ਸ਼ਸ਼ੀ ਪਾਲ ਜੈਨ
ਖਰੜ, 12 ਜੁਲਾਈ
ਪਿੰਡ ਮੱਛਲੀ ਕਲਾਂ ਵਿੱਚ ਇੱਕ ਘਰ ਅੱਗੇ ਗੰਦਗੀ ਸੁੱਟਣ ਦੇ ਮਾਮਲੇ ਨੂੰ ਲੈ ਕੇ ਸਰੋਜ ਬਾਲਾ ਨਾਂ ਦੀ ਇੱਕ ਔਰਤ ਦਾ ਕਤਲ ਹੋ ਗਿਆ ਜਦਕਿ ਜਸਪ੍ਰੀਤ ਕੌਰ, ਰਜਨੀ ਅਤੇ ਸਰੋਜ ਗੰਭੀਰ ਜ਼ਖਮੀ ਹੋ ਗਈਆਂ। ਇਸ ਸਬੰਧੀ ਖਰੜ ਸਦਰ ਪੁਲੀਸ ਨੂੰ ਰਿੰਕੂ ਨੇ ਦੱਸਿਆ ਕਿ ਉਸਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਮੋਨੀ, ਚਾਚੀ ਸਰੋਜ ਬਾਲਾ ਦੇ ਘਰ ਅੰਦਰ ਖੜ੍ਹ ਕੇ ਗਾਲੀ ਗਲੋਚ ਕਰ ਰਿਹਾ ਸੀ ਅਤੇ ਉਸਦੇ ਹੱਥ ਵਿੱਚ ਗੰਡਾਸਾ ਫੜਿਆ ਹੋਇਆ ਸੀ। ਸ਼ਿਕਾਇਤਕਰਤਾ ਨੇ ਆਪਣੀ ਚਾਚੀ ਦੇ ਘਰ ਜਾ ਕੇ ਵੇਖਿਆ ਕਿ ਮੋਨੀ ਉਸਦੀ ਚਾਚੀ ਸਰੋਜ ਬਾਲਾ ਅਤੇ ਭਰਜਾਈ ਜਸਪ੍ਰੀਤ ਕੌਰ ਨੂੰ ਗਾਲੀ ਗਲੋਚ ਕਰ ਰਿਹਾ ਸੀ। ਜਦੋਂ ਉਸਨੇ ਮੋਨੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੋਨੀ ਨੇ ਗੰਡਾਸੇ ਦਾ ਵਾਰ ਕੀਤਾ ਜੋ ਉਸਦੀ ਗਰਦਨ ’ਤੇ ਲੱਗਾ ਅਤੇ ਉਸਨੇ ਫਿਰ ਦੂਜਾ ਵਾਰ ਫਿਰ ਕੀਤਾ ਜੋ ਉਸਦੀ ਬਾਂਹ ’ਤੇ ਲੱਗਾ। ਉਸਨੇ ਦੱਸਿਆ ਕਿ ਜਦੋਂ ਜਸਪ੍ਰੀਤ ਕੌਰ ਅਤੇ ਉਸ ਦੀ ਭੈਣ ਰਜਨੀ ਨੇ ਚਾਚੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੋਨੀ ਨੇ ਆਪਣੇ ਹੱਥ ਵਿੱਚ ਫੜੇ ਗੰਡਾਸੇ ਦਾ ਵਾਰ ਜਸਪ੍ਰੀਤ ਕੌਰ ਤੇ ਵੀ ਮਾਰਿਆ ਜੋ ਕਿ ਉਸਦੀ ਬਾਂਹ ’ਤੇ ਲੱਗਾ ਅਤੇ ਦੂਜਾ ਵਾਰ ਉਸਦੇ ਸਿਰ ’ਤੇ ਲੱਗਾ। ਫਿਰ ਉਸਨੇ ਮਾਰ ਦੇਣ ਦੀ ਨੀਅਤ ਨਾਲ ਜਸਪ੍ਰੀਤ ਕੌਰ ਦੀ ਭੈਣ ਰਜਨੀ ’ਤੇ ਵਾਰ ਕੀਤਾ ਜੋ ਕਿ ਉਸਦੀਆਂ ਉਂਗਲਾਂ ’ਤੇ ਲੱਗਾ। ਰੌਲਾ ਸੁਣ ਕੇ ਪੜੋਸੀ ਸਰੋਜ ਚਾਚੀ ਦੇ ਘਰ ਆ ਗਏ ਤੇ ਕਥਿਤ ਦੋਸ਼ੀ ਉੱਥੋਂ ਭੱਜ ਗਿਆ। ਸਰੋਜ ਬਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕਾ ਦੀ ਲਾਸ਼ ਨੂੰ ਖਰੜ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਤਿੰਨੋਂ ਜ਼ਖਮੀ ਔਰਤਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਲੈ ਗਏ ਜਿੱਥੋਂ ਉਨ੍ਹਾਂ ਨੂੰ ਪੀਜੀਆਈ ਭੇਜ ਦਿੱਤਾ ਗਿਆ। ਪੁਲੀਸ ਅਨੁਸਾਰ ਇਸ ਝਗੜੇ ਦਾ ਕਾਰਨ ਇਹ ਸੀ ਕਿ ਇਹ ਸਾਰੇ ਮੋਨੀ ਨੂੰ ਉਨ੍ਹਾਂ ਦੇ ਘਰ ਅੱਗੇ ਗੰਦ ਸੁੱਟਣ ਤੋਂ ਰੋਕਦੇ ਰਹਿੰਦੇ ਸਨ ਜਿਸ ਕਰਕੇ ਮੋਨੀ ਨੇ ਤਹਿਸ਼ ਵਿੱਚ ਆ ਕੇ ਇਹ ਕਤਲ ਕੀਤਾ। ਥਾਣਾ ਸਦਰ ਦੇ ਇੰਚਾਰਜ ਯੋਗੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਮੋਨੀ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।