ਜਗਮੋਹਨ ਸਿੰਘ
ਰੂਪਨਗਰ, 16 ਜਨਵਰੀ
ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿੱਚ ਅੱਜ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਇਕੱਤਰ ਹੋ ਕੇ ਸਥਾਨਕ ਹੋਲੀ ਫੈਮਿਲੀ ਕਾਨਵੈਂਟ ਸਕੂਲ ਵੱਲੋਂ ਫੀਸਾਂ ਵਿੱਚ ਕੀਤੇ ਵਾਧੇ ਦਾ ਵਿਰੋਧ ਕਰਦਿਆਂ ਸਕੂਲ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ।
ਪ੍ਰਦਰਸ਼ਨਕਾਰੀਆਂ ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਸੁਨੀਲ ਬਹਿਲ, ਹਿਤੇਸ਼ ਸੈਣੀ, ਰਵਨੀਤ ਕੌਰ, ਸੁਰਿੰਦਰ ਕੌਰ ਤੇ ਪਰਦੀਪ ਕੌਰ ਆਦਿ ਨੇ ਦੱਸਿਆ ਕਿ ਇਸ ਸਕੂਲ ਨੇ ਇਸ ਸੈਸ਼ਨ ਦੌਰਾਨ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੀਆਂ ਫ਼ੀਸਾਂ ਵਿੱਚ 1500 ਤੋਂ 3300 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ, ਪਰ ਕਰੋਨਾ ਕਾਲ ਦੇ ਮੱਦੇਨਜ਼ਰ ਮਾਪੇ ਏਨੀ ਫ਼ੀਸ ਅਦਾ ਕਰਨ ਤੋਂ ਅਸਮਰੱਥ ਹਨ।
ਉਨ੍ਹਾਂ ਕਿਹਾ ਕਿ ਦੋ ਵਾਰ ਧਰਨਾ ਦੇਣ ਦੇ ਬਾਵਜੂਦ ਸਕੂਲ ਪ੍ਰਬੰਧਕਾਂ ’ਤੇ ਕੋਈ ਅਸਰ ਨਹੀਂ ਹੋਇਆ। ਪ੍ਰਸ਼ਾਸਨ ਵੱਲੋਂ ਵੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 72 ਘੰਟਿਆਂ ਦੇ ਅੰਦਰ ਮਸਲਾ ਹੱਲ ਨਾ ਕੀਤਾ ਤਾਂ ਸਕੂਲ ਅਤੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਪੁਰਾਣੀਆਂ ਦਰਾਂ ਮੁਤਾਬਕ ਫ਼ੀਸ ਲਈ ਜਾ ਰਹੀ ਹੈ: ਸਕੂਲ ਪ੍ਰਬੰਧਕ
ਜਦੋਂ ਇਸ ਸਬੰਧੀ ਸਕੂਲ ਮੁਖੀ ਸਿਸਟਰ ਅਨੀਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਫ਼ੀਸਾਂ ਵਿੱਚ ਵਾਧੇ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਕੂਲ ਵੱਲੋਂ ਮਾਪਿਆਂ ਨੂੰ ਸੈਸ਼ਨ 2020-21 ਦੌਰਾਨ ਕਰੋਨਾ ਕਾਲ ਦੇ ਮੱਦੇਨਜ਼ਰ ਫੀਸ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ ਸੀ। ਹੁਣ ਸੈਸ਼ਨ 2019-20 ਵਿੱਚ ਲਾਗੂ ਫੀਸਾਂ ਨੂੰ ਹੀ ਬਹਾਲ ਕੀਤਾ ਜਾ ਰਿਹਾ ਹੈ। ਹਾਲੇ ਵੀ ਉਨ੍ਹਾਂ ਦੇ ਸਕੂਲ ਦੀ ਫ਼ੀਸ ਸੈਸ਼ਨ 2019-20 ਅਤੇ ਦੂਜੇ ਸਕੂਲਾਂ ਦੇ ਮੁਕਾਬਲੇ ਕਾਫੀ ਘੱਟ ਹੈ।