ਰਾਮਚੰਦਰ ਗੁਹਾ
ਮੇਰੀ ਜਾਣ ਪਛਾਣ ਦੇ ਕੁਝ ਬੇਮਿਸਾਲ ਲੋਕਾਂ ’ਚੋਂ ਇਕ ਮਦਰਾਸ ਦੇ ਕੇ. ਸਵਾਮੀਨਾਥਨ ਸਨ ਜੋ ਸਾਹਿਤ ਦੇ ਪ੍ਰੋਫੈਸਰ ਅਤੇ ਮਹਾਤਮਾ ਗਾਂਧੀ ਦੀਆਂ ਰਚਨਾਵਾਂ ਦੇ ਸੰਕਲਿਤ ਕਾਰਜ ਦੇ ਸੰਪਾਦਕ ਰਹੇ ਸਨ। ਸਵਾਮੀਨਾਥਨ ਦਾ ਜਨਮ ਪੁੱਦੂਕੋਟਾਈ ਵਿਚ 3 ਦਸੰਬਰ 1896 ਨੂੰ ਹੋਇਆ ਸੀ। 1996 ਵਿਚ ਜਦੋਂ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾਈ ਗਈ ਸੀ ਤਾਂ ਮੈਂ ‘ਦਿ ਹਿੰਦੂ’ ਅਖ਼ਬਾਰ ਵਿਚ ਉਨ੍ਹਾਂ ਦਾ ਇਕ ਜੀਵਨੀ ਰੇਖਾ ਚਿੱਤਰ ਲਿਖਿਆ ਸੀ (ਜੋ ਮੇਰੀ ਕਿਤਾਬ ‘ਐਨ ਐਂਥਰੋਪੋਲੋਜਿਸਟ ਅਮੰਗ ਦਿ ਮਾਰਕਸਿਸਟ ਐਂਡ ਅਦਰ ਐਸੇਜ਼’ ਵਿਚ ਵਿਸਤਾਰ ਸਹਿਤ ਛਪਿਆ ਸੀ)। ਉਸ ਤੋਂ ਤਕਰੀਬਨ ਪੰਝੀ ਸਾਲਾਂ ਬਾਅਦ ਹੁਣ ਮੈਂ ਉਨ੍ਹਾਂ ਦੀ ਨਿਗਾਹਬਾਨੀ ਹੇਠ ਪ੍ਰਵਾਨ ਚੜ੍ਹੇ ਸੰਪਾਦਨ ਤੇ ਵਿਦਵਤਾ ਦੇ ਉਸ ਮਹਾ ਕਾਰਜ ਦੀ ਚਰਚਾ ਕਰਨਾ ਚਾਹੁੰਦਾ ਹਾਂ।
ਮਹਾਤਮਾ ਗਾਂਧੀ ਦੀ ਹੱਤਿਆ ਹੋਣ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਨੇ ਉਨ੍ਹਾਂ ਦੇ ਨਾਂ ’ਤੇ ਇਕ ਕੌਮੀ ਮੈਮੋਰੀਅਲ ਫੰਡ ਕਾਇਮ ਕੀਤਾ ਸੀ। ਇਸ ਫੰਡ ਦਾ ਮਕਸਦ ਅੰਤਰ ਧਰਮੀ ਸਦਭਾਵਨਾ ਅਤੇ ਅਜਿਹੇ ਹੋਰ ਉਸਾਰੂ ਕਾਰਜਾਂ ਨੂੰ ਫੈਲਾਉਣ ਦਾ ਸੀ ਜੋ ਗਾਂਧੀ ਜੀ ਦਿਲ ਦੇ ਕਰੀਬ ਸਨ ਅਤੇ ਇਸ ਫੰਡ ਦਾ ਪ੍ਰਣ ਸੀ ਕਿ ‘ਵੱਖ ਵੱਖ ਭਾਸ਼ਾਵਾਂ ਵਿਚ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਤੇ ਸੰਦੇਸ਼ਾਂ ਨੂੰ ਸੰਗ੍ਰਹਿਤ ਕੀਤਾ, ਸੰਭਾਲਿਆ ਅਤੇ ਪ੍ਰਕਾਸ਼ਿਤ ਕਰਵਾਇਆ ਜਾਵੇ ਅਤੇ ਇਕ ਅਜਿਹਾ ਮਿਊਜ਼ੀਅਮ ਕਾਇਮ ਕੀਤਾ ਜਾਵੇ ਜਿੱਥੇ ਗਾਂਧੀ ਜੀ ਨਾਲ ਜੁੜੀਆਂ ਚੀਜ਼ਾਂ ਨੂੰ ਸੰਭਾਲਿਆ ਜਾ ਸਕੇ।’ ਇਸ ਮੈਮੋਰੀਅਲ ਫੰਡ ਦਾ ਨਾਂ ਗਾਂਧੀ ਸਮਾਰਕ ਨਿਧੀ ਸੀ ਜੋ 1949 ਵਿਚ ਕਾਇਮ ਕੀਤਾ ਗਿਆ ਸੀ। ਸਾਬਰਮਤੀ ਆਸ਼ਰਮ ਦੀ ਮਦਦ ਨਾਲ ਇਸ ਨੇ ਵੱਖ ਵੱਖ ਵਿਸ਼ਿਆਂ ਬਾਰੇ ਮੋਹਨਦਾਸ ਕਰਮਚੰਦ ਗਾਂਧੀ ਦੀਆਂ ਅੰਗਰੇਜ਼ੀ, ਹਿੰਦੀ ਤੋਂ ਇਲਾਵਾ ਉਨ੍ਹਾਂ ਦੀ ਮਾਂ ਬੋਲੀ ਗੁਜਰਾਤੀ ਵਿਚ ਵੱਖ ਵੱਖ ਵਿਸ਼ਿਆਂ ਬਾਰੇ ਰਚਨਾਵਾਂ ਨੂੰ ਸੰਗ੍ਰਹਿਤ ਕਰਨ ਦਾ ਕਾਰਜ ਆਰੰਭਿਆ ਸੀ। ਗਾਂਧੀ ਨੇ ਤਿੰਨ ਕਿਤਾਬਾਂ, ਬਹੁਤ ਸਾਰੇ ਪੈਂਫਲੈੱਟ, ਦਰਜਨਾਂ ਅਰਜ਼ੀਆਂ, ਅਖ਼ਬਾਰਾਂ ਲਈ ਸੈਂਕੜੇ ਲੇਖ ਅਤੇ ਲੱਖਾਂ ਦੀ ਤਾਦਾਦ ਵਿਚ ਚਿੱਠੀਆਂ ਲਿਖੀਆਂ ਸਨ। ਉਨ੍ਹਾਂ ਬਹੁਤ ਸਾਰੀਆਂ ਇੰਟਰਵਿਊਜ਼ ਦਿੱਤੀਆਂ ਅਤੇ ਇਨ੍ਹਾਂ ਤੋਂ ਵੀ ਕਿਤੇ ਵੱਧ ਭਾਸ਼ਣ ਦਿੱਤੇ ਸਨ। ਉਨ੍ਹਾਂ ਆਪਣੀ ਇਕ ਵੱਖਰੀ ਲਿਖਣ ਸ਼ੈਲੀ ਵੀ ਈਜਾਦ ਕੀਤੀ ਸੀ। ਸੋਮਵਾਰ ਨੂੰ ਉਹ ਮੌਨ ਵਰਤ ਧਾਰਨ ਕਰਦੇ ਸਨ, ਲਿਹਾਜ਼ਾ ਇਸ ਦਿਨ ਉਹ ਲਿਖਦੇ ਰਹਿੰਦੇ ਸਨ।
1956 ਤੱਕ ਗਾਂਧੀ ਸਮਾਰਕ ਨਿਧੀ ਨੇ ਤੈਅ ਕੀਤਾ ਕਿ ਅਜਿਹੀ ਕਾਫ਼ੀ ਸਮੱਗਰੀ ਆ ਚੁੱਕੀ ਹੈ ਜਿਸ ਨੂੰ ਇਕ ਕਿਤਾਬ ਦੀ ਸ਼ਕਲ ਵਿਚ ਸਾਹਮਣੇ ਲਿਆਂਦਾ ਜਾ ਸਕਦਾ ਹੈ। ‘ਕੁਲੈਕਟਡ ਵਰਕਸ’ ਲਈ ਇਕ ਸਲਾਹਕਾਰ ਬੋਰਡ ਕਾਇਮ ਕੀਤਾ ਗਿਆ ਤੇ ਵੱਲਭਭਾਈ ਪਟੇਲ ਦੀ ਮੌਤ ਤੋਂ ਬਾਅਦ ਮੋਰਾਰਜੀ ਦੇਸਾਈ ਨੂੰ ਇਸ ਦਾ ਪ੍ਰਧਾਨ ਥਾਪਿਆ ਗਿਆ ਜੋ ਇਕ ਪ੍ਰਮੁੱਖ ਗੁਜਰਾਤੀ ਸਿਆਸਤਦਾਨ ਸਨ। ਬੋਰਡ ਦੇ ਹੋਰਨਾਂ ਮੈਂਬਰਾਂ ਵਿਚ ਨਵਜੀਵਨ ਪ੍ਰੈੱਸ ਤੋਂ ਇਕ ਪ੍ਰਤੀਨਿਧ ਸ਼ਾਮਲ ਸੀ ਜਿਸ ਦਾ ਸਹਿਯੋਗ ਇਸ ਕਰਕੇ ਵੀ ਜ਼ਰੂਰੀ ਸੀ ਕਿਉਂਕਿ ਗਾਂਧੀ ਜੀ ਦੀਆਂ ਲਿਖਤਾਂ ਦਾ ਕਾਪੀਰਾਈਟ ਉਨ੍ਹਾਂ ਕੋਲ ਸੀ। ਉਨ੍ਹਾਂ ਤੋਂ ਇਲਾਵਾ ਮਹਾਤਮਾ ਗਾਂਧੀ ਦਾ ਸਭ ਤੋਂ ਛੋਟਾ ਪੁੱਤਰ ਦੇਵਦਾਸ ਜੋ ‘ਹਿੰਦੋਸਤਾਨ ਟਾਈਮਜ਼’ ਅਖ਼ਬਾਰ ਦਾ ਸੰਪਾਦਕ ਸੀ, ਵੀ ਬੋਰਡ ਦੇ ਮੈਂਬਰਾਂ ਵਿਚ ਸ਼ਾਮਲ ਸੀ। ਦੇਵਦਾਸ ਗਾਂਧੀ ਨੇ ਮਹਾਤਮਾ ਗਾਂਧੀ ਦੇ ਜੀਵਨ ’ਤੇ ਇਕ ਦਸਤਾਵੇਜ਼ੀ ਫਿਲਮ ਤਿਆਰ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ ਜੋ ਮਹਾਤਮਾ ਗਾਂਧੀ ਦੀਆਂ ਲਿਖਤਾਂ ਨੂੰ ਚਿਰਕਾਲੀ ਰੂਪ ਦੇਣ ਵਿਚ ਯੋਗਦਾਨ ਪਾਉਂਦੀ ਰਹੀ ਹੈ।
‘ਕੁਲੈਕਟਡ ਵਰਕਸ’ ਦੇ ਚੁਣੇ ਗਏ ਪਹਿਲੇ ਮੁੱਖ ਸੰਪਾਦਕ ਭਰਤਨ ਕੁਮਾਰੱਪਾ ਸਨ। ਭਰਤਨ ਫਿਲਾਸਫੀ ਤੇ ਧਰਮ ਦੇ ਵਿਦਵਾਨ ਸਨ ਜਿਨ੍ਹਾਂ ਨੇ ਐਡਿਨਬਰਾ ਅਤੇ ਲੰਡਨ ਯੂਨੀਵਰਸਿਟੀਆਂ ਤੋਂ ਪੀਐੱਚ.ਡੀ. ਡਿਗਰੀਆਂ ਹਾਸਲ ਕਰਨ ਤੋਂ ਬਾਅਦ ਪੇਂਡੂ ਪੁਨਰ-ਨਿਰਮਾਣ ਵਾਸਤੇ ਗਾਂਧੀ ਜੀ ਨਾਲ ਕਈ ਸਾਲ ਬਿਤਾਏ ਸਨ। ਮਹਾਤਮਾ ਗਾਂਧੀ ਦੀ ਮੌਤ ਤੋਂ ਬਾਅਦ ਭਰਤਨ ਨੇ ਉਨ੍ਹਾਂ ਦੀਆਂ ਲਿਖਤਾਂ ਦੇ ਬਹੁਤ ਸਾਰੇ ਸੰਕਲਨਾਂ ਦਾ ਸੰਪਾਦਨ ਕੀਤਾ ਸੀ। ਗਾਂਧੀ ਜੀ ਦੀਆਂ ਲਿਖਤਾਂ ਦੇ ਸੰਗ੍ਰਹਿ ਤੇ ਸੰਪਾਦਨ ਦੇ ਕਾਰਜ ਵਾਸਤੇ ਭਾਰਤਨ ਕੁਮਾਰੱਪਾ ਦੀ ਚੋਣ ਬਹੁਤ ਹੀ ਉਮਦਾ ਸੀ। ਉਂਝ, ਪਹਿਲਾ ਸੰਸਕਰਣ ਛਪਾਈ ਲਈ ਭੇਜਣ ਤੋਂ ਬਾਅਦ ਜੂਨ 1957 ਵਿਚ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਥਾਂ ਇਕ ਸਾਬਕਾ ਆਜ਼ਾਦੀ ਘੁਲਾਟੀਏ ਜੈਰਾਮਦਾਸ ਦੌਲਤਰਾਮ ਨੂੰ ਲਾਇਆ ਗਿਆ ਪਰ ਇਸ ਕੰਮ ਵਿਚ ਉਹ ਬਹੁਤੀ ਦਿਲਚਸਪੀ ਨਹੀਂ ਲੈਂਦੇ ਸੀ। ਦੋ ਸਾਲ ਅਧਮੰਨੇ ਜਿਹੇ ਢੰਗ ਨਾਲ ਬਿਤਾਉਣ ਤੋਂ ਬਾਅਦ ਉਹ ਰਾਜ ਸਭਾ ਦੀ ਸੀਟ ਲੈ ਕੇ ਚਲੇ ਗਏ ਸਨ। ਦੌਲਤਰਾਮ ਤੋਂ ਬਾਅਦ ਕੇ. ਸਵਾਮੀਨਾਥਨ ਨੇ ਮੁੱਖ ਸੰਪਾਦਕ ਦਾ ਅਹੁਦਾ ਸੰਭਾਲਿਆ ਜਿਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਵਿਨੋਭਾ ਭਾਵੇ ਨੇ ਕੀਤੀ ਸੀ। ਗੀਤਾ ਬਾਰੇ ਵਿਨੋਭਾ ਦੇ ਭਾਸ਼ਣਾਂ ਦਾ ਅੰਗਰੇਜ਼ੀ ਸੰਸਕਰਨ ਤਿਆਰ ਕਰਨ ਵਿਚ ਸਵਾਮੀਨਾਥਨ ਨੇ ਅਹਿਮ ਯੋਗਦਾਨ ਪਾਇਆ ਸੀ।
ਜਦੋਂ ਤ੍ਰੇਹਠ ਸਾਲ ਦੀ ਉਮਰ ਵਿਚ ਕੇ. ਸਵਾਮੀਨਾਥਨ ਦਿੱਲੀ ਆਏ ਤਾਂ ਉਨ੍ਹਾਂ ਦੇ ਪਿੱਛੇ ਸਾਹਿਤ ਦੇ ਅਧਿਆਪਕ ਦੇ ਤੌਰ ’ਤੇ ਮਾਣਮੱਤਾ ਕਰੀਅਰ ਸੀ। ਉਨ੍ਹਾਂ ਦੀ ਸਿਖਲਾਈ ਤੇ ਪ੍ਰੇਰਨਾ ਕਈ ਮਾਅਨਿਆਂ ਤੋਂ ਇਸ ਕਾਰਜ ਦੇ ਪਹਿਲੇ ਬੇਮਿਸਾਲ ਸੰਪਾਦਕ ਭਰਤਨ ਕੁਮਾਰੱਪਾ ਦੀਆਂ ਖ਼ੂਬੀਆਂ ਨਾਲ ਮੇਲ ਖਾਂਦੀ ਸੀ। ਦੋਵਾਂ ਨੂੰ ਆਪਣੀਆਂ ਦਿਹਾਤੀ ਤਾਮਿਲ ਜੜ੍ਹਾਂ ’ਤੇ ਮਾਣ ਸੀ, ਦੋਵੇਂ ਆਪਣੀ ਮਾਤਭਾਸ਼ਾ ਅਤੇ ਆਲਮੀ ਬੌਧਿਕ ਚਲਨ ਵਾਲੀ ਅੰਗਰੇਜ਼ੀ ਭਾਸ਼ਾ ਦੇ ਮਾਹਿਰ ਸਨ। ਦੋਵੇਂ ਵਿਸ਼ਾਲ ਹਿਰਦੇ ਵਾਲੇ ਧਾਰਮਿਕ ਵਿਅਕਤੀ ਸਨ, ਭਰਤਨ ਇਕ ਈਸਾਈ ਸੀ ਜਿਨ੍ਹਾਂ ਰਾਮਾਨੁਜਾਚਾਰੀਆ ਬਾਰੇ ਕਿਤਾਬ ਲਿਖੀ ਸੀ ਜਦੋਂਕਿ ਸਵਾਮੀਨਾਥਨ ਹਿੰਦੂ ਸੀ ਜੋ ਵੱਡੇ ਚਾਅ ਨਾਲ ਬਾਈਬਲ ਪੜ੍ਹਦੇ ਰਹਿੰਦੇ ਸਨ।
ਹੁਣ ਪਿੱਛਲਝਾਤ ਮਾਰੀ ਜਾਵੇ ਤਾਂ ਇਸ ਕਿਸਮ ਦੇ ਕਾਰਜ ਲਈ ਉਨ੍ਹਾਂ ਦੀ ਸਭ ਤੋਂ ਵੱਧ ਕਾਰਆਮਦ ਯੋਗਤਾ ਇਹ ਸੀ ਕਿ ਉਹ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਤੇ ਇਕ ਟੀਮ ਦੇ ਰੂਪ ਵਿਚ ਕੰਮ ਕਰਨਾ ਬਾਖ਼ੂਬੀ ਜਾਣਦੇ ਸਨ। ਉਨ੍ਹਾਂ ਮਦਰਾਸ ਦੇ ਪ੍ਰੈਜ਼ੀਡੈਂਸੀ ਕਾਲਜ ਵਿਚ ਅੰਗਰੇਜ਼ੀ ਵਿਭਾਗ ਦੇ ਮੁਖੀ ਵਜੋਂ ਲੰਮਾ ਸਮਾਂ ਸੇਵਾ ਨਿਭਾਈ ਸੀ ਅਤੇ ਪੰਜ ਸਾਲਾਂ ਲਈ ਗੌਰਮਿੰਟ ਆਰਟਸ ਕਾਲਜ ਦੇ ਪ੍ਰਿੰਸੀਪਲ ਵੀ ਰਹੇ ਸਨ। ਯੂਨੀਵਰਸਿਟੀ ਦੀ ਆਪਣੀ ਨੌਕਰੀ ਤੋਂ ਫਾਰਗ ਹੋਣ ਮਗਰੋਂ ਉਨ੍ਹਾਂ ‘ਸੰਡੇ ਸਟੈਂਡਰਡ’ ਅਖ਼ਬਾਰ ਦਾ ਸੰਪਾਦਨ ਕੀਤਾ ਜਿੱਥੇ ਉਨ੍ਹਾਂ ਰਿਪੋਰਟਰਾਂ, ਉਪ ਸੰਪਾਦਕਾਂ ਅਤੇ ਪਰੂਫ ਰੀਡਰਾਂ ਦੇ ਇਕ ਵੱਡੇ ਦਸਤੇ ਦਾ ਮਾਰਗ ਦਰਸ਼ਨ ਕੀਤਾ ਸੀ। ਸਵਾਮੀਨਾਥਨ ਦੇ ਪਹਿਲੇ ਰੰਗਰੂਟਾਂ ਵਿਚ ਸੀ.