ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਜੁਲਾਈ
ਚੰਡੀਗੜ੍ਹ ਯੂਥ ਕਾਂਗਰਸ ਨੇ ਨਿੱਜੀ ਨਿਊਜ਼ ਚੈਨਲ ਵੱਲੋਂ ਰਾਜਸਥਾਨ ਦੇ ਉਦੈਪੁਰ ’ਚ ਵਾਪਰੀ ਘਟਨਾ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮੋੜ ਕੇ ਪੇਸ਼ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦੀਪਕ ਲੁਬਾਣਾ ਦੀ ਅਗਵਾਈ ਹੇਠ ਸੈਕਟਰ 26 ਸਥਿਤ ਟਰਾਂਸਪੋਰਟ ਲਾਈਟ ਪੁਆਇੰਟ ’ਤੇ ਚੈਨਲ ਦਾ ਪੁਤਲਾ ਸਾੜਿਆ। ਪੁਲੀਸ ਨੇ ਯੂਥ ਕਾਂਗਰਸੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਵਿਚ ਖਿੱਚ-ਧੂਹ ਹੋਈ। ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦੀਪਕ ਲੁਬਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਨਿੱਜੀ ਚੈਨਲਾਂ ਰਾਹੀਂ ਵਿਰੋਧੀ ਧਿਰ ਦੇ ਬਿਆਨਾਂ ਨੂੰ ਤੋੜ-ਮੋੜ ਕੇ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕੁਝ ਮੀਡੀਆ ਅਦਾਰੇ ਪੱਤਰਕਾਰਿਤਾ ਨੂੰ ਕਲੰਕਿਤ ਕਰ ਰਹੇ ਹਨ। ਇਸ ਮੌਕੇ ਯੂਥ ਕਾਂਗਰਸੀ ਆਗੂ ਧੀਰਜ ਗੁਪਤਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਕਿਸੇ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਛਵੀ ਖਰਾਬ ਕੀਤੀ ਤਾਂ ਯੂਥ ਕਾਂਗਰਸ ਵੱਲੋਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਯੂਥ ਕਾਂਗਰਸ ਦੇ ਆਗੂ ਨੇਤਰਾਮ, ਆਸ਼ੂ ਵੈਦ, ਵਿਕਾਸ, ਦੀਪਕ ਜੈਸਵਾਲ, ਸੋਨੂੰ ਸਿੰਘ, ਅਮਿਤ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ।