ ਹੈ।
ਕਿਸਾਨੀ ਦਾ ਇਹ ਉਭਾਰ ਆਰਥਿਕ ਸੰਸਾਰੀਕਰਨ ਦੀ ਵਿਰੋਧੀ ਸੰਸਾਰ ਵਿਆਪੀ ਮਾਨਵੀ ਲਹਿਰ ਵਿਚ ਵੀ ਪਲਟ ਸਕਦਾ ਹੈ। ਇਸੇ ਲਈ ਸੰਸਾਰ ਵਿਆਪੀ ਮਨੁੱਖੀ ਸੰਸਥਾਵਾਂ ਅਤੇ ਦੁਨੀਆ ਦੇ ਸੁਚੇਤ ਲੋਕ ਪੰਜਾਬ ਵਿਚੋਂ ਉੱਠੇ ਇਸ ਕਿਰਸਾਨੀ ਉਭਾਰ ਨੂੰ ਬੜੀ ਨੀਝ ਨਾਲ ਦੇਖ ਰਹੇ ਹਨ। ਇਹ ਉਭਾਰ ਮਨੁੱਖ ਸਮੇਤ ਕਾਇਨਾਤ ਦੇ ਹਰ ਜ਼ੱਰੇ ਲਈ ਸ਼ੁਭ ਸ਼ਗਨ ਹੈ। ਇਹ ਤੇਰਾ ਤੇਰਾ ਤੋਲਣ ਵਾਲਿਆਂ ਦੀ, ਵਿੱਤੀ ਮੁਨਾਫਿਆਂ ਨਾਲ ਜੀਵਨ ਨੂੰ ਮਿਣਨ ਵਾਲਿਆਂ ਨਾਲ ਜ਼ਿੰਦਗੀ ਮੌਤ ਦੀ ਲੜਾਈ ਹੈ।
ਸੰਪਰਕ: 62805-74657