ਹਰ ਸਾਲ 5 ਜੂਨ ਨੂੰ ਦੁਨੀਆਂ ਦੇ ਸਾਰੇ ਦੇਸ਼ 1972 ਵਿਚ ਕੁਦਰਤੀ ਵਾਤਾਵਰਨ ਨੂੰ ਬਚਾਉਣ ਅਤੇ ਸਾਫ਼-ਸੁਥਰਾ ਰੱਖਣ ਲਈ ਸਟਾਕਹੋਮ (ਸਵੀਡਨ) ’ਚ ਕੌਮਾਂਤਰੀ ਕਾਨਫਰੰਸ ਤੋਂ ਬਾਅਦ ਵਾਤਾਵਰਨ ਦਿਵਸ ਮਨਾਉਂਦੇ ਹਨ ਜਾਂ ਭਰਪੂਰ ਦਿਖਾਵੇ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਵੀ ਦਿੰਦੇ ਹਨ। ਹਕੀਕਤ ਇਹ ਹੈ ਕਿ ਅਸੀਂ ਕੁਦਰਤੀ ਵਾਤਾਵਰਨ ਨੂੰ ਬਚਾਉਣ ਅਤੇ ਸਾਫ਼-ਸੁਥਰਾ ਰੱਖਣ ਲਈ ਕੁਝ ਵੀ ਨਹੀਂ ਕਰ ਰਹੇ। ਇਸ ਸਾਲ ਕਰੋਨਾਵਾਇਰਸ ਦਾ ਸੰਕਟ ਆਉਣ ਕਾਰਨ ਵਾਤਾਵਰਨ ਦਿਵਸ ਪਹਿਲਾਂ ਮਨਾਏ ਜਾ ਰਹੇ ਵਾਤਾਵਰਨ ਦਿਵਸਾਂ ਦੇ ਮੁਕਾਬਲੇ ਸਾਰੇ ਦੇਸ਼ਾਂ ਨੂੰ ਸਬਕ ਲੈ ਕੇ ਆਇਆ ਹੈ ਕਿ ਮਨੁੱਖਾਂ ਲਈ ਅਜੇ ਵੀ ਸਮਾਂ ਹੈ ਕਿ ਉਹ ਕੁਦਰਤੀ ਵਾਤਾਵਰਨ ਅਤੇ ਹਰ ਤਰ੍ਹਾਂ ਦੇ ਜੈਵਿਕਾਂ ਸਮੇਤ ਕੁਦਰਤੀ ਸਰੋਤਾਂ ਦੀ ਸੁਚੱਜੇ ਤਰੀਕੇ ਨਾਲ ਸੰਭਾਲ ਕਰਨ; ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਦੇਣ; ਨਹੀਂ ਤਾਂ ਕੁਦਰਤ ਦਾ ਸਿਸਟਮ ਇਸ ਨੂੰ ਆਪਣੇ ਆਪ ਦਰੁਸਤ ਕਰ ਲਵੇਗਾ, ਉਸ ਤੋਂ ਮਨੁੱਖਾਂ ਨੂੰ ਭਾਵੇਂ ਕਿੰਨਾ ਵੀ ਨੁਕਸਾਨ ਪਹੁੰਚੇ।
ਛੇ ਦਹਾਕੇ ਪਹਿਲਾਂ ਤਕਰੀਬਨ ਸਾਰੇ ਵਿਕਸਿਤ ਦੇਸ਼ ਖ਼ਾਸ ਕਰਕੇ ਇੰਗਲੈਂਡ, ਫ਼ਰਾਂਸ, ਜਰਮਨੀ, ਸਵੀਡਨ, ਨੀਦਰਲੈਂਡ, ਫਿਨਲੈਂਡ, ਅਮਰੀਕਾ, ਕੈਨੇਡਾ ਆਦਿ ਉਦਯੋਗਿਕ ਇਨਕਲਾਬ ਤੋਂ ਬਾਅਦ ਪੈਦਾ ਹੋਏ ਪ੍ਰਦੂਸ਼ਣ ਵਿਚ ਜਕੜੇ ਹੋਏ ਸਨ। ਇਨ੍ਹਾਂ ਦੇਸ਼ਾਂ ਦੇ ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਸੀ ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਸਨ। ਲੰਡਨ ਦੇ ਪ੍ਰਸਿੱਧ ਦਰਿਆ ਥੇਮਜ਼ ਦਾ ਪਾਣੀ ਇੰਨਾ ਗੰਦਾ ਹੋ ਚੁੱਕਿਆ ਸੀ ਕਿ ਉਸ ਗੰਦੇ ਪਾਣੀ ਨੂੰ ਸਿਆਹੀ ਦੇ ਤੌਰ ਉੱਤੇ ਵਰਤ ਕੇ ਲੋਕਾਂ ਨੇ ਸਰਕਾਰ ਨੂੰ ਦਰਿਆ ਦੇ ਪਾਣੀ ਨੂੰ ਸਾਫ਼ ਕਰਵਾਉਣ ਲਈ ਸ਼ਿਕਾਇਤ ਕੀਤੀ ਸੀ। ਇਸ ਤੋਂ ਇਲਾਵਾ ਇੰਗਲੈਂਡ ਦੇ ਇਸ ਸ਼ਹਿਰ ਨੇ ਉਨ੍ਹਾਂ ਸਮਿਆਂ ਵਿਚ ਹਵਾ ਦੇ ਪ੍ਰਦੂਸ਼ਣ ਦੀ ਵੀ ਕਾਫ਼ੀ ਮਾਰ ਹੰਢਾਈ। 1952 ਵਿਚ ਉਦਯੋਗਾਂ ਵਿਚ ਕੋਲੇ ਦੀ ਵਰਤੋਂ ਕਾਰਨ ਵਾਤਾਵਰਨ ਵਿਚ ਭਾਰੀ ਮਾਤਰਾ ਵਿਚ ਬਾਲਣ ਦੇ ਅੱਧਜਲੇ ਧੂੰਏਂ ਅਤੇ ਧੂੜ ਦੇ ਕਣਾਂ ਦੀ ਮੌਜੂਦਗੀ ਕਾਰਨ ਧੁਆਂਖੀ-ਧੁੰਦ (ਜੋ ਹਵਾ ਦਾ ਸਭ ਤੋਂ ਖ਼ਤਰਨਾਕ ਪ੍ਰਦੂਸ਼ਣ ਹੈ) ਦੇ ਪ੍ਰਦੂਸ਼ਣ ਕਾਰਨ ਇੰਗਲੈਂਡ ਵਿਚ ਸਾਹ ਘੁਟਣ ਨਾਲ 4000 ਲੋਕ ਇਕ ਹਫ਼ਤੇ ਵਿਚ ਅਤੇ 8000 ਲੋਕ ਇਸ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਕਾਰਨ ਅਗਲੇ ਦੋ ਮਹੀਨਿਆਂ ਵਿਚ ਮਰ ਗਏ ਸਨ। ਇਸੇ ਤਰ੍ਹਾਂ ਯੂਰੋਪ ਦੇ ਕਈ ਹੋਰ ਦੇਸ਼ ਵੀ ਇਸ ਸਮੇਂ ਦੌਰਾਨ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਦਾ ਸੰਤਾਪ ਝੱਲ ਰਹੇ ਸਨ।
ਅਮਰੀਕਾ ਅਤੇ ਕੈਨੇਡਾ ਵੀ ਉਨ੍ਹਾਂ ਦਿਨਾਂ ਵਿਚ ਉਦਯੋਗੀਕਰਨ ਤੋਂ ਪੈਦਾ ਹੋਏ ਪ੍ਰਦੂਸ਼ਣ ਕਾਰਨ ਤੇਜ਼ਾਬੀ ਵਰਖਾ, ਧੁਆਂਖੀ-ਧੁੰਦ ਅਤੇ ਪਾਣੀ ਦੇ ਪ੍ਰਦੂਸ਼ਣ ਦੇ ਕਹਿਰ ਦੀ ਮਾਰ ਝੱਲ ਰਹੇ ਸਨ। ਸਾਰੇ ਵਿਕਸਿਤ ਦੇਸ਼ ਜਦੋਂ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਤੰਗ ਆਏ ਹੋਏ ਸਨ, ਉਦੋਂ ਦੇ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ਼ ਪਾਲਮੇ ਨੇ ਸੰਯੁਕਤ ਰਾਸ਼ਟਰ ਨੂੰ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਨ ਮੁਹਈਆ ਕਰਵਾਉਣ ਵਾਸਤੇ ਅਤੇ ਪ੍ਰਦੂਸ਼ਣ ਤੋਂ ਬਚਾਉਣ ਲਈ ਕੌਮਾਂਤਰੀ ਪੱਧਰ ਉੱਤੇ ਉਪਰਾਲੇ ਕਰਨ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਦੇ ਸੁਝਾਅ ਉੱਤੇ ਅਮਲ ਕਰਦਿਆਂ 1969 ਵਿਚ ਵਾਤਾਵਰਨ ਬਾਰੇ ਕੌਮਾਂਤਰੀ ਪੱਧਰ ਉੱਤੇ ਕਾਨਫਰੰਸ ਕਰਵਾਉਣ ਦੀ ਵਿਉਂਤ ਬਣਾਈ ਗਈ ਅਤੇ ਇਸ ਬਾਰੇ ਤਿੰਨ ਸਾਲ ਬਾਅਦ 1972 ਵਿਚ ਸਵੀਡਨ ਦੇ ਸ਼ਹਿਰ ਸਟਾਕਹੋਮ ਵਿਚ 5 ਤੋਂ ਲੈ ਕੇ 16 ਜੂਨ ਤੱਕ ਕਾਨਫਰੰਸ ਹੋਈ ਜਿਸ ਨੂੰ ਸਟਾਕਹੋਮ ਕਾਨਫਰੰਸ/ਮਨੁੱਖੀ ਵਿਕਾਸ ਕਾਨਫਰੰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਕਾਨਫਰੰਸ ਵਿਚ 119 ਦੇਸ਼ਾਂ ਦੇ ਨੁਮਾਇੰਦਿਆਂ ਅਤੇ 400 ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਨੇ ਭਾਗ ਲਿਆ ਸੀ। ਵਾਤਾਵਰਨ ਸਾਂਭ-ਸੰਭਾਲ ਬਾਰੇ ਇਹ ਪਹਿਲੀ ਕੌਮਾਂਤਰੀ ਕਾਨਫਰੰਸ ਸੀ। ਉਸ ਤੋਂ ਬਾਅਦ ਹਰ ਸਾਲ 5 ਜੂਨ ਨੂੰ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਵਾਤਾਵਰਨ ਦਿਵਸ ਮਨਾਇਆ ਜਾਣ ਲਗਿਆ।
ਇਸ ਕਾਨਫਰੰਸ ਦੌਰਾਨ 26 ਨੁਕਤਿਆਂ ਉੱਤੇ ਸਾਰੇ ਦੇਸ਼ਾਂ ਨੇ ਰਜ਼ਾਮੰਦੀ ਜ਼ਾਹਿਰ ਕੀਤੀ ਜਿਨ੍ਹਾਂ ਵਿਚੋਂ ਕੁਝ ਮੁੱਖ ਨੁਕਤੇ ਇਸ ਤਰ੍ਹਾਂ ਹਨ: ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਸਮੇਂ ਉੱਥੋਂ ਦੇ ਮਨੁੱਖਾਂ ਦੇ ਰਹਿਣ ਲਈ ਸਾਫ਼-ਸੁਥਰਾ ਵਾਤਾਵਰਨ ਹੋਣਾ ਜ਼ਰੂਰੀ ਹੈ। ਨਵਿਆਉਣਯੋਗ ਅਤੇ ਗ਼ੈਰ-ਨਵਿਆਉਣਯੋਗ ਕੁਦਰਤੀ ਸਾਧਨਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਵੇ ਜਿਸ ਨਾਲ ਵਰਤਮਾਨ ਜਨਸੰਖਿਆ ਦੀਆਂ ਲੋੜਾਂ ਨੂੰ ਪੂਰਾ ਕਰਦਿਆਂ ਹੋਇਆਂ ਭਵਿੱਖ ਦੀ ਜਨਸੰਖਿਆ ਦੀਆਂ ਲੋੜਾਂ ਸੁਖਾਲਿਆਂ ਪੂਰੀਆਂ ਹੋ ਜਾਣ। ਹਵਾ, ਪਾਣੀ, ਧਰਤੀ, ਬਨਸਪਤੀ ਅਤੇ ਹਰ ਪ੍ਰਕਾਰ ਦੇ ਜੀਵ-ਜੰਤੂਆਂ ਦੀ ਵਾਜਬਿ ਤਰੀਕੇ ਨਾਲ ਸਾਂਭ-ਸੰਭਾਲ ਲਈ ਕਮੇਟੀਆਂ ਬਣਾਈਆਂ ਜਾਣ। ਸਮੁੰਦਰਾਂ ਦੇ ਨਾਲ ਨਾਲ ਅਤੇ ਪਾਣੀ ਦੇ ਹੋਰ ਸਰੋਤਾਂ ਨੂੰ ਕੂੜੇਦਾਨਾਂ ਵਜੋਂ ਨਾ ਵਰਤਿਆ ਜਾਵੇ, ਸਗੋਂ ਉਨ੍ਹਾਂ ਦੀ ਸਾਂਭ-ਸੰਭਾਲ ਲਈ ਨਿਯਮ ਬਣਾ ਕੇ ਜਲ ਸਰੋਤਾਂ ਅਤੇ ਸਮੁੰਦਰੀ ਜੀਵ-ਜੰਤੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਵਿਕਸਿਤ ਦੇਸ਼ ਆਰਥਿਕ ਵਿਕਾਸ ਦੇ ਮੁੱਦੇ ਉੱਤੇ ਵਿਕਸਿਤ ਹੋ ਰਹੇ ਦੇਸ਼ਾਂ ਦੀ ਲੋੜ ਅਨੁਸਾਰ ਮਦਦ ਕਰਨ। ਆਰਥਿਕ ਵਿਕਾਸ ਲਈ ਵਿਗਿਆਨ ਅਤੇ ਤਕਨੀਕੀ ਗਿਆਨ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਵਰਤਣ ਲਈ ਵੀ ਕਿਹਾ ਗਿਆ ਸੀ।
ਕੌਮਾਂਤਰੀ ਪੱਧਰ ਉੱਤੇ ਭਾਵੇਂ ਵਾਤਾਵਰਨ ਬਾਰੇ ਇਹ ਪਹਿਲੀ ਕਾਨਫਰੰਸ ਸੀ ਅਤੇ ਇਸ ਦੇ ਹਰ ਨੁਕਤੇ ਵਿਚ ਵਜ਼ਨ ਵੀ ਸੀ ਪਰ ਜੇਕਰ ਪਿਛਲੇ 50 ਸਾਲਾਂ ਵਿਚ ਉਪਰਲੇ ਸਾਰੇ ਨੁਕਤਿਆਂ ਉੱਤੇ ਦੁਨੀਆਂ ਭਰ ਦੇ ਦੇਸ਼ਾਂ ਨੇ ਸੰਜੀਦਗੀ ਨਾਲ ਅਮਲ ਕੀਤਾ ਜਾਂਦਾ ਤਾਂ ਅੱਜ ਅਸੀਂ ਵਾਤਾਵਰਨ ਵਾਲੀਆਂ ਸਮੱਸਿਆਵਾਂ ਨਾਲ ਜੂਝ ਨਾ ਰਹੇ ਹੁੰਦੇ। ਜੇ ਅਸੀਂ ਪਹਿਲੇ ਨੁਕਤੇ ਤੋਂ ਹੀ ਗੱਲ ਸ਼ੁਰੂ ਕਰੀਏ ਕਿ ਹਰ ਇੱਕ ਮਨੁੱਖ ਨੂੰ ਰਹਿਣ ਲਈ ਸਾਫ਼-ਸੁਥਰਾ ਵਾਤਾਵਰਨ ਚਾਹੀਦਾ ਹੈ ਤਾਂ ਉਸ ਉੱਤੇ ਕਿੰਨਾ ਅਮਲ ਹੋਇਆ ਹੈ, ਉਸ ਬਾਰੇ ਸਾਨੂੰ ਥੋੜ੍ਹਾ ਜਿਹਾ ਜਾਣ ਲੈਣਾ ਚਾਹੀਦਾ ਹੈ ਕਿ ਵਿਸ਼ਵ ਸਿਹਤ ਸੰਸਥਾ ਦੀ 2016 ਵਾਲੀ ਇਕ ਰਿਪੋਰਟ ਅਨੁਸਾਰ, ਦੁਨੀਆਂ ਦੀ 90 ਫ਼ੀਸਦ ਆਬਾਦੀ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਂਦੀ ਹੈ। ਇਸ ਨਾਲ ਦੁਨੀਆਂ ਭਰ ਵਿਚ ਹਰ ਸਾਲ 70 ਲੱਖ ਲੋਕ ਸਮੇਂ ਤੋਂ ਪਹਿਲਾਂ ਵੱਖ ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।
