ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵਾਲੀ ਮੌਸਮ ਕਾਨਫਰੰਸ ਸਫਲਤਾਪੂਰਕ ਸਮਾਪਤ ਹੋ ਗਈ। ਇਸ ਵਿਚ 40 ਮੁਲਕਾਂ ਦੇ ਨੇਤਾਵਾਂ ਨੇ ਭਾਗ ਲਿਆ। ਸ਼ੁਰੂਆਤੀ ਭਾਸ਼ਣ ਵਿਚ ਜੋਅ ਬਾਇਡਨ ਨੇ ਕਿਹਾ ਕਿ ਧਰਤੀ ਦਾ ਔਸਤ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਉੱਤੇ ਕਾਬੂ ਪਾਉਣ ਲਈ ਹੁਣ ਸਾਡੇ ਕੋਲ ਬਹੁਤ ਘੱਟ ਸਮਾਂ ਬਚਿਆ ਹੈ। ਇਸ ਲਈ ਸਾਨੂੰ ਦੇਰੀ ਕੀਤੇ ਬਿਨਾਂ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਇਸ ਸਮੱਸਿਆ ਨਾਲ ਜੂਝਣ ਲਈ ਪਹਿਲ ਕਰਦਿਆਂ ਅਮਰੀਕਾ ਦੇ ਪੈਰਿਸ ਮੌਸਮੀ ਸਮਝੌਤੇ ਵਿਚਲੇ ਕਾਰਬਨ ਨਿਕਾਸੀ ਦੀ ਕਟੌਤੀ ਦੇ ਟੀਚਿਆਂ (26-28 ਫ਼ੀਸਦ) ਨੂੰ ਵਧਾ ਕੇ ਲਗਭਗ ਦੁੱਗਣਾ ਕਰਨ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਹੁਣ 2030 ਤੱਕ 2005 ਵਿਚ ਹੋਈ ਕਾਰਬਨ ਨਿਕਾਸੀ ਦੀ ਮਾਤਰਾ ਤੋਂ 50 ਤੋਂ 52 ਫ਼ੀਸਦ ਤੱਕ ਕਾਰਬਨ ਨਿਕਾਸੀ ਵਿਚ ਕਟੌਤੀ ਕਰੇਗਾ।
ਇਸ ਤੋਂ ਇਲਾਵਾ ਬਾਇਡਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਬਿਜਲੀ ਖੇਤਰ ਵਿਚੋਂ 2035 ਅਤੇ ਪੂਰੇ ਆਰਥਿਕ ਖੇਤਰ ਵਿਚੋਂ 2050 ਤੱਕ ਕਾਰਬਨ ਨਿਕਾਸੀ ਨੂੰ ਜ਼ੀਰੋ ਕਰਨ ਦੀ ਵਿਉਂਤਬੰਦੀ ਕਰ ਲਈ ਹੈ। ਅਮਰੀਕਾ ਵਿਚ ਬੁਨਿਆਦੀ ਢਾਂਚੇ ਨੂੰ ਬਦਲਣ ਲਈ 2 ਟ੍ਰਿਲੀਅਨ ਅਮਰੀਕੀ ਡਾਲਰ ਤੈਅ ਕੀਤੇ ਗਏ ਹਨ ਜਿਸ ਵਿਚੋਂ 174 ਬਿਲੀਅਨ ਡਾਲਰ ਬਿਜਲੀ ਨਾਲ ਚਲਣ ਵਾਲੀਆਂ ਕਾਰਾਂ ਦੇ ਬੁਨਿਆਦੀ ਢਾਂਚੇ ਉੱਤੇ ਖ਼ਰਚੇ ਜਾਣਗੇ।
ਯੂਰੋਪੀਅਨ ਮੁਲਕਾਂ ਨੇ 2030 ਤੱਕ 1990 ਵਿਚ ਨਿਕਾਸ ਕੀਤੀ ਕਾਰਬਨ ਦੀ ਫ਼ੀਸਦ ਮਾਤਰਾ ਤੋਂ 55 ਫ਼ੀਸਦ ਘਟਾਉਣ ਦੀ ਯੋਜਨਾ ਬਣਾਈ ਹੈ। ਇਹ ਮੁਲਕ 1990 ਵਿਚ ਨਿਕਾਸ ਕੀਤੀ ਕਾਰਬਨ ਦੀ ਫ਼ੀਸਦ ਮਾਤਰਾ ਤੋਂ 1990 ਤੋਂ 2019 ਤੱਕ ਦੇ ਅਰਸੇ ਵਿਚ 24 ਫ਼ੀਸਦ ਮਾਤਰਾ ਘਟਾ ਚੁੱਕੇ ਹਨ। ਗ੍ਰੇਟ ਬ੍ਰਿਟੇਨ ਨੇ ਇਸ ਮਸਲੇ ਨੂੰ ਬਾਕੀ ਮੁਲਕਾਂ ਤੋਂ ਜ਼ਿਆਦਾ ਗੰਭੀਰਤਾ ਨਾਲ ਲੈਂਦਿਆਂ ਕਾਰਬਨ ਨਿਕਾਸੀ ਨੂੰ 1990 ਦੇ ਪੱਧਰ ਤੋਂ 2030 ਤੱਕ 68 ਫ਼ੀਸਦ ਅਤੇ 2035 ਤੱਕ 78 ਫ਼ੀਸਦ ਘਟਾਉਣ ਦਾ ਅਹਿਦ ਲਿਆ ਹੈ। ਕੈਨੇਡਾ ਨੇ ਵੀ ਪੈਰਿਸ ਮੌਸਮੀ ਸਮਝੌਤੇ ਦੇ ਟੀਚਿਆਂ ਵਿਚ ਵਾਧਾ ਕਰਦਿਆਂ 2005 ਨੂੰ ਆਧਾਰ ਮੰਨਦਿਆਂ ਕਾਰਬਨ ਨਿਕਾਸੀ ਦੀ ਕਟੌਤੀ ਦੀ ਫ਼ੀਸਦ ਮਾਤਰਾ 35 ਫ਼ੀਸਦ ਤੋਂ ਵਧਾ ਕੇ 40-45 ਫ਼ੀਸਦ ਕਰਨ ਦੀ ਹਾਮੀ ਭਰੀ ਹੈ।
ਜਾਪਾਨ ਦਰਜੇ ਮੁਤਾਬਕ ਕਾਰਬਨ ਨਿਕਾਸੀ ਕਰਨ ਵਾਲਾ ਦੁਨੀਆ ਦਾ ਪੰਜਵਾਂ ਮੁਲਕ ਹੈ। ਇਸ ਨੇ ਕਾਰਬਨ ਨਿਕਾਸੀ ਦੀ ਕਟੌਤੀ ਦਾ ਟੀਚਾ ਪੈਰਿਸ ਮੌਸਮੀ ਸਮਝੌਤੇ ਸਮੇਂ 2013 ਵਿਚ ਨਿਕਾਸੀਆਂ ਗਈਆਂ ਗੈਸਾਂ ਤੋਂ 2030 ਤੱਕ ਸਿਰਫ਼ 26 ਫ਼ੀਸਦ ਘਟ ਕਰਨ ਦੀ ਵਿਉਂਤ ਬਣਾਈ ਸੀ ਜਿਸ ਉੱਤੇ ਕਾਫ਼ੀ ਜ਼ਿਆਦਾ ਕਿੰਤੂ-ਪਰੰਤੂ ਸੀ। ਇਕ ਤਾਂ ਆਧਾਰ ਸਾਲ 2013 ਹੈ ਜਿਹੜਾ ਯੂਰੋਪੀਅਨ ਮੁਲਕਾਂ ਦਾ 1990 ਹੈ। ਦੂਜਾ ਇਹ ਇਸ ਦੀ ਫ਼ੀਸਦ ਮਾਤਰਾ ਸਿਰਫ਼ 26 ਸੀ। ਹਾਲੀਆ ਕਾਨਫਰੰਸ ਵਿਚ ਜਾਪਾਨ ਨੇ ਆਪਣਾ ਆਧਾਰ ਸਾਲ ਭਾਵੇਂ 2013 ਹੀ ਰੱਖਿਆ ਹੈ ਪਰ ਗੈਸਾਂ ਦੀ ਕਟੌਤੀ ਦੀ ਫ਼ੀਸਦ ਮਾਤਰਾ ਵਧਾ ਕੇ 46 ਫ਼ੀਸਦ ਕਰਨ ਦਾ ਦਾਅਵਾ ਕੀਤਾ ਹੈ। ਨਾਲ ਹੀ 2050 ਤੱਕ ਕਾਰਬਨ ਨਿਕਾਸੀ ਜ਼ੀਰੋ ਕਰਨ ਦਾ ਅਹਿਦ ਲਿਆ ਹੈ। ਬਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੌਨਾਰੋ ਜੋ ਕਾਨਫਰੰਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਜੰਗਲ ਕੱਟਣ ਅਤੇ ਅੱਗ ਤੋਂ ਬਚਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਤੋਂ 1 ਬਿਲੀਅਨ ਡਾਲਰ ਦੀ ਮੰਗ ਰੱਖਣ ਅਤੇ ਪੈਰਿਸ ਮੌਸਮੀ ਸਮਝੌਤੇ ਤੋਂ ਬਾਹਰ ਨਿਕਲਣ ਦੀ ਧਮਕੀ ਦੇ ਰਿਹਾ ਸੀ, ਨੇ ਵੀ ਛੋਟੇ ਜਿਹੇ ਉਪਰਾਲੇ ਦੀ ਹਾਮੀ ਭਰੀ ਹੈ।
