ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 22 ਮਾਰਚ
ਇੱਥੋਂ ਦੇ ਸੈਕਟਰ-68 ਸਥਿਤ ਮੁਹਾਲੀ ਨਗਰ ਨਿਗਮ ਭਵਨ ਵਿੱਚ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਇਆ ਗਿਆ। ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਪਾਣੀ ਦੀ ਮਹੱਤਤਾ ਬਾਰੇ ਬਾਰੇ ਦੱਸਦਿਆਂ ਦਫ਼ਤਰੀ ਸਟਾਫ਼ ਅਤੇ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਭਵਿੱਖ ਵਿੱਚ ਪਾਣੀ ਬਚਾਉਣ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਰੇਨ ਹਾਰਵੈਸਟਿੰਗ ਸਿਸਟਮ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਡਿਪਟੀ ਕਮਿਸ਼ਨਰ ਨਾਲ ਮਾਮਲਾ ਵਿਚਾਰਿਆ ਜਾਵੇਗਾ। ਇਸ ਤੋਂ ਪਹਿਲਾਂ ਜਲ ਸਪਲਾਈ ਤੇ ਸੀਵਰੇਜ ਸ਼ਾਖਾ ਦੇ ਐਕਸੀਅਨ ਹਰਪ੍ਰੀਤ ਸਿੰਘ ਜੋ ਕਿ ਨਗਰ ਨਿਗਮ ਵਿੱਚ ‘ਵਾਟਰਮੈਨ’ ਵਜੋਂ ਜਾਣੇ ਜਾਂਦੇ ਹਨ, ਨੇ ਪਾਣੀ ਦੀ ਮਹੱਤਤਾ ਸਬੰਧੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕੁੱਲ ਸੰਸਾਰ ਦੇ ਮੁਕਾਬਲੇ 17 ਪ੍ਰਤੀਸ਼ਤ ਵਸੋਂ ਭਾਰਤ ਵਿੱਚ ਵੱਸਦੀ ਹੈ। ਪ੍ਰੰਤੂ 4 ਪ੍ਰਤੀਸ਼ਤ ਪੀਣ ਯੋਗ ਪਾਣੀ ਹੀ ਕੁਦਰਤੀ ਸੋਮਿਆਂ ਤੋਂ ਭਾਰਤ ਵਾਸੀਆਂ ਲਈ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ 256 ਜ਼ਿਲ੍ਹਿਆਂ ਨੂੰ ਪਾਣੀ ਦੀ ਕਿੱਲਤ ਕਾਰਨ ਰੈੱਡ ਜ਼ੋਨ ਐਲਾਨ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਮੁਹਾਲੀ ਜ਼ਿਲ੍ਹੇ ਦੀ ਡੇਰਾਬਸੀ ਤਹਿਸੀਲ ਵੀ ਸ਼ਾਮਲ ਹੈ। ਚੀਫ਼ ਇੰਜੀਨੀਅਰ ਮੁਕੇਸ਼ ਗਰਗ ਨੇ ਪਾਣੀ ਬਚਾਉਣ ਲਈ ਸੁਝਾਅ ਦਿਤੇ। ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ ਨੇ ਸ਼ਹਿਰ ਵਾਸੀਆਂ ਅਤੇ ਦਫ਼ਤਰੀ ਸਟਾਫ਼ ਨੂੰ ਪਾਣੀ ਦਾ ਬਚਾਅ ਕਰਨ ਸਬੰਧੀ ਸਹੁੰ ਚੁਕਵਾਈ।
ਵਿਸ਼ਵ ਜਲ ਦਿਵਸ ਮਨਾਇਆ
ਚੰਡੀਗੜ੍ਹ: ਇਥੇ ਸੈਕਟਰ 16 ਸਥਿੱਤ ਗਾਂਧੀ ਸਮਾਰਕ ਭਵਨ ਵਿੱਚ ਵਿਸ਼ਵ ਜਲ ਦਿਵਸ ਮਨਾਇਆ ਗਿਆ। ਪਾਣੀ ਦੇ ਮਹੱਤਵ ਪ੍ਰਤੀ ਜਾਗਰੂਕ ਲਈ ਲਈ ਇੱਕ ਕੈਂਪ ਵੀ ਲਾਇਆ ਗਿਆ। ਮੁੱਖ ਮਹਮਿਾਨ ਵਜੋਂ ਸੰਬੋਧਨ ਕਰਦੇ ਹੋਏ ਇੰਪੈਕਟ ਐਸੋਸੀਏਸ਼ਨ ਦੇ ਆਈਈਸੀ ਅਮਨਦੀਪ ਸਿੰਘ ਨੇ ਪਾਣੀ ਦੀ ਬਰਬਾਦੀ ਰੋਕਣ ਲਈ ਪ੍ਰੇਰਿਆ। ਗਾਂਧੀ ਸਮਾਰਕ ਭਵਨ ਦੇ ਨਿਰਦੇਸ਼ਕ ਦੇਵਰਾਜ ਤਿਆਗੀ ਨੇ ਕਿਹਾ ਕਿ ਪਾਣੀ ਬਚਾਉਣ ਲਈ ਪੂਰੇ ਸਮਾਜ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। -ਟਨਸ