ਹਰਜੀਤ ਸਿੰਘ
ਜ਼ੀਰਕਪੁਰ, 31 ਮਈ
ਚੰਡੀਗੜ੍ਹ-ਅੰਬਾਲਾ ਸੜਕ ’ਤੇ ਰਿਸ਼ੀ ਅਪਾਰਟਮੈਂਟ ਸੁਸਾਇਟੀ ਦੇ ਫਲੈਟ ਵਿੱਚ ਅੱਜ ਸ਼ਾਮ ਪ੍ਰੇਮਿਕਾ ਦਾ ਕਤਲ ਕਰ ਕੇ ਨੌਜਵਾਨ ਨੇ ਫਾਹਾ ਲੈ ਲਿਆ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਰੱਖਵਾ ਦਿੱਤੀਆਂ ਹਨ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ 28 ਸਾਲਾਂ ਦਾ ਅਦਿਤਿਆ ਵਾਸੀ ਸ਼ਾਮਲੀ, ਉੱਤਰ ਪ੍ਰਦੇਸ਼ ਹਾਲ ਵਾਸੀ ਰਿਸ਼ੀ ਅਪਾਰਟਮੈਂਟ ਦਾ ਅਫੇਅਰ ਕਈਂ ਸਾਲਾਂ ਤੋਂ ਚੰਡੀਗੜ੍ਹ ਵਾਸੀ ਮੋਨਿਕਾ ਰਾਠੀ (27) ਨਾਲ ਸੀ।
ਮੋਨਿਕਾ ਰਾਠੀ ਚੇਨਈ ਦੀ ਆਈਟੀ ਕੰਪਨੀ ਵਿੱਚ ਨੌਕਰੀ ਕਰਦੀ ਸੀ। ਮੋਨਿਕਾ ਦੇ ਪਰਿਵਾਰਕ ਮੈਂਬਰ ਇਸ ਵਿਆਹ ਲਈ ਰਾਜ਼ੀ ਨਹੀਂ ਸਨ ਤੇ ਮੋਨਿਕਾ ਦਾ ਵਿਆਹ ਕਿਸੇ ਹੋਰ ਥਾਂ ਰੱਖ ਦਿੱਤਾ। 13 ਜੂਨ ਨੂੰ ਮੋਨਿਕਾ ਦੇ ਵਿਆਹ ਹੋਣਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਅਦਿਤਿਆ ਲਗਾਤਾਰ ਮੋਨਿਕਾ ’ਤੇ ਵਿਆਹ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ ਪਰ ਮੋਨਿਕਾ ਆਪਣੇ ਪਰਿਵਾਰ ਦੇ ਖ਼ਿਲਾਫ਼ ਜਾ ਕੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਵਿਆਹ ਦੀ ਤਰੀਕ ਨੇੜੇ ਆਉਂਦੇ ਦੇਖ ਅਦਿਤਿਆ ਨੇ ਅਖ਼ੀਰਲੀ ਵਾਰ ਮਿਲਣ ਲਈ ਮੋਨਿਕਾ ਨੂੰ ਫਲੈਟ ਵਿੱਚ ਬੁਲਾਇਆ। ਉਥੇ ਉਸ ਨੇ ਮੋਨਿਕਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਉਹ ਨਹੀਂ ਮਨੀ ਤਾਂ ਉਸ ਨੇ ਦੇਸੀ ਕੱਟੇ ਨਾਲ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀ ਨਹੀਂ ਚਲੀ। ਇਸ ਮਗਰੋਂ ਉਸ ਨੇ ਬੱਟ ਮਾਰ ਮਾਰ ਕੇ ਮੋਨਿਕਾ ਦਾ ਕਤਲ ਕਰ ਦਿੱਤਾ ਅਤੇ ਫਲੈਟ ਵਿੱਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣੀ ਮਾਸੀ ਨੂੰ ਵਾਇਸ ਮੈਸੇਜ ਭੇਜ ਕੇ ਕਿਹਾ ਕਿ ਉਹ ਅੱਜ ਉਹ ਕੁਝ ਅਜਿਹਾ ਕਰਨ ਜਾ ਰਿਹਾ ਹੈ ਜਿਸ ਤੋਂ ਬਾਅਦ ਲੋਕ ਉਸ ਨੂੰ ਪਾਗਲ ਕਹਿਣਗੇ ਪਰ ਉਹ ਮਜ਼ਬੂਰ ਹੈ।
ਪੁਲੀਸ ਨੇ ਦੱਸਿਆ ਕਿ ਮ੍ਰਿਤਕ ਅਦਿਤਿਆ ਦਾ ਦੋਸਤ ਸ਼ਾਂਤ ਇਸ ਸੁਸਾਇਟੀ ਦੇ ਫਲੈਟ ਵਿੱਚ ਲੰਮੇਂ ਸਮੇਂ ਤੋਂ ਕਿਰਾਏ ’ਤੇ ਰਹਿ ਰਿਹਾ ਸੀ ਜਦਕਿ ਅਦਿਤਿਆ ਇਥੇ ਤਕਰੀਬਨ ਤਿੰਨ ਮਹੀਨੇ ਪਹਿਲਾਂ ਹੀ ਰਹਿਣ ਲਈ ਆਇਆ ਸੀ। ਉਸ ਦੇ ਦੋਸਤ ਸ਼ਾਂਤ ਨੇ ਦੱਸਿਆ ਕਿ ਅਦਿਤਿਆ ਪਹਿਲਾਂ ਵੀ ਇਸ ਫਲੈਟ ਵਿੱਚ ਆਪਣੀ ਪ੍ਰੇਮਿਕਾ ਨੂੰ ਮਿਲਦਾ ਰਹਿੰਦਾ ਸੀ। ਅੱਜ ਪ੍ਰੇਮਿਕਾ ਨੂੰ ਮਿਲਣ ਵੇਲੇ ਉਸ ਨੇ ਆਪਣੇ ਦੋਸਤ ਨੂੰ ਸ਼ਾਮ ਚਾਰ ਵਜੇ ਬਾਹਰ ਭੇਜ ਦਿੱਤਾ ਤੇ ਦੇਰ ਸ਼ਾਮ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ।