ਆਮਿਰ ਮਲਿਕ
ਅੰਗਰੇਜ਼ ਸਲਤਨਤ ਵਿਰੁੱਧ ਲੜਨ ਵਾਲੇ ਭਗਤ ਸਿੰਘ ਝੁੱਗੀਆਂ ਨੇ ਹਮੇਸ਼ਾ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ 8 ਮਾਰਚ 2022 ਨੂੰ 95 ਸਾਲ ਦੀ ਉਮਰ ਵਿਚ ਆਪਣੇ ਜੱਦੀ ਪਿੰਡ ਝੁੱਗੀਆਂ (ਹੁਸਿ਼ਆਰਪੁਰ) ਵਿਚ ਆਖਰੀ ਸਾਹ ਲਿਆ। ਛੋਟੇ ਜਿਹੇ ਪਿੰਡ ਝੁੱਗੀਆਂ ਵਿਚ 200 ਦੇ ਕਰੀਬ ਲੋਕ ਇਕੱਠੇ ਹੋਏ ਸਨ। ਉਹ ਅਸਮਾਨ ਵੱਲ ਬਾਹਾਂ ਕੱਢ ਕੇ ਨਾਅਰੇ ਲਾ ਰਹੇ ਸਨ: ‘ਭਗਤ ਸਿੰਘ ਝੁੱਗੀਆਂ ਅਮਰ ਰਹੇ’। ਉਹ ਇੱਕ ਹੋਰ ਨਾਅਰਾ ਵੀ ਲਾ ਰਹੇ ਸਨ: ‘ਬਰਤਾਨਵੀ ਸਾਮਰਾਜ ਮੁਰਦਾਬਾਦ’। ਬਰਤਾਨਵੀ ਸਾਮਰਾਜ ਦੇ ਭਾਰਤ ਛੱਡਣ ਤੋਂ 75 ਸਾਲ ਬਾਅਦ ਉਸ ਵਿਰੁੱਧ ਇਹ ਨਾਅਰਾ ਆਮ ਨਾਲੋਂ ਥੋੜ੍ਹਾ ਵੱਖਰਾ ਜਾਪਿਆ।
ਭਗਤ ਸਿੰਘ ਝੁੱਗੀਆਂ ਉਨ੍ਹਾਂ ਪਰਵਾਨਿਆਂ ਵਿਚੋਂ ਸਨ ਜਿਨ੍ਹਾਂ ਨੇ 1947 ਤੋਂ ਬਾਅਦ ਵੀ ਭਾਰਤ ਦੀ ਆਜ਼ਾਦੀ ਦੀ ਤਹਿਰੀਕ ਵਿਚ ਸ਼ਾਮਲ ਹੋ ਕੇ ਜ਼ੁਲਮ ਅਤੇ ਵਧੀਕੀਆਂ ਵਿਰੁੱਧ ਲੜਾਈ ਲੜੀ। 13 ਮਾਰਚ ਨੂੰ ਪਿੰਡ ਵਿਚ ਉਨ੍ਹਾਂ ਦੇ ਸਸਕਾਰ ਮੌਕੇ ਸੂਰਜ ਵੀ ਜਲਦੀ ਛੁਪ ਗਿਆ ਸੀ ਪਰ ਉਸ ਦੇ ਸਾਥੀਆਂ ਦੇ ਨਾਅਰਿਆਂ ਦੀ ਗੂੰਜ ਨਾਲ ‘ਦੀਪਕ ਰਾਗ’ ਅਸਮਾਨ ਵਿਚ ਗੂੰਜਣ ਲੱਗਾ। ਬਰਤਾਨਵੀ ਆਪਣੇ ਬਾਰੇ ਇਹ ਕਹਿੰਦੇ ਨਹੀਂ ਸੀ ਥੱਕਦੇ ਕਿ ਉਨ੍ਹਾਂ ਦਾ ਸਾਮਰਾਜ ਇੰਨਾ ਵਿਸ਼ਾਲ ਹੈ ਕਿ ਇਸ ਉੱਤੇ ਸੂਰਜ ਕਦੇ ਵੀ ਨਹੀਂ ਡੁੱਬਦਾ। ਭਗਤ ਸਿੰਘ ਝੁੱਗੀਆਂ ਅਤੇ ਉਨ੍ਹਾਂ ਵਰਗੇ ਅਨੇਕਾਂ ਕ੍ਰਾਂਤੀਕਾਰੀ ਦ੍ਰਿੜ ਸਨ ਕਿ ਉਹ ਸਾਮਰਾਜ ਨੂੰ ਉਖਾੜ ਸੁੱਟਣਗੇ। ਆਖਿ਼ਰ 1947 ਵਿਚ ਬਰਤਾਨਵੀ ਸਾਮਰਾਜ ਦਾ ਸੂਰਜ ਉਨ੍ਹਾਂ ਦੇ ਘਰ ਤੱਕ ਸੀਮਤ ਹੋ ਗਿਆ।
