ਪੱਤਰ ਪ੍ਰੇਰਕ
ਮੁਹਾਲੀ, 18 ਫਰਵਰੀ
ਮੁਹਾਲੀ ਜ਼ਿਲ੍ਹੇ ਵਿੱਚ ਕਣਕ ਦੀ ਫ਼ਸਲ ’ਤੇ ਪੀਲੀ ਕੁੰਗੀ ਦਾ ਹਮਲਾ ਹੋ ਗਿਆ ਹੈ। ਡਾਇਰੈਕਟਰ ਖੇਤੀਬਾੜੀ ਡਾ. ਸੁਖਦੇਵ ਸਿੰਘ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾਕਟਰ ਰਾਜੇਸ਼ ਕੁਮਾਰ ਰਹੇਜਾ, ਮੁੱਖ ਖੇਤੀਬਾੜੀ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਣਕ ਦੇ ਖੇਤਾਂ ਦਾ ਲਗਾਤਾਰ ਮੁਆਇਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਖਾਨਪੁਰ ਬੰਗਰ ਵਿਚ ਮਨਦੀਪ ਸਿੰਘ, ਦਲਵੀਰ ਸਿੰਘ ਅਤੇ ਕੁਲਵੰਤ ਸਿੰਘ ਦੇ ਕਣਕ ਦੇ ਖੇਤਾਂ ਵਿੱਚ ਪੀਲੀ ਕੁੰਗੀ ਦਾ ਹਮਲਾ 10 ਤੋ 15 ਫੀਸਦ ਪਾਇਆ ਗਿਆ ਹੈ। ਇਸ ਤੋਂ ਇਲਾਵਾ ਰੋਪੜ ਜ਼ਿਲ੍ਹੇ ਵਿੱਚ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਇਸ ਬਿਮਾਰੀ ਦੇ ਲੱਛਣ ਪਾਏ ਗਏ ਹਨ।
ਉਨ੍ਹਾਂ ਨੇ ਕਿਸਾਨਾਂ ਨੂੰ ਇੱਕਤਰ ਕਰਕੇ ਮੌਕੇ ’ਤੇ ਪੀ.ਏ.ਯੂ ਵੱਲੋਂ ਸਿਫਾਰਸ਼ ਕੀਤੀ ਉੱਲੀਨਾਸ਼ਕ ਦਵਾਈ ਦੀ ਸਹੀ ਮਾਤਰਾ ਵਿੱਚ ਅਤੇ ਪਾਣੀ ਦੇ ਸਹੀ ਘੋਲ ਵਿੱਚ ਖੁੱਲੀ ਧੁੱਪ ਦੁਪਹਿਰ ਦੇ ਸਮੇਂ ਸਪਰੇਅ ਕਰਨ ਦੀ ਹਦਾਇਤ ਦਿੱਤੀ। ਮੁੱਖ ਖੇਤੀਬਾੜੀ ਅਫਸਰ ਨੇ ਪੈਸਟੀਸਾਈਡ ਡੀਲਰਾਂ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਸਿਰਫ ਪੀ.ਏ.ਯੂ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਹੀ ਵੇਚੀਆਂ ਜਾਣ ਅਤੇ ਜੇਕਰ ਕੋਈ ਡੀਲਰ ਅਣਅਧਿਕਾਰਤ ਦਵਾਈ ਦੀ ਵਿਕਰੀ ਕਰੇਗਾ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਡਾਕਟਰ ਸੰਦੀਪ ਕੁਮਾਰ, ਬਲਾਕ ਖੇਤੀਬਾੜੀ ਅਫ਼ਸਰ ਦੀ ਅਗਵਾਈ ਵਿੱਚ 6-ਮੈਂਬਰੀ ਟੀਮ ਨੂੰ ਨਿਰਦੇਸ਼ ਦਿੱਤੇ ਕਿ ਪਿੰਡ ਖਾਨਪੁਰ ਬੰਗਰ ਅਤੇ ਨੇੜਲੇ ਪਿੰਡਾਂ ਵਿੱਚ ਕੈਂਪ ਲਗਾਕੇ ਕਿਸਾਨਾਂ ਨੂੰ ਪੀਲੀ ਕੁੰਗੀ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਡੀਲਰਾਂ ’ਤੇ ਵੀ ਨਜ਼ਰ ਰੱਖੀ ਜਾਵੇ।
ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ: ਮੁੱਖ ਖੇਤੀਬਾੜੀ ਅਫ਼ਸਰ
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨਾਂ ਨੂੰ ਕਿਹਾ ਕਿ ਪੀਲੀ ਕੁੰਗੀ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਤਾਪਮਾਨ ਵੱਧਣਾ ਸ਼ੁਰੂ ਹੋ ਰਿਹਾ ਹੈ ਅਤੇ ਹਵਾ ਵੀ ਨਹੀਂ ਚੱਲ ਰਹੀ। ਇਸ ਨਾਲ ਬਿਮਾਰੀ ਨੂੰ ਅੱਗੇ ਫੈਲਣ ਵਿੱਚ ਠੱਲ੍ਹ ਪਏਗੀ। ਉਨ੍ਹਾਂ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਸ਼ੁਰੂ ਵਿੱਚ ਪੀਲੀ ਕੁੰਗੀ ਦੇ ਹਮਲੇ ਵਾਲੀਆਂ ਧੌੜੀਆਂ ’ਤੇ ਹੀ ਉੱਲੀਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇ। ਖੇਤਾਂ ਦਾ ਲਗਾਤਾਰ ਸਰਵੇਖਣ ਕੀਤਾ ਜਾਵੇ ਅਤੇ ਲੋੜ ਪੈਣ ’ਤੇ ਛਿੜਕਾਅ ਫਿਰ ਦੁਹਰਾਅ ਕੀਤਾ ਜਾਵੇ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ-ਰਹਿਤ ਰਹੇ।