ਐਨ. ਪਟੇਲ ਸ਼ਾਮਲ ਸੀ ਜੋ ਨਾ ਕੇਵਲ ਖ਼ੁਦ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਸਨ ਸਗੋਂ ਗਾਂਧੀ ਦੀ ਤਰ੍ਹਾਂ ਗੁਜਰਾਤੀ ਵਕਤਾ ਵੀ ਸੀ। ਹਾਲਾਂਕਿ ਪਟੇਲ ਬਹੁਤਾ ਸਮਾਂ ਅਹਿਮਦਾਬਾਦ ਵਿਚ ਹੀ ਰਹਿੰਦੇ ਸਨ, ਪਰ ਉਨ੍ਹਾਂ ਸਵਾਮੀਨਾਥਨ ਨਾਲ ਨੇੜਿਓਂ ਮਿਲ ਕੇ ਕੰਮ ਕੀਤਾ ਅਤੇ ਡਿਪਟੀ ਚੀਫ ਐਡੀਟਰ ਵਜੋਂ ਇਸ ਪ੍ਰਾਜੈਕਟ ਵਿਚ ਅਹਿਮ ਭੂਮਿਕਾ ਨਿਭਾਈ। ਇਸੇ ਤਰ੍ਹਾਂ ਸਵਾਮੀਨਾਥਨ ਦੀ ਇਸ ਟੀਮ ਵਿਚ ਕਈ ਹੋਰ ਪ੍ਰਤੀਬੱਧ ਤੇ ਬਹੁਤ ਹੀ ਯੋਗ ਵਿਅਕਤੀ ਸ਼ਾਮਲ ਸਨ। ਇਨ੍ਹਾਂ ਵਿਚ ਇਕ ਜੇ.ਪੀ. ਉਨਿਆਲ ਸੀ ਜਿਨ੍ਹਾਂ ਹਿਮਾਲਿਆਈ ਖੇਤਰ ਵਿਚ ਗਾਂਧੀ ਜੀ ਅਨੁਯਾਈ ਮੀਰਾਭੈਣ ਨਾਲ ਰਲ਼ ਕੇ ਕੰਮ ਕੀਤਾ ਅਤੇ ਉਨ੍ਹਾਂ ਸਦਕਾ ਹੀ ਉਨਿਆਲ ਦੀ ਮਹਾਤਮਾ ਦੇ ਜੀਵਨ ਅਤੇ ਵਿਰਾਸਤ ਵਿਚ ਦਿਲਚਸਪੀ ਪੈਦਾ ਹੋਈ ਸੀ। ਉਨ੍ਹਾਂ ਤੋਂ ਇਲਾਵਾ ਉੱਘੇ ਕਵੀ ਭਵਾਨੀ ਪ੍ਰਸ਼ਾਦ ਮਿਸ਼ਰਾ ਵੀ ਸਨ ਜਿਨ੍ਹਾਂ ਨੇ ‘ਕੁਲੈਕਟਡ ਵਰਕਸ’ ਦੇ ਹਿੰਦੀ ਸੰਸਕਰਣ ਦੇ ਸੰਪਾਦਕ ਵਜੋਂ ਅਹੁਦਾ ਸੰਭਾਲਿਆ ਸੀ।
1964 ਤੱਕ ਇਸ ਦੀਆਂ ਨੌਂ ਜਿਲਦਾਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ ਅਤੇ ਗਾਂਧੀ ਬਾਰੇ ਅਮਰੀਕੀ ਵਿਦਵਾਨ ਜੋਆਨ ਬੌਂਡੁਰੈਟ ‘ਜਰਨਲ ਆਫ ਮਾਡਰਨ ਹਿਸਟਰੀ’ ਵਿਚ ‘ਕੁਲੈਕਟਡ ਵਰਕਸ’ ਬਾਰੇ ਲੇਖ ਲਿਖ ਚੁੱਕੀ ਸੀ। ਉਨ੍ਹਾਂ ਇਸ ਪ੍ਰਾਜੈਕਟ ਦੀ ਭਰਵੀਂ ਸ਼ਲਾਘਾ ਕਰਦਿਆਂ ਲਿਖਿਆ ਸੀ ਕਿ ਸੰਪਾਦਕਾਂ ਨੇ ਕਿਸੇ ਵੀ ਤਰ੍ਹਾਂ ਦਾ ਰਲਾਅ ਕਰਨ ਦੀ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ ਤੇ ਨਾਲ ਹੀ ਉਨ੍ਹਾਂ ਪ੍ਰਸ਼ਨਾਂ ਦੇ ਵਧੀਆ ਢੰਗ ਨਾਲ ਜਵਾਬ ਵੀ ਦਿੱਤੇ ਜੋ ਇਸ ਸਮੱਗਰੀ ਨੂੰ ਲੈ ਕੇ ਚੰਗੇ ਤੋਂ ਚੰਗੇ ਪਾਠਕ ਦੇ ਮਨਾਂ ਵਿਚ ਉੱਠ ਸਕਦੇ ਹਨ। ਸਰੋਤਾਂ ਦੀ ਤਸਦੀਕ, ਚਿੱਠੀਆਂ ਵਿਚ ਘੱਟ ਜਾਣੇ ਜਾਂਦੇ ਬੰਦਿਆਂ ਦੀ ਪਛਾਣ, ਮੁੱਲਵਾਨ ਪਿਛੋਕੜ ਅਤੇ ਹਵਾਲਾ ਸਮੱਗਰੀ ਜੋੜਨ ਦੇ ਪਹਿਲੂਆਂ ਤੋਂ ਉਨ੍ਹਾਂ ਵਿਦਵਤਾ ਦੇ ਉਚਤਮ ਮਿਆਰਾਂ ਨੂੰ ਛੂਹਿਆ ਹੈ।’
ਉਨ੍ਹਾਂ ਤੋਂ ਬਾਅਦ ਵੀ ਇਹ ਮਿਆਰ ਆਉਣ ਵਾਲੇ ਸਾਲਾਂ ਵਿਚ ਬਰਕਰਾਰ ਰੱਖੇ ਜਾਂਦੇ ਰਹੇ। ਉਂਝ, 1975-77 ਤੱਕ ਦੇ ਐਮਰਜੈਂਸੀ ਦੇ ਵਕਫ਼ੇ ਦੌਰਾਨ ਕੁਝ ਉਥਲ-ਪੁਥਲ ਹੋਈ ਪਰ ਉਦੋਂ ਤੱਕ ਪੰਜਾਹ ਤੋਂ ਵੱਧ ਸੰਸਕਰਣ ਆ ਚੁੱਕੇ ਸਨ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਲੇ ਜੁੜੀ ਜੁੰਡਲੀ ਸਵਾਮੀਨਾਥਨ ਨੂੰ ਇਸ ਬਿਨਾਅ ’ਤੇ ਹਟਾਉਣਾ ਚਾਹੁੰਦੀ ਸੀ ਕਿ ਉਹ ਗਾਂਧੀ ਦੇ ਸੰਸਕਰਣ ਇਕ ਇਕ ਕਰਕੇ ਸਲਾਹਕਾਰ ਬੋਰਡ ਦੇ ਚੇਅਰਮੈਨ ਮੋਰਾਰਜੀ ਦੇਸਾਈ ਨੂੰ ਭੇਜਦੇ ਸਨ ਜੋ ਉਸ ਸਮੇਂ ਜੇਲ੍ਹ ’ਚ ਬੰਦ ਸਨ। ਸਵਾਮੀਨਾਥਨ ਉਸ ਤੋਂ ਬਾਅਦ ਵੀ ਕਈ ਸਾਲਾਂ ਤੱਕ ਇਸ ਅਹੁਦੇ ’ਤੇ ਕਾਇਮ ਰਹੇ ਅਤੇ ਆਖ਼ਰ 1985 ਵਿਚ ਸੇਵਾਮੁਕਤ ਹੋਏ ਜਦੋਂ ਤੱਕ ਗਾਂਧੀ ਜੀ ਦੀਆਂ ਲਿਖਤਾਂ ਦੇ ਮੂਲ ਨੱਬੇ ਸੰਸਕਰਣ ਮੁਕੰਮਲ ਹੋ ਚੁੱਕੇ ਸਨ (ਸੱਤ ਪੂਰਕ ਸੰਸਕਰਨ ਵੀ ਆਉਣ ਲਈ ਤਿਆਰ ਸਨ)।
ਸਵਾਮੀਨਾਥਨ ਦੀ ਉਸ ਦੇ ਸਹਿਕਰਮੀ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਨ। ਗੁਜਰਾਤੀ ਲੇਖਕ ਹਸ਼ਮੁਖ ਸ਼ਾਹ ਨੇ ਲਿਖਿਆ ਕਿ ਉਸ ਦੇ ਮੁੱਖ ਸੰਪਾਦਕ ਨੇ ‘ਉਸ ਨੂੰ ਸੰਪਾਦਨ ਅਤੇ ਖੋਜ ਦੇ ਇਸ ਮਹਾ ਕਾਰਜ ਨੂੰ ਧਿਆਨ ਵਿਚ ਰੱਖ ਕੇ ਇਸ ਪ੍ਰਕਿਰਿਆ ਵਿਚ ਸ਼ਾਮਲ ਕੀਤਾ ਸੀ। ਉਹ ਆਪਣੀ ਟੀਮ ਦੀਆਂ ਸੀਮਾਵਾਂ ਅਤੇ ਸ਼ਖ਼ਸੀ ਖ਼ੂਬੀਆਂ ਨੂੰ ਭਾਂਪਣ ਦੀ ਤਿੱਖੀ ਨਜ਼ਰ ਰੱਖਦੇ ਸਨ। ਮੈਂ ਉਨ੍ਹਾਂ ਨੂੰ ਕਦੇ ਉੱਚੀ ਆਵਾਜ਼ ਵਿਚ ਬੋਲਦੇ ਹੋਏ ਜਾਂ ਕਿਸੇ ਦੀ ਝਾੜਝੰਬ ਕਰਦੇ ਹੋਏ ਨਹੀਂ ਸੁਣਿਆ। ਪੁਰਾਤਨ ਸੰਤਾਂ ਤੇ ਰਿਸ਼ੀ ਮੁਨੀਆਂ ਦੀ ਤਰ੍ਹਾਂ ਉਨ੍ਹਾਂ ਦਾ ਜੀਵਨ ਅਤੇ ਤਨਦੇਹੀ ਕਿਸੇ ਵੱਖਰੇ ਹੀ ਯੁੱਗ ਦੀ ਝਲਕ ਪੇਸ਼ ਕਰਦੀ ਸੀ।’
‘ਕੁਲੈਕਟਡ ਵਰਕਸ’ ਨਾਲ ਛੇ ਸਾਲ ਬਿਤਾਉਣ ਮਗਰੋਂ ਹਸ਼ਮੁਖ ਸ਼ਾਹ ਮੋਰਾਰਜੀ ਦੇਸਾਈ ਦੇ ਨਿੱਜੀ ਸਕੱਤਰ ਬਣ ਕੇ ਚਲੇ ਗਏ। ਸ਼ਾਹ ਦੇ ਫਾਰਗ ਹੋਣ ’ਤੇ ਉਨ੍ਹਾਂ ਦੀ ਥਾਂ ਲਲਿਤਾ ਜ਼ਕਰੀਆ ਨੂੰ ਪ੍ਰਾਜੈਕਟ ਵਿਚ ਭਰਤੀ ਕੀਤਾ ਗਿਆ ਜੋ ਹੁਣੇ ਹੁਣੇ ਅੰਗਰੇਜ਼ੀ ਸਾਹਿਤ ਵਿਚ ਮਾਸਟਰਜ਼ ਡਿਗਰੀ ਕਰ ਕੇ ਆਏ ਸਨ। ਕਈ ਸਾਲਾਂ ਬਾਅਦ ਉਨ੍ਹਾਂ ਲਿਖਿਆ ਸੀ ਕਿ ਕਿਵੇਂ ‘ਚੀਫ (ਕੁਲੈਕਟਡ ਵਰਕਸ ਦੇ ਦਫ਼ਤਰ ਵਿਚ ਸਵਾਮੀਨਾਥਨ ਨੂੰ ਇਸੇ ਨਾਂ ਨਾਲ ਬੁਲਾਇਆ ਜਾਂਦਾ ਸੀ) ਇਕ ਕੋਨੇ ਵਿਚ ਇਕ ਹਸਤੀ ਦੇ ਰੂਪ ਵਿਚ ਬੈਠਦੇ ਸਨ ਤੇ ਕਿੰਝ ਕਿਤੇ ਇਕ ਕੋਮਾ ਲਾ ਕੇ ਕਿਸੇ ਵਾਕ ਨੂੰ ਚਮਕਾ ਦਿੰਦੇ ਸਨ, ਉੱਥੇ ਕੋਈ ਫੁੱਟਨੋਟ ਦੇ ਦਿੰਦੇ ਤੇ ਗੱਲ ਬਣਾ ਦਿੰਦੇ ਸਨ। ਕੇ.ਐੱਸ. ਦੀ ਛੋਹ ਇੰਨੀ ਪੁਖ਼ਤਾ, ਝਟਪਟ ਅਤੇ ਬਾਅਸਰ ਹੁੰਦੀ ਸੀ ਕਿ ਇਵੇਂ ਜਾਪਦਾ ਸੀ ਜਿਵੇਂ ਉਨ੍ਹਾਂ ਦੇ ਸਰੀਰ ’ਚੋਂ ਗਾਂਧੀ ਦੀ ਰੂਹ ਬੋਲ ਰਹੀ ਹੋਵੇ।’
ਇਕ ਦਹਾਕਾ ਪਹਿਲਾਂ ਮੈਂ ਪਹਿਲੀ ਵਾਰ ‘ਕੁਲੈਕਟਡ ਵਰਕਸ’ ਦਾ ਇਕ ਤੋਂ ਬਾਅਦ ਇਕ ਸੰਸਕਰਣ ਤੇ ਇਕ ਇਕ ਪੰਨਾ ਪੜ੍ਹੇ ਸਨ। ਹੁਣ ਮੈਂ ਉਨ੍ਹਾਂ ਨੂੰ ਦੁਬਾਰਾ ਪੜ੍ਹਨਾ ਸ਼ੁਰੂ ਕੀਤਾ ਹੈ ਅਤੇ ਇਸ ਵਾਰ ਮੈਂ ਹਰੇਕ ਜਿਲਦ ’ਤੇ ਕੀਤੇ ਗਏ ਸੰਪਾਦਕੀ ਕਾਰਜ ’ਤੇ ਖ਼ਾਸ ਧਿਆਨ ਦੇ ਰਿਹਾ ਹਾਂ। ਪਹਿਲਾਂ ਦੀ ਤਰ੍ਹਾਂ, ਮੈਨੂੰ ਗਾਂਧੀ ਦੇ ਲਫ਼ਜ਼ਾਂ ਵਿਚ ਬਹੁਤ ਕੁਝ ਸਲਾਹੁਣਯੋਗ ਮਿਲਿਆ ਹੈ ਤੇ ਕੁਝ ਥਾਈਂ ਉਕਸਾਹਟ ਤੇ ਨਾਰਾਜ਼ਗੀ ਦੇ ਭਾਵ ਕਰਨ ਵਾਲਾ ਵੀ ਹੈ। ਬਹਰਹਾਲ, ਇਸ ਦੀ ਦੂਜੀ ਪੜ੍ਹਤ ਤੋਂ ਬਾਅਦ ਮੈਂ ਸਵਾਮੀਨਾਥਨ ਤੇ ਉਨ੍ਹਾਂ ਦੀ ਟੀਮ ਨੇ ਜਿਵੇਂ ਗਾਂਧੀ ਦੇ ਸ਼ਬਦਾਂ ਨੂੰ ਜਿਸ ਪ੍ਰਸੰਗ ਵਿਚ ਪੇਸ਼ ਕੀਤਾ ਹੈ, ਦੀ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਿਆ। ਹਰੇਕ ਭਾਗ ਦੀ ਸ਼ੁਰੂਆਤ ’ਤੇ ਸੂਝ ਭਰੇ ਮੁੱਖਬੰਦ, ਪ੍ਰਸੰਗਕ ਦਸਤਾਵੇਜ਼ਾਂ ਦੀ ਅੰਤਿਕਾ ਤੇ ਇਨ੍ਹਾਂ ਦੀ ਸਮਾਪਤੀ ਕਰਨ ਵਾਲੇ ਕਾਲਕ੍ਰਮ ਅਤੇ ਸੂਚਕਅੰਕ ਅਤੇ ਸਭ ਤੋਂ ਵਧ ਕੇ ਰੌਸ਼ਨ ਤੇ ਅਮੀਰ ਫੁੱਟਨੋਟ ਜੋ ਮੁੱਖ ਖਰੜੇ ਦੇ ਪੰਨਿਆਂ ਨੂੰ ਸੁਆਦਲਾ ਬਣਾ ਦਿੰਦੇ ਹਨ- ਸਭ ਕੁਝ ਭਰਵੇਂ ਮਾਣ ਸਤਿਕਾਰ ਦਾ ਹੀ ਨਹੀਂ ਸਗੋਂ ਪ੍ਰਸੰਸਾ ਦਾ ਵੀ ਹੱਕਦਾਰ ਹੈ।
ਮੈਂ ‘ਕੁਲੈਕਟਡ ਵਰਕਸ’ ਦੀਆਂ ਪ੍ਰਕਾਸ਼ਿਤ ਜਿਲਦਾਂ ਦਾ ਮੁਕੰਮਲ ਸੈੱਟ ਹਾਸਲ ਕੀਤਾ ਹੈ। ਹੁਣ ਇਹ ਆਨਲਾਈਨ ਵੀ ਉਪਲਬਧ ਹੈ ਤੇ ਸਾਬਰਮਤੀ ਆਸ਼ਰਮ ਵਿਖੇ ਗਾਂਧੀ ਹੈਰੀਟੇਜ ਪੋਰਟਲ ’ਤੇ ਵੀ ਵੇਖਿਆ ਜਾ ਸਕਦਾ ਹੈ ਜੋ ਕਿ ਗਾਂਧੀ ਜੀ ਮੁਤੱਲਕ ਸਭ ਤੋਂ ਪ੍ਰਮਾਣਿਕ ਵੈੱਬਸਾਈਟ ਹੈ। ਹੁਣ ਤੱਕ ਇਸ ਲੜੀ ਦੇ ਆਧਾਰ ’ਤੇ ਹਜ਼ਾਰਾਂ ਕਿਤਾਬਾਂ ਤੇ ਖੋਜ ਲੇਖ ਲਿਖੇ ਜਾ ਚੁੱਕੇ ਹਨ। ਇਹ ਸਮੂਹਕ ਤੇ ਸਾਂਝੀ ਵਿਦਵਤਾ ਦਾ ਹੁਣ ਤੱਕ ਦਾ ਬੇਮਿਸਾਲ ਅਤੇ ਸਿਰਮੌਰ ਕਾਰਜ ਬਣਿਆ ਹੋਇਆ ਹੈ ਅਤੇ ਜਿਵੇਂ ਇਹ ਭਾਰਤ ਸਰਕਾਰ ਦੀ ਅਗਵਾਨੀ ਹੇਠ ਸਿਰੇ ਚੜ੍ਹਿਆ ਹੈ, ਉਸ ਦੇ ਮੱਦੇਨਜ਼ਰ ਭਾਰਤ ਵਿਚ ਅਜਿਹੀ ਕੋਈ ਮਿਸਾਲ ਮਿਲਣੀ ਲਗਭਗ ਅਸੰਭਵ ਹੈ। ਆਉਣ ਵਾਲੇ ਸਮੇਂ ਦੇ ਵਿਦਵਾਨ ਅਤੇ ਭਾਰਤ ਤੋਂ ਇਲਾਵਾ ਕਈ ਹੋਰ ਦੇਸ਼ ਵੀ ਨੇਪਰੇ ਚਾੜ੍ਹੇ ਇਸ ਮਹਾ ਕਾਰਜ ਬਦਲੇ ਕੇ. ਸਵਾਮੀਨਾਥਨ ਅਤੇ ਸੰਪਾਦਕਾਂ ਤੇ ਅਨੁਵਾਦਕਾਂ ਦੀ ਉਨ੍ਹਾਂ ਦੀ ਬਾਕਮਾਲ ਟੀਮ ਦੇ ਹਮੇਸ਼ਾਂ ਰਿਣੀ ਰਹਿਣਗੇ।