ਸੁਤੰਤਰਤਾ ਸੰਗਰਾਮ ਦੌਰਾਨ ਨੌਜਵਾਨ ਭਗਤ ਸਿੰਘ ਝੁੱਗੀਆਂ ਰੂਹਪੋਸ਼ ਕ੍ਰਾਂਤੀਕਾਰੀਆਂ ਲਈ ਸੰਦੇਸ਼ਵਾਹਕ ਹੁੰਦਾ ਸੀ ਅਤੇ ਉਨ੍ਹਾਂ ਨੂੰ ਪ੍ਰਿੰਟਿੰਗ ਪ੍ਰੈੱਸ ਮਸ਼ੀਨਾਂ, ਭੋਜਨ ਆਦਿ ਪਹੁੰਚਾਉਂਦਾ ਸੀ। ਉੱਘੇ ਪੱਤਰਕਾਰ ਪੀ ਸਾਈਨਾਥ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਸੀ, “ਜਿੰਨਾ ਪੁਲੀਸ ਤੋਂ ਮੈਂ ਡਰਦਾ ਸੀ, ਪੁਲੀਸ ਮੇਰੇ ਕੋਲੋਂ ਉਸ ਤੋਂ ਜਿ਼ਆਦਾ ਡਰਦੀ ਸੀ।” 1947 ਵਿਚ ਉਨ੍ਹਾਂ ‘ਆਜ਼ਾਦੀ ਸਮਿਤੀ’ ਬਣਾਈ।
ਬਰਤਾਨਵੀ ਸਾਮਰਾਜ ਆਪਣੇ ਘਰ ਜ਼ਰੂਰ ਵਾਪਸ ਪਰਤਿਆ ਪਰ ਉਨ੍ਹਾਂ ਨੇ ਆਪਣੇ ਪਿੱਛੇ ਭਾਰਤ ਨੂੰ ਵੰਡ ਦੀ ਅੱਗ ਵਿਚ ਸੁੱਟ ਦਿੱਤਾ। ਟਰੇਨਾਂ ਖੂਨ ਨਾਲ ਲੱਥਪੱਥ ਪਟੜੀਆਂ ’ਤੇ ਚੱਲ ਰਹੀਆਂ ਸਨ। ਲੋਕ ਸਰਹੱਦ ਪਾਰੋਂ ਸੁਰੱਖਿਆ ਦੀ ਤਲਾਸ਼ ਕਰ ਰਹੇ ਸਨ। ਭਗਤ ਸਿੰਘ ਝੁੱਗੀਆਂ ਅਤੇ ਭਾਰਤ ਵਿਚ ਉਨ੍ਹਾਂ ਵਰਗੇ ਬਹੁਤ ਸਾਰੇ ਲੋਕ ਉਹ ਸਮੂਹ ਸਨ ਜੋ ਮੁਸਲਮਾਨਾਂ ਨੂੰ ਹਮਲਾਵਰਾਂ ਤੋਂ ਬਚਾਉਂਦੇ ਅਤੇ ਪਨਾਹ ਦਿੰਦੇ ਸਨ।
ਉਨ੍ਹਾਂ ਦੀ ਲੜਾਈ ਬਰਤਾਨਵੀ ਸਲਤਨਤ ਦੇ ਪਤਨ ਨਾਲ ਖਤਮ ਨਹੀਂ ਹੋਈ ਸਗੋਂ ਹੋਰ ਵਧਦੀ ਅਤੇ ਤੇਜ਼ ਹੁੰਦੀ ਗਈ। ਉਨ੍ਹਾਂ ਨੇ ਇਤਿਹਾਸ ਦੀ ਵਿਚਾਰਧਾਰਾ ਨੂੰ ਹਮੇਸ਼ਾ ਬੁਲੰਦੀਆਂ ’ਤੇ ਪਹੁੰਚਾਇਆ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਵੇਂ ਜਿਵੇਂ ਉਨ੍ਹਾਂ ਦੀ ਉਮਰ ਵਧਦੀ ਗਈ, ਉਨ੍ਹਾਂ ਦਾ ਸੰਘਰਸ਼ ਅਤੇ ਲੜਨ ਪ੍ਰਤੀ ਜਜ਼ਬਾ ਵਧਦਾ ਗਿਆ।
1948 ਉਨ੍ਹਾਂ ਵੱਡੇ ਜਿ਼ਮੀਦਾਰਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਵਿਚ ਬੰਦ ਰੱਖਿਆ। ਚਾਰ ਸਾਲ ਬਾਅਦ ਉਸ ਅੰਦੋਲਨ ਕਾਰਨ ਕਈ ਬੇਜ਼ਮੀਨੇ ਕਿਸਾਨਾਂ ਨੂੰ ਜ਼ਮੀਨ ਮਿਲੀ। ਉਸ ਤੋਂ ਇੱਕ ਸਾਲ ਬਾਅਦ 1953 ਵਿਚ ਉਹ ਆਪਣੇ ਤਿੰਨ ਸਾਥੀਆਂ- ਬੱਧਵਾ ਰਾਮ, ਰਜਿੰਦਰ ਸਿੰਘ ਤੇ ਗੁਰਚਰਨ ਸਿੰਘ ਰੰਧਾਵਾ, ਨਾਲ ਰੂਹਪੋਸ਼ ਹੋ ਗਏ।
1953 ਵਿਚ ਪੰਜਾਬ ਸਰਕਾਰ ਨੇ ਪਾਣੀ ’ਤੇ ਭਾਰੀ ਟੈਕਸ ਲਗਾ ਦਿੱਤਾ। ਭਗਤ ਸਿੰਘ ਝੁੱਗੀਆਂ ਨੇ ਇੱਕ ਵਾਰ ਫਿਰ ਸੰਘਰਸ਼ ਦਾ ਰਾਹ ਚੁਣਿਆ। ਉਦੋਂ ਵੀ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਵਿਚ ਬਿਤਾਉਣੇ ਪਏ। ਉਹ 1972 ਵਿਚ ਮੋਗਾ ਵਿਚ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਵਿਰੁੱਧ ਡਟ ਕੇ ਖੜ੍ਹੇ ਸਨ। ਸਰਕਾਰ ਨੇ ਉਨ੍ਹਾਂ ਨੂੰ ਮੁੜ 45 ਦਿਨਾਂ ਲਈ ਹੁਸਿ਼ਆਰਪੁਰ ਜੇਲ੍ਹ ਵਿਚ ਡੱਕ ਦਿੱਤਾ। ਵਾਪਸ ਪਰਤੇ ਤਾਂ ਅਗਲੇ ਹੀ ਸਾਲ 1973 ਵਿਚ ਮਹਿੰਗਾਈ ਵਿਰੁੱਧ ਸੰਘਰਸ਼ ਵਿਚ ਸ਼ਾਮਲ ਹੋ ਗਏ। ਇਸ ਵਾਰ ਉਨ੍ਹਾਂ ਨੂੰ ਚੰਡੀਗੜ੍ਹ ਤੋਂ 35 ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਤਿੰਨ ਮਹੀਨੇ ਪਟਿਆਲਾ ਜੇਲ੍ਹ ਵਿਚ ਰੱਖਿਆ। ਅਗਲੇ ਸਾਲ (1974) ਕਿਸਾਨ ਸਭਾ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਫਿਰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ।
1975 ਵਿਚ ਉਹ ਐਮਰਜੈਂਸੀ ਵਿਰੁੱਧ ਸਟੇਜ ਤੋਂ ਬੋਲ ਰਹੇ ਸਨ। ਉਨ੍ਹਾਂ ਨੂੰ ਸਟੇਜ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਫਿਰ 14 ਦਿਨ ਹੁਸਿ਼ਆਰਪੁਰ ਜੇਲ੍ਹ ਵਿਚ ਕੱਟਣੇ ਪਏ। ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਨੇ ਐਮਰਜੈਂਸੀ ਵਿਰੁੱਧ ਉਸੇ ਤਰ੍ਹਾਂ ਜੂਝਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਐਮਰਜੈਂਸੀ ਵਿਰੋਧੀ ਸਾਹਿਤ ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਉਂ ਇੱਕ ਵਾਰ ਫਿਰ ਰੂਹਪੋਸ਼ ਕਾਮਰੇਡਾਂ ਲਈ ਕੋਰੀਅਰ ਦੀ ਭੂਮਿਕਾ ਨਿਭਾਈ।
