ਰਾਜ ਕੁਮਾਰ*/ਜੀਐੱਸ ਰੋਮਾਣਾ**
ਮੁਲਕ ਦੇ ਕੁੱਲ ਭੂਗੋਲਿਕ ਖੇਤਰ ਦੇ ਸਿਰਫ਼ 1.53 ਫ਼ੀਸਦ ਵਾਲੇ ਪੰਜਾਬ ਨੇ 2019-20 ਵਿਚ ਮੁਲਕ ਲਈ 16 ਫ਼ੀਸਦ ਕਣਕ, 11 ਫ਼ੀਸਦ ਚੌਲ, 3.4 ਫ਼ੀਸਦ ਕਪਾਹ ਅਤੇ 7 ਫ਼ੀਸਦ ਦੁੱਧ ਦਾ ਉਤਪਾਦਨ ਕੀਤਾ ਹੈ। ਸੂਬਾ ਦੁਨੀਆ ਦਾ ਲਗਭਗ 2.5 ਫ਼ੀਸਦ ਚੌਲ, 2.3 ਫ਼ੀਸਦ ਕਣਕ ਅਤੇ 0.7 ਫ਼ੀਸਦ ਕਪਾਹ ਪੈਦਾ ਕਰਦਾ ਹੈ। ਪਿਛਲੇ ਦਹਾਕੇ ਦੌਰਾਨ ਇਸ ਨੇ ਕੇਂਦਰੀ ਅੰਨ ਭੰਡਾਰ ਵਿਚ 35-40 ਫ਼ੀਸਦ ਕਣਕ ਅਤੇ 25-30 ਫ਼ੀਸਦ ਚੌਲਾਂ ਦਾ ਯੋਗਦਾਨ ਪਾਇਆ ਹੈ। ਪੰਜਾਬ ਕੋਲ ਪੂਰੇ ਮੁਲਕ ਵਿਚ ਖੇਤੀਬਾੜੀ ਦਾ ਸਭ ਤੋਂ ਵਧੀਆ ਬੁਨਿਆਦੀ ਢਾਂਚਾ ਹੈ। ਸੂਬੇ ਵਿਚ ਪ੍ਰਤੀ ਕਿਸਾਨ ਪਰਿਵਾਰ ਦੀ ਔਸਤ ਮਹੀਨਾਵਾਰ ਆਮਦਨ 26,701 ਰੁਪਏ ਹੈ ਜੋ ਮੁਲਕ ਦੇ ਦੂਜੇ ਸਾਰੇ ਸੂਬਿਆਂ ਨਾਲੋਂ ਵੱਧ ਹੈ। ਇਸ ਦੇ ਬਾਵਜੂਦ ਸੂਬੇ ਵਿਚ ਖੇਤੀ ਨਾਲ ਸਬੰਧਤ ਕਈ ਮੁੱਦੇ ਹਨ ਜਿਵੇਂ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਹੇਠਾਂ ਜਾਣਾ, ਕਿਸਾਨਾਂ ਸਿਰ ਵਧ ਰਹੇ ਕਰਜ਼ੇ, ਗ਼ੈਰ-ਖੇਤੀ ਸੈਕਟਰ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਆਦਿ; ਹੋਰ ਤਾਂ ਹੋਰ, ਮਾਹਿਰਾਂ ਵੱਲੋਂ ਲੰਬੇ ਸਮੇਂ ਤੋਂ ਸੁਝਾਈ ਜਾ ਰਹੀ ਫ਼ਸਲੀ ਵੰਨ-ਸਵੰਨਤਾ ਦੀ ਅਜੇ ਤੱਕ ਸ਼ੁਰੂਆਤ ਵੀ ਨਹੀਂ ਹੋ ਸਕੀ। ਪੰਜਾਬ ਦੇ ਲਗਭਗ 67 ਫ਼ੀਸਦ ਕਿਸਾਨ ਚਾਰ ਹੈਕਟੇਅਰ ਤੋਂ ਘੱਟ ਜ਼ਮੀਨ ’ਤੇ ਖੇਤੀ ਕਰਦੇ ਹਨ, ਹਾਲਾਂਕਿ ਉਨ੍ਹਾਂ ਕੋਲ ਕੁੱਲ ਵਾਹੀਯੋਗ ਜ਼ਮੀਨ ਦਾ ਸਿਰਫ਼ 34.6 ਫ਼ੀਸਦ ਹਿੱਸਾ ਹੀ ਹੈ। ਦੂਜੇ ਪਾਸੇ, 10 ਹੈਕਟੇਅਰ ਤੋਂ ਵੱਧ ਵਾਹੀਯੋਗ ਜ਼ਮੀਨ ਵਾਲੇ ਸਿਰਫ਼ 5.3 ਫ਼ੀਸਦ ਕਿਸਾਨਾਂ ਕੋਲ ਸੂਬੇ ਦੀ ਕੁੱਲ ਵਾਹੀਯੋਗ ਜ਼ਮੀਨ ਦਾ 21.7 ਫ਼ੀਸਦ ਹਿੱਸਾ ਹੈ। ਪੰਜਾਬ ਵਿਚ ਔਸਤ ਜੋਤ ਦਾ ਆਕਾਰ 3.62 ਹੈਕਟੇਅਰ ਹੈ।
ਇਸ ਵੇਲੇ ਸੂਬੇ ਵਿਚ 4.69 ਲੱਖ ਟਰੈਕਟਰ, 14.83 ਲੱਖ ਟਿਊਬਵੈੱਲ, 92 ਹਜ਼ਾਰ ਥਰੈਸ਼ਰ ਅਤੇ 19 ਹਜ਼ਾਰ ਕੰਬਾਈਨ ਹਾਰਵੈਸਟਰ ਹਨ। ਖੇਤੀ ਵਿਚ ਭਾਰੀ ਪੂੰਜੀ ਨਿਵੇਸ਼ ਅਤੇ ਘੱਟ ਪੱਧਰ ਦੀ ਬੱਚਤ ਕਰਜ਼ੇ ਦੀ ਪੰਡ ਵੱਲ ਲਿਜਾ ਰਹੀ ਹੈ। ਛੋਟੇ ਕਿਸਾਨਾਂ ਨੂੰ ਖੇਤਾਂ ਦੀ ਉਤਪਾਦਕ ਸਮਰੱਥਾ ਵਧਾਉਣ ਲਈ ਆਪਣੀ ਘਰੇਲੂ ਬੱਚਤ ਤੋਂ ਜ਼ਮੀਨ, ਸਿੰਜਾਈ ਅਤੇ ਖੇਤੀ ਮਸ਼ੀਨਰੀ ’ਤੇ ਖੇਤੀ ਨਿਵੇਸ਼ ਕਰਨਾ ਕਿਸੇ ਵੀ ਤਰ੍ਹਾਂ ਫ਼ਾਇਦੇਮੰਦ ਨਹੀਂ ਹੈ। ਇਸ ਲਈ ਮਹਿੰਗੀ ਮਸ਼ੀਨਰੀ ਅਤੇ ਸੰਦਾਂ ਦੀ ਖ਼ਰੀਦ ਨਾਲ ਸਬੰਧਤ ਵਿੱਤੀ ਬੋਝ ਘਟਾਉਣ ਲਈ ਸਹਿਕਾਰੀ ਖੇਤੀ ਨੂੰ ਹੁਲਾਰਾ ਦੇਣ ਦੀ ਲੋੜ ਹੈ। ਖੇਤੀ ਸੰਦ ਕਿਰਾਏ ’ਤੇ ਲੈਣਾ ਕਿਸਾਨਾਂ ਲਈ ਲਾਗਤ ਘਟਾਉਣ ਵਾਲਾ ਮਹੱਤਵਪੂਰਨ ਉਪਾਅ ਹੈ। ਸਮੂਹਕ ਤੌਰ ’ਤੇ ਕਿਸਾਨ ਖ਼ੁਦ ਵੀ ਆਪਣੇ ਸਾਧਨ ਇਕੱਠੇ ਕਰ ਕੇ ਸਹਿਕਾਰੀ ਖੇਤੀ ਸ਼ੁਰੂ ਕਰ ਸਕਦੇ ਹਨ। ਇਸ ਲਈ, ਚੰਗੇ ਤਰੀਕੇ ਨਾਲ ਚਲਾਈਆਂ ਜਾਣ ਵਾਲੀਆਂ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਜੀਵਨ ਰੇਖਾ ਸਾਬਤ ਹੋ ਸਕਦੀਆਂ ਹਨ। ਇਸ ਤਰ੍ਹਾਂ ਛੋਟੇ ਕਿਸਾਨਾਂ ਨੂੰ ਆਪਣੀ ਸੌਦੇਬਾਜ਼ੀ ਕਰਨ ਦੀ ਤਾਕਤ ਨੂੰ ਮਜ਼ਬੂਤ ਕਰਨ ਲਈ ਗਰੁੱਪ ਅਤੇ ਐੱਫਪੀਓ ਬਣਾਉਣੇ ਚਾਹੀਦੇ ਹਨ। ਇਕੱਠੇ ਹੋ ਕੇ ਉਹ ਨਾ ਸਿਰਫ਼ ਥੋਕ ਵਿਚ ਘੱਟ ਕੀਮਤਾਂ ’ਤੇ ਚੰਗੀ ਗੁਣਵੱਤਾ ਵਾਲੀਆਂ ਖੇਤੀ ਵਸਤਾਂ ਖ਼ਰੀਦਣ ਦੇ ਯੋਗ ਹੋ ਜਾਣਗੇ ਸਗੋਂ ਉੱਚੀਆਂ ਕੀਮਤਾਂ ’ਤੇ ਆਪਣੀ ਉਪਜ ਵੀ ਵੇਚ ਸਕਣਗੇ। ਇਸ ਤੋਂ ਇਲਾਵਾ ਕਿਸਾਨ ਅਜਿਹੇ ਫ਼ਸਲੀ ਚੱਕਰ ਦੀ ਚੋਣ ਕਰ ਸਕਦੇ ਹਨ ਜਿਸ ਲਈ ਵਧੇਰੇ ਮਜ਼ਦੂਰੀ ਦੀ ਲੋੜ ਵੀ ਹੋਵੇ ਅਤੇ ਕਣਕ-ਝੋਨੇ ਦੇ ਚੱਕਰ ਨਾਲੋਂ ਵੱਧ ਮੁਨਾਫ਼ਾ ਵੀ ਹੁੰਦਾ ਹੋਵੇ, ਜਿਵੇਂ ਬਾਗ਼ਬਾਨੀ। ਇਸ ਨਾਲ ਖੇਤਾਂ ਵਿਚ ਰੁਜ਼ਗਾਰ ਦਾ ਸਮਾਂ ਵੀ ਵਧੇਗਾ। ਕੰਟਰੈਕਟ ਫਾਰਮਿੰਗ ਵੀ ਛੋਟੇ ਕਿਸਾਨਾਂ ਦੀ ਆਮਦਨ ਨੂੰ ਯਕੀਨੀ ਬਣਾਉਣ ਵਿਚ ਵੀ ਮਦਦ ਕਰ ਸਕਦੀ ਹੈ। ਹਾਲਾਂਕਿ, ਦੋਵਾਂ ਧਿਰਾਂ ਦੀ ਸੁਰੱਖਿਆ ਲਈ ਸਖ਼ਤ ਨਿਯਮ ਤੈਅ ਅਤੇ ਲਾਗੂ ਕਰਨ ਲਈ ਸਰਕਾਰੀ ਦਖ਼ਲ ਦੀ ਲੋੜ ਹੈ, ਕਿਉਂਕਿ ਅਤੀਤ ਵਿਚ ਕੰਟਰੈਕਟ ਫਾਰਮਿੰਗ ਦਾ ਤਜਰਬਾ ਕੋਈ ਬਹੁਤਾ ਵਧੀਆ ਨਹੀਂ ਰਿਹਾ।
ਉਪਜ ਦੇ ਭੰਡਾਰਨ ਲਈ ਸੂਬੇ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਵੇਅਰਹਾਊਸ ਰਸੀਦਾਂ ਦੀ ਵਰਤੋਂ ਕਰਦੇ ਹੋਏ ਆਪਣੇ ਸਟੋਰ ਕੀਤੇ ਉਤਪਾਦਾਂ ਉੱਪਰ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਵਾਢੀ ਤੋਂ ਤੁਰੰਤ ਬਾਅਦ ਫ਼ਸਲ ਦੀ ਵਿਕਰੀ ਦੀ ਲੋੜ ਨਹੀਂ ਰਹੇਗੀ ਅਤੇ ਬਾਅਦ ਵਿਚ ਕਦੇ ਵੀ ਵੱਧ ਭਾਅ ’ਤੇ ਵੇਚ ਸਕਣਗੇ। ਲਗਭਗ 36 ਫ਼ੀਸਦ ਕਿਸਾਨ 24 ਤੋਂ 36 ਫ਼ੀਸਦ ਪ੍ਰਤੀ ਸਾਲਾਨਾ ਵਿਆਜ ਦੀ ਉੱਚ ਦਰ ’ਤੇ ਆਪਣੀਆਂ ਘਰੇਲੂ ਅਤੇ ਖੇਤੀਬਾੜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਜ਼ੇ ਦੇ ਗ਼ੈਰ-ਸੰਸਥਾਈ ਅਦਾਰਿਆਂ (ਪ੍ਰਾਈਵੇਟ ਡੀਲਰ, ਕਾਰਪੋਰੇਟ ਏਜੰਟ, ਆੜ੍ਹਤੀਏ ਅਤੇ ਸ਼ਾਹੂਕਾਰਾਂ) ’ਤੇ ਨਿਰਭਰ ਕਰਦੇ ਹਨ। ਸਰਕਾਰ ਨੂੰ ਇਨ੍ਹਾਂ ਅਦਾਰਿਆਂ ਦੀ ਕਾਰਜ ਪ੍ਰਣਾਲੀ ਦੀ ਸਖ਼ਤ ਜਾਂਚ ਕਰਨੀ ਚਾਹੀਦੀ ਹੈ। ਦੂਜਾ, ਕਿਸਾਨ ਭਾਈਚਾਰੇ ਖ਼ਾਸਕਰ ਛੋਟੇ ਕਿਸਾਨਾਂ ਦੀ ਸੰਸਥਾਈ ਵਿੱਤੀ ਅਦਾਰਿਆਂ ਤੱਕ ਪਹੁੰਚ ਵਧਾਉਣ ਵਿਚ ਸਹਾਇਤਾ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ, ਬਹੁਤ ਸਾਰੇ ਕਿਸਾਨ ਪ੍ਰਾਈਵੇਟ ਡੀਲਰਾਂ ਦੀ ਸਲਾਹ ਅਨੁਸਾਰ ਹੀ ਬੀਜ, ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ। ਖੇਤੀਬਾੜੀ ਦੀਆਂ ਸਮੱਸਿਆਵਾਂ ਨੂੰ ਸਿਰਫ਼ ਮਾਹਿਰਾਂ ਨਾਲ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ। ਖੇਤੀ ਵਿਚ ਮਸ਼ੀਨੀਕਰਨ ਹੋਣ ਨਾਲ ਮਨੁੱਖੀ ਕਿਰਤ ਦੀ ਮੰਗ ਘਟ ਰਹੀ ਹੈ। ਵਿਹਲੇ ਹੋ ਰਹੇ ਖੇਤੀ ਮਜ਼ਦੂਰ ਗ਼ੈਰ-ਖੇਤੀ ਖੇਤਰ ਵਿਚ ਅਕਸਰ ਨਵਾਂ ਰੁਜ਼ਗਾਰ ਲੱਭਣ ਵਿਚ ਅਸਮਰੱਥ ਹੁੰਦੇ ਹਨ। ਅੰਕੜਿਆਂ ਅਨੁਸਾਰ, ਇੱਕ ਏਕੜ ਝੋਨਾ-ਕਣਕ ਦੇ ਫ਼ਸਲੀ ਚੱਕਰ ਲਈ ਸਿਰਫ਼ 20-25 ਦਿਨਾਂ ਦੀ ਮਜ਼ਦੂਰੀ ਦੀ ਲੋੜ ਹੁੰਦੀ ਹੈ। ਕੋਈ ਵੀ ਸਹਾਇਕ ਕਿੱਤਾ ਜ਼ਰੂਰ ਅਪਣਾਉਣਾ ਚਾਹੀਦਾ ਹੈ ਜਿਸ ਵਿਚ ਸਾਲ ਭਰ ਕੰਮ ਦੀ ਲੋੜ ਹੋਵੇ ਤਾਂ ਕਿ ਕੰਮ ਦਾ ਸਮਾਂ ਵਧਾਉਣ ਦੇ ਨਾਲ ਨਾਲ ਆਮਦਨ ਵੀ ਵਧਾਈ ਜਾ ਸਕੇ। ਸਹਾਇਕ ਕਿੱਤਿਆਂ ਦੀ ਚੋਣ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਮਦਦ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਹਲੀ ਹੋ ਰਹੀ ਵਾਧੂ ਖੇਤੀ ਕਿਰਤ ਨੂੰ ਵੀ ਗ਼ੈਰ-ਖੇਤੀ ਖੇਤਰ ਪੈਰ ਪਸਾਰਨ ਦੀ ਲੋੜ ਹੈ ਤਾਂ ਜੋ ਜੀਵਨ ਨਿਰਬਾਹ ਦੇ ਪੱਧਰ ਨੂੰ ਕਾਇਮ ਰੱਖਿਆ ਜਾ ਸਕੇ। ਖੇਤੀ ਦੇ ਧੰਦੇ ਦੀ ਵਿਉਂਤਬੰਦੀ ਇਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਕਿ ਪਰਿਵਾਰ ਦੇ ਹਰ ਮੈਂਬਰ ਕੋਲ ਕੰਮ ਹੋਵੇ।
ਕਿਸਾਨਾਂ ਨੂੰ ਉਤਪਾਦਨ ਖ਼ਰਚੇ ਘਟਾਉਣ ਅਤੇ ਆਮਦਨ ਨੂੰ ਯਕੀਨੀ ਬਣਾਉਣ ਲਈ ਸਿਫ਼ਾਰਸ਼ ਕੀਤੀਆਂ ਨਵੀਨਤਮ ਖੇਤੀ ਤਕਨੀਕਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜ਼ਿਆਦਾਤਰ ਕਿਸਾਨਾਂ ਨੂੰ ਖ਼ਰਚਿਆਂ ਅਤੇ ਖੇਤੀ ਤੋਂ ਹੋਣ ਵਾਲੀ ਆਮਦਨ ਦਾ ਲਿਖਤੀ ਹਿਸਾਬ-ਕਿਤਾਬ ਰੱਖਣ ਦੀ ਆਦਤ ਨਹੀਂ ਹੈ। ਇਸ ਲਿਖਤੀ ਹਿਸਾਬ ਨਾਲ ਕੋਈ ਵੀ ਬੇਲੋੜੇ ਖ਼ਰਚਿਆਂ ਦਾ ਜਲਦੀ ਪਤਾ ਲਗਾਇਆ ਜਾ ਸਕਦਾ ਹੈ ਜੋ ਘੱਟ ਕੀਤੇ ਜਾ ਸਕਦੇ ਹਨ। ਕਰਜ਼ੇ ਦੇ ਬੋਝ ਨੂੰ ਘਟਾਉਣ ਲਈ ਗ਼ੈਰ-ਉਤਪਾਦਕ ਖ਼ਰਚੇ ਖ਼ਾਸ ਕਰ ਕੇ ਸਮਾਜਿਕ ਰੁਤਬੇ ਲਈ ਵਿਆਹ-ਸ਼ਾਦੀਆਂ ਅਤੇ ਹੋਰ ਸਮਾਜਿਕ ਰੀਤੀ-ਰਿਵਾਜਾਂ ਉੁੱਪਰ ਕੀਤੇ ਜਾਣ ਵਾਲੇ ਮਹਿੰਗੇ ਖ਼ਰਚੇ ਖ਼ਤਮ ਕੀਤੇ ਜਾਣੇ ਚਾਹੀਦੇ ਹਨ। ਆਪਣੇ ਸਾਧਨਾਂ ਦੇ ਅੰਦਰ ਰਹਿ ਕੇ ਹੀ ਖਪਤ ਕਰਨੀ ਚਾਹੀਦੀ ਹੈ।
ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ, ਕੁਸ਼ਲ ਖੇਤੀ ਯੋਜਨਾਬੰਦੀ ਅਤੇ ਮੰਗ ਆਧਾਰਿਤ ਉਤਪਾਦਨ ਹੀ ਕਿਸਾਨਾਂ ਨੂੰ ਫ਼ਸਲਾਂ ਦੇ ਉਤਪਾਦਨ ਦੀਆਂ ਲਾਗਤਾਂ ਨੂੰ ਘਟਾਉਣ ਅਤੇ ਉਨ੍ਹਾਂ ਦੀ ਉਪਜ ਦੀ ਮੰਗ ਵਧਾਉਣ ਵਿਚ ਮਦਦ ਕਰ ਸਕਦਾ ਹੈ। ਖੇਤੀ ਦਾ ਮੁਹਾਣ ਬਦਲਣਾ ਅੱਜ ਦੇ ਸਮੇਂ ਦੀ ਲੋੜ ਹੈ। ਇਸ ਲਈ ਕੌਮੀ ਪੱਧਰ ’ਤੇ ਵਿਸ਼ਾਲ ਨੀਤੀ ਦੀ ਲੋੜ ਹੈ।
*ਪ੍ਰਿੰਸੀਪਲ ਐਕਸਟੈਨਸ਼ਨ ਸਾਇੰਟਿਸਟ,
ਪੀਏਯੂ ਲੁਧਿਆਣਾ; ਸੰਪਰਕ: 81460-96600
**ਪ੍ਰਿੰਸੀਪਲ ਐਗਰੀਕਲਚਰਲ ਇਕਨੌਮਿਸਟ, ਪੀਏਯੂੂ ਲੁਧਿਆਣਾ; ਸੰਪਰਕ: 79736-34974