ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਜੀ ਪਾਰਥਾਸਾਰਥੀ

ਜੀ ਪਾਰਥਾਸਾਰਥੀ

ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿਚ ਜਦੋਂ ਇਮਰਾਨ ਖ਼ਾਨ ਸਰਕਾਰ ਖਿਲਾਫ਼ ਬੇਭਰੋਸਗੀ ਮਤੇ ’ਤੇ ਵੋਟਾਂ ਪੈਣ ਮਗਰੋਂ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੇ ਸੱਤਾ ਦੀ ਵਾਗਡੋਰ ਸੰਭਾਲੀ ਸੀ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਇਮਰਾਨ ਖ਼ਾਨ ਨੇ ਕਈ ਗ਼ਲਤੀਆਂ ਕੀਤੀਆਂ ਸਨ। ਪਹਿਲਾਂ ਉਸ ਨੇ ਜਨਰਲ ਕਮਰ ਜਾਵੇਦ ਬਾਜਵਾ ਦੀ ਅਗਵਾਈ ਹੇਠਲੇ ਫ਼ੌਜੀ ਨਿਜ਼ਾਮ ਨੂੰ ਨਾਰਾਜ਼ ਕਰ ਲਿਆ ਤੇ ਫਿਰ ਸਭ ਤੋਂ ਸ਼ਕਤੀਸ਼ਾਲੀ, ਅਮਰੀਕਾ ਨਾਲ ਪੰਗਾ ਪਾ ਲਿਆ। ਇਮਰਾਨ ਖ਼ਾਨ ਮੁਤਾਬਕ ਜਦੋਂ ਉਸ ਨੇ ਰਾਸ਼ਟਰਪਤੀ ਪੂਤਿਨ ਨਾਲ ਮੁਲਾਕਾਤ ਲਈ ਰੂਸ ਦਾ ਦੌਰਾ ਕੀਤਾ ਸੀ ਤਾਂ ਅਮਰੀਕਨ ਉਸ ਦੇ ਖ਼ੂਨ ਦੇ ਤਿਹਾਏ ਹੋ ਗਏ। ਬਹਰਹਾਲ, ਅਮਰੀਕਾ ਨੇ ਪਾਕਿਸਤਾਨੀ ਫ਼ੌਜ ਅਤੇ ਆਈਐੱਸਆਈ ਨਾਲ ਹਮੇਸ਼ਾ ਚੰਗੇ ਸੰਬੰਧ ਬਣਾ ਕੇ ਰੱਖੇ ਹਨ। ਇਸ ਕਰ ਕੇ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਇਡਨ ਪ੍ਰਸ਼ਾਸਨ ਦੇ ਸੱਦੇ ’ਤੇ ਵਾਸ਼ਿੰਗਟਨ ਡੀਸੀ ਦਾ ਦੌਰਾ ਕਰਨ ਵਾਲਾ ਪਹਿਲਾ ਪਾਕਿਸਤਾਨੀ ਹੋਰ ਕੋਈ ਨਹੀਂ ਸਗੋਂ ਆਈਐੱਸਆਈ ਦਾ ਵਰਤਮਾਨ ਮੁਖੀ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਵਾਸ਼ਿੰਗਟਨ ਨਹੀਂ ਸੱਦਿਆ ਗਿਆ। ਉਨ੍ਹਾਂ ਨਿਊ ਯਾਰਕ ਵਿਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ, ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਹੇਠਲੀ ਕੁਲੀਸ਼ਨ ਸਰਕਾਰ ਗੰਭੀਰ ਘਰੇਲੂ ਸਮੱਸਿਆਵਾਂ ਵਿਚ ਘਿਰ ਗਈ। ਪ੍ਰਧਾਨ ਮੰਤਰੀ ਸ਼ਰੀਫ਼ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਪਹਿਲਾਂ ਹੀ ਦਰਜ ਹੋ ਚੁੱਕਿਆ ਹੈ। ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਮੁਸਲਿਮ ਲੀਗ ਦੇ ਅਸਲ ਨੇਤਾ ਸ਼ਾਹਬਾਜ਼ ਸ਼ਰੀਫ਼ ਨਹੀਂ ਹਨ ਸਗੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਹਨ ਜੋ ਇਸ ਵੇਲੇ ਇਕ ਲੇਖੇ ਲੰਡਨ ਵਿਚ ਸਵੈ-ਜਲਾਵਤਨੀ ਹੰਢਾਅ ਰਹੇ ਹਨ ਜੋ ਆਪਣੀ ਬਿਮਾਰੀ ਦਾ ਇਲਾਜ ਕਰਾਉਣ ਲਈ ਉੱਥੇ ਗਏ ਸਨ। ਇਸ ਦੌਰਾਨ, ਰਿਪੋਰਟਾਂ ਮਿਲੀਆਂ ਹਨ ਕਿ ਪੰਜਾਬ ਵਿਚ ਨਿਆਪਾਲਿਕਾ ਤੇ ਫ਼ੌਜ ਦਰਮਿਆਨ ਗੰਢ-ਤੁਪ ਹੋਣ ਕਰ ਕੇ ਫ਼ੌਜ ਸਿਆਸੀ ਪਾਰਟੀਆਂ ਤੇ ਸਿਆਸਤਦਾਨਾਂ ਉਪਰ ਦਬਾਅ ਪਾਉਂਦੀ ਰਹੀ ਹੈ।

ਇਸ ਤੋਂ ਇਲਾਵਾ ਫ਼ੌਜ ਦੇ ਮੁਖੀ ਜਨਰਲ ਬਾਜਵਾ ਇਸ ਸਾਲ 29 ਨਵੰਬਰ ਨੂੰ ਆਪਣੇ ਅਹੁਦੇ ਤੋਂ ਫਾਰਗ ਹੋ ਜਾਣਗੇ। ਇਸ ਸਭ ਕਾਸੇ ਨਾਲ ਪਾਕਿਸਤਾਨ ਅੰਦਰ ਘੜਮੱਸ ਦਾ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਇਸ ਗੱਲ ਦੇ ਆਸਾਰ ਹਨ ਕਿ ਜਨਰਲ ਬਾਜਵਾ ਦੇ ਉਤਰਾਧਿਕਾਰੀ ਦੀ ਨਿਯੁਕਤੀ ਸਮੇਂ ਸਿਰ ਕਰ ਲਈ ਜਾਵੇਗੀ। ਇਮਰਾਨ ਖ਼ਾਨ ਦੇ ਚਹੇਤੇ ਅਤੇ ਸੁਰਖੀਆਂ ਵਿਚ ਰਹਿਣ ਦੇ ਚਾਹਵਾਨ ਸਾਬਕਾ ਆਈਐੱਸਆਈ ਮੁਖੀ ਲੈਫਟੀਨੈਂਟ ਜਨਰਲ ਫ਼ੈਜ਼ ਅਹਿਮਦ ਦੇ ਅਗਲਾ ਫ਼ੌਜ ਮੁਖੀ ਬਣਨ ਦੇ ਕੋਈ ਆਸਾਰ ਨਹੀਂ; ਹਾਲਾਂਕਿ ਇਮਰਾਨ ਖ਼ਾਨ ਆਮ ਚੋਣਾਂ ਜਲਦੀ ਕਰਵਾਉਣ ’ਤੇ ਜ਼ੋਰ ਪਾ ਰਹੇ ਹਨ ਪਰ ਫ਼ੌਜੀ ਲੀਡਰਸ਼ਿਪ ਫਿਲਹਾਲ ਚੋਣਾਂ ਕਰਾਉਣ ਦੇ ਹੱਕ ਵਿਚ ਨਹੀਂ ਜਾਪਦੀ। ਬਹਰਹਾਲ, ਇਸ ਗੱਲ ਦੇ ਪੂਰੇ ਆਸਾਰ ਹਨ ਕਿ ਨੇੜ ਭਵਿੱਖ ਵਿਚ ਜੇ ਚੋਣਾਂ ਹੁੰਦੀਆਂ ਹਨ ਤਾਂ ਇਮਰਾਨ ਖ਼ਾਨ ਮੁੜ ਜਿੱਤ ਦਰਜ ਕਰ ਕੇ ਸੱਤਾ ਵਿਚ ਆਉਣਗੇ। ਉਂਝ, ਉਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਜੋਅ ਬਾਇਡਨ ਬਿਲਕੁੱਲ ਪਸੰਦ ਨਹੀਂ ਕਰਦੇ ਅਤੇ ਯੂਏਈ ਤੇ ਸਾਊਦੀ ਅਰਬ ਜਿਹੇ ਮਹੱਤਵਪੂਰਨ ਮੁਲਕਾਂ ਦੇ ਆਗੂਆਂ ਨਾਲ ਵੀ ਨਿਭਣੀ ਔਖੀ ਜਾਪਦੀ ਹੈ।

ਪਾਕਿਸਤਾਨ ਦੀ ਸਿਆਸੀ ਜਮਾਤ ਦੀਆਂ ਅੰਦਰੂਨੀ ਕਮਜ਼ੋਰੀਆਂ ਦੇ ਮੱਦੇਨਜ਼ਰ ਸਾਫ਼ ਜ਼ਾਹਿਰ ਹੈ ਕਿ ਫ਼ੌਜ ਦੇ ਜਰਨੈਲ ਮੁਲਕ ਦੇ ਕੌਮੀ ਜੀਵਨ ਵਿਚ ਆਪਣਾ ਮੋਹਰੀ ਕਿਰਦਾਰ ਨਿਭਾਉਂਦੇ ਰਹਿਣਗੇ। ਪਾਕਿਸਤਾਨ ਦੀਆਂ ਅਗਲੀਆਂ ਆਮ ਚੋਣਾਂ ਅਕਤੂਬਰ 2023 ਤੋਂ ਪਹਿਲਾਂ ਪਹਿਲਾਂ ਕਰਵਾਈਆਂ ਜਾਣਗੀਆਂ ਤੇ ਇਨ੍ਹਾਂ ਦੇ ਨਤੀਜੇ ਦੀ ਪੇਸ਼ੀਨਗੋਈ ਕਰਨਾ ਜਲਦਬਾਜ਼ੀ ਹੋਵੇਗੀ ਪਰ ਇਸ ਸੰਭਾਵਨਾ ਨੂੰ ਮੁੱਢੋਂ ਰੱਦ ਨਹੀਂ ਕੀਤਾ ਜਾ ਸਕਦਾ ਕਿ ਫ਼ੌਜ ਅਤੇ ਇਮਰਾਨ ਖ਼ਾਨ ਇਕ ਵਾਰ ਫਿਰ ਹੱਥ ਮਿਲਾ ਲੈਣ। ਭਾਰਤ ਨੇ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਵਿਚ ਦਖ਼ਲਅੰਦਾਜ਼ੀ ਕਰਨ ਤੋਂ ਗੁਰੇਜ਼ ਕੀਤਾ ਹੈ। ਜ਼ਾਹਿਰ ਹੈ ਕਿ ਅਫ਼ਗਾਨਿਸਤਾਨ ਨਾਲ ਲਗਦੇ ਆਪਣੇ ਸੂਬੇ ਖੈਬਰ ਪਖਤੂਨਖਵਾ ਵਿਚ ਨੀਤੀਆਂ ਦੇ ਸਿੱਟੇ ਵਜੋਂ ਪਾਕਿਸਤਾਨ ਨੂੰ ਪਖਤੂਨ ਆਬਾਦੀ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਨ੍ਹਾਂ ਸਰਹੱਦੀ ਖੇਤਰਾਂ ਵਿਚ ਤਹਿਰੀਕ-ਏ-ਤਾਲਿਬਾਨ ਦਾ ਦਬਦਬਾ ਹੈ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਵਿਚ ਸੱਤਾਧਾਰੀ ਤਾਲਿਬਾਨ ਨੂੰ ਵੀ ਪਾਕਿਸਤਾਨ ਦੀਆਂ ਨੀਤੀਆਂ ’ਤੇ ਕਈ ਇਤਰਾਜ਼ ਹਨ ਅਤੇ ਉਹ ਭਾਰਤ ਨਾਲ ਆਪਣੇ ਸੰਬੰਧ ਵਧਾਉਣ ਵਿਚ ਦਿਲਚਸਪੀ ਲੈ ਰਹੇ ਹਨ।

ਬਲੋਚਿਸਤਾਨ ਸੂਬੇ ਅੰਦਰ ਵੀ ਪਾਕਿਸਤਾਨ ਦੀ ਰਿੱਟ ਨੂੰ ਚੁਣੌਤੀ ਮਿਲ ਰਹੀ ਹੈ ਕਿਉਂਕਿ ਉੱਥੇ ਦੇ ਕੁਦਰਤੀ ਸਾਧਨਾਂ ਦੇ ਅੰਨ੍ਹੇਵਾਹ ਸ਼ੋਸ਼ਣ ਕਾਰਨ ਬਲੋਚ ਲੋਕਾਂ ਅੰਦਰ ਬਹੁਤ ਜ਼ਿਆਦਾ ਬੇਗਾਨਗੀ ਫੈਲੀ ਹੋਈ ਹੈ। ਇਹ ਬੇਗਾਨਗੀ ਵਧ ਰਹੀ ਹੈ ਕਿਉਂਕਿ ਬਲੋਚਿਸਤਾਨ ਦੇ ਗਵਾਦਰ ਇਲਾਕੇ ਵਿਚ ਬੰਦਰਗਾਹ ਦੀ ਉਸਾਰੀ ਨੂੰ ਲੈ ਕੇ ਚੀਨ ਨੇ ਬਹੁਤ ਹੀ ਹੰਕਾਰੀ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਕਰਾਚੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੇ ਆਤਮਘਾਤੀ ਬੰਬ ਧਮਾਕੇ ਨਾਲ ਚਾਰ ਚੀਨੀ ਵਿਦਵਾਨ ਮਾਰੇ ਗਏ ਸਨ। ਬਲੋਚਿਸਤਾਨ ਵਿਚ ਚੀਨੀ ਅਫ਼ਸਰਾਂ ਤੇ ਕਾਮਿਆਂ ਨੂੰ ਅਤਿ ਦੇ ਸੁਰੱਖਿਆ ਪਹਿਰੇ ਹੇਠ ਰਹਿਣਾ ਪੈ ਰਿਹਾ ਹੈ ਤੇ ਬਲੋਚ ਕੌਮਪ੍ਰਸਤ ਗਵਾਦਰ ਬੰਦਰਗਾਹ ਅਤੇ ਇਸ ਤੋਂ ਇਲਾਵਾ 62 ਅਰਬ ਡਾਲਰ ਦੀ ਲਾਗਤ ਨਾਲ ਬਣ ਰਹੇ ‘ਚੀਨ ਪਾਕਿਸਤਾਨ ਆਰਥਿਕ ਲਾਂਘੇ’ ਦੇ ਪ੍ਰਾਜੈਕਟਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਪਾਕਿਸਤਾਨ ਨੂੰ ਅਫ਼ਗਾਨਿਸਤਾਨ ਅੰਦਰ ਪੈਂਦੇ ਪਖਤੂਨ ਖੇਤਰਾਂ ਵਿਚੋਂ ਲੰਘਦੀ ਡੂਰੰਡ ਲਾਈਨ ਉਪਰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਕੀਕਤ ਇਹ ਹੈ ਕਿ ਡੂਰੰਡ ਲਾਈਨ ਦੇ ਦੋਵੇਂ ਪਾਸੀਂ ਰਹਿੰਦੇ ਪਖਤੂਨ ਇਸ ਸਰਹੱਦ ਨੂੰ ਕੌਮਾਂਤਰੀ ਸਰਹੱਦ ਦੀ ਮਾਨਤਾ ਨਹੀਂ ਦਿੰਦੇ।

ਇਸ ਵੇਲੇ ਇਸਲਾਮਾਬਾਦ ਦਾ ਸਾਰਾ ਧਿਆਨ ਵਿਦੇਸ਼ੀ ਇਮਦਾਦ ਹਾਸਲ ਕਰਨ ’ਤੇ ਲੱਗਿਆ ਹੋਇਆ ਹੈ ਤਾਂ ਕਿ ਸਰਕਾਰ ਨੂੰ ਦੀਵਾਲੀਆ ਹੋਣ ਤੋਂ ਬਚਾਇਆ ਜਾ ਸਕੇ। ਪਾਕਿਸਤਾਨ ਦੇ ਸਾਬਕਾ ਵਿੱਤ ਮੰਤਰੀ ਡਾ ਹਫ਼ੀਜ਼ ਪਾਸ਼ਾ ਨੇ ਹਾਲ ਹੀ ਵਿਚ ਹੋਏ ਸਮਾਗਮ ‘ਕੀ ਪਾਕਿਸਤਾਨੀ ਅਰਥਚਾਰਾ ਡੁੱਬ ਰਹੀ ਹੈ’ ਵਿਚ ਸ਼ਿਰਕਤ ਕਰਦਿਆਂ ਆਖਿਆ ਸੀ ਕਿ ਮੁਲਕ ਦੀ ਅਰਥਚਾਰਾ ਵਾਕਈ ਬਹੁਤ ਬੁਰੇ ਹਾਲ ਵਿਚ ਹੈ। ਇਹ ਗੱਲ ਦਰਜ ਕੀਤੀ ਗਈ ਕਿ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ 10 ਅਰਬ ਡਾਲਰ ਦੇ ਆਸ-ਪਾਸ ਹਨ ਅਤੇ ਇਸ ਦੀ ਆਰਥਿਕ ਵਿਕਾਸ ਦਰ ਡਿੱਗ ਰਹੀ ਹੈ ਜਦਕਿ ਭਾਰਤ ਕੋਲ 600 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਹਨ ਤੇ ਇਸ ਦੀ ਵਿਕਾਸ ਦਰ 6 ਤੋਂ 8 ਫ਼ੀਸਦ ਹੈ। ਇਸੇ ਤਰ੍ਹਾਂ ਬੰਗਲਾਦੇਸ਼ ਕੋਲ ਵੀ 45 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਹਨ ਤੇ ਉਸ ਦੀ ਆਰਥਿਕ ਵਿਕਾਸ ਦਰ 6 ਫ਼ੀਸਦ ਤੋਂ ਉਪਰ ਹੈ। ਉਧਰ, ਪਿਛਲੇ ਪੰਜ ਸਾਲਾਂ ਦੌਰਾਨ ਸਿਰਫ ਚੀਨੀ ਕੰਪਨੀਆਂ ਹੀ ਪਾਕਿਸਤਾਨ ਵਿਚ ਨਿਵੇਸ਼ ਕਰ ਰਹੀਆਂ ਹਨ ਜਦਕਿ ਕੌਮਾਂਤਰੀ ਪੱਧਰ ’ਤੇ ਨਾਕਾਮੀ ਦਾ ਕੇਸ ਬਣੇ ਰਹਿਣ ਦੇ ਬਾਵਜੂਦ ਵਿਦੇਸ਼ੀ ਅਤੇ ਆਈਐੱਮਐੱਫ ਇਮਦਾਦ ਦਾ ਪਾਤਰ ਬਣਨ ਲਈ ਹੱਥ ਪੈਰ ਮਾਰ ਰਿਹਾ ਹੈ।

ਇਸ ਦੌਰਾਨ, ਚੀਨ ਇਹ ਯਤਨ ਕਰ ਰਿਹਾ ਹੈ ਕਿ ਪਾਕਿਸਤਾਨ ਨੂੰ ਇੰਟਰਨੈਸ਼ਨਲ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਲਗਾਤਾਰ ਕੀਤੀ ਜਾ ਰਹੀ ਜਾਂਚ ਤੋਂ ਬਚਾਇਆ ਜਾ ਸਕੇ। ਲਸ਼ਕਰ-ਏ-ਤੋਇਬਾ ਦੇ 70 ਸਾਲਾ ਆਗੂ ਹਾਫਿਜ਼ ਮੁਹੰਮਦ ਸਈਦ ਨੂੰ 26/11 ਸਾਕੇ ਵਿਚ ਉਸ ਦੀ ਭੂਮਿਕਾ ਬਦਲੇ ਗ੍ਰਿਫ਼ਤਾਰ ਕਰ ਕੇ 20 ਸਾਲਾਂ ਲਈ ਜੇਲ੍ਹ ਭੇਜਣ ਦਾ ਕੋਈ ਮਾਇਨਾ ਨਹੀਂ ਹੈ। ਉਸ ਦੀ ਗ੍ਰਿਫ਼ਤਾਰੀ ਮੁੰਬਈ ਦਹਿਸ਼ਤੀ ਹਮਲੇ ਤੋਂ 14 ਸਾਲਾਂ ਬਾਅਦ ਹੋਈ ਹੈ ਤੇ ਇਹ ਇਸ ਗੱਲ ਦਾ ਹਰਗਿਜ਼ ਸਬੂਤ ਨਹੀਂ ਹੈ ਕਿ ਪਾਕਿਸਤਾਨ ਵਲੋਂ ਦਹਿਸ਼ਤਗਰਦੀ ਦੇ ਬੁਨਿਆਦੀ ਢਾਂਚੇ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਪਾਕਿਸਤਾਨ ਦੇ ‘ਸਦਾਬਹਾਰ ਦੋਸਤ’ ਚੀਨ ਵਲੋਂ ਹਾਫਿਜ਼ ਸਈਦ ਦੇ ਲਫਟੈਣ ਰਹਿਮਾਨ ਮੱਕੀ ਨੂੰ ਕੌਮਾਂਤਰੀ ਦਹਿਸ਼ਤਗਰਦ ਐਲਾਨੇ ਜਾਣ ਦੇ ਅਮਲ ਨੂੰ ਰੋਕਿਆ ਜਾ ਰਿਹਾ ਹੈ।

ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਭਾਰਤ ਨਾਲ ਸੰਬੰਧ ਅਗਾਂਹ ਵਧਾਉਣ ਦੀ ਪੁਰਜ਼ੋਰ ਵਕਾਲਤ ਕਰ ਰਿਹਾ ਹੈ ਤੇ ਉਹ ਇਹ ਗੱਲ ਨੋਟ ਕਰਵਾ ਰਿਹਾ ਹੈ ਕਿ ਆਲਮੀ ਮੰਚ ’ਤੇ ਪਾਕਿਸਤਾਨ ਅਲੱਗ-ਥਲੱਗ ਪੈ ਗਿਆ ਹੈ। ਪਾਕਿਸਤਾਨ ਵਲੋਂ ਸਰਹੱਦ ਪਾਰੋਂ ਦਹਿਸ਼ਤਗਰਦੀ ਦੀਆਂ ਸਰਗਰਮੀਆਂ ਨੂੰ ਸ਼ਹਿ ਦੇਣ ਨਾਲ ਭਾਰਤ ਅੰਦਰ ਸੁਭਾਵਿਕ ਤੌਰ ’ਤੇ ਗੁੱਸਾ ਰਹਿੰਦਾ ਹੈ ਪਰ ਹੁਣ ਪਾਕਿਸਤਾਨ ਨੂੰ ਅਹਿਸਾਸ ਹੋ ਰਿਹਾ ਹੈ ਕਿ ਉਸ ਨੂੰ ਦਹਿਸ਼ਤਗਰਦੀ ਦੀ ਹਮਾਇਤ ਕਰਨ ਦੀ ਨੀਤੀ ਦੀ ਕੀਮਤ ਅਦਾ ਕਰਨੀ ਪੈ ਰਹੀ ਹੈ। ਉਂਝ, ਭਾਰਤ ਨਾਲ ਸੰਬੰਧਾਂ ਨੂੰ ਲੈ ਕੇ ਬਿਲਾਵਲ ਭੁੱਟੋ ਦੇ ਬਿਆਨ ਦੀ ਵਿਰੋਧੀ ਪਾਰਟੀਆਂ ਨੇ ਸਖ਼ਤ ਨੁਕਤਾਚੀਨੀ ਕੀਤੀ ਹੈ। ਇਸ ਲਈ ਪਾਕਿਸਤਾਨ ਨਾਲ ਸੈਰ-ਸਪਾਟੇ, ਵਪਾਰ ਤੇ ਦੁਵੱਲੀ ਗੱਲਬਾਤ ਲਈ ਸੰਚਾਰ ਦੇ ਰਾਹ ਖੁੱਲ੍ਹੇ ਰੱਖਣ ਦੀ ਅਹਿਮੀਅਤ ਹੈ। ਇਸ ਦੇ ਨਾਲ ਹੀ ਕੂਟਨੀਤਕ ਰਾਬਤੇ ਅਤੇ ਦੋਵਾਂ ਮੁਲਕਾਂ ਵਿਚਕਾਰ ਸੰਭਾਵੀ ਸਹਿਯੋਗ ਦੇ ਪੱਧਰ ਨੂੰ ਉੱਚਾ ਉਠਾਉਣ ਲਈ ਰਾਜਦੂਤਾਂ ਦੀ ਨਿਯੁਕਤੀ ਵੀ ਲਾਹੇਵੰਦ ਹੋ ਸਕਦੀ ਹੈ। ਭਾਰਤ ਲਈ ਮੌਕਾ ਹੈ ਕਿ ਉਹ ਸਰਹੱਦ ਪਾਰ ਦਹਿਸ਼ਤਗਰਦੀ ਦਾ ਜ਼ੋਰਦਾਰ ਜਵਾਬ ਦੇਵੇ ਪਰ ਨਾਲ ਹੀ ਰਾਹ ਹਮੇਸ਼ਾ ਖੁੱਲ੍ਹੇ ਰੱਖੇ। ਉਧਰ ਯੂਏਈ, ਇਜ਼ਰਾਈਲ, ਅਮਰੀਕਾ ਤੇ ਭਾਰਤ ਨੇ ਇਕ ਹੋਰ ਕੁਆਡ ਕਾਇਮ ਕਰ ਲਿਆ ਹੈ ਜਿਸ ਨਾਲ ਪਾਕਿਸਤਾਨ ਦੇ ਭਰਪੂਰ ਤੇਲ ਸਰੋਤਾਂ ਵਾਲੇ ਪੱਛਮੀ ਗੁਆਂਢ ਵਿਚ ਨਵੇਂ ਰਣਨੀਤਕ ਸਮੀਕਰਨ ਹੋਂਦ ਵਿਚ ਆ ਰਹੇ ਹਨ। ਅਹਿਮ ਗੱਲ ਇਹ ਹੈ ਕਿ ਰੂਸ ਵੀ ਇਰਾਨ ਰਾਹੀਂ ਭਾਰਤ ਤੱਕ ਟ੍ਰਾਂਸਪੋਰਟ ਲਾਂਘੇ ਦਾ ਛੇਤੀ ਵਿਕਾਸ ਕਰਨ ਵਿਚ ਦਿਲਚਸਪੀ ਲੈਂਦਾ ਰਿਹਾ ਹੈ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਸਿੰਧੂ ਨੇ ਮਿਸ਼ੇਲ ਲੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ

ਰਾਸ਼ਟਰਮੰਡਲ ਖੇਡਾਂ: ਸਿੰਧੂ ਨੇ ਮਿਸ਼ੇਲ ਲੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਮੋਦੀ, ਰਾਹੁਲ ਤੇ ਗਹਿਲੋਤ ਨੇ ਘਟਨਾ ਉੱਤੇ ਦੁੱਖ ਜ਼ਾਹਿਰ ਕੀਤਾ

ਸ਼ਹਿਰ

View All