ੳਸਲ ਵਿਚ, ਉਹ ਹਰ ਦੌਰ ਵਿਚ ਜੂਝਦੇ ਰਹੇ। 1980 ਵਿਚ ਉਨ੍ਹਾਂ ਫੈਕਟਰੀ ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਲਿਆਉਣ ਵਿਚ ਮਦਦ ਕੀਤੀ ਜਿਨ੍ਹਾਂ ਨੂੰ ਉਥੇ ਮਾਲਕਾਂ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਇਹ ਅੰਦੋਲਨ ਕਰੀਬ 93 ਦਿਨ ਚੱਲਿਆ। ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਉਨ੍ਹਾਂ ਮਜ਼ਦੂਰਾਂ ਲਈ ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦਾ ਵੀ ਪ੍ਰਬੰਧ ਕੀਤਾ।
1980 ਵਿਚ ਪੰਜਾਬ ਸਰਕਾਰ ਨੇ ਬੱਸ ਕਿਰਾਏ ਵਿਚ 43 ਫੀਸਦੀ ਵਾਧਾ ਕੀਤਾ ਸੀ ਤਾਂ ਇਸ ਦਾ ਵਿਰੋਧ ਕੀਤਾ। ਸਰਕਾਰ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰਕੇ ਥਾਂ ਥਾਂ ਛਾਪੇ ਮਾਰੇ ਪਰ ਇਸ ਵਾਰ ਉਹ ਹੱਥ ਆਉਣ ਵਾਲੇ ਨਹੀਂ ਸਨ। ਉਹ 1990 ਦੇ ਦਹਾਕੇ ਵਿਚ ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਰਹੇ। ਉਹ ਉਨ੍ਹਾਂ ਨੂੰ ਮਾਰਨ ਲਈ ਵੀ ਆਏ ਸਨ। ਦਰਅਸਲ, ਇੱਕ ਖਾਲਿਸਤਾਨੀ ਜਿਸ ਦੇ ਭਰਾ ਨੂੰ ਉਨ੍ਹਾਂ ਨੌਕਰੀ ਦਿਵਾਉਣ ਵਿਚ ਮਦਦ ਕੀਤੀ ਸੀ, ਨੇ ਆਪਣੇ ਸਾਥੀਆਂ ਨੂੰ ਸਾਫ਼ ਕਿਹਾ ਸੀ, “ਜੇ ਸਾਡਾ ਨਿਸ਼ਾਨਾ ਭਗਤ ਸਿੰਘ ਝੁੱਗੀਆਂ ਹਨ ਤਾਂ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।”
