ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 15 ਮਈ
ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਪਿਛਲੇ ਦਿਨੀਂ ਹੋਏ ਰਾਕੇਟ ਲਾਂਚਰ ਹਮਲੇ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਕਿ ਐਤਵਾਰ ਨੂੰ ਦੁਪਹਿਰ ਸਮੇਂ ਮੁਹਾਲੀ ਪੁਲੀਸ ਨੂੰ ਨਾਕਾਬੰਦੀ ’ਤੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਭਾਰੀ ਮਾਤਰਾ ਵਿੱਚ ਅਸਲਾ ਮਿਲਿਆ। ਪੁਲੀਸ ਨੂੰ ਅਸਲੇ ਨਾਲ ਭਰੇ ਤਿੰਨ ਬੈਗ ਮਿਲੇ ਜਿਨ੍ਹਾਂ ਵਿੱਚ ਨਕਲੀ ਏਕੇ-47 ਰਾਈਫਲਾਂ ਵੀ ਸ਼ਾਮਲ ਸਨ। ਨਾਕਾ ਟੀਮ ਦੀ ਸੂਚਨਾ ਮਿਲਦੇ ਹੀ ਮਟੌਰ ਥਾਣਾ ਦੇ ਮੁਖੀ ਨਵੀਨਪਾਲ ਸਿੰਘ ਲਹਿਲ ਪੁਲੀਸ ਫੋਰਸ ਨਾਲ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਰਾਹਗੀਰਾਂ ਦੇ ਵਾਹਨ ਅਤੇ ਅਸਲੇ ਨਾਲ ਭਰੇ ਬੈਗਾਂ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਮਗਰੋਂ ਪੁਲੀਸ ਨੇ ਨਾਕਾ ਹਟਾ ਲਿਆ ਅਤੇ ਮਟੌਰ ਥਾਣੇ ਦਾ ਮੁੱਖ ਗੇਟ ਅੰਦਰੋਂ ਬੰਦ ਕਰਕੇ ਜਾਂਚ ਆਰੰਭ ਦਿੱਤੀ।
ਇਸ ਸਬੰਧੀ ਸ੍ਰੀ ਲਹਿਲ ਨੇ ਦੱਸਿਆ ਕਿ ਮੁਹਾਲੀ ਹਮਲੇ ਤੋਂ ਬਾਅਦ ਸ਼ਹਿਰ ਵਿੱਚ ਪੁਲੀਸ ਪੂਰੀ ਮੂਸਤੈਦ ਹੈ ਅਤੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਫੇਜ਼-7 ਦੀ ਮੁੱਖ ਸੜਕ ’ਤੇ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੇ ਇਕ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਤਲਾਸ਼ੀ ਲਈ ਤਾਂ ਕਾਰ ’ਚੋਂ ਤਿੰਨ ਲੰਮੇ ਬੈੱਗ ਮਿਲੇ। ਇਨ੍ਹਾਂ ਵਿੱਚ 17 ਨਕਲੀ ਹਥਿਆਰ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਨਾਕੇ ’ਤੇ ਮਿਲਿਆ ਅਸਲਾ ਨਕਲੀ (ਡੰਮੀ ਹਥਿਆਰ) ਪਾਇਆ ਗਿਆ।
ਸ਼ੂਟਿੰਗ ਲਈ ਲਿਜਾਏ ਜਾ ਰਹੇ ਸਨ ਡੰਮੀ ਹਥਿਆਰ
ਮਟੌਰ ਥਾਣੇ ਦੇ ਮੁਖੀ ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਵੈੱਬ ਸੀਰੀਅਲ ਦੀ ਸ਼ੂਟਿੰਗ ਲਈ ਇਹ ਨਕਲੀ ਹਥਿਆਰ ਯੂਪੀ ਲਿਜਾਏ ਜਾ ਰਹੇ ਸਨ। ਫਿਰ ਵੀ ਪੁਲੀਸ ਨੇ ਆਪਣੀ ਤਸੱਲੀ ਲਈ ਬਰਾਮਦ ਡੰਮੀ ਹਥਿਆਰਾਂ ਨੂੰ ਜਾਂਚ ਲਈ ਭੇਜ ਦਿੱਤਾ ਤਾਂ ਜੋ ਕਿਤੇ ਇਨ੍ਹਾਂ ਵਿੱਚ ਅਸਲ ਹਥਿਆਰ ਨਾ ਹੋਣ। ਜਾਂਚ ਰਿਪੋਰਟ ਅਨੁਸਾਰ ਸਾਰਾ ਅਸਲਾ ਡੰਮੀ ਪਾਇਆ ਗਿਆ। ਇਸ ਮਗਰੋਂ ਅਦਾਕਾਰਾਂ ਦੀ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਥਾਣੇ ਪਹੁੰਚ ਗਏ ਅਤੇ ਉਨ੍ਹਾਂ ਨੇ ਸ਼ੂਟਿੰਗ ਦੀ ਅਗਾਊਂ ਪ੍ਰਵਾਨਗੀ ਦਾ ਸਰਕਾਰੀ ਪੱਤਰ ਵੀ ਦਿਖਾਇਆ ਗਿਆ। ਉਨ੍ਹਾਂ ਦੱਸਿਆ ਕਿ ਲਿਖਾ ਪੜ੍ਹੀ ਕਰਕੇ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲਈ ਕਾਰ ਅਤੇ ਡੰਮੀ ਹਥਿਆਰ ਰਿਲੀਜ਼ ਕਰ ਦਿੱਤੇ।