ਇਨ੍ਹਾਂ ਮੁਲਕਾਂ ਤੋਂ ਬਿਨਾਂ ਚੀਨ, ਭਾਰਤ, ਰੂਸ ਅਤੇ ਅਸਟਰੇਲੀਆ ਵਰਗੇ ਮੁਲਕ ਭਾਵੇਂ ਵਰਚੂਅਲ ਇੱਕਠ ਵਿਚ ਸ਼ਾਮਲ ਹੋਏ ਪਰ ਉਨ੍ਹਾਂ ਨੇ ਸਮੇਂ ਦੀ ਨਾਜ਼ੁਕ ਹਾਲਤ ਨੂੰ ਜਾਣਦੇ ਅਤੇ ਸਮਝਦੇ ਹੋਏ ਵੀ ਕਾਰਬਨ ਦੀ ਨਿਕਾਸੀ ਵਿਚ ਵੱਧ ਕਟੌਤੀ ਵਾਲਾ ਅਤੇ ਠੋਸ ਅਹਿਦ ਨਹੀਂ ਲਿਆ। ਚੀਨ ਜੋ 2006 ਤੋਂ ਵਾਤਾਵਰਨ ਵਿਚ ਦੁਨੀਆ ਦੇ ਸਭ ਮੁਲਕਾਂ ਨਾਲੋਂ ਵੱਧ ਨਿਕਾਸੀ, ਕੁੱਲ ਕਾਰਬਨ ਨਿਕਾਸੀ ਦਾ 28 ਫ਼ੀਸਦ ਕਰ ਰਿਹਾ ਹੈ, ਨੇ ਆਪਣੇ ਪੈਰਿਸ ਮੌਸਮੀ ਸਮਝੌਤੇ ਵਾਲਾ ਟੀਚਾ ਦੁਹਰਾਇਆ ਕਿ ਉਹ 2030 ਤੋਂ ਬਾਅਦ ਆਰਥਿਕ ਵਿਕਾਸ ਦਾ ਟੀਚਾ ਪੂਰਾ ਕਰਨ ਪਿੱਛੋਂ ਹੀ ਕਾਰਬਨ ਨਿਕਾਸੀ ਵਿਚ ਕਟੌਤੀ ਸ਼ੁਰੂ ਕਰੇਗਾ ਅਤੇ ਕੋਲੇ ਦੀ ਵਰਤੋਂ ਅਗਲੀ ਪੰਜ ਸਾਲਾ ਯੋਜਨਾ 2026-2030 ਤੱਕ ਦੇ ਅਰਸੇ ਵਿਚ ਸੀਮਤ ਕਰ ਦੇਵੇਗਾ।
ਚੀਨ ਤੋਂ ਬਾਅਦ ਕੋਲੇ ਨਾਲ ਊਰਜਾ ਪੈਦਾ ਕਰਨ ਵਾਲਾ ਦੂਜਾ ਮੁਲਕ ਭਾਰਤ ਹੈ ਜਿਸ ਨੇ ਵੀ ਪੈਰਿਸ ਕਾਰਬਨ ਨਿਕਾਸੀ ਦੇ ਟੀਚਿਆਂ ਵਿਚ ਕੋਈ ਵਾਧਾ ਨਾ ਕਰਦਿਆਂ ਉਨ੍ਹਾਂ ਟੀਚਿਆਂ ਨੂੰ ਹੀ 2030 ਤੱਕ ਪੂਰਾ ਕਰਨ ਦੀ ਹਾਮੀ ਭਰੀ ਹੈ। ਰੂਸ ਕਾਰਬਨ ਨਿਕਾਸੀ ਦੀ ਫ਼ੀਸਦ ਮਾਤਰਾ ਵਿਚ ਚੌਥੇ ਨੰਬਰ ਤੇ ਹੈ, ਇਸ ਨੇ ਇਹ ਕਹਿ ਕੇ ਸਾਰ ਦਿੱਤਾ ਕਿ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬਚਣ ਲਈ ਉਹ ਪ੍ਰਭਾਵਸ਼ਾਲੀ ਹੱਲ ਲੱਭਣ ਲਈ ਕੌਮਾਂਤਰੀ ਪੱਧਰ ਉੱਤੇ ਸਹਿਯੋਗ ਦੇਣ ਲਈ ਤਿਆਰ ਹੈ। ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਲਈ ਅਸਟਰੇਲੀਆ ਦਾ ਦੁਨੀਆ ਵਿਚ ਸਾਊਦੀ ਅਰਬ ਅਤੇ ਕਜ਼ਾਖਸਤਾਨ ਤੋਂ ਬਾਅਦ ਤੀਜਾ ਸਥਾਨ ਹੈ। ਅਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਅਮਰੀਕਾ ਦੀ ਵਰਚੂਅਲ ਕਾਨਫਰੰਸ ਵਿਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਮੌਸਮੀ ਤਬਦੀਲੀਆਂ ਨਾਲ ਨੱਜਿਠਣ ਲਈ ਮਹੱਤਵਪੂਰਨ ਕਰਵਾਈ ਕਰ ਰਿਹਾ ਹੈ।
