ਪਾਵੇਲ ਕੁੱਸਾ
ਵਤਨ ਦੇ ਹਾਕਮੋ! ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਤੁਹਾਨੂੰ ਮੁਖਾਤਬਿ ਹਾਂ। ਅਸੀਂ ਇੱਥੇ ਬੈਠਿਆਂ ਨੇ ਇਹ ਖ਼ਬਰ ਸੁਣੀ ਹੈ ਕਿ ਦੋ ਸੰਸਥਾਵਾਂ ‘ਕਨਸਰਨ ਵਰਲਡਵਾਈਡ’ ਅਤੇ ‘ਵੈਲਟ ਹੰਗਰ ਹਿਲਪੇ’ ਨੇ ਸਾਂਝੇ ਤੌਰ ਤੇ ਦੁਨੀਆ ਵਿਚ ਭੁੱਖਮਰੀ ਬਾਰੇ ਦਰਜਾਬੰਦੀ ਜਾਰੀ ਕੀਤੀ ਹੈ। ਇਸ ਵਿਚ ਦੁਨੀਆ ਦੇ 116 ਮੁਲਕ ਰੱਖੇ ਹਨ। ਇਨ੍ਹਾਂ ਵਿਚ ਸਾਡੇ ਮੁਲਕ ਦਾ 101ਵਾਂ ਸਥਾਨ ਹੈ। ਇੰਨੀ ਵੱਡੀ ਦੁਨੀਆ ਚ ਸਿਰਫ਼ 15 ਮੁਲਕ ਹੀ ਅਜਿਹੇ ਹਨ ਜਿੱਥੇ ਸਾਡੇ ਨਾਲੋਂ ਵੀ ਜ਼ਿਆਦਾ ਭੁੱਖਮਰੀ ਹੈ। ਸਾਡੇ ਆਲੇ ਦੁਆਲੇ ਦੇ ਕਈ ਛੋਟੇ ਛੋਟੇ ਮੁਲਕਾਂ ਦਾ ਹਾਲ ਸਾਡੇ ਜਿੰਨਾ ਮਾੜਾ ਨਹੀਂ। ਜਦੋਂ ਪਿਛਲੇ ਵਰ੍ਹੇ ਅਸੀਂ ਇੱਥੇ ਆਏ ਸੀ, ਉਦੋਂ ਇਸ ਦਰਜਾਬੰਦੀ ਅੰਦਰ ਸਾਡਾ ਸਥਾਨ 94ਵਾਂ ਸੀ। ਇਕ ਵਰ੍ਹੇ ਵਿਚ ਮੁਲਕ ਅੰਦਰ ਭੁੱਖੇ ਢਿੱਡਾਂ ਦੀ ਗਿਣਤੀ ਹੋਰ ਵਧ ਗਈ ਹੈ। ਤੁਸੀਂ ਤਾਂ ਭਾਵੇਂ ਇਸ ਦਰਜਾਬੰਦੀ ਕਰਨ ਦੇ ਢੰਗਾਂ ਦੇ ਨੁਕਸ ਗਿਣਾ ਕੇ ਹੀ ਪੱਲਾ ਝਾੜ ਲਿਆ ਹੈ ਪਰ ਆਲੇ ਦੁਆਲੇ ਅੰਦਰ ਪਸਰੀ ਭੁੱਖ ਤੇ ਅਨਾਜ ਨੂੰ ਤਰਸਦੇ ਲੋਕ ਤਾਂ ਸਾਰੀ ਦੁਨੀਆ ਨੂੰ ਦਿਸਦੇ ਹਨ। ਇੱਕ ਦਿਨ ਲਈ ਆਏ ਕਿਸੇ ਰਾਸ਼ਟਰਪਤੀ ਨੂੰ ਤਾਂ ਤੁਸੀਂ ਮੌਕੇ ਤੇ ਕੰਧ ਕੱਢ ਕੇ ਗ਼ਰੀਬੀ ਦੀ ਹਕੀਕਤ ਛੁਪਾ ਸਕਦੇ ਹੋ ਪਰ ਦੁਨੀਆ ਦੇ ਲੋਕਾਂ ਤੋਂ ਭੁੱਖੇ ਭਾਰਤ ਵਾਸੀਆਂ ਦਾ ਦਰਦ ਨਹੀਂ ਛੁਪਾ ਸਕਦੇ।
