ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਮਈ
ਸ਼ਹਿਰ ਵਿੱਚ ਵੱਧ ਰਹੇ ਕਰੋਨਾ ਦੇ ਕੇਸਾਂ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਸ਼ਹਿਰ ਵਿੱਚ ਹਫ਼ਤਾਵਰੀ ਕਰੋਨਾ ਕਰਫਿਊ ਜਾਰੀ ਰਹੇਗੀ। ਇਸ ਦੌਰਾਨ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਫ਼ਤਾਵਰੀ ਕਰਫਿਊ ਦੌਰਾਨ ਸਾਰਿਆਂ ਨੂੰ ਘਰਾਂ ਵਿੱਚ ਰਹਿਣ ਦੇ ਆਦੇਸ਼ ਦਿੱਤੇ ਹਨ। ਜਦਕਿ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਆਮ ਦਿਨਾਂ ਵਾਂਗ ਜਾਰੀ ਰਹੇਗਾ।
ਸ੍ਰੀ ਬਰਾੜ ਨੇ ਦੱਸਿਆ ਕਿ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ’ਤੇ ਦੁਪਹਿਰ 2 ਵਜੇ ਤੱਕ ਅਤੇ ਰੈਸਟੋਰੈਂਟ, ਹੋਟਲ ਰਾਤ 9 ਵਜੇ ਤੱਕ ਹੋਮ ਡਲਿਵਰੀ ਕਰ ਸਕਣਗੇ। ਜ਼ਰੂਰੀ ਵਸਤੂਆਂ ਵਿੱਚ ਦੁੱਧ, ਬਰੈੱਡ, ਸਬਜ਼ੀ, ਫਲ, ਡੇਅਰੀ ਪ੍ਰੋਡਕਟ, ਅੰਡੇ, ਮੀਟ, ਕਿਰਆਨਾ ਅਤੇ ਬੇਕਰੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਰਹਿਣਗੀ। ਜਦਕਿ ਐਮਰਜੈਂਸੀ ਸੇਵਾਵਾਂ ਅਤੇ ਸਿਹਤ ਸੇਵਾਵਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਪ੍ਰਸ਼ਾਸਨ ਨੇ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਬੱਸ ਰਾਹੀ ਆਉਣ ਵਾਲਿਆਂ ਨੂੰ ਛੁੂਟ ਦਿੱਤੀ ਹੈ। ਡੀਸੀ ਨੇ ਪੁਲੀਸ ਨੂੰ ਹਦਾਇਤ ਦਿੱਤੀ ਕਿ ਸ਼ਹਿਰ ਵਿੱਚ ਹਫ਼ਤਾਵਰੀ ਕਰਫਿਊ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਕਰਫਿਊ ਦੀ ਉਲੰਘਣਾ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ
ਚੰਡੀਗੜ੍ਹ ਪੁਲੀਸ ਨੇ ਰਾਤ ਦੇ ਕਰਫਿਊ ਦੇ ਨਿਯਮਾਂ ਉਲੰਘਣਾ ਕਰਨ ਸਬੰਧੀ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚ ਥਾਣਾ ਸੈਕਟਰ-26 ਦੀ ਪੁਲੀਸ ਨੇ 2, ਥਾਣਾ ਸੈਕਟਰ-31, ਮਲੋਆ ਅਤੇ ਮਨੀਮਾਜਰਾ ਨੇ ਇਕ-ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ।
ਰੈਮਡੇਸਿਵਿਰ ਦੇ ਫੜੇ 24 ਟੀਕੇ ਨਕਲੀ ਨਿਕਲੇ
ਅੰਬਾਲਾ (ਨਿਜੀ ਪੱਤਰ ਪ੍ਰੇਰਕ): 21 ਅਪਰੈਲ ਦੀ ਰਾਤ ਨੂੰ ਪੁਲੀਸ ਵੱਲੋਂ ਦੋ ਕਾਰਾਂ ’ਚੋਂ ਬਰਾਮਦ ਹੋਏ ਰੈਮਡੇਸਿਵਿਰ ਦੇ 24 ਟੀਕੇ ਸਿਹਤ ਵਿਭਾਗ ਦੀ ਜਾਂਚ ਤੋਂ ਬਾਅਦ ਨਕਲੀ ਸਾਬਤ ਹੋਏ ਹਨ। ਪੁਲੀਸ ਨੇ ਇਸ ਮਾਮਲੇ ਵਿਚ ਦਿੱਲੀ ਦੇ ਦੀਪਕ ਅਤੇ ਕਰਣ ਜੁਨੇਜਾ ਸਮੇਤ ਅੰਬਾਲਾ ਦੇ ਪਾਰਸ ਅਤੇ ਕਨਿਸ਼ਕ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ ਮਿਲ ਗਈ ਸੀ। ਹੁਣ ਟੀਕੇ ਨਕਲੀ ਸਾਬਤ ਹੋਣ ਤੋਂ ਬਾਅਦ ਪੁਲੀਸ ਮੁਲਜ਼ਮਾਂ ਦੇ ਖ਼ਿਲਾਫ਼ ਦਰਜ ਮਾਮਲੇ ਵਿਚ ਹੋਰ ਧਾਰਾਵਾਂ ਜੋੜਨ ਦੀ ਤਿਆਰੀ ਕਰ ਰਹੀ ਹੈ।