ਚੀਨ, ਅਮਰੀਕਾ ਅਤੇ ਭਾਰਤ ਦੁਨੀਆ ਦੇ ਉਹ ਮੁਲਕ ਹਨ ਜਿੱਥੇ ਤਾਪਮਾਨ ਵਿਚ ਵਾਧੇ ਨਾਲ ਕੁਦਰਤੀ ਆਫ਼ਤਾਂ ਨਾਲ ਸਭ ਤੋਂ ਨੁਕਸਾਨ ਹੋਇਆ ਹੈ। 2000 ਤੋਂ 2019 ਤੱਕ ਚੀਨ ਵਿਚ 577 ਕੁਦਰਤੀ ਆਫ਼ਤਾਂ ਆਈਆਂ ਜਿਨ੍ਹਾਂ ਨੇ 173 ਕਰੋੜ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ 1 ਲੱਖ 13 ਹਜ਼ਾਰ ਲੋਕਾਂ ਦੀ ਮੌਤ ਹੋਈ। ਭਾਰਤ ਵਿਚ 321 ਕੁਦਰਤੀ ਆਫ਼ਤਾਂ ਨੇ 108 ਕਰੋੜ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ 80 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ। ਇੰਨਾ ਨੁਕਸਾਨ ਹੋ ਜਾਣ ਦੇ ਬਾਵਜੂਦ ਇਨ੍ਹਾਂ ਦੋਹਾਂ ਮੁਲਕਾਂ ਨੇ ਕਾਰਬਨ ਨਿਕਾਸੀ ਦੀ ਕਟੌਤੀ ਲਈ ਨਾ ਤਾਂ ਕੋਈ ਠੋਸ ਵਿਉਂਤਬੰਦੀ ਬਾਰੇ ਚਰਚਾ ਕੀਤੀ ਅਤੇ ਨਾ ਹੀ ਨੇੜਲੇ ਭਵਿੱਖ ਵਿਚ ਉਸ ਨੂੰ ਅਮਲ ਵਿਚ ਲਿਆਉਣ ਦਾ ਕੋਈ ਅਹਿਦ ਲਿਆ।
ਜੇ ਅਮਰੀਕਾ ਜੋਅ ਬਾਇਡਨ ਦੀ ਉਲੀਕੀ ਵਿਉਂਤ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਸਫਲ ਹੋ ਜਾਂਦਾ ਹੈ ਤਾਂ ਸ਼ਾਇਦ ਬਾਕੀ ਮੁਲਕ ਵੀ ਸੰਭਲ ਜਾਣ ਅਤੇ ਕਾਰਬਨ ਨਿਕਾਸੀ ਵਿਚ ਕਟੌਤੀ ਕਰਨ ਲੱਗ ਪੈਣ। ਚੀਨ ਅਤੇ ਭਾਰਤ ਨੂੰ ਵੀ ਚਾਹੀਦਾ ਹੈ ਕਿ ਇਸ ਕੰਮ ਵਿਚ ਆਪਣੇ ਸੌੜੇ ਹਿੱਤਾਂ ਨੂੰ ਲਾਂਭੇ ਰੱਖਦੇ ਹੋਏ ਕਾਰਬਨ ਨਿਕਾਸੀ ਨੂੰ ਘਟਾਉਣ ਦੇ ਉਪਰਾਲੇ ਕਰ ਰਹੇ ਮੁਲਕਾਂ ਦਾ ਸਾਥ ਦੇਣ ਤਾਂ ਕਿ ਧਰਤੀ ਅਤੇ ਲੋਕਾਂ ਨੂੰ ਵਧਦੇ ਤਾਪਮਾਨ ਦੀ ਮਾਰ ਤੋਂ ਬਚਾਇਆ ਜਾ ਸਕੇ।
*ਪ੍ਰੋਫ਼ੈਸਰ, ਜਿਓਗਰਾਫ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।