ਸਾਨੂੰ ਅੰਨਦਾਤੇ ਕਿਹਾ ਜਾਂਦਾ ਹੈ। ਅਸੀਂ ਅਨਾਜ ਸਮੇਤ ਸਭ ਕੁਝ ਇਸ ਧਰਤੀ ਵਿਚੋਂ ਪੈਦਾ ਕਰਦੇ ਹਾਂ, ਹਰ ਔਖੀ ਸੌਖੀ ਰੁੱਤ ਦੇ ਬਾਵਜੂਦ ਕਰਦੇ ਹਾਂ। ਸੋਕਿਆਂ ਦੀ ਮਾਰ ਵਿਚ ਵੀ, ਹੜ੍ਹਾਂ ਦੇ ਕਹਿਰ ਵਿਚ ਵੀ। ਅਸੀਂ ਕਦੇ ਗੁਦਾਮ ਖਾਲੀ ਨਹੀਂ ਰਹਿਣ ਦਿੱਤੇ। ਕੋਈ ਸਮਾਂ ਸੀ ਜਦੋਂ ਤੁਹਾਨੂੰ ਅਨਾਜ ਲਈ ਅਮਰੀਕਾ ਵਰਗੇ ਮੁਲਕਾਂ ਅੱਗੇ ਹੱਥ ਅੱਡਣਾ ਪੈਂਦਾ ਸੀ ਪਰ ਅਸੀਂ ਪੂਰੇ ਮੁਲਕ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਓਟੀ ਤੇ ਨਿਭਾਈ। ਅਸੀਂ ਅਨਾਜ ਦੇ ਗੁਦਾਮ ਤੂੜ ਦਿੱਤੇ। ਜੋ ਬੀਜ ਤੁਸੀਂ ਕਹੇ, ਜੋ ਸਪਰੇਆਂ ਤੁਸੀਂ ਦੱਸੀਆਂ, ਅਸੀਂ ਉਹੀ ਵਰਤੀਆਂ। ਇਨ੍ਹਾਂ ਜ਼ਹਿਰਾਂ ਨੇ ਭਾਵੇਂ ਸਾਡੀ ਧਰਤੀ ਤੇ ਆਬੋ-ਹਵਾ ਨੂੰ ਗੰਧਲਾ ਕਰ ਦਿੱਤਾ, ਸਾਡੇ ਪੱਲੇ ਖ਼ੁਦਕੁਸ਼ੀਆਂ ਹੀ ਪਈਆਂ ਪਰ ਅਸੀਂ ਆਪਣੀ ਜਿ਼ੰਮੇਵਾਰੀ ਤੋਂ ਮੁਨਕਰ ਨਹੀਂ ਹੋਏ। ਸਾਡੇ ਜ਼ਿੰਮੇ ਅਨਾਜ ਪੈਦਾ ਕਰਨਾ ਸੀ, ਅਸੀਂ ਕੀਤਾ। ਤੁਹਾਡੇ ਜ਼ਿੰਮੇ ਇਹਨੂੰ ਮੰਡੀਆਂ ਵਿਚ ਰੁਲਣੋਂ ਬਚਾਉਣਾ ਸੀ, ਮੁਲਕ ਦੇ ਹਰ ਬਸ਼ਿੰਦੇ ਤੱਕ ਪਹੁੰਚਾਉਣਾ ਸੀ ਪਰ ਤੁਸੀਂ ਇਹ ਜਿ਼ੰਮੇਵਾਰੀ ਨਹੀਂ ਨਿਭਾਈ; ਨਾ ਤੁਹਾਥੋਂ ਪਹਿਲਿਆਂ ਨੇ ਨਿਭਾਈ। ਸਾਡਾ ਉਗਾਇਆ ਅਨਾਜ ਮੰਡੀਆਂ ਵਿਚ ਰੁਲਦਾ ਰਿਹਾ ਜਾਂ ਗੁਦਾਮਾਂ ਵਿਚ ਸੜਦਾ ਰਿਹਾ, ਤੁਸੀਂ ਉਹਨੂੰ ਲੋੜਵੰਦਾਂ ਤਕ ਵੰਡ ਵੀ ਨਾ ਸਕੇ! ਸਾਡੇ ਹੁੰਦਿਆਂ, ਤੁਹਾਡੇ ਹੁੰਦਿਆਂ ਮੁਲਕ ਦੇ ਕਿਰਤੀਆਂ ਦੇ ਢਿੱਡ ਖਾਲੀ ਰਹੇ। ਅਸੀਂ ਤੇ ਤੁਸੀਂ ਹੁਣ ਤਕ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਪੈਂਦੇ ਕਾਲ ਦੀਆਂ ਗੱਲਾਂ ਕਰਦੇ ਰਹੇ ਹਾਂ, ਮੁਲਕ ਅੰਦਰ ਹੁਣ ਵੀ ਭੁੱਖ ਨਾਲ ਹੁੰਦੀਆਂ ਮੌਤਾਂ ਤੇ ਕੁਪੋਸ਼ਣ ਦੇ ਹਾਲਾਤ ਕੀ ਕਿਸੇ ਕਾਲ ਨਾਲੋਂ ਘੱਟ ਹਨ?
ਸਾਡੇ ਪੈਦਾ ਕੀਤੇ ਅਨਾਜ ਨੂੰ ਕਿਰਤੀਆਂ ਤੱਕ ਪਹੁੰਚਾਉਣ ਲਈ ਜਨਤਕ ਵੰਡ ਪ੍ਰਣਾਲੀ ਦਾ ਜੋ ਢਾਂਚਾ ਸੀ, ਤੁਸੀਂ ਉਸ ਨੂੰ ਖੋਰਨ ਤੇ ਕਿਉਂ ਲੱਗੇ ਰਹੇ? ਕਦੇ ਉਹਦੇ ਰਾਹੀਂ ਮਨੁੱਖੀ ਲੋੜ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਵਸਤਾਂ ਵੀ ਲੋਕਾਂ ਨੂੰ ਸਸਤੇ ਭਾਅ ਦਿੱਤੀਆਂ ਜਾਂਦੀਆਂ ਸੀ ਪਰ ਪਹਿਲਾਂ ਉਨ੍ਹਾਂ ਸਭਨਾਂ ਨੂੰ ਸਿਰਫ਼ ਅਨਾਜ ਤੇ ਦਾਲ ਤਕ ਸੀਮਤ ਕੀਤਾ। ਫਿਰ ਜਨਤਕ ਵੰਡ ਪ੍ਰਣਾਲੀ ਦੀਆਂ ਸੂਚੀਆਂ ਵਿਚੋਂ ਲੋਕਾਂ ਨੂੰ ਛਾਂਗਣਾ ਸ਼ੁਰੂ ਕੀਤਾ। ਕੁੱਲ ਵਸਤਾਂ ਸਿਰਜਣ ਵਾਲੇ ਕਿਰਤੀਆਂ ਦਾ ਬਹੁਤ ਵੱਡਾ ਹਿੱਸਾ ਇਸ ਵਿਚੋਂ ਬਾਹਰ ਕਰ ਦਿੱਤਾ। ਗੁਦਾਮਾਂ ਵਿਚ ਚੂਹੇ ਅਨਾਜ ਖਾਂਦੇ ਰਹੇ ਤੇ ਕਿਰਤੀਆਂ ਦੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਪੈਂਦੇ ਰਹੇ। ਤੁਹਾਡੀ ਬੇਅੰਤ ਤਾਕਤ ਕਿਸੇ ਅਰਥ ਕਿਉਂ ਨਾ ਆਈ? ਪਿਛਲੇ ਸਾਲਾਂ ਦੌਰਾਨ ਤੁਸੀਂ ਦੂਜੇ ਮੁਲਕਾਂ ਤੋਂ ਕਿੰਨੇ ਹੀ ਟੈਂਕ ਖਰੀਦੇ, ਤੋਪਾਂ ਤੋਂ ਲੈ ਕੇ ਜੰਗੀ ਜਹਾਜ਼ ਖਰੀਦੇ, ਗੁਆਂਢੀਆਂ ਤੇ ਸਰਜੀਕਲ ਸਟ੍ਰਾਈਕਾਂ ਵੀ ਕੀਤੀਆਂ ਪਰ ਤੁਹਾਡੇ ਕੋਲੋਂ ਮੰਡੀਆਂ ਅੰਦਰ ਰੁਲਦਾ ਅਨਾਜ ਨਾ ਸਾਂਭਿਆ ਗਿਆ, ਨਾ ਨਵੇਂ ਗੁਦਾਮ ਬਣੇ। ਗੁਦਾਮਾਂ ਚ ਪਿਆ ਅਨਾਜ ਕਿਰਤੀਆਂ ਦੇ ਮੂੰਹਾਂ ਤੱਕ ਨਾ ਪੁੱਜਾ।
ਅਸੀਂ ਤੁਹਾਡੀ ਸੱਤਾ ਦੇ ਗਲਿਆਰਿਆਂ ਦੇ ਕੋਲ ਬੈਠੇ ਸਾਲ ਭਰ ਤੋਂ ਜੋ ਕਹਿ ਰਹੇ ਹਾਂ, ਹੁਣ ਇਸ ਰਿਪੋਰਟ ਨੇ ਵੀ ਉਸੇ ਦੀ ਪੁਸ਼ਟੀ ਕਰ ਦਿੱਤੀ ਹੈ। ਅਸੀਂ ਕਾਨੂੰਨ ਰੱਦ ਕਰਨ ਲਈ ਕਹਿੰਦੇ ਹਾਂ, ਅਸੀਂ ਐੱਮਐੱਸਪੀ ਤੇ ਸਰਕਾਰੀ ਖ਼ਰੀਦ ਮੰਗਦੇ ਹਾਂ, ਅਸੀਂ ਹਰ ਕਿਰਤੀ ਲਈ ਅਨਾਜ ਅਤੇ ਹੋਰ ਖਾਧ ਪਦਾਰਥਾਂ (ਪੀਡੀਐੱਸ) ਦਾ ਹੱਕ ਮੰਗਦੇ ਹਾਂ। ਤੁਹਾਡੇ ਬਣਾਏ ਨਵੇਂ ਕਾਨੂੰਨ ਅਨਾਜ ਨੂੰ ਵੱਡੇ ਧਨਾਢਾਂ ਦੇ ਵਪਾਰ ਦੇ ਵੱਸ ਪਾਉਣ ਵਾਲੇ ਹਨ। ਜੇ ਸਾਡਾ ਪੈਦਾ ਕੀਤਾ ਅਨਾਜ ਤੁਸੀਂ ਗ਼ਰੀਬਾਂ ਤੱਕ ਨਹੀਂ ਪਹੁੰਚਾ ਸਕੇ ਤਾਂ ਭਲਾ ਕਿਸੇ ਧਨਾਢ ਘਰਾਣੇ ਨੂੰ ਕੀ ਜ਼ਰੂਰਤ ਹੈ ਕਿ ਉਹ ਅਨਾਜ ਲੋੜਵੰਦਾਂ ਤੱਕ ਪਹੁੰਚ ਜਾਵੇਗਾ। ਕੋਈ ਬਹੁਕੌਮੀ ਵਿਦੇਸ਼ੀ ਕੰਪਨੀ ਸਾਡਾ ਪੈਦਾ ਕੀਤਾ ਅਨਾਜ ਜਹਾਜ਼ਾਂ ਵਿਚ ਲੱਦ ਕੇ ਵਿਦੇਸ਼ਾਂ ਨੂੰ ਲਿਜਾਵੇਗੀ ਤੇ ਕਿਰਤੀਆਂ ਦੇ ਮਾਸੂਮ ਬਾਲ ਦਾਣੇ ਦਾਣੇ ਦੇ ਹੋਰ ਮੁਥਾਜ ਹੋਣਗੇ। ਉਹ ਸਾਡੇ ਨਾਲ ਬੇ-ਮੇਚ ਸਮਝੌਤੇ (ਕੰਟਰੈਕਟ) ਕਰ ਕੇ ਸਾਨੂੰ ਉਹ ਫਸਲਾਂ ਬੀਜਣ ਲਈ ਮਜਬੂਰ ਕਰਨਗੇ ਜਿਹੜੀਆਂ ਦੀ ਉਨ੍ਹਾਂ ਨੂੰ ਹੋਰਨਾਂ ਮੁਲਕਾਂ ਅੰਦਰ ਲੋੜ ਹੈ। ਸਾਡੇ ਖੇਤਾਂ ਵਿਚੋਂ ਉਨ੍ਹਾਂ ਦੇ ਵਪਾਰ ਨੂੰ ਜ਼ਰਬਾਂ ਦੇਣ ਵਾਲੀਆਂ ਫ਼ਸਲਾਂ ਉੱਗਣਗੀਆਂ।
ਇੱਥੇ ਬੈਠੇ ਅਸੀਂ ਅਕਸਰ ਤੁਹਾਡੇ ਵੱਲੋਂ ਬਣਨ ਜਾ ਰਹੀ ਵਿਸ਼ਵ ਤਾਕਤ ਦੇ ਕੀਤੇ ਜਾਂਦੇ ਦਾਅਵੇ ਸੁਣਦੇ ਹਾਂ। ਕੀ ਭੁੱਖੇ ਢਿੱਡਾਂ ਨਾਲ ਵੀ ਵਿਸ਼ਵ ਤਾਕਤ ਬਣ ਸਕਦੀ ਹੈ? ਕੀ ਵਿਸ਼ਵ ਤਾਕਤ ਬਣਨ ਦਾ ਰਸਤਾ ਇਹ ਹੈ ਕਿ ਨਾ ਆਪਣੇ ਕਿਸਾਨਾਂ ਦੀਆਂ ਫਸਲਾਂ ਖਰੀਦੋ ਤੇ ਨਾ ਲੋਕਾਂ ਨੂੰ ਅਨਾਜ ਦਿਉ: ਇਨ੍ਹਾਂ ਝਮੇਲਿਆਂ ਚ ਹੀ ਨਾ ਪਉ! ਅਸੀਂ ਅਜਿਹੀ ਵਿਸ਼ਵ ਤਾਕਤ ਬਣਨ ਤੋਂ ਇਨਕਾਰੀ ਹਾਂ।
