ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਮਈ
ਸ਼ਹਿਰ ਵਿੱਚ ਵਾਪਰੇ ਦੋ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਪਹਿਲੀ ਘਟਨਾ ਸੈਕਟਰ 17 ਵਿੱਚ ਵਾਪਰੀ ਜਿੱਥੇ ਸੀਟੀਯੂ ਬੱਸ ਹੇਠ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੁਸ਼ਪਿੰਦਰ ਸਿੰਘ ਸਿੱਧੂ ਵਾਸੀ ਜਨਤਾ ਕਲੋਨੀ, ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧੀ ਉਮੇਸ਼ ਕੁਮਾਰ ਨੇ ਦੱਸਿਆ ਕਿ ਇਹ ਵਿਅਕਤੀ ਸੈਕਟਰ 17 ਵਿੱਚ ਸ਼ਿਵਾਲਿਕ ਹੋਟਲ ਦੇ ਨਜ਼ਦੀਕ ਬੱਸ ਤੋਂ ਉਤਰ ਰਿਹਾ ਸੀ ਤਾਂ ਬੱਸ ਚੱਲਣ ਕਰਕੇ ਬੱਸ ਹੇਠਾਂ ਆ ਗਿਆ। ਪੀੜਤ ਨੂੰ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਥਾਣਾ ਸੈਕਟਰ 17 ਦੀ ਪੁਲੀਸ ਨੇ ਸੀਟੀਯੂ ਬੱਸ ਚਾਲਕ ਦੀਪਕ ਸਿੱਧੂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਿਸਨੂੰ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਦੂਜੀ ਘਟਨਾ ਹਾਊਸਿੰਗ ਬੋਰਡ ਲਾਈਟ ਪੁਆਇੰਟ ਤੋਂ ਕਲਾਗ੍ਰਾਮ ਵਾਲੀ ਸੜਕ ’ਤੇ ਵਾਪਰੀ, ਜਿੱਥੇ ਇੱਕ ਤੇਜ਼ ਰਫ਼ਤਾਰ ਥ੍ਰੀਵ੍ਹੀਲਰ ਚਾਲਕ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਇਸ ਸਬੰਧੀ ਥਾਣਾ ਮਨੀਮਾਜਰਾ ਦੇ ਕਾਂਸਟੇਬਲ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਪੀਜੀਆਈ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਥ੍ਰੀਵ੍ਹੀਲਰ ਚਾਲਕ ਪਛਾਣ ਹੀਰਾ ਲਾਲ ਮੰਡਲ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਨਾਖਤ ਨਾ ਹੋਣ ਕਾਰਨ ਲਾਸ਼ ਪੀਜੀਆਈ ਵਿੱਚ ਰਖਵਾ ਦਿੱਤੀ ਗਈ ਹੈ।