ਹਵਾ ਤੋਂ ਬਾਅਦ ਪਾਣੀ ਮਨੁੱਖੀ ਜ਼ਿੰਦਗੀ ਲਈ ਜ਼ਰੂਰੀ ਕੁਦਰਤੀ ਸਰੋਤ ਹੈ ਪਰ ਸਾਡੇ ਯੋਜਨਾਹੀਣ ਆਰਥਿਕ ਵਿਕਾਸ ਨਾਲ ਤਕਰੀਬਨ 70 ਫ਼ੀਸਦ ਕੁਦਰਤੀ ਜਲ ਸਰੋਤ, ਉਦਯੋਗਾਂ ਅਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਪ੍ਰਦੂਸ਼ਿਤ ਹੋ ਚੁੱਕੇ ਹਨ। ਵਿਸ਼ਵ ਸਿਹਤ ਸੰਸਥਾ ਦੀ 2017 ਦੀ ਰਿਪੋਰਟ ਅਨੁਸਾਰ, ਦੁਨੀਆਂ ਦੇ 2 ਅਰਬ ਲੋਕਾਂ ਨੂੰ ਪੀਣ ਲਈ ਪ੍ਰਦੂਸ਼ਿਤ ਪਾਣੀ ਮਿਲਦਾ ਹੈ ਅਤੇ ਇਸ ਨਾਲ ਹਰ ਸਾਲ 46 ਲੱਖ ਮੌਤਾਂ ਹੋ ਜਾਂਦੀਆਂ ਹਨ। ਭਾਰਤ ਵਿਚ ਹਰ ਸਾਲ 3 ਲੱਖ ਲੋਕ ਪ੍ਰਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਵਾਤਾਵਰਨ ਵਾਲੀ ਪਹਿਲੀ ਕਾਨਫਰੰਸ ਵਿਚ ਪਹਿਲੀ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ ਕਿ ਹਰ ਮਨੁੱਖ ਦੇ ਰਹਿਣ ਲਈ ਸਾਫ਼-ਸੁਥਰਾ ਵਾਤਾਵਰਨ ਜ਼ਰੂਰੀ ਹੈ।
ਕੌਮਾਂਤਰੀ ਕਾਨਫਰੰਸਾਂ ਦੌਰਾਨ ਸਾਰੇ ਦੇਸ਼ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਵਧ ਚੜ੍ਹ ਕੇ ਵਾਅਦੇ ਕਰਦੇ ਅਤੇ ਉਨ੍ਹਾਂ ਉੱਤੇ ਪੁਖਤਾ ਰੂਪ ਵਿਚ ਅਮਲ ਹੋਇਆ ਦਿਖਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਜੇ ਉਹ ਸੱਚਮੁੱਚ ਉਪਰਾਲੇ ਕਰ ਰਹੇ ਹੋਣ ਤਾਂ ਗਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਲਗਾਤਾਰ ਵਾਧਾ ਨਾ ਹੋ ਰਿਹਾ ਹੋਵੇ! ਹਾਂ, ਕਰੋਨਾਵਾਇਰਸ ਤੋਂ ਬਚਾਉ ਲਈ ਹੋਏ ਲੌਕਡਾਊਨ ਸਮੇਂ ਇਨ੍ਹਾਂ ਗੈਸਾਂ ਦੀ ਨਿਕਾਸੀ ਵਿਚ 17 ਫ਼ੀਸਦ ਕਮੀ ਆਈ ਹੈ। ਇਹ ਕੁਦਰਤ ਦੀ ਦੁਨੀਆਂ ਦੇ ਲੀਡਰਾਂ ਅਤੇ ਆਮ ਲੋਕਾਂ ਨੂੰ ਚਿਤਾਵਨੀ ਹੈ। ਇਸ ਲੌਕਡਾਊਨ ਦੌਰਾਨ ਭਾਰਤ ਦੀ ਹਵਾ ਅਤੇ ਦਰਿਆਵਾਂ ਦਾ ਪਾਣੀ ਵੀ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਗੰਗਾ ਤੇ ਜਮਨਾ ਦਾ ਪਾਣੀ ਜਿਸ ਨੂੰ ਸਰਕਾਰੀ ਯੋਜਨਾਵਾਂ ਕਰੋੜਾਂ ਰੁਪਏ ਖਰਚ ਕੇ ਵੀ ਸਾਫ਼ ਨਹੀਂ ਕਰ ਸਕੀਆਂ ਸਨ, ਉਹ ਵੀ ਲੌਕਡਾਊਨ ਸਮੇਂ ਸਾਫ਼ ਹੋਣ ਲੱਗ ਪਿਆ ਕਿਉਂਕਿ ਇਸ ਵਿਚ ਉਦਯੋਗਿਕ ਇਕਾਈਆਂ ਦਾ ਗੰਦਾ ਪਾਣੀ ਪੈਣਾ ਬੰਦ ਹੋ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਉਦਯੋਗਾਂ ਲਈ ਬਣਾਏ ਵਾਤਾਵਰਨ ਸ਼ੁੱਧਤਾ ਕਾਨੂੰਨ ਸਰਕਾਰ ਸਖ਼ਤੀ ਨਾਲ ਲਾਗੂ ਕਰ ਨਹੀਂ ਰਹੀ।
ਵਾਤਾਵਰਨ ਬਾਰੇ 1972 ਵਾਲੀ ਕਾਨਫਰੰਸ ਤੋਂ ਬਾਅਦ ਕੌਮਾਂਤਰੀ ਪੱਧਰ ਉੱਤੇ ਹੋਰ ਵੀ ਕਈ ਕਾਨਫਰੰਸਾਂ ਹੋਈਆਂ ਹਨ ਜਿਨ੍ਹਾਂ ਵਿਚ ਯੋਜਨਾਵਾਂ ਵੀ ਉਲੀਕੀਆਂ ਜਾਂਦੀਆਂ ਰਹੀਆਂ। ਇਨ੍ਹਾਂ ਕਾਨਫਰੰਸਾਂ ਵਿਚ ਲੰਮੀ ਬਹਿਸ ਤੋਂ ਬਾਅਦ ਗਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਕਟੌਤੀ ਕਰਨ ਲਈ ਅਜੇ ਤੱਕ ਕਈ ਵਿਕਸਿਤ ਦੇਸ਼ ਰਾਜ਼ੀ ਨਹੀਂ ਹੋਏ ਹਨ। ਉਂਜ, ਕਰੋਨਾ ਦੀ ਆਫ਼ਤ ਨੇ ਸਿੱਧ ਕਰ ਦਿੱਤਾ ਕਿ ਜੇ ਅਸੀਂ ਵਾਤਾਵਰਨ ਨੂੰ ਬਚਾਉਣ ਅਤੇ ਸਾਫ਼-ਸੁਥਰਾ ਰੱਖਣ ਲਈ ਤੇਜ਼ੀ ਨਾਲ ਕਦਮ ਨਾ ਚੁੱਕੇ ਤਾਂ ਕੁਦਰਤ ਵਾਤਾਵਰਨ ਨੂੰ ਆਪਣੇ ਤਰੀਕੇ ਨਾਲ ਸਾਫ਼ ਵੀ ਕਰ ਲਵੇਗੀ ਅਤੇ ਉਸ ਨੂੰ ਬਚਾ ਵੀ ਲਵੇਗੀ। ਸਾਰੀਆਂ ਕੁਦਰਤੀ ਪ੍ਰਕਿਰਿਆਵਾਂ ਲੌਕਡਾਊਨ ਸਮੇਂ ਵੀ ਚੱਲਦੀਆਂ ਰਹੀਆਂ ਹਨ, ਜੇ ਰੁਕੀ ਹੈ ਤਾਂ ਸਿਰਫ਼ ਮਨੁੱਖੀ ਸਰਗਰਮੀ! ਜੇ ਮਨੁੱਖ ਨੇ ਬਚਣਾ ਹੈ ਤਾਂ ਕੁਦਰਤ ਨਾਲ ਇਕਸੁਰਤਾ ਬਣਾ ਕੇ ਚੱਲਣਾ ਪਵੇਗਾ। ਇਹੀ ਵਾਤਾਵਰਨ ਦਿਵਸ ਮਨਾਉਣ ਦਾ ਸਹੀ ਤਰੀਕਾ ਹੈ।
*ਪ੍ਰੋਫ਼ੈਸਰ, ਜਿਓਗਰਾਫ਼ੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।