ਹੁਣ ਤੱਕ ਤੁਸੀਂ ਇਹੀ ਕਹਿੰਦੇ ਰਹੇ ਕਿ ਸਰਕਾਰ ਇੰਨੀਆਂ ਰਕਮਾਂ ਜੁਟਾ ਕੇ ਇੰਨਾ ਅਨਾਜ ਕਿਵੇਂ ਖਰੀਦੇ ਤੇ ਸਸਤੇ ਭਾਅ ਗ਼ਰੀਬਾਂ ਨੂੰ ਕਿੱਥੋਂ ਮੁਹੱਈਆ ਕਰਾਵੇ? ਇੰਨੀਆਂ ਰਕਮਾਂ ਕਿੱਥੋਂ ਆਉਣਗੀਆਂ? ਕੀ ਮੁਲਕ ਕੋਲ ਸੱਚਮੁੱਚ ਰਕਮਾਂ ਦੀ ਕਮੀ ਹੈ? ਸਾਨੂੰ ਬੀਜ, ਰੇਹਾਂ, ਸਪਰੇਹਾਂ ਤੇ ਮਸ਼ੀਨਰੀ ਵੇਚਣ ਵਾਲੀਆਂ ਬਹੁਕੌਮੀ ਕੰਪਨੀਆਂ ਨੇ ਸਾਡੇ ਇਨ੍ਹਾਂ ਖੇਤਾਂ ਵਿਚੋਂ ਹੀ ਅਰਬਾਂ ਖਰਬਾਂ ਰੁਪਏ ਕਮਾਏ ਹਨ। ਮੁਲਕ ਦੇ ਧਨਾਢ ਪਰਿਵਾਰ ਦੁਨੀਆ ਦੇ ਚੋਟੀ ਦੇ ਅਮੀਰਾਂ ਚ ਸ਼ੁਮਾਰ ਹੋ ਗਏ। ਮੁਲਕ ਅੰਦਰ ਅਰਬ ਪਤੀਆਂ ਦੀ ਗਿਣਤੀ ਵਧ ਰਹੀ ਹੈ। ਅੰਬਰ ਛੂੰਹਦੇ ਦੌਲਤਾਂ ਦੇ ਢੇਰਾਂ ਵਿਚੋਂ ਚੰਦ ਫ਼ੀਸਦ ਟੈਕਸ ਉਗਰਾਹ ਕੇ ਕੀ ਗ਼ਰੀਬਾਂ ਨੂੰ ਅਨਾਜ ਨਹੀਂ ਦਿੱਤਾ ਜਾ ਸਕਦਾ? ਜਦੋਂ ਧਨਾਢਾਂ ਦੇ ਵਪਾਰ ਤੇ ਮੁਨਾਫ਼ਿਆਂ ਦਾ ਗ੍ਰਾਫ ਜ਼ਰਾ ਕੁ ਥੱਲੇ ਆਵੇ ਤਾਂ ਸਾਡੀਆਂ ਕਮਾਈਆਂ ਨਾਲ ਭਰਿਆ ਖ਼ਜ਼ਾਨਾ ਰਾਹਤ ਪੈਕੇਜਾਂ ਦੇ ਨਾਂ ਹੇਠ ਝੱਟ ਉਨ੍ਹਾਂ ਲਈ ਖੁੱਲ੍ਹ ਜਾਂਦਾ ਹੈ ਪਰ ਹੁਣ ਕਿਰਤੀ ਲੋਕਾਂ ਦੇ ਢਿੱਡ ਵੀ ਪੂਰੇ ਨਹੀਂ ਭਰ ਰਹੇ ਤਾਂ ਕੀ ਉਨ੍ਹਾਂ ਦੌਲਤਾਂ ਚੋਂ ਲੋਕਾਂ ਨੂੰ ਅਨਾਜ ਦੇਣ ਲਈ ਸਰਕਾਰੀ ਖ਼ਜ਼ਾਨੇ ਵਿਚ ਨਹੀਂ ਪਾਇਆ ਜਾ ਸਕਦਾ?
