ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 21 ਮਈ
ਵਿਰਾਸਤ-ਏ-ਖਾਲਸਾ ਵਿੱਚ ਆਲਮੀ ਮਿਊਜ਼ੀਅਮ ਦਿਵਸ ਸਬੰਧੀ 16 ਮਈ ਤੋਂ ਮਨਾਏ ਜਾ ਰਹੇ ਹਫ਼ਤਾਵਾਰੀ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਏ ਹਨ।
ਪੰਜਾਬ ਦੇ ਵੱਖ-ਵੱਖ ਅਜਾਇਬ ਘਰਾਂ ਵਿੱਚ ਆਲਮੀ ਮਿਊਜ਼ੀਅਮ ਦਿਵਸ ਮਨਾਇਆ ਗਿਆ। ਇਸੇ ਤਹਿਤ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵਿੱਚ 16 ਤੋਂ 20 ਮਈ ਤੱਕ ਵੱਖ-ਵੱਖ ਸਮਾਗਮ ਉਲੀਕੇ ਗਏ। ਇਨ੍ਹਾਂ ਵਿੱਚ ਵਿਰਾਸਤ-ਏ-ਖਾਲਸਾ ਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ, ਬੂਟੇ ਲਗਾਉਣਾ, ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ, ਭਾਸ਼ਣ ਮੁਕਾਬਲੇ, ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ।
ਸਮਾਪਤੀ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਪਹੁੰਚੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਅਤੇ ਮਾਤਾ ਬਲਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਅਸ਼ੀਰਵਾਦ ਦਿੱਤਾ। ਇਸ ਦੌਰਾਨ ਵਿਭਾਗ ਦੇ ਐਕਸੀਅਨ ਭੁਪਿੰਦਰ ਸਿੰਘ ਚਾਨਾ ਨੇ ਵਿਭਾਗ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵੱਖ-ਵੱਖ ਥਾਵਾਂ ’ਤੇ ਮਨਾਏ ਗਏ ਆਲਮੀ ਮਿਊਜ਼ੀਅਮ ਦਿਵਸ ਸਮਾਗਮਾਂ ਬਾਰੇ ਜਾਣੂੰ ਕਰਵਾਇਆ। ਇਸਦੇ ਥੀਮ ਪਾਵਰ ਆਫ ਮਿਊਜ਼ੀਅਮ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਐੱਸਡੀਓ ਰਾਜੇਸ਼ ਸ਼ਰਮਾ, ਤਲਵਿੰਦਰ ਕੁਮਾਰ, ਧਰਮਪਾਲ ਧੀਮਾਨ, ਭੁਪਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਮੰਚ ਦਾ ਸੰਚਾਲਨ ਸੈਲਾਨੀ ਸੇਵਾਵਾਂ ਦੇ ਇੰਚਾਰਜ ਅਮਨਦੀਪ ਕੌਰ ਅਤੇ ਸੁਰੱਖਿਆ ਮੁਲਾਜ਼ਮ ਬਖਸ਼ੀਸ਼ ਸਿੰਘ ਨੇ ਬਾਖੂਬੀ ਕੀਤਾ।