ਭਗਤ ਸਿੰਘ ਝੁੱਗੀਆਂ ਆਪਣੀ ਡਾਇਰੀ ਵਿਚ ਖਰਚਿਆ ਹੋਇਆ ਇੱਕ ਇੱਕ ਪੈਸਾ ਲਿਖਦੇ ਸਨ। ਉਨ੍ਹਾਂ ਦੇ ਪੁਰਾਣੇ ਖਾਤਿਆਂ ਵਿਚੋਂ 1980 ਦੇ ਦਹਾਕੇ ਦੀਆਂ ਦੋ ਕਹਾਣੀਆ ਮਿਲੀਆਂ। ਇੱਕ ਵਿਚ ਜਿੱਥੇ ਇੱਕ ਔਰਤ ਨੂੰ ਉਸ ਦੇ ਸਹੁਰਿਆਂ ਵੱਲੋਂ ਤੰਗ ਕੀਤਾ ਜਾਂਦਾ ਸੀ, ਉੱਥੇ ਦੂਜੇ ਵਿਚ ਕੁਝ ਜਿ਼ਮੀਦਾਰਾਂ ਨੇ ਗਰੀਬਾਂ ਤੋਂ ਜ਼ਮੀਨਾਂ ਹੜੱਪਣ ਲਈ ਹੱਥ ਮਿਲਾ ਲਿਆ। ਉਨ੍ਹਾਂ ਦਾ ਪੁੱਤਰ ਪਰਮਜੀਤ ਸਿੰਘ ਦੱਸਦਾ ਹੈ, “ਉਹ ਦੇਸ਼ ਦੇ ਹਾਲਾਤ ਤੋਂ ਬਹੁਤਾ ਖੁਸ਼ ਨਹੀਂ ਸਨ।” ਉਨ੍ਹਾਂ ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਆਪਣੇ ਘਰ ਦੀ ਛੱਤ ’ਤੇ ਕਾਲੀਆਂ ਝੰਡੀਆਂ ਲਾ ਕੇ ਕੀਤਾ। ਉਹ ਬਿਮਾਰੀ ਕਾਰਨ ਦਿੱਲੀ ਦੀਆਂ ਬਰੂਹਾਂ ’ਤੇ ਹੋ ਰਹੇ ਮੁਜ਼ਾਹਰੇ ਵਿਚ ਤਾਂ ਸ਼ਾਮਲ ਨਹੀਂ ਹੋ ਸਕੇ ਪਰ ਉਹ ਇਸ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਲਈ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰਦੇ ਰਹੇ।
ਅੰਤਿਮ ਵਿਦਾਇਗੀ ਵੇਲੇ ਉਨ੍ਹਾਂ ਦੀ ਦੇਹ ਨੂੰ ਚਿਤਾ ’ਤੇ ਰੱਖਿਆ ਗਿਆ ਤਾਂ ਨਾਅਰਾ ਬੁਲੰਦ ਹੋਇਆ: ‘ਬਰਤਾਨੀਆ ਮੁਰਦਾਬਾਦ, ਹਿੰਦੋਸਤਾਨ ਜਿ਼ੰਦਾਬਾਦ’। ਇਹ ਉਹੀ ਨਾਅਰਾ ਸੀ ਜੋ ਭਗਤ ਸਿੰਘ ਝੁੱਗੀਆਂ ਨੇ 11 ਸਾਲ ਦੀ ਉਮਰ ਵਿਚ ਸਕੂਲ ਵਿਚ ਨਾਟਕ ਦੌਰਾਨ ਲਾਇਆ ਸੀ। ਉਦੋਂ ਉਸ ਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਆ। ਜਿਸ ਚਿੱਠੀ ਵਿਚ ਲਿਖਿਆ ਸੀ ਕਿ ਉਸ ਨੂੰ ਸਕੂਲ ਵਿਚੋਂ ਕੱਢਿਆ ਜਾ ਰਿਹਾ ਹੈ, ਉਸ ਵਿਚ ਇਹ ਵੀ ਲਿਖਿਆ ਗਿਆ ਕਿ ਭਗਤ ਸਿੰਘ ਝੁੱਗੀਆਂ ‘ਖਤਰਨਾਕ’ ਅਤੇ ‘ਇਨਕਲਾਬੀ’ ਹੈ। ਇਹ ‘ਖਤਰਨਾਕ’ ਇਨਕਲਾਬੀ ਹੁਣ ਸਦਾ ਸਦਾ ਲਈ ਤੁਰ ਗਿਆ ਹੈ।
ਅਨੁਵਾਦ: ਕਮਲੇਸ਼
ਸੰਪਰਕ: 99106-17390