ਦੁਨੀਆ ਸਾਨੂੰ ਦੱਸ ਰਹੀ ਹੈ ਕਿ ਮੁਲਕ ਅੰਦਰ ਭੁੱਖਮਰੀ ਦੀ ਕੀ ਹਾਲਤ ਹੈ। ਇਹ ਨਵੇਂ ਕਾਨੂੰਨ ਇਸ ਹਾਲਤ ਨੂੰ ਹੋਰ ਮੰਦੀ ਕਰ ਦੇਣਗੇ। ਭੁੱਖਮਰੀ ਚੋਂ ਨਿਕਲਣ ਦਾ ਰਸਤਾ ਸਾਡੀਆਂ ਪੈਦਾ ਕੀਤੀਆਂ ਫਸਲਾਂ ਨੂੰ ਤੁਹਾਡੇ ਵੱਲੋਂ ਖ਼ਰੀਦਣ ਅਤੇ ਹਰ ਲੋੜਵੰਦ ਤੱਕ ਪਹੁੰਚਾਉਣ ਵਿਚ ਹੈ। ਇਹਦੇ ਲਈ ਦੁਨੀਆ ਦੀ ਕੋਈ ਵਸਤ ਤਕਨੀਕ ਨਹੀਂ ਚਾਹੀਦੀ, ਕੋਈ ਮਾਹਰ ਨਹੀਂ ਚਾਹੀਦੇ, ਕੋਈ ਸਿਧਾਂਤਕ ਗਿਆਨ ਨਹੀਂ ਚਾਹੀਦਾ; ਬਸ ਖਰਾ ਇਰਾਦਾ ਚਾਹੀਦਾ ਹੈ, ਲੋਕਾਂ ਨਾਲ ਵਫ਼ਾਦਾਰੀ ਚਾਹੀਦੀ ਹੈ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਚਾਹੀਦਾ ਹੈ ਜਿਹੜਾ ਤੁਹਾਨੂੰ ਕਦੇ ਨਹੀਂ ਹੋਇਆ। ਇਸੇ ਲਈ ਤਾਂ ਤੁਸੀਂ ਭੁੱਖੇ ਵਸਦੇ ਭਾਰਤ ਦਾ ਅਨਾਜ ਦੇਸੀ ਵਿਦੇਸ਼ੀ ਧਨਾਢਾਂ ਹਵਾਲੇ ਕਰ ਰਹੇ ਹੋ।
ਅਸੀਂ ਤੂੜੇ ਗੁਦਾਮਾਂ ਵਾਲੇ ਮੁਲਕ ਅੰਦਰ, ਫ਼ਸਲਾਂ ਦੇ ਅੰਬਾਰ ਲਾਉਣ ਵਾਲੇ ਮੁਲਕ ਅੰਦਰ, ਭੁੱਖੇ ਮਰਦੇ ਲੋਕਾਂ ਦੇ ਮੁਲਕ ਅੰਦਰ ਅੰਨ ਦਾ ਵਪਾਰ ਮੁਨਾਫ਼ੇ ਲਈ ਨਹੀਂ ਹੋਣ ਦੇਵਾਂਗੇ। ਇਹਦੇ ਉੱਤੇ ਦੇਸੀ ਤੇ ਵਿਦੇਸ਼ੀ ਧਨਾਢਾਂ ਦਾ ਗਲਬਾ ਨਹੀਂ ਪੈਣ ਦੇਵਾਂਗੇ। ਅਸੀਂ ਸਿਰਫ ਅਨਾਜ ਪੈਦਾ ਨਹੀਂ ਕਰਾਂਗੇ, ਇਹਦੀ ਰਾਖੀ ਵੀ ਕਰਾਂਗੇ ਤੇ ਇਹਨੂੰ ਭੁੱਖੇ ਢਿੱਡਾਂ ਤਕ ਪਹੁੰਚਾਉਣ ਲਈ ਵੀ ਲੜਾਂਗੇ। ਇਉਂ ਖੇਤਾਂ ਦੇ ਜਾਏ ਹੋਣ ਦਾ ਫਰਜ਼ ਅਦਾ ਕਰਾਂਗੇ।
ਸੰਪਰਕ: pavelnbs11@gmail.com